ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, February 27, 2013

ਨੌਜਵਾਨ ਪੀੜ੍ਹੀ ਨੂੰ ਦਿਸ਼ਾਹੀਣ ਕਰ ਰਹੀ ਹੈ ਲੱਚਰ ਗਾਇਕੀ


ਯਾਰ ਤੇਰਾ ਨਸ਼ੇ ਵਿਚ ਟੁੰਨ ਹੋ ਗਿਆ
ਫੜ੍ਹ ਕੇ ਗੱਡੀ 'ਚ ਬੈਠਾ ਲਾ ਗੋਰੀਏ।
-0-
ਬੈਠਾ ਕੋਕ 'ਚ ਮਿਲਾਕੇ ਮੁੰਡਾ ਪੀਵੇ ਵਿਸਕੀ
ਜਦੋਂ ਹੀ ਟੀ. ਵੀ. ਦਾ ਰਿਮੋਟ ਦਬਾਈਏ ਤਾਂ ਪੰਜਾਬੀ ਚੈਨਲਾਂ 'ਤੇ ਅਜਿਹੇ ਕਈ ਗੀਤ ਸਾਨੂੰ ਸੁਣਨ ਨੂੰ ਮਿਲਦੇ ਹਨ। ਪੰਜਾਬ ਦੇ ਅਲਬੇਲੇ ਗੱਭਰੂ ਇਨ੍ਹਾਂ ਗੀਤਾਂ ਦੀ ਬਦੌਲਤ ਨਸ਼ੇ ਦੇ ਦਰਿਆ ਵਿਚ ਡੁੱਬਦੇ ਜਾ ਰਹੇ ਹਨ। ਸਾਡੇ ਲਈ ਇਹ ਬੜੀ ਮਾੜੀ ਗੱਲ ਹੈ ਕਿ ਅੱਜ ਪੰਜਾਬ ਦੇ ਹਰੇਕ ਪਿੰਡ ਵਿਚ 5-7 ਗੱਭਰੂ ਨਸ਼ਈ ਜ਼ਰੂਰ ਮਿਲਣਗੇ। ਭੰਗ, ਪੋਸਤ, ਜਰਦਾ, ਬੀੜੀ ਤਾਂ ਬੀਤੇ ਦੀਆਂ ਗੱਲਾਂ ਹੋ ਗਈਆਂ, ਹੁਣ ਪੰਜਾਬੀ ਮੁੰਡੇ ਸ਼ਰਾਬ ਨੂੰ ਲੱਸੀ ਦੀ ਤਰ੍ਹਾਂ ਪੀ ਕੇ 'ਸਿਹਤ' ਬਣਾਉਣ ਲੱਗ ਗਏ ਨੇ। ਗੱਲ ਸ਼ਰਾਬ ਤੋਂ ਅੱਗੇ ਜਾ ਕੇ ਸਮੈਕ ਤੱਕ ਪਹੁੰਚ ਗਈ ਹੈ। ਪੰਜਾਬ ਦੇ, ਖਾਸ ਕਰਕੇ ਪਿੰਡਾਂ ਦੇ ਮੁੰਡਿਆਂ ਦੇ ਹੱਡਾਂ 'ਚ ਸਮੈਕ ਨੇ ਆਪਣਾ ਡੇਰਾ ਲਾ ਲਿਆ ਹੈ। ਅਸੀਂ ਕਿਧਰ ਨੂੰ ਜਾ ਰਹੇ ਹਾਂ? ਪੰਜਾਬ ਦੇ ਨੌਜਵਾਨ ਆਪਣੀ ਅਮੁੱਲ ਜਵਾਨੀ ਨੂੰ ਆਪਣੇ ਹੱਥੋਂ ਗਵਾ ਰਹੇ ਹਨ। ਪੰਜਾਬੀ ਗੀਤਕਾਰ ਤੇ ਗਾਇਕ ਨਸ਼ੇ ਨੂੰ ਮੀਡੀਏ ਰਾਹੀਂ ਪ੍ਰਚਾਰ ਕੇ ਆਪਣੇ ਹੀ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਸਾਡਾ ਦੁਖਾਂਤ ਇਹ ਹੈ ਕਿ ਹੁਣ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ। ਇਸ ਕੰਮ ਵਿਚ ਉਹ ਮਰਦ ਦੇ 'ਮੋਢੇ ਨਾਲ ਮੋਢਾ' ਜੋੜ ਰਹੀਆਂ ਦਿਖਾਈ ਦਿੰਦੀਆਂ ਹਨ।

ਏਨਾ ਵੀ ਡੋਪ-ਸ਼ੋਪ ਨਾ ਮਾਰਿਆ ਕਰੋ
ਕੁੜੀਆਂ ਦਾ ਨਸ਼ੇ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਦੀਆਂ ਜੜ੍ਹਾਂ ਹਿਲਾ ਦੇਵੇਗਾ। ਔਰਤ ਪਰਿਵਾਰ ਦੀ ਚੂਲ ਹੈ। ਮਾਂ ਅਤੇ ਪਤਨੀ ਦੇ ਰੂਪ ਵਿਚ ਉਹੀ ਜੀਵਨ ਨੂੰ ਸਹੀ ਦਿਸ਼ਾ-ਨਿਰਦੇਸ਼ ਦਿੰਦੀ ਹੈ। ਔਰਤ ਵੱਲੋਂ ਖੁੱਲ੍ਹੇਆਮ ਪਰਿਵਾਰਕ ਮਰਯਾਦਾ ਭੰਗ ਕਰਨੀ ਬੜੀ ਘਾਤਕ ਹੋਵੇਗੀ। ਮਾਂ ਆਪਣੇ ਪੁੱਤਰ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ ਤੇ ਪਤਨੀ ਆਪਣੇ ਪਤੀ ਨੂੰ। ਪਰ ਜੇ ਉਹ ਖੁਦ ਹੀ ਕੁਰਾਹੇ ਪੈ ਗਈ ਤਾਂ ਸਾਡਾ ਸਮਾਜਿਕ ਢਾਂਚਾ ਹੀ ਡਾਵਾਂ-ਡੋਲ ਹੋ ਜਾਵੇਗਾ। ਮੀਡੀਏ ਰਾਹੀਂ ਔਰਤ ਦਾ ਇਹ ਰੂਪ ਚਿਤਰਣਾ ਉਸ ਨੂੰ 'ਦੇਵੀ' ਤੋਂ 'ਦੈਂਤਣੀ' ਦੇ ਰੂਪ ਵਿਚ ਬਦਲਣ ਦਾ ਕੋਝ-ਭਰਪੂਰ ਕਦਮ ਹੈ। ਇਸ (ਨਸ਼ੇ ਪ੍ਰਤੀ) ਕੰਮ ਲਈ ਔਰਤ ਨੂੰ ਉਕਸਾਉਣ ਦਾ ਅਰਥ ਹੈ ਕਿ ਅਸੀਂ ਆਪਣੀਆਂ ਮਾਵਾਂ, ਧੀਆਂ, ਭੈਣਾਂ ਨੂੰ ਗ਼ਲਤ ਕਦਮ ਪੁੱਟਣ ਦੀ ਹੱਲਾਸ਼ੇਰੀ ਦਿੰਦੇ ਹਾਂ ਤੇ ਇਹ ਸਾਬਤ ਕਰਦੇ ਹਾਂ ਕਿ ਜੇਕਰ ਔਰਤ (ਰੱਬ ਤੋਂ ਬਾਅਦ) ਸਮਾਜ ਦੀ ਸਿਰਜਨਾ ਕਰ ਸਕਦੀ ਹੈ ਤਾਂ ਵਿਨਾਸ਼ ਵੀ ਕਰ ਸਕਦੀ ਹੈ। ਅਜਿਹੇ ਗੀਤ ਲਿਖਣ ਵਾਲੇ ਗੀਤਕਾਰ, ਕੀ ਸਮਾਜ ਵਿਚ ਔਰਤ ਦਾ ਬਿੰਬ ਵਿਗਾੜਨਾ ਚਾਹੁੰਦੇ ਹਨ? ਜਾਂ ਫਿਰ ਸਸਤੀ ਸ਼ੋਹਰਤ ਦੀ ਲੋਚਾ ਲਈ ਅਜਿਹਾ ਕਰਦੇ ਹਨ। ਜੇਕਰ ਅਸੀਂ ਉਪਰੋਕਤ ਸੋਚ ਦੇ ਧਾਰਨੀ ਹਾਂ ਤਾਂ ਸਾਡੇ ਆਪਣੇ ਹੱਥੀਂ ਹੀ ਸਾਡੇ ਵਿਰਸੇ ਦੀਆਂ ਵਿਲੱਖਣ ਕਦਰਾਂ-ਕੀਮਤਾਂ ਦਮ ਤੋੜ ਲੈਣਗੀਆਂ।
ਪੰਜਾਬੀ ਗਾਇਕੀ ਨੇ ਦੂਜਾ ਮਾਰੂ ਪ੍ਰਭਾਵ ਜਿਹੜਾ ਨੌਜਵਾਨ
ਪੀੜ੍ਹੀ 'ਤੇ ਪਾਇਆ ਹੈ, ਉਹ ਹੈ ਇਸ਼ਕ ਮਜਾਜ਼ੀ। ਨੌਜਵਾਨ ਮੁੰਡੇ-ਕੁੜੀਆਂ ਵਿਚ ਇਸ਼ਕ ਦਾ ਸੱਚਾ-ਸੁੱਚਾ ਤੇ ਉੱਚਾ ਸੰਕਲਪ ਕੋਈ ਮਾਇਨਾ ਨਹੀਂ ਰੱਖਦਾ ਸਗੋਂ ਇਹ ਇਸ਼ਕ ਵਕਤੀ ਹੈ, ਸਮਾਂ ਬਿਤਾਉਣ ਦਾ ਸਾਧਨ ਹੈ। ਪੂੰਜੀਵਾਦੀ ਨਿਜ਼ਾਮ ਵਿਚ ਇਸ਼ਕ ਪੈਸਾ ਪ੍ਰਧਾਨ ਹੋ ਕੇ ਰਹਿ ਗਿਆ ਹੈ।

ਮਿੱਤਰਾਂ ਨੂੰ ਤੂੰ ਲੁੱਟਦੀ
ਅਸੀਂ ਲੁੱਟਦੇ ਆਂ ਆਪਣਾ ਬਾਪੂ।
ਇਥੇ ਜਿਹੜਾ ਮਸਲਾ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਸਪੱਸ਼ਟ ਹੈ ਕਿ ਕੁੜੀਆਂ ਆਪਣੇ ਨਿੱਜੀ ਤੇ ਨਾਜਾਇਜ਼ ਸੁਆਰਥਾਂ ਦੀ ਪੂਰਤੀ ਲਈ ਜਾਣ-ਬੁੱਝ ਕੇ ਵਧਾਈ ਐਸ਼-ਇਸ਼ਰਤ ਨੂੰ ਆਪਣੇ ਬੁਆਏ ਫਰੈਂਡਸ ਦੀਆਂ ਜੇਬਾਂ ਤੋਂ ਪੂਰਾ ਕਰਦੀਆਂ ਹਨ। ਇਥੇ ਦੁਖਾਂਤ ਇਹ ਹੈ ਕਿ ਔਰਤ ਬਾਜ਼ਾਰੂ ਹੀ ਦਿਖਾਈ ਦਿੰਦੀ ਹੈ। ਔਰਤ ਦੇ ਆਚਰਣ 'ਤੇ ਇਥੇ ਪ੍ਰਸ਼ਨ-ਚਿੰਨ੍ਹ ਲਗਦਾ ਹੈ ਕਿ ਉਹ ਪੂੰਜੀ ਦੀ ਪ੍ਰਾਪਤੀ ਲਈ, ਆਪਣੀਆਂ ਨਾਜਾਇਜ਼ ਲੋੜਾਂ ਦੀ ਪੂਰਤੀ ਲਈ ਹਰ ਨਾਜਾਇਜ਼ ਹੱਥ-ਕੰਡਾ ਵਰਤ ਸਕਦੀ ਹੈ। ਕੀ ਸਾਡੀ ਮਾਨਸਿਕਤਾ ਔਰਤ ਦੇ ਇਸ ਬਿੰਬ ਨੂੰ ਪ੍ਰਵਾਨ ਕਰ ਸਕੇਗੀ? ਕਿਉਂਕਿ ਇਹ ਜਿਹੜੀ ਔਰਤ ਗੀਤਾਂ ਵਿਚ ਉਭਾਰੀ ਜਾ ਰਹੀ ਹੈ, ਇਹ ਸਾਡੀ ਭੈਣ ਹੈ, ਧੀ ਹੈ, ਘੱਟੋ-ਘੱਟ ਸਾਨੂੰ ਇਹ ਸੋਝੀ ਤਾਂ ਹੋਣੀ ਚਾਹੀਦੀ ਹੈ। ਅਸੀਂ ਆਪਣੀਆਂ ਹੀ ਭੈਣਾਂ ਤੇ ਧੀਆਂ ਲਈ, ਕਿੰਨੀ ਕੋਝੀ ਸੋਚ ਰੱਖਣ ਲੱਗ ਪਏ ਹਾਂ। 
ਤੀਜਾ ਮਾਰੂ ਪ੍ਰਭਾਵ ਪੰਜਾਬੀ ਗਾਇਕੀ ਜਿਹੜਾ ਸਾਡੇ ਸਮਾਜ, ਸੱਭਿਆਚਾਰ 'ਤੇ ਪਾ ਰਹੀ ਹੈ, ਉਹ ਹੈ ਰਿਸ਼ਤਿਆਂ ਦੀ ਚੂਲ ਭੰਗ ਕਰਨੀ। ਸਾਡੇ ਸਮਾਜ, ਸੱਭਿਆਚਾਰ ਵਿਚ ਰਿਸ਼ਤਾ, ਨਾਤਾ ਪ੍ਰਣਾਲੀ ਬਹੁਤ ਅਹਿਮੀਅਤ ਰੱਖਦੀ ਹੈ। ਪਰ ਜੇਕਰ ਗੀਤਕਾਰ ਆਪਣੀ ਲੇਖਣੀ ਇਸੇ ਤਰ੍ਹਾਂ ਜਾਰੀ ਰੱਖਣਗੇ ਤਾਂ ਉਹ ਦਿਨ ਅਸੀਂ ਆਪਣੀਂ ਅੱਖੀਂ ਵੇਖਾਂਗੇ, ਭੋਗਾਂਗੇ ਕਿ ਅਸੀਂ ਆਪਣੇ ਬੱਚਿਆਂ ਤੋਂ ਹੀ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਵਾਵਾਂਗੇ।


ਤੇਰੇ ਕਰਕੇ ਮੈਂ ਘਰਦਿਆਂ ਨੂੰ
ਦੁੱਧ ਵਿਚ ਨੀਂਦ ਦੀਆਂ ਗੋਲੀਆਂ ਘੋਲ ਕੇ ਪਿਲਾਉਨੀ ਆਂ...
ਇਥੇ ਪਰਿਵਾਰਕ ਸਬੰਧ ਖੇਰੂੰ-ਖੇਰੂੰ ਹੋ ਰਹੇ ਹਨ। ਧੀ ਦੁਆਰਾ ਪਰਿਵਾਰ ਦੇ ਜੀਆਂ ਨੂੰ ਨਸ਼ੇ ਦੀਆਂ ਗੋਲੀਆਂ ਘੋਲ ਕੇ ਪਿਲਾਉਣੀਆਂ, ਰਿਸ਼ਤਿਆਂ ਦਾ ਆਪਣੇ ਹੱਥੀਂ ਕਤਲ ਕਰਨਾ ਹੈ। ਜੇਕਰ ਅਸੀਂ ਧੀਆਂ ਨੂੰ ਇਸ ਰੂਪ ਵਿਚ ਚਿਤਰਨ ਲੱਗੀਏ ਤਾਂ ਕੋਈ ਬਾਪ ਨਹੀਂ ਚਾਹੇਗਾ ਕਿ ਉਸ ਦੇ ਘਰ ਧੀ ਪੈਦਾ ਹੋਵੇ। ਪੰਜਾਬ ਵਿਚ ਕੁੜੀਆਂ ਦਾ ਅਨੁਪਾਤ ਤਾਂ ਮੁੰਡਿਆਂ ਦੇ ਮੁਕਾਬਲਤਨ ਪਹਿਲਾਂ ਹੀ ਘੱਟ ਹੈ, ਤਾਂ ਫਿਰ 'ਪੰਘੂੜਾ' ਅਤੇ 'ਨੰਨ੍ਹੀ ਛਾਂ' ਦਾ ਸੰਕਲਪ, ਸਿਰਫ਼ ਸੰਕਲਪ ਹੀ ਰਹਿ ਜਾਵੇਗਾ। ਇਹ ਇਕ ਵਿਚਾਰਨਯੋਗ ਮਸਲਾ ਹੈ, ਜਿਸ 'ਤੇ ਸਮਾਜ ਦੀ ਹੋਂਦ ਟਿਕੀ ਹੋਈ ਹੈ।
ਚੌਥਾ ਮਾਰੂ ਪ੍ਰਭਾਵ ਜਿਹੜਾ ਪੰਜਾਬੀ ਗਾਇਕੀ ਨੇ ਨੌਜਵਾਨ ਪੀੜ੍ਹੀ 'ਤੇ ਪਾਇਆ ਹੈ, ਉਹ ਹੈ ਐਸ਼ੋ-ਇਸ਼ਰਤ ਭਰਿਆ ਜੀਵਨ। ਪੰਜਾਬੀ ਸਮਾਜ, ਸੱਭਿਆਚਾਰ ਵਿਚ ਐਸ਼ ਦਾ ਸੰਕਲਪ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਮਿਹਨਤ ਪੰਜਾਬੀ ਸੁਭਾਅ ਦਾ ਵਿਸ਼ੇਸ਼ ਗੁਣ ਹੈ ਪ੍ਰੰਤੂ ਅਜੋਕੀ ਨੌਜਵਾਨ ਪੀੜ੍ਹੀ ਮਿਹਨਤ ਦੀ ਬਜਾਏ ਐਸ਼-ਭਰਪੂਰ ਜ਼ਿੰਦਗੀ ਜਿਊਣ ਦੀ ਚਾਹਵਾਨ ਦਿਖਾਈ ਦਿੰਦੀ ਹੈ।

ਸਾਡੇ ਬਾਪੂ ਦੀ ਕਮਾਈ
ਅਸੀਂ ਜਾਂਦੇ ਆ ਉਡਾਈ
ਦੱਸ ਤੈਨੂੰ ਕੀ?
ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਪੜ੍ਹਦੇ ਘੱਟ, ਐਸ਼ ਵੱਧ ਕਰਦੇ ਹਨ। ਇਥੇ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਇਹ ਪੀੜ੍ਹੀ ਤਾਂ ਆਪਣੇ ਬਾਪ ਦੀ ਕਮਾਈ 'ਤੇ ਐਸ਼ ਕਰ ਰਹੀ ਹੈ ਪਰ ਕੀ ਇਹ ਪੀੜ੍ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਕਮਾਈ 'ਤੇ ਐਸ਼ ਕਰਾ ਸਕੇਗੀ?
ਇਕ ਹੋਰ ਪਹਿਲੂ ਜਿਹੜਾ ਵਿਚਾਰਨਯੋਗ ਹੈ, ਉਹ ਇਹ ਹੈ ਕਿ ਗੀਤਕਾਰਾਂ ਅਤੇ ਗਾਇਕਾਂ ਨੇ ਪੰਜਾਬ ਦੇ ਪਿੰਡਾਂ ਵਿਚ ਰਹਿਣ ਵਾਲੇ ਮੁੰਡਿਆਂ ਨੂੰ ਹੀ ਮੀਡੀਏ 'ਤੇ 'ਹੀਰੋ' ਬਣਾ ਕੇ ਕਿਉਂ ਪੇਸ਼ ਕੀਤਾ ਹੈ? ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਿੰਡਾਂ ਦੇ ਮੁੰਡੇ ਹੀ ਕਿਉਂ ਪੱਟੇ ਹਨ? ਸ਼ਹਿਰੀ ਮੁੰਡੇ ਕਿਉਂ ਨਹੀਂ ਪੱਟੇ। ਇਹ ਇਕ ਗੰਭੀਰ ਮਸਲਾ ਹੈ। ਦੂਸਰਾ ਸਵਾਲ ਇਸੇ ਪਹਿਲੂ ਦਾ ਪੰਜਾਬੀ ਗਾਇਕੀ ਵਿਚ ਇਹ ਉਭਰਦਾ ਹੈ ਕਿ ਪੰਜਾਬੀ ਗਾਇਕੀ ਨੇ ਇਕ ਵਿਸ਼ੇਸ਼ ਜਮਾਤ 'ਜੱਟਾਂ ਦੇ ਮੁੰਡੇ' ਨੂੰ ਉਭਾਰਿਆ ਹੈ, ਜਿਸ ਦਾ ਮਾਰੂ ਅਸਰ ਇਸ ਜਮਾਤ 'ਤੇ ਪੈ ਰਿਹਾ ਹੈ। ਗੀਤਾਂ ਵਿਚ ਜੱਟਾਂ ਦੇ ਮੁੰਡਿਆਂ ਨੂੰ ਵਿਹਲੜ, ਵਕਤੀ ਆਸ਼ਕ, ਪੈਸਾ ਬਰਬਾਦ ਕਰਨ ਵਾਲੇ, ਮਿਹਨਤ ਨਾ ਕਰਨ ਵਾਲੇ, ਲੜਾਈਆਂ ਮੁੱਲ ਲੈਣ ਵਾਲੇ ਹੀ ਦਿਖਾਇਆ ਗਿਆ ਹੈ। ਕੀ ਇਹ ਜੱਟ ਜਮਾਤ ਦੀ ਹੇਠੀ ਨਹੀਂ ਹੋ ਰਹੀ?
ਪੰਜਾਬੀ ਗਾਇਕੀ ਦਾ ਸਭ ਤੋਂ ਮਾੜਾ ਪ੍ਰਭਾਵ ਜਿਹੜਾ ਨੌਜਵਾਨ ਪੀੜ੍ਹੀ ਤੇ ਖਾਸ ਕਰਕੇ ਮੁੰਡਿਆਂ 'ਤੇ ਪਿਆ ਹੈ, ਉਹ ਹੈ ਮੁੱਲ ਦੀ ਲੜਾਈ ਲੈਣਾ।
ੲ ਅਸਲਾ ਨਾਜਾਇਜ਼ ਰੱਖਿਆ ੲ ਗੱਡੀ 'ਤੇ ਲਿਖਾ 'ਤਾ ਮੈਂ ਵੀ ਖੁੱਲ੍ਹੇ ਸ਼ੇਰ ਨੀਂ ੲ ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ
ਪੰਜਾਬੀਆਂ ਦੇ ਖੂਨ ਵਿਚ ਵਿਰੋਧੀਆਂ ਨੂੰ ਚਿੱਤ ਕਰਨ ਦਾ ਸੰਕਲਪ ਸਮੋਇਆ ਹੈ। ਸਾਡੇ ਗੁਰੂ ਸਾਹਿਬਾਨ ਨੇ ਮੁਗਲਾਂ ਦੇ ਜੁਲਮ ਵਿਰੁੱਧ ਲੜਾਈਆਂ ਲੜੀਆਂ, ਅੱਤਿਆਚਾਰਾਂ ਦਾ ਖਾਤਮਾ ਕੀਤਾ ਪਰ ਅਜੋਕੀ ਪੰਜਾਬੀ ਗਾਇਕੀ ਨੇ ਪੰਜਾਬੀ ਨੌਜਵਾਨ ਦੇ ਖੂਨ ਵਿਚ ਰਚੀ ਇਸ ਦਲੇਰ ਭਾਵਨਾ ਨੂੰ ਗ਼ਲਤ ਦਿਸ਼ਾ ਦਿੱਤੀ ਹੈ। 
ਉਪਰੋਕਤ ਮਾਰੂ ਗਾਇਕੀ ਜਿਹੜਾ ਸਭ ਤੋਂ ਮਾੜਾ, ਨਿੰਦਣਯੋਗ ਕਾਰਜ ਕਰ ਰਹੀ ਹੈ, ਉਹ ਹੈ ਪੰਜਾਬੀ ਭਾਸ਼ਾ ਵਿਚ ਸਾਹਿਤ ਦੇ ਪੱਧਰ ਨੂੰ ਨੀਵਾਂ ਕਰਨਾ। 'ਮਾਖਿਉਂ ਮਿੱਠੀ' ਪੰਜਾਬੀ-ਬੋਲੀ ਦੀ ਅਸੀਂ ਇਹ ਕਿਸ ਤਰ੍ਹਾਂ ਦੀ ਸੇਵਾ ਕਰ ਰਹੇ ਹਾਂ। ਪੰਜਾਬੀ ਗੀਤਕਾਰੀ ਪੰਜਾਬੀ ਸਾਹਿਤ ਦਾ ਅੰਗ ਹੈ:
ਲੱਕ ਟਵੰਟੀ ਏਟ ਕੁੜੀ ਦਾ
ਫੋਰਟੀ ਸੈਵਨ ਵੇਟ ਕੁੜੀ ਦਾ
ਗੀਤਕਾਰ ਕੁੜੀਆਂ ਦੇ ਲੱਕ ਮਿਣਨ ਅਤੇ ਭਾਰ ਤੋਲਣ ਤੱਕ ਹੀ ਸੀਮਤ ਹਨ। ਕੀ ਅਸੀਂ ਕਦੇ ਪੰਜਾਬੀ ਭਾਸ਼ਾ ਦੇ ਕੱਦ, ਮਿਆਰ ਬਾਰੇ ਵੀ ਸੋਚਿਆ ਹੈ?
ਪੰਜਾਬੀਏ ਜ਼ਬਾਨੇ
ਨੀ ਰਕਾਨੇ ਮੇਰੇ ਦੇਸ਼ ਦੀਏ
ਪੰਜਾਬੀ ਭਾਸ਼ਾ ਦੇ ਇਸ ਸੰਕਲਪ ਨੂੰ ਜੇਕਰ ਗੀਤਕਾਰ ਆਪਣੇ ਦਿਲੋਂ-ਦਿਮਾਗ ਵਿਚ ਰੱਖਣ ਤਾਂ ਉਹ ਸੱਚੇ ਦਿਲੋਂ ਭਾਸ਼ਾ ਦੀ ਸੇਵਾ ਕਰ ਸਕਣਗੇ।
ਪੰਜਾਬੀ ਗੀਤਕਾਰੀ ਦਾ ਜਿਥੇ ਸਰਵਣ (ਸੁਣਨ) ਪੱਖ ਤੋਂ ਮਿਆਰ ਹੇਠਲੇ ਪੱਧਰ ਦਾ ਹੁੰਦਾ ਜਾ ਰਿਹਾ ਹੈ, ਉਥੇ ਕਈ ਪੰਜਾਬੀ ਗੀਤ ਫਿਲਮਾਂਕਣ ਪੱਧਰ 'ਤੇ ਪੰਜਾਬੀ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ।
ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਵਿਚ ਔਰਤ ਦਾ ਜਿਹੜਾ ਬਿੰਬ ਸਥਾਪਤ ਹੋ ਚੁੱਕਿਆ, ਬਹੁਤੇ ਗੀਤਾਂ ਵਿਚ ਅਸੀਂ ਇਸ ਸਥਾਪਤ ਬਿੰਬ ਦਾ ਉਲਟਾ ਪਾਸਾ ਹੀ ਦੇਖ ਰਹੇ ਹਾਂ ਜਿਸ ਵਿਚ ਔਰਤ ਵੀ ਬਰਾਬਰ ਦੀ ਹੀ ਕਸੂਰਵਾਰ ਹੈ। ਮੰਡੀ, ਪੈਸਾ ਅਤੇ ਖਪਤ ਦੇ ਇਸ ਦੌਰ ਵਿਚ 'ਸਸਤੀ ਸ਼ੁਹਰਤ' ਦੀ ਪ੍ਰਾਪਤ ਲਈ ਔਰਤ ਸ਼ਾਰਟ-ਕੱਟ ਰਸਤਾ ਅਪਣਾ ਕੇ ਸਿਰਫ਼ ਬਾਜ਼ਾਰੂ ਵਸਤੂ ਬਣ ਕੇ ਹੀ ਰਹਿ ਗਈ ਹੈ। ਬਹੁਤੇ ਪੰਜਾਬੀ ਗੀਤਾਂ ਵਿਚ ਔਰਤ ਦੁਆਰਾ ਪਾਏ ਗਏ ਕੱਪੜੇ ਉਸ ਦਾ ਨੰਗੇਜ਼ ਕੱਜਦੇ ਨਹੀਂ ਸਗੋਂ ਦਿਖਾਉਂਦੇ ਹਨ। ਕੌਮੀ ਪੱਧਰ 'ਤੇ ਕੀ ਮੀਡੀਏ ਰਾਹੀਂ ਅਸੀਂ ਪੰਜਾਬੀ ਔਰਤ ਦੇ ਬਿੰਬ ਨਾਲ ਖਿਲਵਾੜ ਨਹੀਂ ਕਰ ਰਹੇ? ਇਸ ਪਹਿਲੂ 'ਤੇ ਔਰਤ ਨੂੰ ਆਪ ਵੀ ਸੁਚੇਤ ਹੋਣਾ ਪਵੇਗਾ।
ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ ਦਾ ਇਕ ਹੋਰ ਬੁਰਾ ਪਹਿਲੂ 'ਟੀਨ ਏਜ਼ਰ' ਮੁੰਡਿਆਂ-ਕੁੜੀਆਂ 'ਤੇ ਪੈ ਰਿਹਾ ਹੈ। ਬਹੁਤੇ ਪੰਜਾਬੀ ਗੀਤ ਬੱਚਿਆਂ ਨੂੰ ਕੁਰਾਹੇ ਪਾ ਰਹੇ ਹਨ:
ਚੜ੍ਹਦੀ ਜਵਾਨੀ ਕੁੜੀਓ
ਰੰਗ ਚੜ੍ਹਦੇ ਤੋਂ ਚੜ੍ਹਦਾ ਵਿਖਾਉਂਦੀ ਏ।
ਇਸ ਗੀਤ ਦਾ ਫਿਲਮਾਂਕਣ ਸਕੂਲੀ ਕੁੜੀਆਂ 'ਤੇ ਕੀਤਾ ਗਿਆ ਹੈ। ਇਹ ਉਹ ਬੱਚੀਆਂ ਹਨ, ਜਿਹੜੀਆਂ ਉਮਰ ਦੇ ਉਸ ਦੌਰ ਵਿਚੋਂ ਗੁਜ਼ਰ ਰਹੀਆਂ ਹਨ, ਜਿਨ੍ਹਾਂ ਨੂੰ ਜ਼ਿੰਦਗੀ ਲਈ ਸਹੀ ਦਿਸ਼ਾ-ਨਿਰਦੇਸ਼ ਦਿੱਤਾ ਜਾਣਾ ਲਾਜ਼ਮੀ ਹੁੰਦਾ ਹੈ। ਪਰ ਸਾਡੀ ਬਹੁਤੀ ਅਜੋਕੀ ਗਾਇਕੀ ਇਸ ਭੋਲੇ-ਭਾਲੇ ਅੱਲੜ੍ਹਪੁਣੇ ਨੂੰ 'ਚੜ੍ਹਦੀ ਜਵਾਨੀ' ਦੀਆਂ ਰੰਗੀਨੀਆਂ ਹੀ ਦਿਖਾਉਂਦੀ ਹੈ। ਜ਼ਿੰਦਗੀ ਦੇ ਉਸਾਰੂ ਪਹਿਲੂ ਬਾਰੇ ਜਾਣਕਾਰੀ ਨਹੀਂ ਦਿੰਦੀ।
ਪੰਜਾਬੀ ਗੀਤਕਾਰੀ ਨਾਲ ਜੁੜੇ ਮੇਰੇ ਉਨ੍ਹਾਂ ਸਾਰੇ ਭੈਣ-ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਉਸਾਰੂ ਸੋਚ 'ਤੇ ਪਹਿਰਾ ਦਈਏ। ਕੋਈ ਵੀ ਗੀਤ ਲਿਖਣ, ਸੁਣਨ, ਫਿਲਮਾਂਕਣ ਤੋਂ ਪਹਿਲਾਂ ਅਸੀਂ ਇਕ ਵਾਰ ਜ਼ਰੂਰ ਸੋਚੀਏ ਕਿ ਕੀ ਉਹ ਅਸੀਂ ਆਪਣੇ ਪਰਿਵਾਰ (ਮਾਂ, ਭੈਣ, ਧੀ) ਵਿਚ ਬੈਠ ਕੇ ਸੁਣ ਸਕਦੇ ਹਾਂ ਅਤੇ ਵੇਖ ਸਕਦੇ ਹਾਂ। ਕਿਤੇ ਅਸੀਂ ਆਪਣੀ ਕੋਝੀ ਸੋਚ ਦੀ ਬਦੌਲਤ ਆਪਣਾ ਹੀ ਨੁਕਸਾਨ ਨਾ ਕਰ ਬੈਠੀਏ? ਕਿਤੇ ਇਹ ਗੱਲ ਸਹੀ ਸਿੱਧ ਨਾ ਹੋਵੇ:
ਫਿਲਹਾਲ ਹਵਾਵਾਂ ਰੁਮਕਦੀਆਂ
ਜਦ ਝੱਖੜ ਝੁੱਲੂ ਵੇਖਾਂਗੇ।

ਡਾ: ਅੰਮ੍ਰਿਤਪਾਲ ਕੌਰ
-ਡੀ. ਏ. ਵੀ. ਕਾਲਜ ਫਾਰ ਵੋਮੈਨ, ਫਿਰੋਜ਼ਪੁਰ ਕੈਂਟ।
ਮੋਬਾਈਲ : 99140-42638.



Post Comment


ਗੁਰਸ਼ਾਮ ਸਿੰਘ ਚੀਮਾਂ