ਕਿਸਾਨਾਂ ਲਈ ਮਾਰਚ ਦਾ ਮਹੀਨਾ ਬੜਾ ਮਹੱਤਵਪੂਰਨ ਹੈ। ਫ਼ਸਲਾਂ ਦਾ ਲਾਹੇਵੰਦ ਝਾੜ ਲੈਣ ਲਈ ਸੁਧਰੇ ਤੇ ਸ਼ੁੱਧ ਬੀਜਾਂ ਦਾ ਅਹਿਮ ਰੋਲ ਹੈ। ਇਸ ਸਬੰਧੀ ਕਿਸਾਨਾਂ 'ਚ ਜਾਣਕਾਰੀ ਵਧ ਜਾਣ ਨਾਲ ਯੋਗ ਕਿਸਮਾਂ ਦੇ ਬੀਜਾਂ ਦੀ ਮੰਗ ਵੀ ਵਧ ਗਈ ਹੈ। ਨਕਲੀ ਤੇ ਗ਼ੈਰ-ਮਿਆਰੀ ਬੀਜਾਂ ਦੀ ਵਿਕਰੀ ਵੱਧ ਜਾਣ ਨਾਲ ਕਿਸਾਨ ਆਪਣੀ ਲੋੜ ਪ੍ਰਮਾਣਿਤ ਏਜੰਸੀਆਂ ਰਾਹੀਂ ਹੀ ਪੂਰੀ ਕਰਨ ਲਈ ਯਤਨਸ਼ੀਲ ਹਨ। ਇਸ ਸਬੰਧੀ ਉਹ ਕਿਸਾਨ ਮੇਲਿਆਂ ਨੂੰ ਤੱਕਦੇ ਹਨ। ਸਾਉਣੀ ਦੇ ਬੀਜ ਕਿਸਾਨਾਂ ਨੂੰ ਮੁਹੱਈਆ ਕਰਨ ਲਈ ਅਤੇ ਇਸ ਮੌਸਮ ਦੀਆਂ ਫ਼ਸਲਾਂ ਦੀ ਜਾਣਕਾਰੀ ਦੇਣ ਅਤੇ ਟੈਕਨਾਲੋਜੀ ਉਨ੍ਹਾਂ ਤੀਕ ਪਹੁੰਚਾਉਣ ਲਈ ਪੰਜਾਬ ਖੇਤੀ ਯੂਨੀਵਰਸਿਟੀ, ਪੂਸਾ ਤੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਪੀ. ਏ. ਯੂ. ਵੱਲੋਂ ਬੱਲੋਵਾਲ ਸੌਂਕੜੀ ਵਿਖੇ ਇਕ ਮਾਰਚ ਨੂੰ, ਅੰਮ੍ਰਿਤਸਰ ਵਿਖੇ 5 ਮਾਰਚ ਨੂੰ, ਗੁਰਦਾਸਪੁਰ 7 ਮਾਰਚ ਨੂੰ, ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ 11 ਮਾਰਚ ਨੂੰ, ਫਰੀਦਕੋਟ ਵਿਖੇ 19 ਮਾਰਚ ਨੂੰ ਤੇ ਬਠਿੰਡਾ 'ਚ 21 ਮਾਰਚ ਨੂੰ ਕਿਸਾਨ ਮੇਲੇ ਲਾਏ ਜਾਣਗੇ। ਮੁੱਖ ਮੇਲਾ ਪੀ. ਏ. ਯੂ. ਕੈਂਪਸ ਲੁਧਿਆਣਾ ਵਿਖੇ 15 ਤੇ 16 ਮਾਰਚ ਨੂੰ ਲਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਆਪਣੇ ਰੱਖੜਾ ਕੈਂਪਸ 'ਤੇ 22 ਮਾਰਚ ਨੂੰ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਆਪਣੇ ਪੂਸਾ ਕੈਂਪਸ ਨਵੀਂ ਦਿੱਲੀ ਵਿਖੇ 6 ਤੋਂ 8 ਮਾਰਚ ਦੇ ਦਰਮਿਆਨ ਪੂਸਾ ਕ੍ਰਿਸ਼ੀ ਵਿਗਿਆਨ ਮੇਲਾ ਲਾਵੇਗਾ। ਪੂਸਾ ਦੇ ਇਸ ਤਿੰਨ ਰੋਜ਼ਾ ਕ੍ਰਿਸ਼ੀ ਵਿਗਿਆਨ ਮੇਲੇ ਦਾ ਵਿਸ਼ਾ 'ਕਿਸਾਨਾਂ ਦੀ ਖੁਸ਼ਹਾਲੀ ਲਈ ਖੇਤੀ ਵਿਗਿਆਨ' ਹੈ। ਇਹ ਕਿਸਾਨ ਮੇਲੇ ਖੇਤੀ ਮਾਹਰਾਂ, ਵਿਗਿਆਨੀਆਂ ਤੇ ਕਿਸਾਨਾਂ ਦਾ ਸੁਮੇਲ ਹੁੰਦੇ ਹਨ। ਉਹ ਆਪੋ ਵਿਚ ਤੇ ਇਕ ਦੂਜੇ ਨਾਲ ਵਿਚਾਰ-ਵਟਾਂਦਰਾ ਕਰਦੇ ਹਨ, ਜਿਸ ਵਿਚੋਂ ਕਿਸਾਨ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਹਨ ਅਤੇ ਵਿਗਿਆਨੀ ਖੋਜ ਲਈ ਪ੍ਰਤੀਕਰਮ ਲੈਂਦੇ ਹਨ। ਆਮ ਕਿਸਾਨ ਇਨ੍ਹਾਂ ਮੇਲਿਆਂ 'ਚ ਨਵੀਆਂ ਕਿਸਮਾਂ ਦੇ ਬੀਜ ਅਤੇ ਵਰਤਮਾਨ ਕਿਸਮਾਂ ਦੇ ਮਿਆਰੀ ਬੀਜ ਖਰੀਦਣ ਲਈ ਆਉਂਦੇ ਹਨ। ਪੰਜਾਬ 'ਚ ਝੋਨਾ ਤੇ ਬਾਸਮਤੀ ਸਾਉਣੀ ਦੀ ਮੁੱਖ ਫ਼ਸਲ ਹੈ। ਉਹ ਇਨ੍ਹਾਂ ਫ਼ਸਲਾਂ ਦੇ ਬੀਜ ਦੀ ਪ੍ਰਾਪਤੀ ਲਈ ਵਿਸ਼ੇਸ਼ ਤੌਰ 'ਤੇ ਇਨ੍ਹਾਂ ਮੇਲਿਆਂ 'ਚ ਸ਼ਾਮਿਲ ਹੁੰਦੇ ਹਨ। ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਦੀ ਦੂਰਅੰਦੇਸ਼ੀ ਹੈ ਕਿ ਉਹ ਬਾਸਮਤੀ ਦੀਆਂ ਸਫ਼ਲ ਤੇ ਨਵੀਆਂ ਪੂਸਾ ਬਾਸਮਤੀ 1121 ਤੇ ਪੂਸਾ 1509 ਕਿਸਮਾਂ ਦੇ ਬੀਜ ਵੀ ਕਿਸਾਨਾਂ ਨੂੰ ਪੀ. ਏ. ਯੂ. ਵੱਲੋਂ ਲਾਏ ਜਾ ਰਹੇ ਕਿਸਾਨ ਮੇਲਿਆਂ 'ਚ ਮੁਹੱਈਆ ਕਰਨਗੇ। ਇਸ ਤੋਂ ਇਲਾਵਾ ਝੋਨੇ ਦੀ ਨਵੀਂ ਕਿਸਮ ਪੀ.ਆਰ. 121, ਪੀ. ਆਰ. 122 ਅਤੇ ਪੰਜਾਬ ਬਾਸਮਤੀ-3 ਦੇ ਬੀਜ ਵੀ ਥੋੜ੍ਹੀ-ਥੋੜ੍ਹੀ ਮਾਤਰਾ 'ਚ ਇਨ੍ਹਾਂ ਮੇਲਿਆਂ 'ਚ ਕਿਸਾਨਾਂ ਨੂੰ ਦਿੱਤੇ ਜਾਣਗੇ। ਇਸ ਸਾਲ ਬਾਸਮਤੀ ਦਾ ਭਾਅ ਚੰਗਾ ਹੋਣ ਕਾਰਨ ਕਿਸਾਨਾਂ ਦਾ ਵਧੇਰੇ ਰੁਝਾਨ ਬਾਸਮਤੀ ਦੀ ਕਾਸ਼ਤ ਵੱਲ ਹੈ। ਬਾਸਮਤੀ ਦੀਆਂ ਪੂਸਾ ਬਾਸਮਤੀ 1121 ਤੇ ਪੂਸਾ ਪੰਜਾਬ ਬਾਸਮਤੀ 1509 ਕਿਸਮਾਂ ਦੇ ਬੀਜ ਰੱਖੜਾ ਕਿਸਾਨ ਮੇਲੇ ਅਤੇ ਕ੍ਰਿਸ਼ੀ ਵਿਗਿਆਨ ਮੇਲਾ ਦਿੱਲੀ ਵਿਖੇ ਵੀ ਕਿਸਾਨਾਂ ਨੂੰ ਉਪਲੱਬਧ ਹੋਣਗੇ। ਕਿਸਾਨਾਂ ਨੂੰ ਪੂਸਾ 44 ਕਿਸਮ ਦੀ ਲੋੜ ਰੱਖੜਾ ਕਿਸਾਨ ਮੇਲੇ ਜਾਂ ਦਿੱਲੀ ਵਿਖੇ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਤੋਂ ਹੀ ਪੂਰੀ ਕਰਨੀ ਪਵੇਗੀ।
ਕਿਸਾਨਾਂ ਵੱਲੋਂ ਬਹੁਤੀ ਮੰਗ ਬਾਸਮਤੀ ਦੀ ਨਵੀਂ ਕਿਸਮ ਪੂਸਾ 1509 ਦੀ ਹੈ। ਇਸ ਕਿਸਮ ਦਾ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਬੀਜ ਹੀ ਉਪਲੱਬਧ ਹੋਵੇਗਾ। ਇਹ ਬੀਜ ਉਨ੍ਹਾਂ ਨੂੰ ਖੁੱਲ੍ਹੀ ਮੰਡੀ 'ਚੋਂ ਨਹੀਂ ਖਰੀਦਣਾ ਚਾਹੀਦਾ, ਕਿਉਂਕਿ ਇਸ ਮੰਡੀ 'ਚ ਨਕਲੀ ਤੇ ਗੈਰ-ਮਿਆਰੀ ਬੀਜ ਮਹਿੰਗੇ ਭਾਅ ਵਿਕਣ ਦੀ ਵਧੇਰੇ ਸੰਭਾਵਨਾ ਹੈ। ਬਾਸਮਤੀ ਦੀ ਪੂਸਾ 1509 ਕਿਸਮ ਖੇਤੀ ਖੋਜ 'ਚ ਇਕ ਨਵਾਂ ਮੀਲ ਪੱਥਰ ਹੈ। ਪੂਸਾ ਬਾਸਮਤੀ 1121 ਕਿਸਮ, ਜੋ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਰਕਬੇ 'ਤੇ
ਕਾਸ਼ਤ ਕੀਤੀ ਜਾਂਦੀ ਹੈ ਅਤੇ 15 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਕਮਾਉਣ 'ਚ ਜਿਸ ਦਾ 75 ਫੀਸਦੀ ਤੱਕ ਯੋਗਦਾਨ ਹੈ ਅੱਜ ਮੰਡੀ 'ਚ 4000 ਤੋਂ 4200 ਰੁਪਏ ਕੁਇੰਟਲ ਤੱਕ ਵਿਕ ਰਹੀ ਹੈ ਅਤੇ ਕਿਸਾਨਾਂ ਦੀ ਮਨਪਸੰਦ ਬਣ ਚੁੱਕੀ ਹੈ। ਜਿਨ੍ਹਾਂ ਨੇ ਭੰਡਾਰ ਕੀਤੀ ਹੋਈ ਹੈ ਉਨ੍ਹਾਂ ਨੂੰ 80,000 ਰੁਪਏ ਪ੍ਰਤੀ ਏਕੜ ਤੱਕ ਦੀ ਵੱਟਤ ਹੋ ਰਹੀ ਹੈ। ਨਵੀਂ ਪੂਸਾ 1509 ਕਿਸਮ ਇਸ 1121 ਕਿਸਮ ਨਾਲੋਂ ਪੱਕਣ ਨੂੰ 20 ਤੋਂ 25 ਦਿਨ ਤੱਕ ਘੱਟ ਲੈਂਦੀ ਹੈ ਅਤੇ ਇਸ ਦੀ ਲੁਆਈ 25 ਤੋਂ 31 ਜੁਲਾਈ ਦੇ ਦਰਮਿਆਨ ਕੀਤੀ ਜਾ ਸਕਦੀ ਹੈ, ਜਦੋਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜ਼ਮੀਨ ਹੇਠਲੇ ਪਾਣੀ ਦੀ ਸਤਹਿ ਪ੍ਰਭਾਵਿਤ ਨਹੀਂ ਹੁੰਦੀ। ਕਿਸਾਨ ਕਣਕ ਵੱਢ ਕੇ ਗਰਮ ਰੁੱਤ ਦੀ ਮੂੰਗੀ ਦੀ ਫ਼ਸਲ ਵੀ ਆਸਾਨੀ ਨਾਲ ਲੈ ਸਕਦੇ ਹਨ ਅਤੇ ਕਣਕ, ਮੂੰਗੀ, ਬਾਸਮਤੀ ਦਾ ਫ਼ਸਲੀ ਚੱਕਰ ਅਪਣਾ ਕੇ ਜ਼ਮੀਨ ਦੀ ਸ਼ਕਤੀ ਬਹਾਲ ਕਰ ਸਕਦੇ ਹਨ। ਨਵੀਂ ਪੂਸਾ 1509 ਕਿਸਮ ਢਹਿੰਦੀ ਨਹੀਂ ਅਤੇ ਇਸ ਵਿਚ ਨਾ ਹੀ ਕਿਰਨ ਦੀ ਸਮੱਸਿਆ ਹੈ। ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਦੀ ਸਤਹਿ 'ਚ ਆ ਰਹੇ ਨਿਘਾਰ ਦਾ ਇਹ ਪੂਰਨ ਹੱਲ ਸਾਬਤ ਹੋਣ ਦੀ ਸਮਰੱਥਾ ਰੱਖਦੀ ਹੈ। ਇਸ ਦਾ ਪ੍ਰਤੀ ਹੈਕਟੇਅਰ ਝਾੜ ਪੂਸਾ ਬਾਸਮਤੀ 1121 ਜਿਤਨਾ ਹੀ ਹੈ। ਅਜ਼ਮਾਇਸ਼ਾਂ 'ਚ ਤਾਂ 27 ਕੁਇੰਟਲ ਪ੍ਰਤੀ ਏਕੜ ਤੀਕ ਉਤਪਾਦਕਤਾ ਦੀ ਕਿਸਾਨਾਂ ਦੇ ਫਾਰਮਾਂ 'ਤੇ ਪ੍ਰਾਪਤ ਹੋਈ ਹੈ।
ਨਰਮਾ ਤੇ ਸਬਜ਼ੀਆਂ ਦੇ ਬੀਜ ਹੁਣ ਕਿਸਾਨ ਬਹੁਤੇ ਹਾਈਬਰਿਡ ਵਰਤਦੇ ਹਨ, ਜੋ ਨਿੱਜੀ ਖੇਤਰ ਦੇ ਵਿਕਰੇਤਾ ਤੇ ਕੰਪਨੀਆਂ ਵੱਲੋਂ ਵੱਡੀ ਮਾਤਰਾ 'ਚ ਵੇਚੇ ਜਾਂਦੇ ਹਨ। ਇਨ੍ਹਾਂ ਮੇਲਿਆਂ 'ਚ ਵੀ ਕਿਸਾਨ ਆਪਣੀ ਲੋੜ ਬਹੁਤਾ ਕਰਕੇ ਉਨ੍ਹਾਂ ਤੋਂ ਹੀ ਪੂਰੀ ਕਰਦੇ ਹਨ। ਭਾਵੇਂ ਭਾਰਤੀ ਖੇਤੀ ਖੋਜ ਸੰਸਥਾਨ ਨੇ ਮੂਲੀ ਦੀਆਂ ਪੂਸਾ ਦੇਸੀ, ਪੂਸਾ ਮ੍ਰਿਦੂਲਾ, ਜਾਪਾਨੀ ਵ੍ਹਾਈਟ, ਪੂਸਾ ਹਿਮਾਨੀ ਤੇ ਪੂਸਾ ਚੇਤਕੀ ਕਿਸਮਾਂ ਵਿਕਸਿਤ ਕਰਕੇ ਪੈਦਾਵਾਰ ਸਾਰਾ ਸਾਲ ਲਈ ਜਾਣੀ ਸੰਭਵ ਕਰ ਦਿੱਤੀ ਹੈ। ਇਸੇ ਤਰ੍ਹਾਂ ਪੱਤ ਗੋਭੀ ਦੀਆਂ ਅਗੇਤੀ ਪੂਸਾ ਮੇਘਨਾ ਤੇ ਪੂਸਾ ਕਾਰਤਿਕ ਸ਼ੰਕਰ ਕਿਸਮਾਂ, ਮੱਧ ਅਗੇਤੀ ਪੂਸਾ ਸ਼ਰਦ, ਪੂਸਾ ਹਾਈਬ੍ਰਿਡ-2 ਕਿਸਮਾਂ, ਮੱਧ ਪਿਛੇਤੀ ਪੂਸਾ ਪੋਸ਼ਜਾ ਅਤੇ ਪਿਛੇਤੀ ਪੂਸਾ ਸਨੋਬਾਲ ਕੇ-1 ਅਤੇ ਪੂਸਾ ਸਨੋਬਾਲ ਕੇ-25 ਰਿਲੀਜ਼ ਕਰਕੇ ਖਪਤਕਾਰਾਂ ਨੂੰ ਇਹ ਸਬਜ਼ੀ ਸਾਲ ਦੇ ਹਰ ਮਹੀਨੇ ਖਾਣ ਲਈ ਉਪਲੱਬਧ ਕਰ ਦਿੱਤੀ ਹੈ। ਇਸੇ ਤਰ੍ਹਾਂ ਗਾਜਰ ਦੀਆਂ ਕਿਸਮਾਂ ਵੀ ਕੱਢੀਆਂ ਹਨ, ਜਿਨ੍ਹਾਂ ਦੀ ਕਾਸ਼ਤ 'ਤੇ ਉਪਲੱਬਧਤਾ ਸਾਰਾ ਸਾਲ ਹੈ। ਇਨ੍ਹਾਂ ਵਿਚ ਪੂਸਾ ਵਰਿਸ਼ਟੀ, ਪੂਸਾ ਆਸਿਤਾ, ਪੂਸਾ ਨਿਆਨ ਜਯੋਤੀ, ਪੂਸਾ ਯਮਦਾਗਿਨੀ ਕੱਢੀਆਂ ਹਨ ਜਿਨ੍ਹਾਂ ਤੋਂ ਸਾਰਾ ਸਾਲ ਪੈਦਾਵਾਰ ਲਈ ਜਾ ਸਕਦੀ ਹੈ। ਕਿਸਾਨ ਇਨ੍ਹਾਂ ਕਿਸਮਾਂ ਦੇ ਬੀਜਾਂ ਦਾ ਵੀ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ 'ਚ ਮੁਲਾਂਕਣ ਕਰ ਸਕਣਗੇ। ਇਸ ਮੇਲੇ 'ਚ ਸਬਜ਼ੀਆਂ ਦੀ ਅਗੇਤੀ ਪਿਛੇਤੀ ਕਰਕੇ ਸਾਰਾ ਸਾਲ ਪੈਦਾ ਕਰਨ ਵਾਲੀ ਵਿਕਸਿਤ ਟੈਕਨਾਲੋਜੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ, ਜਿਸ ਰਾਹੀਂ ਬੇਮੌਸਮੀ ਸਬਜ਼ੀਆਂ ਉਗਾ ਕੇ ਕਿਸਾਨ ਆਪਣਾ ਮੁਨਾਫਾ ਵਧਾ ਸਕਣਗੇ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਵੀ ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਸਾਉਣੀ ਦੀਆਂ ਫ਼ਸਲਾਂ ਦੇ ਸਿਖਲਾਈ ਕੈਂਪ ਲਾਏ ਜਾਣਗੇ, ਜਿਨ੍ਹਾਂ ਵਿਚ ਕਿਸਾਨਾਂ ਨੂੰ ਫ਼ਸਲਾਂ ਦੀਆਂ ਬਿਮਾਰੀਆਂ ਅਤੇ ਇਨ੍ਹਾਂ ਦੇ ਇਲਾਜ ਤੇ ਪ੍ਰਬੰਧ ਸਬੰਧੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ।
ਕਿਸਾਨ ਮੇਲੇ ਤੇ ਸਿਖਲਾਈ ਕੈਂਪ ਹੀ ਕਿਸਾਨਾਂ ਲਈ ਗਿਆਨ ਅਤੇ ਆਪਣੀਆਂ ਬੀਜਾਂ ਦੀ ਲੋੜ ਪੂਰਾ ਕਰਨ ਦੇ ਕੇਂਦਰ ਹਨ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਮੇਲਿਆਂ 'ਚ ਹੁੰਮ-ਹੁਮਾ ਕੇ ਭਾਗ ਲੈਣ ਅਤੇ ਵਿਗਿਆਨ ਸੰਬੰਧੀ ਪੂਰੀ ਜਾਣਕਾਰੀ ਤੇ ਗਿਆਨ ਪ੍ਰਾਪਤ ਕਰਨ ਤੋਂ ਇਲਾਵਾ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਯੋਗ ਕਿਸਮਾਂ ਦੇ ਬੀਜਾਂ ਦਾ ਮੇਲਿਆਂ 'ਚ ਖਰੀਦ ਕੇ ਹੁਣੇ ਤੋਂ ਪ੍ਰਬੰਧ ਕਰ ਲੈਣ ਤਾਂ, ਜੋ ਉਨ੍ਹਾਂ ਨੂੰ ਖੁੱਲ੍ਹੀ ਮੰਡੀ 'ਚ ਗ਼ੈਰ-ਮਿਆਰੀ ਖੇਤੀ ਸਮੱਗਰੀ ਲੈ ਕੇ ਨੁਕਸਾਨ ਨਾ ਉਠਾਉਣਾ ਪਵੇ।
ਭਗਵਾਨ ਦਾਸ
-ਫੋਨ : 98152-36307