ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, February 27, 2013

ਸਿੱਖ ਇਤਿਹਾਸ ਵਿੱਚ ਸ਼ਹਾਦਤ


ਸ਼ਹੀਦੀ ਜਾਂ ਸ਼ਹਾਦਤ ਜੈਸੇ ਕਾਰਨਾਮੇ ਸਿਰਫ਼ ਉਸ ਸਮੇਂ ਹੀ ਸਾਹਮਣੇ ਆਉਂਦੇ ਹਨ ਜਦੋਂ ਕ੍ਰਾਂਤੀਕਾਰੀ ਵਿਚਾਰਧਾਰਾ ਪੈਦਾ ਹੁੰਦੀ ਹੈ। ਸ਼ਹੀਦੀ ਅਤੇ ਕ੍ਰਾਂਤੀ (ਇਨਕਲਾਬ) ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਇਨਕਲਾਬੀ ਵਿਚਾਰਧਾਰਾ ਲੋਕਾਂ ਵਿੱਚ ਨਵੀਂ ਰੂਹ ਫੂਕਦੀ ਹੈ; ਨਵੀਂ ਰੂਹ ਵਿੱਚੋਂ ਬਗਾਵਤ ਪਨਪਦੀ ਹੈ; ਬਗਾਵਤ ਵਿੱਚੋਂ ਸਮੇਂ ਦੀ ਹਕੂਮਤ ਦਾ ਜਬਰ ਤੇ ਜ਼ੁਲਮ ਸਾਹਮਣੇ ਆਉਂਦਾ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਸ਼ਹੀਦੀਆਂ ਦੇਣੀਆਂ ਪੈਂਦੀਆਂ ਹਨ। ਵਿਸ਼ਵ ਵਿੱਚ ਜਦੋਂ ਅਤੇ ਜਿੱਥੇ ਵੀ ਇਨਕਲਾਬੀ ਵਿਚਾਰਧਾਰਾ ਪਨਪੀ ਹੈ ਉੱਥੇ ਹੀ ਸ਼ਹੀਦ ਪੈਦਾ ਹੋਏ ਹਨ ਅਤੇ ਉੱਥੋਂ ਹੀ ਇਨ੍ਹਾਂ ਸ਼ਬਦਾਂ ਦੀ ਉਤਪਤੀ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਹਰ ਬੋਲੀ ਅਤੇ ਸੱਭਿਆਚਾਰ ਦੇ ਆਪਣੇ ਸ਼ਬਦ ਹੁੰਦੇ ਹਨ ਅਤੇ ਆਪਣੀ ਹੀ ਵਿਆਖਿਆ। ਇਸ ਤਰ੍ਹਾਂ ਸ਼ਹਾਦਤ ਅਤੇ ਇਨਕਲਾਬੀ ਵਿਚਾਰਧਾਰਾ ਦਾ ਇੱਕ-ਦੂਜੀ ਨਾਲ ਅਟੁੱਟ ਸਬੰਧ ਹੈ।
ਜਿੱਥੋਂ ਤਕ ਸ਼ਹੀਦ ਜਾਂ ਸ਼ਹਾਦਤ ਵਰਗੇ ਸ਼ਬਦਾਂ ਦਾ ਕਿਸੇ ਵਿਸ਼ੇਸ਼ ਬੋਲੀ ਨਾਲ ਸਬੰਧ ਹੋਣ ਦੀ ਗੱਲ ਹੈ, ਜਿਸ ਸ਼ਬਦ ਨੂੰ ਕਿਸੇ ਕੌਮ ਦਾ ਅਨਪੜ੍ਹ ਵਿਅਕਤੀ ਵੀ ਸਮਝ ਅਤੇ ਬੋਲ ਸਕੇ ਉਹ ਸ਼ਬਦ ਉਸੇ ਕੌਮ ਦੀ ਬੋਲੀ ਦਾ ਮੰਨਿਆ ਜਾਂਦਾ ਹੈ। ਇਹ ਤਾਂ ਵਿਦਵਾਨ ਲੋਕਾਂ ਦਾ ਕੰਮ ਹੈ ਕਿ ਉਹ ਵਿਦੇਸ਼ੀ ਬੋਲੀਆਂ ਦੇ ਕਿੰਨੇ ਕੁ ਸ਼ਬਦ ਲੈ ਕੇ ਆਪਣੀਆਂ ਲਿਖਤਾਂ ਵਿੱਚ ਵਰਤਦੇ ਹਨ ਪਰ ਅਨਪੜ੍ਹ ਲੋਕਾਂ ਨੇ ਤਾਂ ਸਿਰਫ਼ ਉਹੀ ਸ਼ਬਦ ਬੋਲਣਾ ਅਤੇ ਸਮਝਣਾ ਹੈ ਜਿਹੜਾ ਉਨ੍ਹਾਂ ਨੇ ਆਪਣੀ ਮਾਂ ਅਤੇ ਆਪਣੇ ਵੱਡੇ-ਵਡੇਰਿਆਂ ਪਾਸੋਂ ਸੁਣਿਆ ਹੁੰਦਾ ਹੈ। ਇਸ ਤਰ੍ਹਾਂ ਅਨਪੜ੍ਹ ਲੋਕਾਂ ਦਾ ਕਿਸੇ ਦੀ ਲਿਖਤ ਨਾਲ ਕੋਈ ਸਬੰਧ ਨਹੀਂ ਹੁੰਦਾ। ਅੱਜ ਪੰਜਾਬੀ ਭਾਈਚਾਰੇ ਵਿੱਚ ਹਰ ਵਿਅਕਤੀ ਸ਼ਹੀਦ ਅਤੇ ਸ਼ਹਾਦਤ ਦੇ ਅਰਥ ਵੀ ਸਮਝਦਾ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਬੜੀ ਆਸਾਨੀ ਨਾਲ ਬੋਲਦਾ ਵੀ ਹੈ। ਅੱਜ ਜਿਸ ਭਾਵ ਵਿੱਚ ਸਿੱਖ ਧਰਮ ਅਨੁਸਾਰ ਸ਼ਹੀਦ ਅਤੇ ਸ਼ਹਾਦਤ ਦੀ ਵਿਆਖਿਆ ਕੀਤੀ ਜਾਂਦੀ ਹੈ ਉਸ ਮੁਤਾਬਕ ਇਹ ਸਾਰੀ ਦੀ ਸਾਰੀ ਵਿਆਖਿਆ ਸਿੱਖ ਧਰਮ ਦੀ ਆਪਣੀ ਹੈ। ਸਿੱਖ ਧਰਮ ਅਤੇ ਪੰਜਾਬੀ ਇੱਕ-ਦੂਜੇ ਦੀਆਂ ਸਹਾਇਕ ਧਾਰਾਵਾਂ ਹਨ। ਪੰਜਾਬੀ ਬੋਲੀ ਨੇ ਪੰਜਾਬ ਨੂੰ ਵਿਸ਼ੇਸ਼ ਪਛਾਣ ਪ੍ਰਦਾਨ ਕੀਤੀ ਹੈ ਅਤੇ ਸਿੱਖ ਧਰਮ ਨੇ ਪੰਜਾਬੀ ਬੋਲੀ ਨੂੰ ਇਨਕਲਾਬੀ ਰੂਪ ਬਖ਼ਸ਼ਿਆ ਹੈ। ਇਸ ਤਰ੍ਹਾਂ ਇਨ੍ਹਾਂ ਦੋਵਾਂ ਤਾਕਤਾਂ- ਸਿੱਖ ਵਿਚਾਰਧਾਰਾ ਅਤੇ ਪੰਜਾਬੀ ਬੋਲੀ ਨੇ ਪੰਜਾਬੀਆਂ ਨੂੰ ਜਬਰ-ਜ਼ੁਲਮ ਖ਼ਿਲਾਫ਼ ਲੜਨ ਲਈ ਖੜ੍ਹਾ ਕੀਤਾ ਹੈ। ਇਸੇ ਇਨਕਲਾਬੀ ਕਾਰਵਾਈ ਅਤੇ ਵਿਚਾਰਧਾਰਾ ਵਿੱਚੋਂ ਸ਼ਹੀਦ ਅਤੇ ਸ਼ਹਾਦਤ ਜੈਸੇ ਸ਼ਬਦ ਉਤਪੰਨ ਹੋਏ ਹਨ।
ਇਨਕਲਾਬੀ ਲਹਿਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਆਪਣੇ ਪੈਰੋਕਾਰ ਨੂੰ ਜੀਵਨ ਅਤੇ ਮੌਤ ਦਾ ਗਿਆਨ ਕਰਵਾ ਕੇ ਚਲਦੀ ਹੈ। ਜੀਵਨ ਅਤੇ ਮੌਤ ਦਾ ਗਿਆਨ ਕਰਵਾਏ ਬਗੈਰ ਨਾ ਹੀ ਸੰਘਰਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਘਰਸ਼ ਲਈ ਜਾਨ ਵਾਰੀ ਜਾ ਸਕਦੀ ਹੈ। ਅਸਲ ਵਿੱਚ ਜੀਵਨ ਦਾ ਦੂਜਾ ਨਾਂ ਹੀ ਸੰਘਰਸ਼ ਹੈ। ਸੰਘਰਸ਼ ਤੋਂ ਬਿਨਾਂ ਜੀਵਨ ਜੀਵਿਆ ਹੀ ਨਹੀਂ ਜਾ ਸਕਦਾ। ਮਨੁੱਖ ਲਈ ਆਪਣੇ ਰੁਜ਼ਗਾਰ ਵਾਸਤੇ ਦਸਾਂ ਨਹੁੰਆਂ ਦੀ ਕਿਰਤ
ਕਰਨੀ ਹੀ ਸਭ ਤੋਂ ਵੱਡਾ ਸੰਘਰਸ਼ ਹੈ ਕਿਉਂਕਿ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਨੂੰ ਹੀ ਜੀਵਨ ਜਿਉਣ ਦੀਆਂ ਚੁਣੌਤੀਆਂ ਨਾਲ ਮੱਥਾ ਲਾਉਣਾ ਪੈਂਦਾ ਹੈ। ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਮਿਹਨਤਕਸ਼ ਨੂੰ ਹੀ ਆਪਣੇ ਸਮਾਜਿਕ ਅਧਿਕਾਰਾਂ ਅਤੇ ਫ਼ਰਜ਼ਾਂ ਦਾ ਗਿਆਨ ਹੁੰਦਾ ਹੈ। ਮਿਹਨਤ ਹੀ ਸੰਘਰਸ਼ ਹੈ। ਬਿਨਾਂ ਮਿਹਨਤ ਤੋਂ ਆਏ ਪੈਸੇ ਨੂੰ ਸਿੱਖ ਧਰਮ ਨੇ ‘ਪਾਪਾਂ ਦੀ ਕਮਾਈ’ ਅਤੇ ਆਧੁਨਿਕ ਬੋਲੀ ਨੇ ਇਸ ਨੂੰ ਕਾਲਾ ਧਨ (Black Money) ਕਿਹਾ ਹੈ। ਸਮਾਜ ਲਈ ਮਾੜਾ ਸਰਮਾਏਦਾਰ ਉਹ ਨਹੀਂ ਹੈ ਜਿਸ ਦਾ ਧਨ, ਚਿੱਟੇ ਧਨ (White Money) ਦੇ ਰੂਪ ਵਿੱਚ ਕਮਾਇਆ ਹੁੰਦਾ ਹੈ ਸਗੋਂ ਮਾੜਾ ਸਰਮਾਏਦਾਰ ਉਹ ਹੈ ਜਿਸ ਦਾ ਧਨ ‘ਕਾਲੇ ਧਨ’ ਦੇ ਰੂਪ ਵਿੱਚ ਇਕੱਠਾ ਕੀਤਾ ਗਿਆ ਹੁੰਦਾ ਹੈ। ਅੱਜ ਇਨ੍ਹਾਂ ਦੋ ਤਾਕਤਾਂ ਵਿੱਚ ਸੰਘਰਸ਼ ਹੈ। ਸਿੱਖ ਧਰਮ ਨੇ ਆਪਣੀ ਸ਼ਬਦਾਵਲੀ ਵਿੱਚ ਗੁਰਮੁਖ ਅਤੇ ਮਨਮੁਖ ਦੇ ਰੂਪ ‘ਚ ਦੋ ਵਿਰੋਧੀ ਤਾਕਤਾਂ ਨੂੰ ਦਰਸਾਇਆ ਹੈ। ਬੇਸ਼ੱਕ ਅੱਜ ਦੇ ਰਾਜਨੀਤਕ ਸਿਧਾਂਤਾਂ ਨੇ ਇਸ ਸੰਘਰਸ਼ ਨੂੰ ਵੱਖ-ਵੱਖ ਸ਼ਬਦਾਵਲੀ ਦਿੱਤੀ ਹੈ ਅਤੇ ਵੱਖ-ਵੱਖ ਸਿਧਾਂਤਾਂ ਅਤੇ ਸ਼ਬਦਾਵਲੀ ਤਹਿਤ ਹੀ ਇਹ ਸੰਘਰਸ਼ ਸਾਹਮਣੇ ਆਏ ਹਨ ਪਰ ਸਿੱਖ ਧਰਮ ਦੀ ਜੀਵਨ-ਸੰਘਰਸ਼ ਦੇ ਸਮੁੱਚੇ ਨਜ਼ਰੀਏ ਬਾਰੇ ਆਪਣੀ ਵਿਲੱਖਣ ਅਤੇ ਨਿਵੇਕਲੀ ਪਹੁੰਚ ਹੈ। ਇਸ ਲਈ ਸਿੱਖ ਧਰਮ ਦੇ ਬਾਨੀਆਂ ਨੇ ਮਨੁੱਖ ਦੇ ਸਮੁੱਚੇ ਜੀਵਨ ਸੰਘਰਸ਼ ਨੂੰ ਇਨ੍ਹਾਂ ਤਿੰਨ ਉਦੇਸ਼ਾਂ ਦੁਆਲੇ ਕੇਂਦਰਤ ਕੀਤਾ ਹੈ: ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਦਸਾਂ ਨਹੁੰਆਂ ਦੀ ਕਮਾਈ (ਕਿਰਤ) ਕਰਨੀ ਹੈ; ਇਸ ਕਿਰਤ ਕਮਾਈ ਨੂੰ ਆਪਸੀ ਭਾਈਚਾਰੇ ਵਿੱਚ ਵੰਡ ਕੇ ਛਕਣਾ ਹੈ; ਅਤੇ ਇਸ ਤਰ੍ਹਾਂ ਆਪਣੀ ਭੁੱਖ ਨੂੰ ਦੂਰ ਕਰਕੇ ਫਿਰ ਪੂਰੀ ਸੰਤੁਸ਼ਟੀ ਨਾਲ ਵਾਹਿਗੁਰੂ ਦਾ ਨਾਮ ਜਪਣਾ ਹੈ। ਸਿੱਖ ਧਰਮ ਦਾ ਸਮੁੱਚਾ ਸੰਘਰਸ਼ ਅਤੇ ਇਤਿਹਾਸ ਇਸੇ ਸਿਧਾਂਤ ਦੁਆਲੇ ਘੁੰਮਦਾ ਹੈ। ਸਿੱਖ ਸੰਘਰਸ਼ ਜਦੋਂ ਤਕ ਇਸ ਸਿਧਾਂਤ ਦੁਆਲੇ ਕੇਂਦਰਿਤ ਰਿਹਾ ਹੈ ਇਸ ਨੂੰ ਸਫ਼ਲਤਾਵਾਂ ਹੀ ਮਿਲੀਆਂ ਹਨ। ਸਿੱਖ ਸ਼ਹਾਦਤਾਂ ਇਸੇ ਸੰਘਰਸ਼ ਦੀ ਪੈਦਾਵਾਰ ਹਨ।
ਇਸ ਤਰ੍ਹਾਂ ਦੇ ਸੰਘਰਸ਼ ਦੀ ਤਿਆਰੀ ਲਈ ਹੀ ਗੁਰੂ ਨਾਨਕ ਸਾਹਿਬ ਨੇ ਹੋਕਾ ਦਿੱਤਾ ਸੀ ਕਿ ਜੇ ਤੈਨੂੰ ਇਸ ਤਰ੍ਹਾਂ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਆਪਣੇ ਸਿਰ ਨੂੰ ਵਾਰ ਦੇਣ ਦੇ ਅਹਿਸਾਸ ਨਾਲ ਮੇਰੇ ਪਾਸ ਆ ਕਿਉਂਕਿ ਜਦੋਂ ਤੂੰ ਇੱਕ ਵਾਰ ਇਸ ਮਾਰਗ ‘ਤੇ ਤੁਰਨ ਦੀ ਸ਼ੁਰੂਆਤ ਕਰ ਦਿੱਤੀ ਤਾਂ ਫਿਰ ਮਰਿਆ ਤਾਂ ਜਾ ਸਕਦਾ ਹੈ ਪਰ ਪਿੱਛੇ ਨਹੀਂ ਮੁੜਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਦੇ ਇਸ ਸੰਘਰਸ਼ ਦੇ ਮਾਰਗ ‘ਤੇ ਤੁਰਨ ਵਾਲੇ ਪੈਰੋਕਾਰ ਇੰਨੇ ਦ੍ਰਿੜ੍ਹ ਇਰਾਦੇ ਵਾਲੇ ਸਨ ਕਿ ਉਹ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਦੇ ਰਾਹ ਵਿੱਚ ਮਰ ਤਾਂ ਸਕਦੇ ਸਨ ਪਰ ਆਪਣੇ ਸੰਘਰਸ਼ ਨੂੰ ਨਹੀਂ ਛੱਡ ਸਕਦੇ। ਮਿਹਨਤਕਸ਼ ਲੋਕਾਂ ਦੇ ਸੰਘਰਸ਼ ਦੀ ਹਰ ਸਮੇਂ ਹੀ ਪਰਖ ਹੁੰਦੀ ਰਹਿੰਦੀ ਹੈ ਕਿਉਂਕਿ ਲੋਟੂ-ਤਾਕਤਾਂ ਬਹੁਤ ਤਾਕਤਵਰ ਹੁੰਦੀਆਂ ਹਨ। ਅਸਲ ਪਰਖ ਉਸ ਸਮੇਂ ਹੀ ਹੁੰਦੀ ਹੈ ਜਦੋਂ ਸੰਘਰਸ਼ ਕਰਨ ਵਾਲੇ ਨੂੰ ਜ਼ਿੰਦਗੀ ਅਤੇ ਮੌਤ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪੈਂਦਾ ਹੈ। ਸਿੱਖ ਸੰਘਰਸ਼ ਲਈ ਇਹ ਪਹਿਲਾ ਮੌਕਾ 1606 ਵਿੱਚ ਆਇਆ ਜਦੋਂ ਇਸ ਦੀ ਸਮੁੱਚੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਸੀ। ਇਹ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ।
ਸਮੇਂ ਦਾ ਬਾਦਸ਼ਾਹ ਜਹਾਂਗੀਰ ਸੀ। ਜਹਾਂਗੀਰ ਵੱਲੋਂ ਗੁਰੂ ਅਰਜਨ ਨੂੰ ਜਾਂ ਤਾਂ ਇਸਲਾਮ ਕਬੂਲ ਕਰਨ ਬਾਰੇ ਕਿਹਾ ਗਿਆ ਤੇ ਜਾਂ ਫਿਰ ਮੌਤ। ਇਹ ਪਹਿਲਾ ਮੌਕਾ ਸੀ ਜਦੋਂ ਸਿੱਖ ਕੌਮ ਨੇ ਆਪਣੇ ਅਕੀਦੇ ਅਤੇ ਸੱਚ ਦੇ ਮਾਰਗ ਦੀ ਰਾਖੀ ਲਈ ਸ਼ਹਾਦਤ ਦੇਣੀ ਸੀ। ਗੁਰੂ ਨਾਨਕ ਨੇ ਹੋਕਾ ਦਿੱਤਾ ਸੀ ਕਿ ਇਸ ਸੱਚ ਦੇ ਮਾਰਗ ‘ਤੇ ਚਲਦਿਆਂ ਸਿਰ ਤਾਂ ਦਿੱਤਾ ਜਾ ਸਕਦਾ ਹੈ ਪਰ ਪਿੱਠ ਨਹੀਂ ਦਿੱਤੀ ਜਾ ਸਕਦੀ। ਇਸ ਹੋਕੇ ਦੀ ਪਵਿੱਤਰਤਾ ਅਤੇ ਪ੍ਰਮਾਣਕਤਾ ਨੂੰ ਦਰਸਾਉਣ ਦੀ ਪੰਜਵੇਂ ਪਾਤਸ਼ਾਹ ਦੀ ਜ਼ਿੰਮੇਵਾਰੀ ਸੀ। ਇਹ ਸਮਾਂ ਜੇਠ ਸੁਦੀ ਚੌਥ ਸੰਮਤ 1663 ਬਿਕਰਮੀ ਮੁਤਾਬਕ 30 ਮਈ 1606 ਦਾ ਸੀ। ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਆਪਾ ਵਾਰਨ ਦਾ ਫ਼ੈਸਲਾ ਕੀਤਾ। ਇਹ ਸਿੱਖ ਇਤਿਹਾਸ ਦੀ ਪਹਿਲੀ ਸ਼ਹਾਦਤ ਸੀ। ਆਪਣੇ ਅਕੀਦੇ ਦੀ ਰਾਖੀ ਲਈ ਕੋਈ ਸਿੱਖ ਕੁਰਬਾਨ ਹੋਵੇ, ਇਸ ਤੋਂ ਪਹਿਲਾਂ ਸਿੱਖਾਂ ਨੂੰ ਗੁਰੂ ਨੇ ਆਪ ਹੀ ਕੁਰਬਾਨ ਹੋ ਕੇ ਦਿਖਾਇਆ।
ਕੁਦਰਤੀ ਗੱਲ ਹੈ ਕਿ ਸ਼ਹਾਦਤ ਐਵੇਂ ਨਹੀਂ ਜਾਂਦੀ। ਸ਼ਹਾਦਤ ਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ। ਗੁਰੂ ਅਰਜਨ ਸਾਹਿਬ ਨੇ ਆਪਣਾ ਖ਼ੂਨ ਦੇ ਕੇ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਐਸੇ ਸੂਰਮੇ ਖੜ੍ਹੇ ਕਰ ਦਿੱਤੇ ਸਨ ਜਿਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਹੇਠ ਆਪਣੇ ਹੱਥਾਂ ਵਿੱਚ ਤਲਵਾਰਾਂ ਚੁੱਕ ਕੇ ਉਸੇ ਹਕੂਮਤ ਨੂੰ ਵੰਗਾਰਿਆ ਜਿਸ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਸੀ। ਸਿੱਖ ਇਤਿਹਾਸ ਦੇ ਖੋਜਾਰਥੀਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਲੋਕਾਂ ਦਾ ਸਿੱਖ ਧਰਮ ਵਿੱਚ ਪ੍ਰਵੇਸ਼ ਬੇਮਿਸਾਲ ਸੀ। ਗੁਰੂ ਤੇਗ ਬਹਾਦਰ ਜੀ ਨੇ ਤਾਂ ਪੰਜਾਬ ਦੇ ਮਾਲਵੇ ਅਤੇ ਬਾਂਗਰ ਦੇ ਇਲਾਕੇ ਵਿੱਚ ਇੱਕ ਤਰ੍ਹਾਂ ਨਾਲ ਇਨਕਲਾਬ ਹੀ ਲਿਆਂਦਾ ਸੀ। ਪੰਜਾਬ ਦੇ ਗੁਆਂਢੀ ਸੂਬੇ ਕਸ਼ਮੀਰ ਵਿੱਚ ਵੀ ਸਿੱਖ ਧਰਮ ਦੇ ਪੈਰੋਕਾਰ ਧੜਾਧੜ ਬਣ ਰਹੇ ਸਨ। ਹਕੂਮਤ ਦੀ ਸੋਚ ਸੀ ਕਿ ਗੁਰੂ ਨੂੰ ਮਾਰ ਦਿਓ ਤੇ ਲਹਿਰ ਨੂੰ ਦਬਾਅ ਦਿਓ ਪਰ ਇਹ ਸੋਚ ਪੁੱਠੀ ਪੈ ਗਈ ਸੀ। ਇਸ ਦਾ ਸਿੱਟਾ ਬਹੁਤ ਵੱਡੇ ਸੰਕਟ ਦੇ ਰੂਪ ਵਿੱਚ ਨਿਕਲਿਆ। ਔਰੰਗਜ਼ੇਬ ਨੇ ਇਸ ਸਭ ਕੁਝ ਨੂੰ ਸਹਿਣ ਨਹੀਂ ਕੀਤਾ। ਪੰਜਾਬ, ਇਸਲਾਮ ਦੇ ਝੰਡੇ ਹੇਠ ਨਹੀਂ ਆ ਰਿਹਾ ਸੀ। ਕਸ਼ਮੀਰ ਵੀ ਇਸਲਾਮ ਦੇ ਝੰਡੇ ਹੇਠੋਂ ਨਿਕਲਦਾ ਜਾ ਰਿਹਾ ਸੀ। ਔਰੰਗਜ਼ੇਬ ਇਸ ਦਾ ਜ਼ਿੰਮੇਵਾਰ ਗੁਰੂ ਤੇਗ ਬਹਾਦਰ ਜੀ ਦੀ ਸਿੱਖ ਲਹਿਰ ਨੂੰ ਮੰਨ ਰਿਹਾ ਸੀ। ਇਸ ਲਹਿਰ ਦਾ ਸਿਰ ਭੰਨਣ ਲਈ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰੂ ਅਰਜਨ ਦੇਵ ਜੀ ਵਾਂਗ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਵੀ ਦੋ ਬਦਲ ਰੱਖੇ ਗਏ: ਇਸਲਾਮ ਜਾਂ ਮੌਤ ਵਿੱਚੋਂ ਕੋਈ ਇੱਕ ਕਬੂਲ ਕਰੋ। ਗੁਰੂ ਤੇਗ ਬਹਾਦਰ ਜੀ ਨੇ ਵੀ ਗੁਰੂ ਅਰਜਨ ਸਾਹਿਬ ਵਾਂਗ ਮੌਤ ਕਬੂਲ ਕੀਤੀ ਅਤੇ ਆਪਣੇ ਅਕੀਦੇ ਦੀ ਰਾਖੀ ਲਈ ਆਪਣੀ ਅਤੇ ਸ਼ਰਧਾਲੂ ਸਿੱਖਾਂ ਦੀ ਸ਼ਹਾਦਤ ਦਿੱਤੀ। ਇਸ ਸ਼ਹਾਦਤ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲੋਂ ਫ਼ਰਕ ਇਹ ਸੀ ਕਿ ਇਸ ਸਮੇਂ ਹਕੂਮਤ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਆਦਿ ਸਿੱਖਾਂ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਪਰ ਕਿਸੇ ਵੀ ਸਿੱਖ ਨੇ ਆਪਣੇ ਅਕੀਦੇ ਤੋਂ ਮੂੰਹ ਨਹੀਂ ਮੋੜਿਆ। ਉਹ ਆਪਣੇ ਗੁਰੂ ਦੇ ਸਨਮੁੱਖ ਰਹਿੰਦੇ ਹੋਏ ਸ਼ਹੀਦੀਆਂ ਪਾ ਗਏ ਸਨ। ਇਹ ਸਾਕਾ ਮੱਘਰ ਸੁਦੀ ਪੰਚਮੀ ਸੰਮਤ 1732 ਬਿਕਰਮੀ ਭਾਵ ਨਵੰਬਰ 1675 ਨੂੰ ਹੋਇਆ ਸੀ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਸਿੱਖ ਲਹਿਰ ਨੂੰ ਇੱਕ ਨਵਾਂ ਮੋੜ ਦੇਣ ਵਾਲੀ ਸਾਬਤ ਹੋਈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕ ਵਿਸਾਖ ਸੰਮਤ 1756 ਨੂੰ ਖ਼ਾਲਸੇ ਦੀ ਸਾਜਨਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਹੀ ਸਿੱਟਾ ਸੀ। ਸਿੱਖ ਲਹਿਰ ਦੇ ਸੰਘਰਸ਼ ਦਾ ਇਤਿਹਾਸ ਘੋਖਣ ਉੱਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਸਮੇਂ ਤਕ ਸਿੱਖ ਲਹਿਰ ਦਾ ਸਮੁੱਚਾ ਸੰਘਰਸ਼ ਬਿਲਕੁਲ ਸ਼ਾਂਤਮਈ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਵਾਲਾ ਸੀ। ਇਸ ਮਗਰੋਂ ਸਿੱਖ ਸੰਘਰਸ਼ ਨੂੰ ਹਥਿਆਰਬੰਦ ਸੰਘਰਸ਼ ਦਾ ਰੂਪ ਦੇਣ ਲਈ ਸਮੇਂ ਦੀ ਹਕੂਮਤ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਨਕਲਾਬੀ ਲਹਿਰਾਂ ਹਰ ਸੰਕਟ ਤੋਂ ਪ੍ਰੇਰਨਾ ਲੈਂਦੀਆਂ ਹਨ। ਇਸ ਲਈ ਹਰ ਸੰਕਟ ਹਰ ਇਨਕਲਾਬੀ ਲਹਿਰ ਦੇ ਸਰੂਪ ਨੂੰ ਪ੍ਰਚੰਡ ਕਰ ਦਿੰਦਾ ਹੈ। ਸਮਝਦਾਰ ਹੁਕਮਰਾਨ ਲੋਕਾਂ ਦੇ ਰੋਹ ਨੂੰ ਭਾਂਪ ਕੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਪਰ ਮੂਰਖ ਅਤੇ ਹੈਂਕੜਬਾਜ਼ ਹੁਕਮਰਾਨ ਲੋਕ-ਰੋਹ ਨੂੰ ਆਪਣੀ ਤਾਕਤ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਇਉਂ ਉਹ ਲੋਕ-ਰੋਹ ਨੂੰ ਹੋਰ ਪ੍ਰਚੰਡ ਕਰ ਦਿੰਦੇ ਹਨ। ਸਿੱਖ ਲਹਿਰ ਲੋਕਾਂ ਦੀ ਲਹਿਰ ਸੀ। ਇਹ ਅਕਬਰ ਜੈਸੇ ਬਾਦਸ਼ਾਹਾਂ ਦੀ ਹੀ ਸਮਝ-ਸੂਝ ਸੀ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਸਿੱਖ ਲਹਿਰ (ਲੋਕ ਲਹਿਰ) ਨੂੰ ਸਮਝ ਲਿਆ ਸੀ। ਇਹੀ ਕਾਰਨ ਸਨ ਕਿ ਗੁਰੂ ਨਾਨਕ ਦੀ ਇਨਕਲਾਬੀ ਵਿਚਾਰਧਾਰਾ ਲੋਕਾਂ ਨੂੰ ਸ਼ਾਂਤੀ ਦੇ ਮਾਰਗ ‘ਤੇ ਹੀ ਚਲਾ ਕੇ ਲੋਕਾਂ ਅਤੇ ਹਕੂਮਤ ਦਾ ਸੁਮੇਲ ਰੱਖਦੀ ਆ ਰਹੀ ਸੀ। ਦੂਜੇ ਪਾਸੇ ਜਹਾਂਗੀਰ ਅਤੇ ਔਰੰਗਜ਼ੇਬ ਜਿਹੇ ਹੈਂਕੜਬਾਜ਼ ਬਾਦਸ਼ਾਹਾਂ ਨੇ ਸਿੱਖ ਲਹਿਰ ਦੇ ਸ਼ਾਂਤਮਈ ਪ੍ਰਚਾਰ ਨੂੰ ਵੀ ਆਪਣੇ ਲਈ ਖ਼ਤਰਾ ਸਮਝ ਲਿਆ ਸੀ ਤਾਂ ਇਹ ਲਹਿਰ ਸੱਚਮੁੱਚ ਹੀ ਉਨ੍ਹਾਂ ਲਈ ਖ਼ਤਰਾ ਬਣ ਗਈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਵਿਚਾਰ ਉਪਜਿਆ ਅਤੇ ਇਹ ਮਹਾਨ ਤਖ਼ਤ ਬਾਦਸ਼ਾਹੀ ਤਖ਼ਤਾਂ ਦੇ ਮੁਕਾਬਲੇ ਲੋਕ-ਸ਼ਕਤੀ ਦਾ ਪ੍ਰਤੀਕ ਬਣ ਗਿਆ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿੱਚੋਂ ਖ਼ਾਲਸੇ ਦੀ ਸਾਜਨਾ ਦਾ ਵਿਚਾਰ  ਉਪਜਿਆ ਜਿਸ ਨੇ ਮੁਗਲਾਂ ਦੇ ਸਾਮਰਾਜੀ ਤਖ਼ਤ ਦੇ ਮੁਕਾਬਲੇ ‘ਤੇ ਲੋਕ-ਸ਼ਕਤੀ ਦੇ ਪ੍ਰਤੀਕ ਅਕਾਲ ਤਖ਼ਤ ਸਾਹਿਬ ਨੂੰ ਆਪਣਾ ਕੇਂਦਰ ਮੰਨ ਕੇ ਸੰਘਰਸ਼ ਛੇੜਿਆ ਸੀ। ਇਸ ਤਰ੍ਹਾਂ ਸ਼ਹਾਦਤਾਂ ਦਿੰਦਾ ਹੋਇਆ ਸਿੱਖ ਸੰਘਰਸ਼ ਸ਼ਾਂਤਮਈ ਰਸਤੇ ਤੋਂ ਹਥਿਆਰਬੰਦ ਮਾਰਗ ਅਪਣਾਉਂਦਿਆਂ ਖ਼ਾਲਸੇ ਦੀ ਅਗਵਾਈ ਹੇਠ ਹਥਿਆਰਬੰਦ ਇਨਕਲਾਬ ਦਾ ਰੂਪ ਧਾਰ ਗਿਆ ਸੀ। ਖ਼ਾਲਸੇ ਦੇ ਹਥਿਆਰਬੰਦ ਇਨਕਲਾਬ ਤੋਂ ਹਕੂਮਤ ਐਸੀ ਥਿੜਕ ਗਈ ਸੀ ਕਿ ਘੱਟੋ-ਘੱਟ ਪੰਜਾਬ ਵਿੱਚ ਮੁਗ਼ਲ ਸਾਮਰਾਜ ਦੇ ਪੈਰ ਉੱਖੜ ਗਏ ਸਨ। ਇਹ ਖ਼ਾਲਸਾ ਇਨਕਲਾਬ ਹੀ ਸੀ ਜਦੋਂ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਮੁਗ਼ਲ ਸਾਮਰਾਜ ਤਖ਼ਤ ਪਲਟਾ ਕਰਕੇ ਇੱਥੇ ਹਿੰਦੁਸਤਾਨੀ ਲੋਕਾਂ ਦਾ ਆਪਣਾ ਰਾਜ ਸਥਾਪਤ ਕਰ ਲਿਆ ਗਿਆ ਸੀ। ਇਹ ਗੁਰੂ ਨਾਨਕ ਸਾਹਿਬ ਦੀ ਲਹਿਰ ਦੀ ਪਹਿਲੀ ਰਾਜਨੀਤਕ ਪ੍ਰਾਪਤੀ ਸੀ। ਇਸ ਨਾਲ ਸਿੱਖ ਸ਼ਹਾਦਤਾਂ ਦਾ ਸਰੂਪ ਵੀ ਬਦਲ ਗਿਆ ਸੀ।
ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਨਿਰੋਲ ਸ਼ਾਂਤਮਈ ਲਹਿਰ ਦੀਆਂ ਸ਼ਹਾਦਤਾਂ ਸਨ। ਇਸ ਤੋਂ ਬਾਅਦ ਸੂਰਬੀਰ ਸਿੱਖਾਂ ਨੇ ਨਾ ਸਿਰਫ਼ ਹਥਿਆਰ ਚੁੱਕੇ ਸਗੋਂ ਲੜਾਈ ਦੇ ਖੇਤਰ ਵਿੱਚ ਵੀ ਹੈਰਾਨੀਜਨਕ ਕਾਰਨਾਮੇ ਕੀਤੇ ਸਨ। ਜਿਵੇਂ ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਬੇਸ਼ੁਮਾਰ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਗੁਰੂ ਜੀ ਦੇ ਦੋ ਛੋਟੇ ਪੁੱਤਰਾਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਸਰਹਿੰਦ ਦੇ ਸੂਬੇਦਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਨਾਲ ਇਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਵੀ ਸਨ। ਦੋਵਾਂ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਗਿਆ ਪਰ ਦੋਵਾਂ ਨੇ ਹੀ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਸ਼ਹਾਦਤ ਬੜੀ ਹੀ ਬੇਮਿਸਾਲ ਸੀ। ਦੋ ਮਾਸੂਮ ਬੱਚਿਆਂ ਨੂੰ ਇਉਂ ਸ਼ਹੀਦ ਕਰ ਦਿੱਤਾ ਗਿਆ ਸੀ ਜਿਵੇਂ ਉਹ ਬਹੁਤ ਵੱਡੇ ਦੋਸ਼ੀ ਹੋਣ।

(ਬਾਕੀ ਅਗਲੇ ਅੰਕ ਵਿੱਚ)
ਡਾ. ਸੁਖਦਿਆਲ ਸਿੰਘ
ਮੋਬਾਈਲ: 98158-80539


Post Comment


ਗੁਰਸ਼ਾਮ ਸਿੰਘ ਚੀਮਾਂ