ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, February 6, 2013

ਪਸ਼ੂ, ਪੰਛੀ, ਰੁੱਖ ਤੇ ਮਨੁੱਖ


ਪੰਛੀ, ਪਸ਼ੂ, ਰੁੱਖ ਤੇ ਮਨੁੱਖ ਦਾ ਆਪਸ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਹੈ। ਇਹ ਰਿਸ਼ਤਾ ਆਦਿ ਮਨੁੱਖ ਦੇ ਜਨਮ ਤੋਂ ਵੀ ਪੁਰਾਣਾ ਹੈ। ਜਦੋਂ ਹਾਲੇ ਮਨੁੱਖੀ ਨਸਲ ਹੋਂਦ ਵਿੱਚ ਨਹੀਂ ਸੀ ਆਈ, ਪੰਛੀ, ਪਸ਼ੂ ਤੇ ਰੁੱਖ ਉਸ ਵੇਲੇ ਵੀ ਧਰਤੀ ਉੱਤੇ ਮੌਜੂਦ ਸਨ। ਘਣੇ ਜੰਗਲਾਂ ਵਿੱਚ ਦਰੱਖਤਾਂ ਉੱਤੇ ਪੰਛੀਆਂ ਦਾ ਬਸੇਰਾ ਸੀ।
ਹੁਣ ਧਰਤੀ ਉੱਤੇ ਮਨੁੱਖ ਵਧਦੇ ਜਾ ਰਹੇ ਹਨ-ਪਰ ਰੁੱਖ ਘਟਦੇ ਜਾ ਰਹੇ ਹਨ। ਨਿੱਜੀਕਰਨ, ਮੰਡੀਕਰਨ ਦਾ ਯੁੱਗ ਹੈ-ਪੂੰਜੀ ਵਿਕਾਸ ਹੋ ਰਿਹਾ ਹੈ ਪਰ ਰੁੱਖ ਕੱਟੇ ਜਾ ਰਹੇ ਹਨ। ਚੌੜੀਆਂ ਸੜਕਾਂ, ਹਵਾਈ ਅੱਡੇ, ਮੈਰਿਜ ਪੈਲੇਸ, ਡੇਰੇ, ਸ਼ਾਪਿੰਗ ਮਾਲ, ਕ੍ਰਿਕਟ-ਵਪਾਰ-ਮੈਦਾਨ, ਬਿਲਡਿੰਗ ਮਾਫ਼ੀਆ ਆਦਿ ਦਾ ਘੇਰਾ ਵਧਦਾ ਜਾ ਰਿਹਾ ਹੈ। ਨਾ ਰੁੱਖ ਰਹੇ ਹਨ- ਨਾ ਰੁੱਖਾਂ ਦੀਆਂ ਛਾਵਾਂ। ਨਾ ਸ਼ਤੀਰਾਂ, ਰੋਸ਼ਨਦਾਨਾਂ ਵਾਲੇ ਘਰ ਰਹੇ, ਨਾ ਰਹੀਆਂ ਪੰਛੀਆਂ ਦੇ ਆਲ੍ਹਣਾ ਬਣਾਉਣ ਲਈ ਥਾਵਾਂ।
ਠੰਢ ਦੀ ਰੁੱਤ ਸ਼ੁਰੂ ਹੁੰਦਿਆਂ ਬਰਫ਼ੀਲੇ ਪਹਾੜਾਂ, ਠੰਢੇ ਦੇਸ਼ਾਂ ਵਿੱਚੋਂ ਹਜ਼ਾਰਾਂ ਮੀਲ ਸਫ਼ਰ ਕਰਦਿਆਂ, ਪੰਛੀ ਪੰਜਾਬ ਵਰਗੇ ਨਿੱਘੇ ਖੇਤਰ ਵੱਲ ਉੱਡਦੇ ਆਉਂਦੇ ਹਨ। ਆਓ, ਇਨ੍ਹਾਂ ਪਰਵਾਸੀ ਪਰਾਹੁਣਿਆਂ ਲਈ ਕੁਝ ਝੀਲਾਂ, ਰੁੱਖਾਂ ਦੇ ਕੁਝ ਝੁੰਡ, ਬਚਾ ਲਈਏ।
ਪਸ਼ੂ-ਪੰਛੀ ਵਾਤਾਵਰਨ ਦੀ ਸੰਭਾਲ ਅਤੇ ਸਾਡੇ ਲਈ ਬਹੁਤ ਲਾਭਕਾਰੀ ਹਨ। ਪਸ਼ੂਆਂ, ਪੰਛੀਆਂ ਨੂੰ ਵੀ ਸਾਥ ਦੀ ਲੋੜ ਹੈ। ਜਿਵੇਂ ਸਮਾਜ ਤੋਂ ਅੱਡ ਰਹਿ ਕੇ ਮਨੁੱਖ ਉਦਾਸ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਵੱਗੋਂ ਵਿੱਛੜੀ ਮੱਝ, ਡਾਰੋਂ ਵਿੱਛੜੀ ਕੂੰਜ, ਉਦਾਸ ਹੋ ਜਾਂਦੀ ਹੈ। ਸਾਂਝੀ ਖੁਰਲੀ ਉੱਤੇ ਬੱਝੀਆਂ ਮੱਝਾਂ, ਗਾਵਾਂ, ਕੱਟੇ-ਕੱਟੀਆਂ, ਵੱਛੇ-ਵੱਛੀਆਂ ਦਾ ਆਪਸ ਵਿੱਚ ਏਨਾ ਪਿਆਰ ਹੁੰਦਾ ਹੈ ਕਿ ਜੇ ਇੱਕ ਨੂੰ ਉਨ੍ਹਾਂ ਵਿੱਚੋਂ ਅੱਡ ਕਰ ਦਿੱਤਾ ਜਾਵੇ ਤਾਂ ਦੂਜਾ ਉਦਾਸ ਹੋ ਜਾਂਦਾ ਹੈ।
ਪਤਾ ਨਹੀਂ ਪਸ਼ੂਆਂ ਨੂੰ ਮਨੁੱਖ ਪਾਸੋਂ ਕੋਈ ਲਾਭ ਹੈ ਜਾਂ ਨਹੀਂ ਪਰ ਇਹ ਤਾਂ ਹਰੇਕ ਨੂੰ ਪਤਾ ਹੈ ਕਿ ਪਸ਼ੂ, ਮਨੁੱਖਾਂ ਲਈ ਬਹੁਤ ਲਾਭਕਾਰੀ ਹਨ। ਜੇ ਪਸ਼ੂ ਨਾ ਹੁੰਦੇ ਤਾਂ ਮਨੁੱਖ ਦੀ ਨੁਹਾਰ ਹੀ ਕੁਝ ਹੋਰ ਹੋਣੀ ਸੀ। ਇਸ ਧਰਤੀ ਉੱਤੇ ਮੱਝਾਂ, ਗਾਵਾਂ, ਬੱਕਰੀਆਂ ਨਾ ਹੁੰਦੀਆਂ ਤਾਂ ਦੁੱਧ ਦੇ ਬਣੇ ਅਨੇਕਾਂ ਪਦਾਰਥ ਕਿੱਥੋਂ ਹੋਣੇ ਸਨ? ਘੋੜਾ-ਘੋੜੀ ਸਵਾਰੀ ਦੇ ਕੰਮ ਆਉਂਦੇ ਹਨ। ਭਾਵੇਂ ਸੜਕਾਂ ’ਤੇ ਮੋਟਰ ਗੱਡੀਆਂ ਆਦਿ ਨੇ ਘੋੜੇ ਦੀ ਵਰਤੋਂ ਲਗਪਗ ਖ਼ਤਮ ਕਰ ਦਿੱਤੀ ਹੈ ਪਰ ਹਾਲੇ ਵੀ ਸ਼ਹਿਰਾਂ ਵਿੱਚ ਘੋੜੀਆਂ ਲਾੜੇ ਲਈ ਸ਼ਗਨਾਂ ਦੀ ਸਵਾਰੀ ਬਣਦੀਆਂ ਹਨ। ਊਠ ਨੂੰ ਅੱਜ ਵੀ ‘ਮਾਰੂਥਲ ਦਾ ਜਹਾਜ਼’ ਕਿਹਾ ਜਾਂਦਾ ਹੈ। ਆਵਾਜਾਈ ਤੇ ਮਾਲ-ਢੁਆਈ ਲਈ ਥਲੀ ਇਲਾਕਿਆਂ ਵਿੱਚ ਅੱਜ ਵੀ ਇਸ ਦੀ ਵਰਤੋਂ ਹੁੰਦੀ ਹੈ। ਇੱਟਾਂ, ਮਿੱਟੀ ਆਦਿ ਦੀ ਢੁਆਈ ਲਈ ਅੱਜ ਵੀ ਪਿੰਡਾਂ-ਸ਼ਹਿਰਾਂ ਵਿੱਚ ਗਧਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਊਠ ਅਤੇ ਖੱਚਰ ਫ਼ੌਜ ਲਈ ਬਹੁਤ ਲਾਭਕਾਰੀ ਹਨ। ਥਲਾਂ ਅਤੇ ਪਹਾੜਾਂ ਵਿੱਚ ਫ਼ੌਜੀ ਸਾਮਾਨ ਤੇ ਹਥਿਆਰ ਆਦਿ ਢੋਣ ਦੇ ਕੰਮ ਆਉਂਦੇ ਹਨ। ਸੂਹੀਏ ਕੁੱਤੇ ਪੁਲੀਸ ਪ੍ਰਸ਼ਾਸਨ ਲਈ ਕੰਮ ਕਰਦੇ ਹਨ। ਕਤਲ, ਚੋਰੀ, ਡਾਕੇ ਦੇ ਠੀਕ ਟਿਕਾਣੇ ਤੇ ਲੁਕਣ ਥਾਵਾਂ ਦਾ ਪਤਾ ਦੱਸਦੇ ਹਨ। ਘਰੇਲੂ ਵਫ਼ਾਦਾਰ ਕੁੱਤੇ ਘਰਾਂ ਦੀ ਰਾਖੀ ਕਰਦੇ ਹਨ। ਕਿਸੇ ਓਪਰੇ ਬੰਦੇ ਨੂੰ ਘਰ ਦੇ ਨੇੜੇ ਨਹੀਂ ਫਟਕਣ ਦਿੰਦੇ।
ਪੰਛੀ ਅਤੇ ਜਾਨਵਰ ਭੂਚਾਲ, ਹੜ੍ਹਾਂ ਆਦਿ ਦੀ ਅਗੇਤੀ ਸੂਚਨਾ ਦਿੰਦੇ ਹਨ। ਹੜ੍ਹਾਂ ਦੀ ਬਿਪਤਾ ਵਾਪਰਨ ਵਾਲੀ ਹੋਵੇ ਤਾਂ ਕੀੜੀਆਂ ਪਹਿਲਾਂ ਹੀ ਸੁਰੱਖਿਅਤ ਥਾਵਾਂ ਵੱਲ ਤੁਰਨ ਲੱਗਦੀਆਂ ਹਨ ਤੇ ਆ ਰਹੀ ਸਮੱਸਿਆ ਬਾਰੇ ਲੋਕਾਂ ਨੂੰ ਸੁਚੇਤ ਕਰਦੀਆਂ ਹਨ। ਸੱਪ ਖੁੱਡਾਂ ਵਿੱਚੋਂ ਬਾਹਰ ਆ ਜਾਂਦੇ ਹਨ। ਕਾਂ, ਕਾਂ-ਕਾਂ ਕਰਕੇ ਰੌਲਾ ਪਾ ਕੇ ਸੁਚੇਤ ਕਰਦੇ ਹਨ। ਅਨੁਸ਼ਾਸਨ ਦਾ ਸਬਕ ਤਾਂ ਕੀੜੀਆਂ ਪਾਸੋਂ ਵੀ ਅਸੀਂ ਸਿੱਖ ਸਕਦੇ ਹਾਂ। ਕਤਾਰ ਵਿੱਚ ਜਾ ਰਹੀਆਂ ਕੀੜੀਆਂ ਤੇ ਬੱਸਾਂ, ਰੇਲਵੇ-ਸਟੇਸ਼ਨਾਂ ਅਤੇ ਸਿਨੇਮਾ-ਹਾਲਾਂ ਜਾਂ ਰਾਸ਼ਨ-ਡਿਪੂਆਂ ਸਾਹਮਣੇ ਲੱਗੀਆਂ ਮਨੁੱਖੀ ਕਤਾਰਾਂ ਨਾਲੋਂ ਕਿਤੇ ਵਧੇਰੇ ਅਨੁਸ਼ਾਸਨ ਤੇ ਸ਼ਾਂਤੀ ਵਿੱਚ ਹੁੰਦੀਆਂ ਹਨ। ਮਨੁੱਖ ਕਤਾਰਾਂ ਵਿੱਚ ਹੱਥੋ-ਪਾਈ ਹੋ ਰਹੇ ਹਨ। ਦੂਜੇ ਦੀ ਥਾਂ ਖੋਹਣ ਦਾ ਯਤਨ ਹਰ ਰਹੇ ਹਨ। ਕੀੜੀਆਂ ਬਾ-ਜ਼ਬਤ ਜਾ ਰਹੀਆਂ ਹਨ ਜਿਵੇਂ ਕੋਈ ਫ਼ੌਜੀ ਪਲਟਨ ਮਾਰਚ ਕਰ ਰਹੀ ਹੋਵੇ।
ਮਨੁੱਖ ਕਈ ਵਾਰ ਪਸ਼ੂਆਂ ਨਾਲ ਜ਼ਾਲਮਾਨਾ ਵਰਤਾਓ ਕਰਦਾ ਹੈ। ਗਰਮੀ ਵਿੱਚ ਸਿਖਰ ਦੁਪਹਿਰੇ ਸਾਮਾਨ ਨਾਲ ਲੱਦੇ ਰੇਹੜੇ ਅੱਗੇ ਜੁੱਪੇ ਬਲਦ ਜਾਂ ਘੋੜੇ ਨੂੰ ਛਾਂਟੇ ਮਾਰ-ਮਾਰ ਹੋਰ ਤੇਜ਼ ਦੌੜਨ ਲਈ ਮਜਬੂਰ ਕੀਤਾ ਜਾਂਦਾ ਹੈ। ਮਾਸੂਮ ਪੰਛੀਆਂ ਨੂੰ ਫੁੰਡਿਆ ਜਾਂਦਾ ਹੈ। ਤੋਤੇ ਨੂੰ ਪਿੰਜਰੇ ਵਿੱਚ ਬੰਦ ਰੱਖ ਕੇ ਉਸ ਪਾਸੋਂ ਗੀਤ ਗਵਾਏ ਜਾਂਦੇ ਹਨ। ਕੁੱਕੜਾਂ ਦੇ ਮੁਕਾਬਲੇ ਕਰਵਾ ਕੇ ਕੁੱਕੜ ਲਹੂ-ਲੁਹਾਣ ਕੀਤੇ ਜਾਂਦੇ ਹਨ। ਪਸ਼ੂਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ। ਬੇਜ਼ਬਾਨ ਪਸ਼ੂ ਕੋਈ ਰੋਸ ਵੀ ਤਾਂ ਨਹੀਂ ਕਰ ਸਕਦੇ।
ਪਸ਼ੂਆਂ ਵਾਂਗ ਪੰਛੀ ਵੀ ਮਨੁੱਖ ਦੀ ਸੇਵਾ ਲਈ ਸਦਾ ਹਾਜ਼ਰ ਰਹਿੰਦੇ ਹਨ। ਜਦੋਂ ਹਾਲੇ ਡਾਕ-ਤਾਰ ਦਾ ਪ੍ਰਬੰਧ ਨਹੀਂ ਸੀ ਹੁੰਦਾ, ਕਬੂਤਰ ਚਿੱਠੀਆਂ ਲਿਆਉਣ ਤੇ ਲਿਜਾਣ ਦਾ ਕੰਮ ਕਰਿਆ ਕਰਦੇ ਸਨ। ਅੱਜ ਵੀ ਜਦੋਂ ਬਨੇਰੇ ਉੱਤੇ ਕਾਂ ਬੋਲਦਾ ਹੈ ਤਾਂ ਅਸੀਂ ਕਿਸੇ ਦੇ ਆਉਣ ਦੀ ਆਸ ਲਾ ਲੈਂਦੇ ਹਾਂ। ਘੁੱਗੀ ਨੂੰ ਸੰਸਾਰ ਭਰ ਵਿੱਚ ਅਮਨ ਦਾ ਚਿੰਨ੍ਹ ਮੰਨਿਆ ਗਿਆ ਹੈ। ਸੰਸਾਰ ਦਾ ਸਾਹਿਤ ਮੋਰ ਦੀ ਸੁੰਦਰਤਾ ਨਾਲ ਭਰਿਆ ਪਿਆ ਹੈ। ਮਨਮੋਹਣੇ ਪੰਛੀਆਂ ਦੇ ਗੀਤ ਬੜੇ ਪਿਆਰੇ ਹਨ। ਕੋਇਲ ਆਪਣੀ ਆਵਾਜ਼ ਕਰਕੇ ਸਭ ਨੂੰ ਭਾਉਂਦੀ ਹੈ।
ਨਵੇਂ ਪੁਰਾਣੇ ਰੁੱਖ ਹੋਣ। ਰੁੱਖਾਂ ਦੀਆਂ ਖੁੰਢਾਂ ਵਿੱਚ ਪੰਛੀ ਘਰ ਬਣਾਉਣ। ਚਿੜੀਆਂ, ਤੋਤੇ, ਗੁਟਾਰਾਂ ਆਉਣ। ਇਨ੍ਹਾਂ ਘਰਾਂ ਵਿੱਚ ਚਹਿਚਹਾਉਣ, ਗਾਉਣ। ਰੁੱਖਾਂ ਦੀਆਂ ਹੋਣ ਝਿੜੀਆਂ, ਆਲ੍ਹਣਾ ਬਣਾਉਣ ਚਿੜੀਆਂ। ਛੰਭ, ਛੱਪੜ, ਸਰੋਵਰ ਹੋਣ, ਮੱਛੀਆਂ, ਬਗਲੇ, ਬੱਤਖ਼ਾਂ,  ਮੁਰਗਾਬੀਆਂ ਨਹਾਉਣ। ਚਰਾਂਦਾਂ ਹੋਣ ਮੱਝਾਂ, ਗਾਵਾਂ ਚਾਰਾ ਚੁਗਣ। ਦੁੱਧ ਦੇ ਗੜਵੇ ਭਰਨ। ਤੜਕੇ ਮਧਾਣੀ ਗਾਵੇ। ਚੰਨ ਵਰਗਾ ਮੱਖਣ ਆਵੇ। ਜੋ ਖਾਵੇ ਜਸ ਬਨਸਪਤੀ ਦਾ ਗਾਵੇ।
ਆਉ ਰੰਗਾਂ ਦਾ ਲਾਈਏ ਇੱਕ ਮੇਲਾ। ਜਿਥੇ ਗੋਕਾ, ਮਾਝਾ, ਝੱਗਦਾਰ ਦੁੱਧ ਹੋਵੇ-ਡੰਗਰਾਂ ਦੀ ਜੁਗਾਲੀ ਹੋਵੇ। ਬਾਰਾਂ ਸਿੰਗਿਆਂ ਦੀਆਂ ਚੁੰਗੀਆਂ ਹੋਣ-ਬੋਲੇ ਤੇ ਲਾਖੇ ਦੇ ਗਲ ਪੰਜਾਲੀ ਹੋਵੇ। ਚਿੜੀਆਂ, ਗੁਟਾਰਾਂ, ਲਾਲੀਆਂ ਦੀ ਕਿੱਕਲੀ ਹੋਣ। ਅਸਮਾਨੀ ਬੱਦਲਾਂ ਵਿੱਚ ਸਤਰੰਗੀ ਬਿਜਲੀ ਹੋਵੇ। ਬਿਰਖਾਂ ਦੀਆਂ ਹੋਣ ਮਾਂ ਵਰਗੀਆਂ ਛਾਵਾਂ, ਮਾਵਾਂ ਦੀ ਫੁਲਕਾਰੀ ਵਿੱਚ ਦੁਖੀਆਂ ਲਈ ਹੋਣ ਪਨਾਹਾਂ। ਆਉ,  ਖ਼ੈਰ ਮਨਾਈਏ ਪੰਛੀਆਂ, ਪਸ਼ੂਆਂ, ਰੁੱਖਾਂ ਅਤੇ ਮਨੁੱਖਾਂ ਦੀ। ਮਨੁੱਖਾਂ ਦਾ ਗੁੱਸਾ ਘਟੇ, ਧਰਤੀ ਦੀ ਤਪਸ਼ ਘੱਟ ਹੋਵੇ, ਕੁਦਰਤ ਮਿਹਰਬਾਨ ਹੋਵੇ। ਸ਼ੁੱਧ ਪਾਣੀ ਹੋਵੇ, ਘਣੇ ਜੰਗਲ ਹੋਣ।
ਜਲਿ ਥਲਿ ਮਹੀਅਲਿ ਪੁਰਿਆ
ਰਵਿਆ ਵਿਚਿ ਵਣਾ,
ਸੋ ਪ੍ਰਭੁ ਚਿਤਿ ਨਾ ਆਵਈ
ਕਿਤਨਾ ਦੁਖ ਗਣਾ। (ਮਹਲਾ 5, ਅੰਗ 133)

ਪ੍ਰੋ. ਹਮਦਰਦਵੀਰ ਨੌਸ਼ਹਿਰਵੀ
* ਸੰਪਰਕ: 94368-08697



Post Comment


ਗੁਰਸ਼ਾਮ ਸਿੰਘ ਚੀਮਾਂ