ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, February 27, 2013

ਪੰਜਾਬ ਦੀਆਂ ਰਿਆਸਤਾਂ ਦਾ ਗਠਨ ਕਿਵੇਂ ਹੋਇਆ?


ਭਾਰਤ ਦੀ ਵੰਡ

ਮੈਂ ਆਪਣੇ ਪਿਛਲੇ ਲੇਖ ਦੇ ਅੰਤ ਵਿਚ ਜ਼ਿਕਰ ਕੀਤਾ ਸੀ ਕਿ ਭਾਰਤ ਸਰਕਾਰ ਚੜ੍ਹਦੇ ਪੰਜਾਬ ਅਤੇ ਇਸ ਦੀਆਂ ਰਿਆਸਤਾਂ ਵਿਚ ਸਿੱਖ ਸਿਆਸਤ ਦਾ ਜਾਇਜ਼ਾ ਲੈ ਰਹੀ ਸੀ, ਇਸੇ ਕਾਰਨ ਰਿਆਸਤਾਂ ਦੇ ਗਠਨ ਦਾ ਫੈਸਲਾ ਲਟਕਾਇਆ ਜਾ ਰਿਹਾ ਸੀ | ਉਸੇ ਲੇਖ ਵਿਚ ਪਾਠਕ ਪੰਜਾਬੀਆਂ ਪ੍ਰਤੀ ਪੰ: ਨਹਿਰੂ ਦੇ ਵਿਚਾਰ ਵੀ ਜਾਣ ਚੁੱਕੇ ਹਨ ਅਤੇ ਮਾਸਟਰ ਤਾਰਾ ਸਿੰਘ ਨੇ ਆਪਣੀ ਮੁਲਾਕਾਤ (19.9.1947) ਵਿਚ ਪੰ: ਨਹਿਰੂ ਨੂੰ ਸਾਫ ਹੀ ਕਿਹਾ ਸੀ ਕਿ ਸਿੱਖ ਭਾਰਤ ਦੀ ਆਬਾਦੀ ਵਿਚ ਬਹੁਤ ਘੱਟ ਗਿਣਤੀ ਵਿਚ ਹਨ, ਇਸ ਲਈ ਉਹ ਹਿੰਦੂਆਂ ਨਾਲ ਭਰਾਵਾਂ ਵਾਂਗ ਹੀ ਰਹਿਣਾ ਚਾਹੁੰਦੇ ਹਨ | 
ਹੁਣ ਮੈਂ ਪੰਜਾਬ ਦੀਆਂ ਰਿਆਸਤਾਂ ਦੇ ਬਾਰੇ ਗੱਲ ਕਰਦਾ ਹਾਂ | ਆਿਖ਼ਰਕਾਰ ਫ਼ੈਸਲਾ ਹੋਇਆ ਕਿ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਮਲੇਰਕੋਟਲਾ ਅਤੇ ਕਪੂਰਥਲਾ ਰਿਆਸਤਾਂ ਨਾਲ ਕਲਸੀਆ ਅਤੇ ਨਾਲਾਗੜ੍ਹ ਰਿਆਸਤਾਂ ਨੂੰ ਵੀ ਮਿਲਾ ਕੇ ਸਾਰੀਆਂ ਰਿਆਸਤਾਂ ਦਾ ਗਠਨ ਕਰ ਦਿੱਤਾ ਜਾਵੇ | ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਨੇ ਵੀ ਇਸ ਫ਼ੈਸਲਾ 'ਤੇ ਸਹਿਮਤੀ ਜਤਾਈ | 15 ਜੁਲਾਈ, 1948 ਨੂੰ ਇਸ ਯੂਨੀਅਨ ਦਾ ਉਦਾਘਟਨ ਹੋਣਾ ਸੀ, ਜਿਸ ਵਾਸਤੇ ਸਰਦਾਰ ਪਟੇਲ ਅਤੇ ਵੀ. ਪੀ. ਮੈਨਨ ਪਟਿਆਲੇ ਆ ਗਏ ਪਰ ਵੀ. ਪੀ. ਮੈਨਨ ਆਉਾਦੇ ਸਾਰ ਹੀ ਪੈਪਸੂ ਯੂਨੀਅਨ ਦੀ ਸਰਕਾਰ ਬਣਾਉਣ ਲਈ ਜੁਟ ਗਏ | 
ਇਹ ਗੱਲ ਦੱਸਣੀ ਵਰਨਣਯੋਗ ਹੈ ਕਿ ਇਨ੍ਹਾਂ ਰਿਆਸਤਾਂ ਦੀ ਪ੍ਰਜਾ ਮੰਡਲ ਪਾਰਟੀ ਆਪਣੇ-ਆਪ ਨੂੰ ਬੜੀ ਅਹਿਮ ਸਮਝਦੀ ਸੀ ਅਤੇ ਨਾਲ ਦੀ ਨਾਲ ਆਪਣੇ-ਆਪ ਵਿਚ ਦੂਸਰੇ ਪ੍ਰਦੇਸ਼ਾਂ ਦੀਆਂ ਕਾਂਗਰਸ ਪਾਰਟੀਆਂ ਦੇ ਬਰਾਬਰ ਹੋਣ ਦਾ ਅਧਿਕਾਰ ਮੰਗਦੀ ਸੀ ਪਰ ਸਚਾਈ ਇਹ ਹੈ ਕਿ ਪ੍ਰਦੇਸ਼ ਕਾਂਗਰਸ ਪਾਰਟੀਆਂ ਨੂੰ ਬਹੁਤ ਮਿਹਨਤ ਕਰਨੀ ਪਈ ਸੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਪ੍ਰਜਾ ਮੰਡਲ ਪਾਰਟੀ ਦੀ ਲੀਡਰਸ਼ਿਪ ਤੋਂ ਬਹੁਤ ਉਚੇਰਾ ਰੁਤਬਾ ਰੱਖਦੀ ਸੀ | ਹਾਲਾਤ ਨੂੰ ਪਿੱਛੇ ਮੁੜ ਕੇ ਦੇਖਿਆ ਜਾਵੇ ਤਾਂ ਇਹੀ ਗੱਲ ਉਭਰ ਕੇ ਆਉਾਦੀ ਹੈ ਕਿ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਦੀ ਅਕਾਲੀ ਪਾਰਟੀ ਵਿਚੋਂ ਹੀ ਉਭਰ ਕੇ ਆਈ ਸੀ, ਜਿਸ ਦਾ ਆਰੰਭ ਸ: ਸੇਵਾ ਸਿੰਘ ਠੀਕਰੀਵਾਲੇ ਤੋਂ ਹੁੰਦਾ ਹੈ ਪਰ ਬਾਅਦ ਵਿਚ ਪ੍ਰਜਾ ਮੰਡਲ ਪਾਰਟੀ ਰਿਆਸਤਾਂ ਵਿਚ ਕਾਂਗਰਸ ਦਾ ਦੂਜਾ ਰੂਪ ਧਾਰਨ ਕਰ ਗਈ ਸੀ ਅਤੇ ਹਿੰਦੂ ਭਾਈਚਾਰਾ ਇਸ 'ਤੇ ਭਾਰੂ ਹੋ ਗਿਆ ਸੀ | ਨਾਲ ਦੀ ਨਾਲ ਹੀ ਅਕਾਲੀ ਦਲ ਵੀ ਇਹ ਮੰਗ ਕਰ ਰਿਹਾ ਸੀ ਕਿ ਸਿਰਫ਼ ਅਕਾਲੀ ਪਾਰਟੀ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਪ੍ਰਜਾ ਮੰਡਲ ਨੂੰ ਕੋਈ ਇਸ ਕਿਸਮ ਦਾ ਅਧਿਕਾਰ ਨਹੀ | ਵੀ. ਪੀ. ਮੈਨਨ ਇਸ ਗੱਲ ਨੂੰ ਇਸ ਤਰ੍ਹਾਂ ਥੋੜ੍ਹੇ ਸ਼ਬਦਾਂ ਵਿਚ ਦੱਸਦੇ ਹਨ ਕਿ ਪ੍ਰਜਾ ਮੰਡਲ ਵਿਚ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਸ ਪਾਰਟੀ ਵਿਚ ਵਿਅਕਤੀਗਤ ਰੂਪ ਵਿਚ ਇਕ ਵੀ ਇਹੋ ਜਿਹਾ ਸਿੱਖ ਮੈਂਬਰ ਨਹੀਂ ਸੀ, ਜੋ ਸਿਆਸਤ ਵਿਚ ਵਿਸ਼ੇਸ਼ ਰੁਤਬਾ ਰੱਖਦਾ ਹੋਵੇ | 
ਵਜ਼ਾਰਤ ਬਣਾਉਣ ਸਮੇਂ ਇਕ ਹੋਰ ਵੀ ਵਿਸ਼ੇਸ਼ ਗੱਲ ਵਾਪਰੀ ਸੀ | ਇਕ 'ਲੋਕ ਸੇਵਕ ਪਾਰਟੀ' ਖੁੰਬ ਵਾਂਗ ਪੈਦਾ ਹੋ ਗਈ, ਜਿਸ ਦੀ ਅਗਵਾਈ ਜਥੇਦਾਰ ਊਧਮ ਸਿੰਘ ਨਾਗੋਕੇ ਕਰ ਰਹੇ ਸਨ ਅਤੇ ਬਾਅਦ ਵਿਚ ਖੁੰਬ ਵਾਂਗ ਹੀ ਜ਼ਿੰਦਗੀ ਭੋਗ ਕੇ ਇਹ ਪਾਰਟੀ ਲਾਪਤਾ ਹੋ ਗਈ | ਪ੍ਰਜਾ ਮੰਡਲ ਦੇ ਲੀਡਰ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਸਨ ਕਿ ਜੇ ਇਕ ਵਾਰ ਪ੍ਰਜਾਤੰਤਰ ਪੈਪਸੂ ਵਿਚ ਲਾਗੂ ਹੋ ਜਾਵੇ ਤਾਂ ਕੇਵਲ ਪ੍ਰਜਾ ਮੰਡਲ ਹੀ ਅਜਿਹੀ ਪਾਰਟੀ ਹੋਵੇਗੀ, ਜਿਸ ਨੂੰ ਸਰਕਾਰ ਬਣਾਉਣ ਵਾਸਤੇ ਨਿਮੰਤਰਿਤ ਕੀਤਾ ਜਾ ਸਕਦਾ ਹੈ | ਦੂਸਰੇ ਪਾਸੇ ਸਿੱਖ ਪ੍ਰਜਾ ਮੰਡਲ ਨੂੰ ਇਕ ਹਿੰਦੂ ਜਮਾਤ ਸਮਝਦੇ ਸਨ | ਉਨ੍ਹਾਂ ਦੀ ਇਕ ਵਿਸ਼ੇਸ਼ ਸੋਚ ਇਹ ਸੀ ਕਿ ਸਿਰਫ ਪੈਪਸੂ ਦਾ ਹੀ ਇਕ ਅਜਿਹਾ ਇਲਾਕਾ ਹੈ, ਜਿਸ ਵਿਚ ਸਿੱਖ ਬਹੁ-ਗਿਣਤੀ ਵਿਚ ਹਨ ਅਤੇ ਇਸ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ | ਆਖਰਕਾਰ ਵੀ. ਪੀ. ਮੈਨਨ ਦੀ ਇਹ ਸੋਚ ਸੀ ਕਿ ਅਜਿਹੀ ਮਿਸ਼ਰਤ ਸਰਕਾਰ ਬਣਾਈ ਜਾਵੇ, ਜੋ ਸਭ ਨੂੰ ਕਬੂਲ ਹੋਵੇ | ਇਸ ਸੋਚ ਦੇ ਮੁਤਾਬਕ, 4 ਸੀਟਾਂ ਕਾਂਗਰਸ, 2 ਲੋਕ ਸੇਵਾ ਸਭਾ, 2 ਅਕਾਲੀ ਦਲ ਨੂੰ ਦਿੱਤੀਆਂ ਜਾਣ ਅਤੇ ਸਾਂਝਾ ਮੁੱਖ ਮੰਤਰੀ ਸਿੱਖ ਹੋਵੇ | ਪਰ ਅਕਾਲੀ ਦਲ ਨੇ ਦੋ ਕਾਰਨਾਂ ਕਰਕੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ | ਇਕ ਤਾਂ ਇਹ ਕਿ ਇਸ ਪਾਰਟੀ ਨੂੰ ਘੱਟ ਸੀਟਾਂ ਦਿੱਤੀਆਂ ਗਈਆਂਸਨ ਅਤੇ ਦੂਸਰਾ ਇਹ ਕਿ ਅਕਾਲੀ ਦਲ ਆਪਣੀ ਅਕਾਲੀ ਸਿਆਸਤ ਬਰਕਰਾਰ ਰੱਖੇਗਾ | 
ਇਸ ਲਈ ਹੋਰ ਤਜਵੀਜ਼ਾਂ 'ਤੇ ਵੀ ਗੌਰ ਕੀਤਾ ਗਿਆ ਪਰ ਕੋਈ ਗੱਲ ਸਿਰੇ ਨਾ ਚੜ੍ਹੀ | ਕਾਂਗਰਸੀ ਆਗੂਆਂ ਨੇ ਆਪਣੀ ਚਤੁਰਾਈ ਦਿਖਾਈ ਕਿ ਜੇ ਕੋਈ ਗੱਲ ਸਿਰੇ ਨਾ ਹੀ ਚੜ੍ਹੇ, ਅਖੀਰ 'ਤੇ ਕਾਂਗਰਸ ਨੂੰ ਹੀ ਬੁਲਾਵਾ ਦਿੱਤਾ ਜਾਵੇਗਾ ਕਿ ਉਹ ਹੀ ਆ ਕੇ ਸਰਕਾਰ ਬਣਾ ਲਵੇ ਪਰ ਇਹ ਚਤਰਾਈ ਨਾ ਚੱਲ ਸਕੀ | 
ਵੀ. ਪੀ. ਮੈਨਨ ਨੇ ਸਰਦਾਰ ਪਟੇਲ ਨੂੰ 15 ਜੁਲਾਈ, 1948 ਨੂੰ ਸਵੇਰੇ ਸਾਰੀ ਗੱਲਬਾਤ ਦੱਸ ਦਿੱਤੀ | ਆਖਰਕਾਰ ਬਗ਼ੈਰ ਕੋਈ ਵਜ਼ਾਰਤ ਬਣਾਏ ਸਰਦਾਰ ਪਟੇਲ ਨੇ ਯੂਨੀਅਨ ਦਾ ਉਦਘਾਟਨ ਕਰ ਦਿੱਤਾ ਪਰ ਫਿਰ ਅਗਸਤ, 1948 ਵਿਚ ਵੀ ਵਜ਼ਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਵੀ ਸਿਰੇ ਨਾ ਚੜ੍ਹੀ, ਤਦ ਸ: ਗਿਆਨ ਸਿੰਘ ਨੂੰ ਫਿਰ ਨਿਗਰਾਨ ਪ੍ਰੀਮੀਅਰ ਬਣਾ ਦਿੱਤਾ ਗਿਆ | ਇਹ ਵਜ਼ਾਰਤ 1952 ਤੱਕ ਕਾਇਮ ਰਹੀ, 1952 ਵਿਚ ਚੋਣਾਂ ਹੋਈਆਂ ਤਾਂ ਫਿਰ ਸ: ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ | ਉਸ ਤੋਂ ਬਾਅਦ ਚੋਣਾਂ 1954 ਵਿਚ ਹੋਈਆਂ ਤਾਂ ਕਰਨਲ ਰਘਬੀਰ ਸਿੰਘ ਮੁੱਖ ਮੰਤਰੀ ਬਣੇ ਅਤੇ ਫਿਰ ਚੋਣਾਂ 1955 ਵਿਚ ਹੋਈਆਂ ਤਾਂ ਬਿ੍ਸ਼ ਭਾਨ ਮੁੱਖ ਮੰਤਰੀ ਬਣੇ | ਆਖ਼ਰ 1 ਨਵੰਬਰ 1956 ਪੈਪਸੂ ਨੂੰ ਪੰਜਾਬ ਵਿਚ ਸ਼ਾਮਿਲ ਕਰ ਦਿੱਤਾ ਗਿਆ | 
ਮਾਣ-ਅਭਿਮਾਨ ਵੀ ਇਨਸਾਨੀ ਫ਼ਿਤਰਤ ਦਾ ਇਕ ਵਿਸ਼ੇਸ਼ ਅੰਗ ਹੈ | ਪੈਪਸੂ ਬਣਨ ਵੇਲੇ ਪਟਿਆਲਾ ਦੇ ਅਫ਼ਸਰ ਆਪਣੇ-ਆਪ ਨੂੰ ਦੂਸਰੀਆਂ ਰਿਆਸਤਾਂ ਦੇ ਅਫ਼ਸਰਾਂ ਨਾਲੋਂ ਉਚੇਰੇ ਸਮਝਣ ਲੱਗ ਪਏ ਸਨ ਅਤੇ ਜਦ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਗਿਆ ਤਾਂ ਚੰਡੀਗੜ੍ਹ ਦੇ ਅਫ਼ਸਰ ਬੜੇ ਫ਼ਾਤਿਹਾਨਾ ਅੰਦਾਜ਼ ਵਿਚ ਪ੍ਰਵੇਸ਼ ਕਰ ਗਏ ਸਨ | ਇਥੇ ਮੈਂ ਇਕ ਅਜੀਬ ਜਿਹਾ ਕਿੱਸਾ ਦੱਸਦਾ ਹਾਂ | ਮੈਂ ਪੰਜਾਬ ਸਰਕਾਰ ਤੋਂ ਇਕ ਕੰਪਨੀ ਦੇ ਹਿੱਸੇ ਖ਼ਰੀਦੇ ਸਨ | ਕੁਝ ਅਜਿਹੇ ਦਸਤਾਵੇਜ਼ ਸਨ, ਜਿਸ ਉਤੇ ਮੇਰੇ ਤੇ ਸਕੱਤਰ, ਇੰਡਸਟਰੀਜ਼ ਦੇ ਇਕੱਠਿਆਂ ਦਸਤਖ਼ਤ ਹੋਣੇ ਸਨ | ਮਿਥੀ ਤਾਰੀਖ਼ 'ਤੇ ਸਕੱਤਰ ਸਾਹਿਬ ਛੁੱਟੀ 'ਤੇ ਚਲੇ ਗਏ | ਮੈਂ ਡਿਪਟੀ ਸਕੱਤਰ ਨੂੰ ਕਿਹਾ, 'ਕੀ ਫ਼ਰਕ ਪੈਂਦਾ ਹੈ ਜੇ ਮੈਂ ਅੱਜ ਹੀ ਦਸਤਖ਼ਤ ਕਰ ਦੇਵਾਂ ਅਤੇ ਜਿਸ ਦਿਨ ਸਕੱਤਰ ਸਾਹਿਬ ਆਵਣ ਤਾਂ ਉਹ ਦਸਤਖ਼ਤ ਕਰ ਦੇਣਗੇ |' ਡਿਪਟੀ ਸਕੱਤਰ ਨੇ ਬੜੀ ਹਕਾਰਤ ਨਾਲ ਕਿਹਾ, 'ਇਹ ਕੋਈ ਪੈਪਸੂ ਨਹੀਂ ਜਿੱਥੇ ਇਸ ਤਰ੍ਹਾਂ ਹੋਵੇ |' ਚਲੋ, ਮਿਥੀ ਤਾਰੀਖ 'ਤੇ ਮੈਂ ਫਿਰ ਚੰਡੀਗੜ੍ਹ ਪਹੁੰਚਿਆ ਤਾਂ ਉਸ ਦਿਨ ਸਕੱਤਰ ਸਾਹਿਬ ਦਫ਼ਤਰ ਵਿਚ ਤਾਂ ਆਏ ਨਹੀਂ ਸਨ ਪਰ ਛੁੱਟੀ 'ਤੇ ਵੀ ਨਹੀਂ ਸਨ | ਆਖ਼ਰ ਡਿਪਟੀ ਸਕੱਤਰ ਨੂੰ ਕਿਸੇ ਮਜਬੂਰੀ ਕਾਰਨ ਦਸਤਖ਼ਤ ਮੇਰੇ ਇਕੱਲੇ ਤੋਂ ਹੀ ਕਰਵਾਉਣੇ ਪਏ ਪਰ ਅੱਖ ਉਨ੍ਹਾਂ ਦੀ ਨੀਵੀਂ ਹੀ ਰਹੀ, ਜਦੋਂ ਕਿ ਮੇਰੇ ਚਿਹਰੇ 'ਤੇ ਕੁਝ-ਕੁਝ ਸ਼ਰਾਰਤ ਭਰੀ ਮੁਸਕਾਨ ਸੀ | ਇਨਸਾਨੀ ਜ਼ਿੰਦਗੀ ਵੀ ਬੜੇ ਅਜੀਬ-ਅਜੀਬ ਮੋੜ ਫਟਾਫਟ ਲੈ ਲੈਂਦੀ ਹੈ |

ਹਰਜਿੰਦਰ ਸਿੰਘਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫਰੀਦਕੋਟ | 95014-16848



Post Comment


ਗੁਰਸ਼ਾਮ ਸਿੰਘ ਚੀਮਾਂ