ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, February 15, 2013

ਕਿਸਾਨਾਂ ਲਈ ਫਰਵਰੀ ਦਾ ਦੂਜਾ ਪੰਦਰਵਾੜਾ


ਫਰਵਰੀ ਦੇ ਦੂਜੇ ਪੰਦਰਵਾੜੇ ਟਮਾਟਰਾਂ ਦੀ ਪਨੀਰੀ ਪੁੱਟ ਕੇ ਲਾਉਣ ਲਈ ਢੁਕਵਾਂ ਮੌਸਮ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਰੱਤਾ, ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2, ਪੰਜਾਬ ਉਪਮਾ ਅਤੇ ਪੰਜਾਬ ਐਨ.ਆਰ.-7 ਤੇ ਪੰਜਾਬ ਛੁਆਰਾ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇੱਕ ਦੋਗਲੀ ਕਿਸਮ ਟੀ.ਐਚ.-1 ਦੀ ਜੇ ਪਨੀਰੀ ਹੈ ਤਾਂ ਇਹ ਵੀ ਬੀਜੀ ਜਾ ਸਕਦੀ ਹੈ। ਇੱਕ ਏਕੜ ਵਿੱਚੋਂ 200 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। 
ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਪ੍ਰਤੀ ਏਕੜ ਪਾਵੋ। ਬੂਟੇ ਲਾਉਣ ਤੋਂ ਤੁਰੰਤ ਪਿੱਛੋਂ ਪਾਣੀ ਦੇਵੋ। ਮਿਰਚਾਂ ਦੀ ਜੇ ਪਨੀਰੀ ਤਿਆਰ ਹੈ ਤਾਂ ਉਸ ਦੇ ਬੂਟੇ ਵੀ ਹੁਣ ਖੇਤ ਵਿੱਚ ਲਾ ਦੇਣੇ ਚਾਹੀਦੇ ਹਨ। ਪੰਜਾਬ ਸੁਰਖ ਤੇ ਪੰਜਾਬ ਗੁੱਛੇਦਾਰ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ 60 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਸੀ.ਐਚ.-1 ਅਤੇ ਸੀ.ਐਚ.-3 ਦੋਗਲੀਆਂ ਕਿਸਮਾਂ ਹਨ। ਇਨ੍ਹਾਂ ਦਾ 100 ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ ਬਾਕੀ ਸਬਜ਼ੀਆਂ ਵਾਗ 10 ਟਨ ਰੂੜੀ   ਪਾਵੋ। ਬਿਜਾਈ ਸਮੇਂ 25 ਕਿਲੋ ਯੂਰੀਆ, 75 ਕਿਲੋ ਸੁਪਰਫ਼ਾਸਫ਼ੇਟ ਤੇ 20 ਕਿਲੋ ਮੂਰੀਏਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਵੋ। ਪਹਿਲੀ ਤੁੜਾਈ ਪਿੱਛੋਂ 25 ਕਿਲੋ ਯੂਰੀਆ ਹੋਰ ਪਾ ਦੇਵੋ। ਜੇ ਹੋ ਸਕੇ ਤਾਂ ਬੂਟੇ ਵੱਟਾਂ ਉੱਤੇ ਲਾਵੋ। ਵੱਟਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਜੇ ਸ਼ਿਮਲਾ ਮਿਰਚ ਦੀ
ਪਨੀਰੀ ਹੈ ਤਾਂ ਉਸ ਨੂੰ ਦੂਜੀਆਂ ਮਿਰਚਾਂ ਵਾਂਗ ਹੀ ਖੇਤ ਵਿੱਚ ਲਾ ਦੇਵੋ। ਖਾਦਾਂ ਤੇ ਖੇਤ ਤਿਆਰੀ ਵੀ ਮਿਰਚਾਂ ਵਾਂਗ ਹੀ ਕਰੋ। ਬੂਟੇ ਲਾਉਣ ਤੋਂ ਤੁਰੰਤ ਪਿੱਛੋਂ ਪਾਣੀ ਦੇਵੋ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ।
ਭਿੰਡੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਇਸ ਦੀ ਬਿਜਾਈ ਵੀ ਦੂਜੇ ਪੰਦਰਵਾੜੇ ਸ਼ੁਰੂ ਹੋ ਜਾਂਦੀ ਹੈ। ਪੰਜਾਬ-8, ਪੰਜਾਬ-7 ਤੇ ਪੰਜਾਬ ਪਦਮਨੀ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇੱਕ ਏਕੜ ਵਿੱਚ ਅਗੇਤੀ ਬਿਜਾਈ ਲਈ 10 ਕਿਲੋ ਬੀਜ ਪਾਵੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਰੱਖੋ। ਨਦੀਨਾਂ ਦੀ ਰੋਕਥਾਮ ਲਈ ਤਿੰਨ ਜਾਂ ਚਾਰ ਗੋਡੀਆਂ ਕਰੋ। ਬਿਜਾਈ ਤੋਂ ਪੰਜ ਦਿਨਾਂ ਪਿੱਛੋਂ ਪਹਿਲਾ ਪਾਣੀ ਦੇਵੋ। ਖੇਤ ਤਿਆਰ ਕਰਦੇ ਸਮੇਂ 15 ਟਨ ਰੂੜੀ ਪਾਵੋ। ਬਿਜਾਈ ਸਮੇਂ 40 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਪਹਿਲੀ ਤੁੜਾਈ ਪਿੱਛੋਂ 40 ਕਿਲੋ ਯੂਰੀਆ ਹੋਰ ਪਾ ਦੇਵੋ। ਇੱਕ ਏਕੜ ਵਿੱਚੋਂ 50 ਕੁਇੰਟਲ ਭਿੰਡੀ ਪ੍ਰਾਪਤ ਹੋ ਜਾਂਦੀ ਹੈ। ਰਵਾਂਹ ਇੱਕ ਹੋਰ ਗਰਮੀਆਂ ਦੀ ਸਬਜ਼ੀ ਹੈ। ਇਸ ਦੀਆਂ ਫਲੀਆਂ ਸਬਜ਼ੀ ਲਈ ਵਰਤੀਆਂ ਜਾਂਦੀਆਂ ਹਨ। ਰਵਾਂਹ 263 ਕਿਸਮ ਦੀ ਬਿਜਾਈ ਕਰੋ। ਇੱਕ ਏਕੜ ਵਿੱਚ 10 ਕਿਲੋ ਬੀਜ ਪਾਵੋ। ਇਸ ਦੀ ਬਿਜਾਈ ਭਿੰਡੀ ਵਾਂਗ ਹੀ ਕਰੋ।
ਪਾਲਕ ਇੱਕ ਮਹੱਤਵਪੂਰਨ ਸਬਜ਼ੀ ਹੈ। ਇਹ ਬਾਜ਼ਾਰ ਵਿੱਚ ਸਾਰਾ ਸਾਲ ਹੀ ਮਿਲਦੀ ਹੈ। ਪੰਜਾਬ ਦੇ ਹਰੇਕ ਘਰ ਵਿੱਚ ਸਰ੍ਹੋਂ ਦਾ ਸਾਗ ਬਣਦਾ ਹੈ, ਜੇ ਉਸ ਵਿਚ ਪਾਲਕ ਰਲਾ ਦਿੱਤੀ ਜਾਵੇ ਤਾਂ ਇਹ ਹੋਰ ਵੀ ਵਧੀਆ ਬਣ ਜਾਂਦਾ ਹੈ। ਪਾਲਕ ਪਨੀਰ ਤੇ ਪਾਲਕ ਦੇ ਪਕੌੜੇ ਸਾਰਿਆਂ ਨੂੰ ਪਸੰਦ ਹਨ। ਇਸ ਕਰਕੇ ਘਰ ਬਗੀਚੀ ਦੇ ਕੁਝ ਰਕਬੇ ਵਿੱਚ ਪਾਲਕ ਦੀ ਬਿਜਾਈ ਜ਼ਰੂਰ ਕਰੋ। ਇੱਕ ਵਾਰ ਦੀ ਬਿਜਾਈ ਕਈ ਕਟਾਈਆਂ ਦੇ ਜਾਂਦੀ ਹੈ। ਪਾਲਕ ਦੀ ਨਵੀਂ ਫ਼ਸਲ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਗ੍ਰੀਨ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਬਿਜਾਈ ਤੋਂ ਇੱਕ ਮਹੀਨੇ ਪਿੱਛੋਂ ਪਹਿਲੀ ਕਟਾਈ ਕੀਤੀ ਜਾ ਸਕਦੀ ਹੈ। ਇੱਕ ਏਕੜ ਵਿੱਚੋਂ 125 ਕੁਇੰਟਲ ਤਕ ਪਾਲਕ ਪ੍ਰਾਪਤ ਹੋ ਜਾਂਦੀ ਹੈ। ਹੁਣ ਇੱਕ ਏਕੜ ਵਿੱਚ 10 ਕਿਲੋ ਬੀਜ ਦੀ ਵਰਤੋਂ ਕਰੋ। ਬੀਜ ਨੂੰ 20 ਸੈਂਟੀਮੀਟਰ ਦੇ ਫ਼ਾਸਲੇ ਉੱਤੇ ਲਾਈਨਾਂ ਲਾ ਕੇ ਬਿਜਾਈ ਕਰੋ। ਖੇਤ ਤਿਆਰ ਕਰਦੇ ਸਮੇਂ ਘੱਟੋ-ਘੱਟ 10 ਟਨ ਰੂੜੀ ਦੀ ਖਾਦ ਪਾਵੋ। ਇਸ ਦੇ ਨਾਲ ਹੀ ਬਿਜਾਈ ਸਮੇਂ 35 ਕਿਲੋ ਯੂਰੀਆ, 75 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਵੋ। ਪਹਿਲੀ ਕਟਾਈ ਪਿੱਛੋਂ 20 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਵੋ। ਜੇ ਲੋੜ ਹੋਵੇ ਤਾਂ ਦੂਜੀ ਕਟਾਈ ਪਿੱਛੋਂ ਇੰਨਾ ਹੀ ਯੂਰੀਆ ਹੋਰ ਪਾਵੋ। ਬਿਜਾਈ ਤੋਂ ਤੁਰੰਤ ਪਿੱਛੋਂ ਪਹਿਲਾ ਪਾਣੀ ਦੇਵੋ। ਪਾਲਕ ਵਾਂਗ ਹੀ ਮੂਲੀ ਦੀ ਕਾਸ਼ਤ ਵੀ ਸਾਰਾ ਸਾਲ ਕੀਤੀ ਜਾ ਸਕਦੀ ਹੈ। ਜੇ ਹੁਣ ਮੂਲੀ ਦੀ ਬਿਜਾਈ ਕਰਨੀ ਹੈ ਤਾਂ ਪੂਸਾ ਹਿਮਾਨੀ ਕਿਸਮ ਬੀਜੋ।
ਸ਼ਿਮਲਾ ਮਿਰਚ ਦੀ ਪਨੀਰੀ ਪੁੱਟ  ਲਾਉਣ ਦਾ ਵੀ ਹੁਣ ਢੁਕਵਾਂ ਸਮਾਂ ਹੈ। ਇਹ ਵੱਟਾਂ ੳੱੁਤੇ ਲਾਉਣੇ ਚਾਹੀਦੇ ਹਨ। ਵੱਟਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖੋ। ਬੂਟੇ ਲਾਉਣ ਪਿੱਛੋਂ ਤੁਰੰਤ ਪਾਣੀ ਦੇਵੋ। ਇਸ ਲਈ ਖਾਦਾਂ ਦੀ ਵੱਧ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ 20 ਟਨ ਦੇਸੀ ਰੂੜੀ ਪਾਵੋ। ਪਨੀਰੀ ਲਾਉਣ ਸਮੇਂ 175 ਕਿਲੋ ਸੁਪਰਫਾਸਫ਼ੇਟ, 20 ਕਿਲੋ ਮੁਰੀਏਟ ਆਫ ਪੋਟਾਸ਼ ਅਤੇ 40 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਇੱਕ ਮਹੀਨੇ ਪਿੱਛੋਂ ਮੁੜ 40 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਜੇ ਲੋੜ ਹੋਵੇ ਤਾਂ ਦੂਜੇ ਮਹੀਨੇ ਇੰਨਾ ਹੀ ਹੋਰ ਯੂਰੀਆ ਪਾਵੋ। ਪਹਿਲੀ ਤੁੜਾਈ ਤਿੰਨਾਂ ਮਹੀਨਿਆਂ ਪਿੱਛੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਮਿਰਚਾਂ ਦੀ ਪਨੀਰੀ ਪੁੱਟ ਕੇ ਵੀ ਹੁਣ ਖੇਤ ਵਿੱਚ ਲਾਈ ਜਾ ਸਕਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਸੁਰਖ਼ ਅਤੇ ਪੰਜਾਬ ਗੁੱਛੇਦਾਰ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਦੋ ਦੋਗਲੀਆਂ ਕਿਸਮਾਂ ਸੀ.ਐਚ.-3 ਅਤੇ ਸੀ.ਐਚ.-1 ਦੀ ਵੀ ਸਿਫਾਰਸ਼ ਕੀਤੀ ਗਈ ਹੈ। ਸਿਹਤਮੰਦ ਪਨੀਰੀ ਨੂੰ ਵੱਟਾਂ ਉੱਤੇ ਲਾਵੋ। ਵੱਟਾਂ ਵਿਚਕਾਰ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖੋ। ਪਹਿਲਾ ਪਾਣੀ ਪਨੀਰੀ ਲਾਉਣ ਤੋਂ ਤੁਰੰਤ ਪਿੱਛੋਂ ਦੇਵੋ। ਖੇਤ ਤਿਆਰ ਕਰਦੇ ਸਮੇਂ 10 ਟਨ ਰੂੜੀ ਪਾਵੋ। ਇਸ ਦੇ ਨਾਲ ਹੀ 75 ਕਿਲੋ ਸਿੰਗਲ ਸੁਪਰਫਾਸਫੇਟ, 20 ਕਿਲੋ ਮੂਰੀਏਟ ਆਫ ਪੋਟਾਸ਼ ਅਤੇ 25 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਇੰਨਾ ਹੀ ਯੂਰੀਆ ਪਹਿਲੀ ਤੁੜਾਈ ਪਿੱਛੋਂ ਪਾਵੋ। ਦੋਗਲੀਆਂ ਕਿਸਮਾਂ 100 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀਆਂ ਹਨ।
ਬੂਟੇ ਲਾਉਣਾ: ਪਿਛਲੀ ਵਾਰ ਵੀ ਲਿਖਿਆ ਸੀ ਕਿ ਹੁਣ ਨਵੇਂ ਫ਼ਲਦਾਰ ਬੂਟੇ ਅਤੇ ਦੂਜੇ ਰੁੱਖ ਲਾਉਣ ਦਾ ਇਹ ਢੁਕਵਾਂ ਮੌਸਮ ਹੈ। ਇਸ ਮੌਸਮ ਵਿੱਚ ਸਾਰੇ ਹੀ ਬੂਟੇ ਲਾਏ ਜਾ ਸਕਦੇ ਹਨ ਪਰ ਪੱਤਝੜੀ ਬੂਟੇ ਤਾਂ ਲਾਏ ਹੀ ਇਸ ਮੌਸਮ ਵਿੱਚ ਜਾਂਦੇ ਹਨ। ਜੇ ਪੱਤਝੜੀ ਬੂਟੇ ਨਹੀਂ ਲਾਏ ਤਾਂ ਹੋਰ ਦੇਰ ਨਾ ਕਰੋ। ਨਵੇਂ ਪੱਤੇ ਨਿਕਲਣ ਤੋਂ ਪਹਿਲਾਂ ਇਨ੍ਹਾਂ ਨੂੰ ਲਾਉਣਾ ਜ਼ਰੂਰੀ ਹੈ। ਪੰਜਾਬ ਵਿੱਚ ਕਿੰਨੂ, ਮਾਲਟਾ, ਅੰਬ, ਬੇਰ, ਅੰਗੂਰ, ਨਾਸ਼ਪਤੀ, ਆੜੂ, ਅਲੂਚਾ, ਅਮਰੂਦ, ਲੁਕਾਠ, ਪਪੀਤਾ, ਅਨਾਰ ਤੇ ਫਾਲਸਾ ਦੇ ਬੂਟੇ ਲਾਏ ਜਾ ਸਕਦੇ ਹਨ। ਪਹਾੜ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲੀਚੀ ਅਤੇ ਚੀਕੂ ਦੇ ਬੂਟੇ ਵੀ ਲਾਏ ਜਾ ਸਕਦੇ ਹਨ। ਘਰ ਵਿੱਚ ਦੋ-ਤਿੰਨ ਬੂਟੇ ਤਾਂ ਜ਼ਰੂਰ ਲਾ ਲੈਣੇ ਚਾਹੀਦੇ ਹਨ ਤਾਂ ਜੋ ਘਰ ਦੇ ਤਾਜ਼ੇ ਫ਼ਲ ਖਾਧੇ ਜਾ ਸਕਣ। ਬੂਟੇ ਹਮੇਸ਼ਾਂ ਸਿਫ਼ਾਰਸ਼ ਕੀਤੀ ਕਿਸਮ ਦੇ ਰੋਗ ਰਹਿਤ ਅਤੇ ਸਹੀ ਉਮਰ ਦੇ ਲਾਉਣੇ ਚਾਹੀਦੇ ਹਨ। ਇਸ ਕਰਕੇ ਇਨ੍ਹਾਂ ਨੂੰ ਕਿਸੇ ਮਨਜ਼ੂਰ ਨਰਸਰੀ ਵਿੱਚੋਂ ਹੀ ਖਰੀਦਿਆ ਜਾਵੇ। ਨਵੇਂ ਲਾਏ ਬੂਟਿਆਂ ਦੀ ਦੇਖਭਾਲ ਕਰੋ। ਪੱਤਝੜੀ ਬੂਟਿਆਂ ਵਿਸ਼ੇਸ਼ ਕਰਕੇ ਅੰਗੂਰਾਂ ਦੀ ਨਵਾਂ ਫੁਟਾਰਾ ਫੁੱਟਣ ਤੋਂ ਪਹਿਲਾਂ ਕਾਂਟ-ਛਾਂਟ ਕਰਨੀ ਜ਼ਰੂਰੀ ਹੈ। ਛੋਟੇ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧੇ ਲਈ ਸਬਜ਼ੀਆਂ ਅਤੇ ਦੁਧਾਰੂ ਪਸ਼ੂਆਂ ਦੇ ਪਾਲਣ ਬਾਰੇ ਸੋਚਣਾ ਚਾਹੀਦਾ ਹੈ। ਇਨ੍ਹਾਂ  ਨਾਲ ਰੁਝੇਵਿਆਂ ਵਿੱਚ ਵਾਧਾ ਹੋਵੇਗਾ ਤੇ ਰੋਜ਼ਾਨਾ ਆਮਦਨ ਹੋਵੇਗੀ ਪਰ ਇਨ੍ਹਾਂ ਦੀ ਸਫ਼ਲਤਾ ਲਈ ਸ਼ੌਕ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਨੂੰ ਕਾਮਿਆਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ ਹੈ। ਆਪਣੇ ਫਾਰਮ ਦੀ ਇਸ ਢੰਗ ਨਾਲ ਵਿਉਂਤਬੰਦੀ ਕਰੋ ਤਾਂ ਜੋ ਮਿੱਸੀ ਖੇਤੀ ਕੀਤੀ ਜਾ ਸਕੇ। ਇਸ ਨਾਲ ਘਰ ਦੇ ਸਾਰੇ ਮੈਂਬਰਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਆਮਦਨ ਵਿੱਚ ਵਾਧਾ ਹੋਵੇਗਾ। ਹਰ ਵਰ੍ਹੇ ਕਣਕ ਜਾਂ ਝੋਨੇ ਦੀ ਥਾਂ ਕੁਝ ਰਕਬੇ ਵਿੱਚ ਫ਼ਲੀਦਾਰ ਫ਼ਸਲਾਂ ਜ਼ਰੂਰ ਬੀਜੋ ਤਾਂ ਜੋ ਧਰਤੀ ਦੀ ਸਿਹਤ ਦੀ ਸੰਭਾਲ ਕੀਤੀ ਜਾ ਸਕੇ।
ਪਹਿਲਾਂ ਵੀ ਕਈ ਵਾਰ ਲਿਖ ਚੁੱਕੇ ਹਾਂ ਕਿ ਮੱਕੀ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਬੇਮੌਸਮੀ ਫ਼ਸਲ ਤੋਂ ਵਧੇਰੇ ਮੁਨਾਫ਼ਾ ਪ੍ਰਾਪਤ ਹੋ ਸਕਦਾ ਹੈ। ਬਸੰਤ ਰੁੱਤ ਦੀ ਮੱਕੀ ਹੁਣ ਬੀਜੀ ਜਾ ਸਕਦੀ ਹੈ। ਹੁਣ ਪੀ.ਐਚ.ਐਮ.-1, ਪੀ.ਐਮ.ਐਚ.-2 ਅਤੇ ਜੇ.ਐਚ.3459 ਕਿਸਮਾਂ ਦੀ ਬਿਜਾਈ ਕਰੋ। ਇੱਕ ਏਕੜ ਵਿੱਚ ਦਸ ਕਿਲੋ ਬੀਜ ਵਰਤੋ। ਜੇ ਹੋ ਸਕੇ ਵੱਟਾਂ ਬਣਾ ਕੇ ਬਿਜਾਈ ਕਰੋ। ਵੱਟਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਰੱਖੋ। ਵੱਟਾਂ ਦਾ ਰੁਖ਼ ਪੂਰਬ-ਪੱਛਮ ਵੱਲ ਕਰੋ। ਖੇਤ ਤਿਆਰ ਕਰਦੇ ਸਮੇਂ 10 ਕੁ ਟਨ ਰੂੜੀ ਜ਼ਰੂਰ ਪਾਵੋ। ਸਮੇਂ ਸਿਰ ਗੋਡੀ ਕਰੋ ਅਤੇ ਗੋਡੀ ਕਰਦੇ ਸਮੇਂ ਬੂਟੇ ਵਿਰਲੇ ਕਰ ਦੇਵੋ। ਕਮਾਦ ਦੀ ਨਵੀਂ ਫ਼ਸਲ ਬੀਜਣ ਦਾ ਸਮਾਂ ਆ ਗਿਆ ਹੈ। ਖੇਤ ਦੀ ਤਿਆਰੀ ਕਰੋ। ਰੋਗ ਰਹਿਤ ਬੀਜ ਦਾ ਪ੍ਰਬੰਧ ਕਰੋ। ਪੰਜਾਬ ਵਿੱਚ ਕਾਸ਼ਤ ਅਗਲੇ ਮਹੀਨੇ ਦੇ ਅੰਦਰ ਪੂਰੀ ਕਰ ਲੈਣੀ ਚਾਹੀਦੀ ਹੈ।

ਡਾ. ਰਣਜੀਤ ਸਿੰਘ




Post Comment


ਗੁਰਸ਼ਾਮ ਸਿੰਘ ਚੀਮਾਂ