ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, February 18, 2013

ਅਣਖੀ ਯੋਧਿਆਂ ਦੀ ਸ਼ਹੀਦੀ ਦੀ ਦਾਸਤਾਨ ਸਾਕਾ ਨਨਕਾਣਾ ਸਾਹਿਬ


21 ਫਰਵਰੀ ਲਈ ਵਿਸ਼ੇਸ਼
ਅੰਗਰੇਜ਼ੀ ਰਾਜ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰੈਣ ਦਾਸ ਕੋਲ ਸੀ, ਜਿਸ ਨੇ ਗੁਰਦੁਆਰਾ ਸਾਹਿਬ ਵਿਚ ਬਦਮਾਸ਼ ਪਾਲੇ ਹੋਏ ਸਨ ਅਤੇ ਗੁਰਦੁਆਰਾ ਸਾਹਿਬ ਨੂੰ ਇਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ | ਪਿੰਡ ਧਾਰੋਵਾਲੀ ਦੇ ਭਾਈ ਲਛਮਣ ਸਿੰਘ, ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਬੂਟਾ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ ਮਹੰਤ ਤੋਂ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਇਕੱਠ ਕਰਨ ਦਾ ਮਨ ਬਣਾਇਆ | ਇਸ ਤਹਿਤ ਪਿੰਡ-ਪਿੰਡ ਜਾ ਕੇ ਸਿੱਖਾਂ ਨੂੰ ਲਾਮਬੰਦ ਕਰਨ ਦਾ ਨਿਰਣਾ ਕੀਤਾ ਗਿਆ | ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਤੋਂ ਮੁਕਤ ਕਰਵਾਉਣ ਲਈ ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ, ਭਾਈ ਬੂਟਾ ਸਿੰਘ ਨੇ 20 ਫਰਵਰੀ ਦਾ ਦਿਨ ਨਿਸਚਿਤ ਕਰ ਲਿਆ | ਉਧਰ ਮਹੰਤ ਨਰੈੈਣ ਦਾਸ ਨੂੰ ਵੀ ਪਤਾ ਲੱਗ ਗਿਆ, ਜਿਸ ਨੇ ਅੰਗਰੇਜ਼ ਹਕੂਮਤ ਦੀ ਸ਼ਹਿ 'ਤੇ ਭਾਰੀ ਗੋਲਾ ਬਾਰੂਦ, ਕ੍ਰਿਪਾਨਾਂ, ਲਾਠੀਆਂ, ਮਿੱਟੀ ਦਾ ਤੇਲ ਇਕੱਠਾ ਕਰ ਲਿਆ ਅਤੇ ਵੱਡੀ ਤਦਾਦ ਵਿਚ ਹੋਰ ਗੁੰਡੇ ਮੰਗਵਾ ਲਏ | ਸਮੇਂ ਦੀ ਨਜ਼ਾਕਤ ਦੇਖਦਿਆਂ ਸਿੱਖ ਜਥੇਬੰਦੀਆਂ ਨੇ ਇਹ ਸੋਚ ਕੇ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਜਥੇ ਜਾਣ ਦਾ ਪ੍ਰੋਗਰਾਮ ਕੁਝ ਦਿਨਾਂ ਲਈ ਅੱਗੇ ਪਾ ਦਿੱਤਾ ਪਰ ਭਾਈ ਲਛਮਣ ਸਿੰਘ ਆਪਣੇ ਭਤੀਜੇ ਭਾਈ ਈਸ਼ਰ ਸਿੰਘ ਨਾਲ ਪਿੰਡ-ਪਿੰਡ ਜਾ ਕੇ ਸਿੱਖਾਂ ਨੂੰ ਸ਼ਹੀਦੀ ਪ੍ਰਵਾਨੇ ਵੰਡ ਰਹੇ ਸਨ | ਮਿਥੇ ਹੋਏ ਦਿਨ ਅਤੇ ਸਮੇਂ ਅਨੁਸਾਰ ਭਾਈ ਲਛਮਣ ਸਿੰਘ ਨੇ ਜਥੇ ਨੂੰ ਧਾਰੋਵਾਲੀ ਤੋਂ ਚੱਲਣ ਵੇਲੇ ਅਰਦਾਸ ਕਰਕੇ ਹੁਕਮਨਾਮਾ ਲਿਆ |
ਇਹ ਜਥਾ ਗੁਰਬਾਣੀ ਪੜ੍ਹਦਾ 21 ਫਰਵਰੀ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਜਦੋਂ ਦਾਖਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ
ਕਰ ਦਿੱਤੇ ਅਤੇ ਜਥੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠੇ ਸਿੰਘ ਅਤੇ ਗੁਰੂ ਸਾਹਿਬ ਦੀ ਬੀੜ ਨੂੰ ਵੀ ਗੋਲੀਆਂ ਲੱਗੀਆਂ | ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ | ਆਪਣੇ ਕਾਰਖਾਨੇ ਵਿਚ ਬੈਠੇ ਭਾਈ ਉੱਤਮ ਸਿੰਘ ਅਤੇ ਭਾਈ ਦਲੀਪ ਸਿੰਘ ਗੋਲੀਆਂ ਦੀ ਆਵਾਜ਼ ਸੁਣ ਕੇ ਭੱਜੇ ਆਏ ਅਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਭਖਦੀ ਭੱਠੀ ਵਿਚ ਸੁੱਟ ਦਿੱਤਾ | ਦੂਸਰੇ ਪਾਸੇ ਜਥਾ ਲੈ ਕੇ ਆ ਰਹੇ ਭਾਈ ਲਛਮਣ ਸਿੰਘ ਦੇ ਭਤੀਜੇ ਭਾਈ ਈਸ਼ਰ ਸਿੰਘ ਨੇ ਗੁਰਦੁਆਰਾ ਸਾਹਿਬ ਤੋਂ ਮੀਲ ਕੁ ਪਿੱਛੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣ ਲਈ, ਜਿਸ 'ਤੇ ਜਥੇ ਵਿਚ ਹੋਈ ਹਿੱਲ-ਜੁਲ ਦੇਖਦਿਆਂ ਭਾਈ ਈਸ਼ਰ ਸਿੰਘ ਅਤੇ ਭਾਈ ਨਰੈਣ ਸਿੰਘ ਨੇ ਸੋਟੀ ਨਾਲ ਲਕੀਰ ਮਾਰ ਕੇ ਕਿਹਾ ਕਿ 'ਖਾਲਸਾ ਜੀ, ਜਿਨ੍ਹਾਂ ਗੁਰੂ ਨੂੰ ਸੀਸ ਭੇਟ ਕਰਨੇ ਹਨ, ਉਹ ਲਕੀਰ ਟੱਪ ਕੇ ਆ ਜਾਵੋ' | ਫਿਰ ਵੱਡੀ ਗਿਣਤੀ ਵਿਚ ਆਏ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਵੱਲ ਦੌੜ ਲਗਾ ਲਈ ਅਤੇ ਪਵਿੱਤਰ ਧਰਮ ਅਸਥਾਨ ਵਿਚੋਂ ਅਧਰਮ ਨੂੰ ਕੱਢਣ ਹਿਤ ਖਿੜੇ-ਮੱਥੇ ਧਰਮੀ ਗੁਰੂ ਦਾ ਅੱਖਾਂ ਸਾਹਮਣੇ ਧਿਆਨ ਧਰਦਿਆਂ ਹੋਇਆਂ ਇਨ੍ਹਾਂ ਸਿੰਘਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ, ਸ਼ਹਾਦਤ ਦੀ ਮੰਜ਼ਿਲ ਉਤੇ ਦਿ੍ੜ੍ਹਤਾ ਨਾਲ ਰੱਖਿਆ ਗਿਆ ਇਕ ਕਦਮ ਵੀ ਪਿੱਛੇ ਨਾ ਹਟਾਇਆ | ਭਾਈ ਈਸ਼ਰ ਸਿੰਘ ਦੇ ਪੁੱਤਰਾਂ ਨੇ ਵੀ ਪੰਥ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਕਈ ਜੇਲ੍ਹਾਂ ਕੱਟੀਆਂ |
ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸ਼ਹੀਦ ਭਾਈ ਈਸ਼ਰ ਸਿੰਘ ਧਾਰੋਵਾਲੀ 
ਭਾਈ ਗੁਲਾਬ ਸਿੰਘ ਦੇ 6 ਪੁੱਤਰ ਭਾਈ ਨਰੰਗ ਸਿੰਘ, ਭਾਈ ਮੇਹਰ ਸਿੰਘ, ਭਾਈ ਚੇਤ ਸਿੰਘ, ਭਾਈ ਮੰਗਲ ਸਿੰਘ, ਭਾਈ ਬਹਾਦਰ ਸਿੰਘ ਅਤੇ ਭਾਈ ਸ਼ੇਰ ਸਿੰਘ ਸਨ | ਇਨ੍ਹਾਂ ਵਿਚੋਂ ਭਾਈ ਮੇਹਰ ਸਿੰਘ ਦੇ 4 ਪੁੱਤਰ ਹੋਏ, ਜਿਨ੍ਹਾਂ ਵਿਚੋਂ ਇਕ ਪੁੱਤਰ ਭਾਈ ਲਛਮਣ ਸਿੰਘ (ਸ਼ਹੀਦ) ਸਨ, ਜਿਨ੍ਹਾਂ ਦਾ ਜਨਮ 16 ਭਾਦੋਂ 1885 ਈ: ਨੂੰ ਹੋਇਆ ਅਤੇ ਸ਼ਾਦੀ 7 ਹਾੜ੍ਹ 1901 ਈ: ਨੂੰ ਬੰਡਾਲਾ ਚੱਕ 64 ਦੇ ਬੁੱਧ ਸਿੰਘ ਦੀ ਪੁੱਤਰੀ ਬੀਬੀ ਇੰਦਰ ਕੌਰ ਨਾਲ ਹੋਈ | ਆਪ ਦੇ ਘਰ ਪ੍ਰਮਾਤਮਾ ਨੇ ਭੁਝੰਗੀ ਹਰਬੰਸ ਸਿੰਘ ਦੀ ਦਾਤ ਬਖਸ਼ੀ, ਜੋ 8 ਮਹੀਨੇ ਦਾ ਹੋ ਕੇ ਗੁਜ਼ਰ ਗਿਆ ਅਤੇ ਮੁੜ ਸੰਤਾਨ ਨਾ ਹੋਈ | ਆਜ਼ਾਦੀ ਉਪਰੰਤ ਬੀਬੀ ਇੰਦਰ ਕੌਰ ਅਤੇ ਸ਼ਹੀਦ ਭਾਈ ਲਛਮਣ ਸਿੰਘ ਦੇ ਭਰਾ ਊਧਮ ਸਿੰਘ, ਹਾਕਮ ਸਿੰਘ ਅਤੇ ਮੂਲਾ ਸਿੰਘ ਪਿੰਡ ਗੋਧਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਚ ਆ ਗਏ | ਭਾਈ ਗੁਲਾਬ ਸਿੰਘ ਦੇ ਵੱਡੇ ਪੁੱਤਰ ਨਰੰਗ ਸਿੰਘ ਦੇ ਦੋ ਪੁੱਤਰ ਗੁਰਦਿੱਤ ਸਿੰਘ (ਸਾਧ) ਅਤੇ ਹਰਦਿੱਤ ਸਿੰਘ ਹੋਏ, ਹਰਦਿੱਤ ਸਿੰਘ ਦੇ ਤਿੰਨ ਪੁੱਤਰਾਂ ਠਾਕੁਰ ਸਿੰਘ, ਕਰਮ ਸਿੰਘ ਤੇ ਤੀਸਰੇ ਭਾਈ ਈਸ਼ਰ ਸਿੰਘ ਸ਼ਹੀਦ ਸਨ | ਆਪ ਦਾ ਜਨਮ 1870 ਈ: ਵਿਚ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ, ਦਾਦਾ ਨਰੰਗ ਸਿੰਘ ਸੰਤ ਹੋ ਗਏ ਸਨ ਅਤੇ ਪਿਤਾ ਹਰਦਿੱਤ ਸਿੰਘ ਫੌਜ ਵਿਚ ਸਨ | 15 ਫੱਗਣ 1885 ਈ: ਵਿਚ ਆਪ ਦੀ ਸ਼ਾਦੀ ਮੁਹੱਦੀਪੁਰ (ਜਲੰਧਰ) ਦੇ ਭਾਈ ਹਰਨਾਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਈ, ਜਿਸ ਉਪਰੰਤ 2 ਲੜਕੀਆਂ ਬੀਬੀ ਕਰਤਾਰ ਕੌਰ, ਬੀਬੀ ਪਾਰੋ ਅਤੇ ਚਾਰ ਪੁੱਤਰ ਭਾਈ ਮੇਜਾ ਸਿੰਘ, ਭਾਈ ਅਮਰੀਕ ਸਿੰਘ, ਭਾਈ ਚੰਨਣ ਸਿੰਘ ਅਤੇ ਭਾਈ ਸੁਹਾਵਾ ਸਿੰਘ ਚਾਰ ਪੁੱਤਰ ਹੋਏ | ਇਹ ਪਰਿਵਾਰ ਪਿੰਡ ਬੂਲੇਵਾਲ-ਗੋਧਰਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਰਹਿ ਰਿਹਾ ਹੈ | 21 ਫਰਵਰੀ ਨੂੰ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਹੈ | -

ਤੇਜ ਪ੍ਰਤਾਪ ਸਿੰਘ ਕਾਹਲੋਂ
ਮੋਬਾ: 94172-76185.



Post Comment


ਗੁਰਸ਼ਾਮ ਸਿੰਘ ਚੀਮਾਂ