ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ,
ਜਦੋਂ ਦਾ ਟੈਲੀਫੋਨ ਲੱਗਿਆ।
ਕਈ ਵਰ੍ਹੇ ਪਹਿਲਾਂ ਉੱਘੇ ਗੀਤਕਾਰ ‘ਮਾਨ ਮਰਾੜ੍ਹਾਂ’ ਦੀ ਕਲਮੋਂ ਉਪਜੇ ਉਪਰੋਕਤ ਗੀਤ ਦੇ ਬੋਲ ਆਖਰ ਸੱਚ ਹੋ ਨਿੱਬੜੇ। ਇਸ ਕਥਨ ਵਿੱਚ ਉੱਕਾ ਸੰਦੇਹ ਨਹੀਂ ਕਿ ਜਿਉਂ-ਜਿਉਂ ਸਮਾਜ ਦਾ ਆਧੁਨਿਕੀਕਰਨ ਹੁੰਦਾ ਗਿਆ, ਤਿਉਂ-ਤਿਉਂ ਅਸੀਂ ਆਪਣੇ ਵਿਰਸੇ, ਸੱਭਿਆਚਾਰ ਅਤੇ ਲੋਕ-ਕਲਾਵਾਂ ਨਾਲੋਂ ਟੁੱਟਦੇ ਗਏ। ਪੱਛਮੀ ਸੱਭਿਅਤਾ ਦੇ ਅਚੰਭਿਤ ਕਰ ਦੇਣ ਵਾਲੇ ਸਾਧਨਾਂ ਨੇ ਪੇਂਡੂ ਜੀਵਨ ਨੂੰ ਵੀ ਆਪਣੀ ਜਕੜ ਵਿੱਚ ਲੈ ਲਿਆ ਹੈ। ਪੱਛਮੀ ਸੱਭਿਅਤਾ ਨੇ ਸਮੁੱਚੇ ਭਾਰਤੀ ਸੱਭਿਆਚਾਰ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਪੇਂਡੂ ਲੋਕਾਂ ਦੇ ਪਹਿਰਾਵੇ, ਰਹਿਣ-ਸਹਿਣ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ ਅਤੇ ਖਾਣ-ਪੀਣ ਵਿੱਚ ਇਸੇ ਪ੍ਰਭਾਵ ਅਧੀਨ ਤਬਦੀਲੀ ਆਈ। ਬਿਨਾਂ ਸ਼ੱਕ ਅਜਿਹੀਆਂ ਤਬਦੀਲੀਆਂ ਨੇ ਮਨੁੱਖੀ ਜੀਵਨ ਨੂੰ ਸੁਖਦਾਈ ਅਤੇ ਰੌਚਿਕ ਬਣਾਇਆ ਪਰ ਨਵੀਂ ਪੀੜ੍ਹੀ ਦਾ ਵਿਰਸੇ, ਸੱਭਿਆਚਾਰ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਵੱਲੋਂ ਮੂੰਹ ਮੋੜ ਲੈਣਾ ਵੀ ਇਨ੍ਹਾਂ ਤਬਦੀਲੀਆਂ ਦੀ ਹੀ ਦੇਣ ਹੈ। ਪੱਛਮੀ ਪ੍ਰਭਾਵ ਸਦਕਾ ਜਿਸ ਤਰ੍ਹਾਂ ਖੱਦਰ ਦੀ ਥਾਂ ਜੀਨਸ ਨੇ ਲੈ ਲਈ, ਕੱਚਿਆਂ ਕੋਠਿਆਂ ਦੀ ਥਾਂ ਦੋ-ਦੋ ਮੰਜ਼ਿਲੀਆਂ ਕੋਠੀਆਂ ਨੇ ਅਤੇ ਗੱਡਿਆਂ ਦੀ ਥਾਂ ਆਰਾਮਦੇਹ ਗੱਡੀਆਂ ਨੇ, ਬਿਲਕੁਲ ਉਸੇ ਤਰ੍ਹਾਂ ਕਿਸੇ ਸਮੇਂ ਸੰਚਾਰ ਦਾ ਪ੍ਰਮੁੱਖ ਸਾਧਨ ਰਹੀਆਂ ਚਿੱਠੀਆਂ ਦੀ ਥਾਂ ਮੋਬਾਈਲ ਫੋਨਾਂ ਨੇ ਆ ਮੱਲੀ ਹੈ।
ਇਹ ਕੋਈ ਸਦੀਆਂ ਪੁਰਾਣੀ ਗੱਲ ਨਹੀਂ, ਜਦੋਂ ਦੂਰ-ਦੁਰਾਡੇ ਬੈਠੇ ਸਕੇ-ਸਬੰਧੀਆਂ ਨੂੰ ਕੋਈ ਵੀ ਸੁਨੇਹਾ ਚਿੱਠੀਆਂ ਰਾਹੀਂ ਪੁੱਜਦਾ ਕੀਤਾ ਜਾਂਦਾ ਸੀ। ਭਾਵੇਂ ਚਿੱਠੀ ਪੱਤਰ ਰਾਹੀਂ ਸੁਨੇਹਾ ਪਹੁੰਚਾਉਣ ’ਚ ਕਾਫ਼ੀ ਸਮਾਂ ਲੱਗ ਜਾਂਦਾ ਪਰ ਉਨ੍ਹਾਂ ਸਮਿਆਂ ’ਚ ਚਿੱਠੀਆਂ ਦੀ ਇੱਕ ਵੱਖਰੀ ਅਹਿਮੀਅਤ ਸੀ (ਸ਼ਾਇਦ ਇਸ ਦਾ ਕਾਰਨ ਨਵੇਂ ਤਕਨਾਲੋਜੀ-ਯੁਕਤ ਸਾਧਨਾਂ ਦਾ ਨਾ ਉਪਲਬਧ ਹੋਣਾ ਵੀ ਸੀ)। ਮੇਰੇ ਖਿਆਲ ਵਿੱਚ ਚਿੱਠੀ ਪੱਤਰ ਵਰਗੇ ਸੰਚਾਰ ਮਾਧਿਅਮ ਦੇ ਤਿੰਨ ਵੱਡੇ ਫਾਇਦੇ ਸਨ-ਪਹਿਲਾ, ਲੋਕਾਂ ਦਾ ਭਾਸ਼ਾ ਨਾਲ ਜੁੜੇ ਹੋਣਾ ਅਤੇ ਇਸ ਪ੍ਰਤੀ ਸੁਹਿਰਦ ਰਹਿਣਾ। ਦੂਜਾ ਫਾਇਦਾ ਇਹ ਕਿ ਚਿੱਠੀ ਵਿੱਚ ਉਹ ਗੱਲ ਵੀ ਕਹੀ/ਲਿਖੀ ਜਾ ਸਕਦੀ ਸੀ ਜਿਹੜੀ ਸ਼ਾਇਦ ਟੈਲੀਫੋਨ ਜਾਂ ਮੋਬਾਈਲ ਫੋਨ ਰਾਹੀਂ ਸੰਭਵ ਨਹੀਂ ਹੋ ਸਕਦੀ। ਤੀਜਾ ਫਾਇਦਾ ਇਹ ਕਿ ਕੁਝ ਖਾਸ ਕਿਸਮ ਦੇ ਸੁਨੇਹਿਆਂ ਨੂੰ ਚਿੱਠੀਆਂ ਦੇ ਰੂਪ ’ਚ ਸਾਂਭਿਆ ਜਾ ਸਕਦਾ ਸੀ।
ਪਹਿਲੇ ਫਾਇਦੇ ਬਾਰੇ ਵਿਚਾਰੀਏ ਤਾਂ ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ-ਕੱਲ੍ਹ ਦੇ ਮੁਕਾਬਲੇ ਚਿੱਠੀਆਂ ਦੇ ਵੇਲਿਆਂ ’ਚ ਲੋਕ ਸ਼ਾਬਦਿਕ ਦੁਨੀਆਂ ’ਚ ਜ਼ਿਆਦਾ ਵਿਚਰਦੇ ਸਨ। ਉਨ੍ਹਾਂ ਨੂੰ ਭਾਸ਼ਾ ਵਿੱਚ ਅੱਜ ਦੇ ਮੁਕਾਬਲੇ ਜ਼ਿਆਦਾ ਮੁਹਾਰਤ ਹਾਸਲ ਸੀ। ਸ਼ਬਦ ਉਨ੍ਹਾਂ ਦੇ ਪੋਟਿਆਂ ’ਤੇ ਖੇਡਦੇ। ਲਿਖਣ ਵੇਲੇ ਕੋਈ ਔਖ ਨਾ ਹੁੰਦੀ। ਸੰਬੋਧਤ ਹੋਣ ਤੋਂ ਲੈ ਕੇ ਵਿਦਾ ਲੈਣ ਤਕ ਚਿੱਠੀ ਦੇ ਅੱਖਰਾਂ ’ਚੋਂ ਪਿਆਰ ਅਤੇ ਅਦਬ ਝਲਕਦਾ ਰਹਿੰਦਾ ਸੀ।
ਦੂਜੇ ਫਾਇਦੇ ਦੇ ਅਰਥ ਵੀ ਸਾਫ਼ ਤੇ ਸਪਸ਼ਟ ਹਨ। ਇਹ ਕਿਸੇ ਪ੍ਰੇਮੀ-ਪ੍ਰੇਮਿਕਾ ਜਾਂ ਸੱਜ ਵਿਆਹੀ ਮੁਟਿਆਰ ਵੱਲ ਇਸ਼ਾਰਾ ਕਰਦੇ ਹਨ। ਮੋਬਾਈਲ ਫੋਨਾਂ ਦੇ ਮੁਕਾਬਲੇ ਚਿੱਠੀਆਂ ਰਾਹੀਂ ਮਨ ਦੇ ਭਾਵ ਵਿਅਕਤ ਕਰਨੇ ਕਾਫ਼ੀ ਆਸਾਨ ਮਹਿਸੂਸ ਹੁੰਦੇ ਸਨ। ਮੁਹੱਬਤ ਦੇ ਖੁੱਲ੍ਹ ਕੇ ਇਜ਼ਹਾਰ ਕਰਨ ਨੂੰ ਵੀ ਸ਼ਬਦ ਆਪਣੇ-ਆਪ ’ਚ ਸਮੋਣਾ ਭਲੀ-ਭਾਂਤ ਜਾਣਦੇ ਸਨ।
ਤੀਜੇ ਫਾਇਦੇ ਬਾਰੇ ਜੇ ਇਹ ਕਹਿ ਲਿਆ ਜਾਵੇ ਕਿ ਸਾਂਭੀਆਂ ਹੋਈਆਂ ‘ਖਾਸ’ ਚਿੱਠੀਆਂ ਸਮਾਂ ਪਾ ਕੇ ਇਤਿਹਾਸਕ ਦਸਤਾਵੇਜ਼ ਬਣ ਜਾਂਦੀਆਂ ਸਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ‘ਇਤਿਹਾਸਕ ਦਸਤਾਵੇਜ਼ ਬਣਨ’ ਤੋਂ ਭਾਵ ਆਪਣੇ ਆਪ ’ਚ ਚਿੱਠੀਆਂ ਦਾ ਚਿਰ-ਸਥਾਈ ਦਸਤਾਵੇਜ਼ ਬਣਨ ਤੋਂ ਹੈ ਜਿਵੇਂ ਮਹਾਨ ਲੋਕਾਂ ਦੀਆਂ ਚਿੱਠੀਆਂ ਦੀਆਂ ਛਪੀਆਂ ਹੋਈਆਂ ਕਿਤਾਬਾਂ।
ਏਥੇ, ਚਿੱਠੀਆਂ ਸਬੰਧੀ ਇਕ ਹੋਰ ਰੋਚਕ ਤੱਥ ਯਾਦ ਆ ਰਿਹਾ ਹੈ। ਖਾਸ ਕਰ ਪੇਂਡੂ ਧਰਾਤਲ ’ਤੇ ਵਿਚਰਨ ਵਾਲੇ ਸਾਧਾਰਨ ਲੋਕਾਂ ਨੇ ਆਪਣੀ ਸਮਝ-ਸਮਰੱਥਾ ਮੂਜਬ ਚਿੱਠੀਆਂ ਦੀਆਂ ਨਿਸ਼ਾਨੀਆਂ ਮਿਥੀਆਂ ਹੁੰਦੀਆਂ ਸਨ (ਭਾਵ ਚਿੱਠੀ ਖੋਲ੍ਹਣ ਤੋਂ ਪਹਿਲਾਂ ਬਾਹਰੋਂ ਵੇਖ ਕੇ ਹੀ ਅਨੁਮਾਨ ਲਾ ਲਿਆ ਜਾਂਦਾ ਕਿ ਅੰਦਰ ਕਿਸ ਤਰ੍ਹਾਂ ਦਾ ਸੁਨੇਹਾ ਹੋਏਗਾ) ਜਿਵੇਂ, ਚਿੱਠੀ ਦੇ ਬਾਹਰ ਹਲਦੀ ਦਾ ਲਾਇਆ ਨਿਸ਼ਾਨ ਸ਼ੁਭ ਸੁਨੇਹੇ ਦਾ ਚਿੰਨ੍ਹ ਮੰਨਿਆ ਜਾਂਦਾ। ਮਤਲਬ ਜਾਂ ਤਾਂ ਕਿਸੇ ਰਿਸ਼ਤੇਦਾਰ ਦਾ ਧੀ-ਪੁੱਤ ਸਾਹੇ ਬੱਧਾ ਹੈ ਜਾਂ ਫਿਰ ਕਿਸੇ ਘਰ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੈ। ਏਵੇਂ ਹੀ ਪਾਟੀ
ਕੰਨੀਂ ਵਾਲੀ ਚਿੱਠੀ ਸ਼ੋਕ-ਸੁਨੇਹਾ ਲੈ ਕੇ ਆਉਂਦੀ। ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਦ ਪਾਟੀ ਕੰਨੀਂ ਵਾਲੀ ਚਿੱਠੀ ਵੇਖਣੀ, ਪੜ੍ਹਨ ਤੋਂ ਪਹਿਲਾਂ ਹੀ ਘਰ ਦੀਆਂ ਔਰਤਾਂ ਨੇ ਰੋਣਾ-ਪਿੱਟਣਾ ਸ਼ੁਰੂ ਕਰ ਦੇਣਾ (ਭਾਵੇਂ ਕੰਨੀਂ, ਡਾਕ ’ਚ ਚਿੱਠੀ ਰੁਲਣ-ਖੁਲਣ ਕਰਕੇ ਹੀ ਕਿਉਂ ਨਾ ਪਾਟੀ ਹੋਵੇ)। ਬਰਤਾਨਵੀ ਰਾਣੀ ਦੀ ਮੂਰਤ ਵਾਲੀ ਟਿਕਟ ਲੱਗੀ ਚਿੱਠੀ ਆਉਣੀ ਤਾਂ ਸਹਿ-ਸੁਭਾਅ ਮੂੰਹੋਂ ਨਿਕਲ ਜਾਣਾ, ‘‘ਆਹ ਤਾਂ ਭਾਈ ਵਲੈਤੋਂ ਆਈ ਲਗਦੀ ਐ।’’ ਭਾਵੇਂ ਇਹ ਸਭ ਕੁਝ ਅਗਿਆਨਤਾ ਨਾਲ ਜੁੜਿਆ ਹੋਇਆ ਸੀ ਪਰ ਫਿਰ ਵੀ ਚਿੱਠੀ ਲਿਖਣ ਵਾਲੇ ਵੱਲੋਂ ਅਜਿਹੀਆਂ ਨਿਸ਼ਾਨੀਆਂ ਦਾਗਣਾ ਜ਼ਰੂਰੀ ਸਮਝਿਆ ਤੇ ਪੜ੍ਹਨ ਵਾਲੇ ਵੱਲੋਂ ਵੀ ਇਨ੍ਹਾਂ ਨੂੰ ‘ਭਾਣਾ’ ਸਮਝ ਕੇ ਮੰਨਿਆ ਜਾਂਦਾ।
ਅੱਲ੍ਹੜ ਵਰੇਸ ਦੇ ਮੁੰਡੇ-ਕੁੜੀਆਂ ਵੱਲੋਂ ਡਾਕੀਏ ਕੋਲੋਂ ਆਪਣੀਆਂ ‘ਗੁਪਤ ਚਿੱਠੀਆਂ’ ਪ੍ਰਾਪਤ ਕਰਨ ਲਈ ਲੁਕਵੇਂ ਢੰਗ-ਤਰੀਕੇ ਅਪਣਾਏ ਜਾਂਦੇ। ਕੋਈ ਨਾ ਕੋਈ ਲਾਲਚ ਦੇ ਕੇ ਆਪਣੀਆਂ ਚਿੱਠੀਆਂ ‘ਤੀਜੇ ਬੰਦੇ’ ਸਾਹਵੇਂ ਨਸ਼ਰ ਨਾ ਕਰਨ ਦੀ ਹਦਾਇਤ ਵੀ ਉਹ ਡਾਕੀਏ ਨੂੰ ਕਰਦੇ ਰਹਿੰਦੇ। ਅਜਿਹੀਆਂ ਚਿੱਠੀਆਂ ਅਕਸਰ ਸੁੰਨੇ ਥਾਈਂ ਇਕਾਂਤ ’ਚ ਬਹਿ ਕੇ ਪੜ੍ਹੀਆਂ/ਲਿਖੀਆਂ ਜਾਂਦੀਆਂ।
ਅਨਪੜ੍ਹ ਜਾਂ ਘੱਟ-ਸਿੱਖਿਅਤ ਔਰਤਾਂ/ਮਰਦ ਕਿਸੇ ਪਾੜ੍ਹੇ ਨੂੰ ਵੰਗਾਰ ਕੇ ਚਿੱਠੀ ਲਿਖਵਾਉਂਦੇ। ਓਪਰੇ ਬੰਦੇ ਤੋਂ ਚਿੱਠੀ ਲਿਖਵਾਉਂਦਿਆਂ ਉਨ੍ਹਾਂ ਨੂੰ ਕਈ ‘ਨਿੱਜੀ ਗੱਲਾਂ’ ’ਤੇ ਪਰਦਾ ਵੀ ਰੱਖਣਾ ਪੈਂਦਾ। ਘਰ ਆਈ ਚਿੱਠੀ ਪੜ੍ਹਾਉਣ ਵੇਲੇ ਵੀ ਉਹ ਕਿਸੇ ਪੜ੍ਹਾਕੂ ਦਾ ਦਰ ਖੜਕਾਉਣ ਲਈ ਮਜਬੂਰ ਹੁੰਦੇ। ਅਜਿਹੀ ਸਥਿਤੀ ’ਚ ਘਰ ਦੇ ਕਈ ‘ਭੇਦ’ ਵੀ ਘਰ ਦੀਆਂ ਕੰਧਾਂ ਟੱਪ ਜਾਂਦੇ ਸਨ।
ਅੱਜ ਇਹ ਸਭ ਕੁਝ ਬੀਤੀ ਰਾਤ ਵਿੱਚ ਵੇਖੇ ਸੁਪਨੇ ਵਾਂਗ ਲੱਗ ਰਿਹਾ ਹੈ। ਹੁਣ ਤਾਂ ਚਿੱਠੀਆਂ ਦੀ ਵਰਤੋਂ ਸਿਰਫ਼ ਸਰਕਾਰੀ ਦਫ਼ਤਰਾਂ ਦੁਆਰਾ ਸੰਦੇਸ਼ ਆਦਾਨ-ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਜੇ ਮੈਂ ਗ਼ਲਤ ਨਾ ਹੋਵਾਂ ਤਾਂ ਬਹੁਤੇ ਸਰਕਾਰੀ ਅਦਾਰੇ ਵੀ ਹੁਣ ਕੰਪਿਊਟਰੀਕ੍ਰਿਤ ਹੋ ਚੁੱਕੇ ਹਨ, ਜਿੱਥੇ ‘ਈ-ਮੇਲ’ ਨੇ ਚਿੱਠੀਆਂ ਨੂੰ ਅਗਲੇ ਪਿੰਡ ਕਰ ਦਿੱਤਾ ਹੈ। ਅੱਜ ਚਿੱਠੀਆਂ ਦੀ ਵਰਤੋਂ ਜਿੱਥੇ ਕਿਤੇ ਵੀ ਬਚੀ ਹੈ, ਸਿਰਫ਼ ਨਾ-ਮਾਤਰ ਅਤੇ ਰਸਮੀ ਤੌਰ ’ਤੇ ਹੀ ਹੈ।
ਭਾਸ਼ਾ ਦੀ ਪੱਤ ਰੁਲਣੋਂ ਬਚਾਉਣ ਲਈ ਅੱਜ ਹਰ ਪੰਜਾਬੀ ਲਈ ਇਹ ਵਧੀਆ ਜ਼ਰੀਆ ਹੈ ਕਿ ਚਿੱਠੀਆਂ-ਖ਼ਤਾਂ ਬਹਾਨੇ ਸ਼ਾਬਦਿਕ-ਸੰਸਾਰ ਵਿੱਚ ਵਿਚਰਦੇ ਰਹੀਏ ਅਤੇ ਵਿਰਸੇ ਦੀ ਅਮੀਰੀ ਨੂੰ ਬਰਕਰਾਰ ਰੱਖੀਏ। ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਡੇ ਬੱਚਿਆਂ ਦੇ ਵੇਖਣ ਲਈ ਹੋਰਾਂ ਪੁਰਾਤਨ ਵਸਤੂਆਂ ਵਾਂਗ, ਚਿੱਠੀਆਂ ਨੂੰ ਵੀ ਅਜਾਇਬਘਰਾਂ ’ਚ ਰੱਖਣਾ ਪਏਗਾ।
-ਰਣਜੀਤ ਸਰਾਂਵਾਲੀ
* ਸੰਪਰਕ: 98143-78105