ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, August 8, 2012

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-1


ਮਹਾਰਾਜਾ ਰਣਜੀਤ ਸਿੰਘ ਦੇ ਵੱਡੇ-ਵਡੇਰਿਆਂ ਦੇ ਖਾਨਦਾਨ ਦੀ 14ਵੀਂ ਤੇ 15ਵੀਂ ਸਦੀ ਦੇ ਪੰਜਾਬ ਵੱਲ ਜੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸੰਨ 1470 ਈ ਵਿੱਚ ਵੜੈਚ ਗੋਤ ਦਾ ਇਕ ਜੱਟ ਅੰਮ੍ਰਿਤਸਰ ਤੋਂ ਚਾਰ-ਪੰਜ ਕੋਹ ਪੱਛਮ ਵੱਲ ਸਾਹਸੀ ਨਾਉਂ ਦੇ ਪਿੰਡ ਵਿੱਚ ਆਣ ਵੱਸਿਆ ਜਿਸ ਦਾ ਨਾਂ ਕਾਲੂ ਸੀ। ਇਹ ਪਿੰਡ ਡਾਕੂਆਂ ਤੇ ਲੁਟੇਰਿਆਂ ਦਾ ਗੜ੍ਹ ਸੀ। ਕਾਲੂ ਨੂੰ ਇਸ ਪਿੰਡ ਆਇਆਂ ਅਜੇ ਕੁਝ ਸਮਾਂ ਹੀ ਬੀਤਿਆ ਸੀ ਕਿ ਉਸ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਜਾਦੋਮਾਨ ਰੱਖਿਆ। ਕੁਝ  ਦੇਰ ਬਾਅਦ ਕਾਲੂ ਇਸ ਪਿੰਡ ਨੂੰ ਛੱਡ ਕੇ ਇਕ ਨੇੜਲੇ ਪਿੰਡ ਵਿੱਚ ਚਲਾ ਗਿਆ, ਜਿੱਥੇ 1488 ਵਿੱਚ ਉਸ ਦੀ ਮੌਤ ਹੋ ਗਈ। ਉਸ ਦਾ ਪੁੱਤਰ ਜਾਦੋਮਾਨ ਚੜ੍ਹਦੀ ਜਵਾਨੀ ਵਿੱਚ ਸੀ। ਉਹ ਬੜਾ ਬਹਾਦਰ ਅਤੇ ਮਾਰਖੋਰੇ ਸੁਭਾਅ ਦਾ ਸੀ, ਜਿਸ ਕਰਕੇ ਉਹ ਪ੍ਰਸਿੱਧ ਧਾੜਵੀ ਬਣ ਗਿਆ। 1515 ਈ. ਵਿੱਚ ਉਹ ਇਕ ਧਾੜਵੀ ਮੁਹਿੰਮ ਦੌਰਾਨ ਮਾਰਿਆ ਗਿਆ। ਅੱਗੋਂ ਜਾਦੋਮਾਨ ਦਾ ਇਕ ਹੀ ਪੁੱਤਰ ਸੀ, ਜਿਸ ਦਾ ਨਾਂ ਗਲੇਬ ਸੀ। ਇਹ ਵੀ ਆਪਣੇ ਪਿਤਾ ਦੇ ਪਦਚਿੰਨ੍ਹਾਂ ’ਤੇ ਚਲਦਾ ਹੋਇਆ ਧਾੜਵੀ ਵਜੋਂ ਇਕ ਚੰਗੀ ਪ੍ਰਸਿੱਧੀ ਪ੍ਰਾਪਤ ਕਰ ਗਿਆ।
ਸੰਨ 1549 ਈ. ਨੂੰ ਕਿਸੇ ਮੁਹਿੰਮ ਦੌਰਾਨ ਘੇਰਾ ਪੈ ਜਾਣ ਕਰਕੇ ਮੁੱਠਭੇੜ ਵਿੱਚ ਉਹ ਵੀ ਮਾਰਿਆ ਗਿਆ। ਗਲੇਬ ਦਾ ਪੁੱਤਰ ਕਿੱਡੋ ਸੀ। ਉਹ 1555 ਈ. ਵਿੱਚ ਇਸ ਪਿੰਡ ਨੂੰ ਛੱਡ ਕੇ ਸ਼ੁੱਕਰਚੱਕ (ਛੋਟਾ ਜਿਹਾ ਪਿੰਡ ਜੋ ਗੁੱਜਰਾਂ ਵਾਲੇ ਤੋਂ ਦੋ ਕੋਹ ਦੀ ਵਿੱਥ ’ਤੇ ਸੀ) ਚਲਾ ਗਿਆ। ਇਸੇ ਹੀ ਪਿੰਡ ਦੇ ਨਾਂ ’ਤੇ ਕਿੱਡੋ ਦੀ ਔਲਾਦ ਨੂੰ ਸ਼ੁੱਕਰਚੱਕੀਆਂ ਦੀ ਮਿਸਲ ਦੇ ਨਾਂ ਨਾਲ ਜੋੜ ਦਿੱਤਾ। ਕਿੱਡੋ ਧਾਰਮਿਕ ਅਤੇ ਨੇਕ ਵਿਅਕਤੀ ਸੀ, ਜਿਸ ਨੇ ਇਕ ਨੇਕ ਕਾਮੇ ਵਜੋਂ ਆਪਣਾ ਜੀਵਨ ਆਰੰਭ ਕੀਤਾ। ਉਹ ਆਪਣੀ ਕਿਰਤ ਕਮਾਈ ਵਿੱਚੋਂ ਗਰੀਬਾਂ ਦੀ ਵੀ ਮਦਦ ਕਰਦਾ ਸੀ। ਕਿੱਡੋ 1570 ਈ. ਵਿੱਚ ਆਪਣੇ ਦੋ ਪੁੱਤਰਾਂ ਰਾਜਦੇਵ ਤੇ ਪੇਮੂੰ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਿਆ। ਰਾਜਦੇਵ ਆਪਣੇ ਪਿਤਾ ਵਾਂਗ ਹੀ ਸ਼ਾਂਤਮਈ ਜੀਵਨ ਬਤੀਤ ਕਰਦਾ ਸੀ। ਸੰਨ 1620 ਈ. ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਤਿੰਨ ਪੁੱਤਰ ਨੀਲੂ, ਤੇਲੂ ਤੇ ਤਖ਼ਤ ਮੱਲ ਸਨ। ਨੀਲੂ ਤੇ ਤੇਲੂ ਤਾਂ ਛੋਟੀ ਉਮਰ ਵਿੱਚ ਹੀ ਚਲਾਣਾ ਕਰ ਗਏ, ਪਰ ਤਖ਼ਤ ਮੱਲ ਕਾਫੀ ਸਮੇਂ ਤੱਕ ਜੀਵਤ ਰਿਹਾ। ਉਸ ਨੇ ਆਪਣੇ ਕਾਰੋਬਾਰ ਨੂੰ ਖੂਬ ਵਧਾਇਆ ਅਤੇ ਵੱਡਾ ਸ਼ਾਹੂਕਾਰ ਬਣ ਗਿਆ। 1653 ਵਿੱਚ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ।
ਤਖ਼ਤ ਮੱਲ ਦੇ ਦੋ ਪੁੱਤਰ ਬੱਲੂ ਤੇ ਬਾਰਾ ਸਨ। ਬਾਰਾ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲਾ ਵਿਅਕਤੀ ਸੀ। ਉਸ ਨੇ 25 ਸਾਲ ਦੀ ਭਰ ਜੋਬਨ ਅਵਸਥਾ ਵਿੱਚ ਸਿੱਖੀ ਧਾਰਨ ਕਰਕੇ ਧਰਮ ਨੂੰ ਫੈਲਾਉਣ ਦਾ ਇਰਾਦਾ ਕੀਤਾ, ਪਰ ਕਿਸੇ ਵਿਸ਼ੇਸ਼ ਅੜਿਚਨ ਤੇ ਇਕ ਦੁਰਘਟਨਾ ਕਾਰਨ ਉਹ ਸਿੱਖ ਧਰਮ ਧਾਰਨ ਕਰਨ ਲਈ ਅੰਮ੍ਰਿਤਸਰ ਨਾ ਜਾ ਸਕਿਆ। ਬਾਰਾ ਕੋਲ ਪੈਸੇ ਦੀ ਭਰਮਾਰ ਸੀ, ਜਿਸ ਨਾਲ ਉਸ ਨੇ ਸ਼ੁੱਕਰਚੱਕ ਪਿੰਡ ਦੀ ਦੋ ਤਿਹਾਈ ਜ਼ਮੀਨ ਦੀ ਮਾਲਕੀ ਪ੍ਰਾਪਤ ਕਰ ਲਈ ਸੀ। ਸੰਨ 1679 ਵਿੱਚ ਉਸ ਦੀ ਮੌਤ ਹੋ ਗਈ। ਉਸ ਦਾ ਇਕ ਪੁੱਤਰ ਸੀ, ਜਿਸ ਦਾ ਨਾਂ ਬੁੱਧਾ ਸੀ। ਬੁੱਧੇ ਦੀ ਉਮਰ ਪਿਤਾ ਦੀ ਮੌਤ ਸਮੇਂ ਕੇਵਲ 9 ਸਾਲ ਦੀ ਸੀ। ਜਦੋਂ ਬਾਰਾ ਮਰਨ ਬਿਸਤਰ ’ਤੇ ਪਿਆ ਸੀ, ਉਸ ਨੇ ਬੁੱਧੇ ਨੂੰ ਬੁਲਾ ਕੇ ਨਸੀਹਤ ਕੀਤੀ, ‘‘ਪੁੱਤਰ ਬੁੱਧਿਆ, ਮੈਂ ਅੰਮ੍ਰਿਤਸਰ ਜਾ ਕੇ ਗੁਰੂਘਰ ਤੋਂ ਸਿੱਖੀ ਦੀ ਦਾਤ ਪ੍ਰਾਪਤ ਕਰਨਾ ਚਾਹੁੰਦਾ ਸੀ, ਪਰ ਮੰਦੇਭਾਗ ਮੇਰੇ ਕਿ ਮੈਂ ਅਭਾਗਾ ਰਹਿ ਗਿਆ। ਹੁਣ ਮੈਂ ਤੈਨੂੰ ਨਸੀਹਤ ਕਰਦਾ ਹਾਂ ਕਿ ਤੂੰ ਅੰਮ੍ਰਿਤਸਰ ਪੁੱਜ ਕੇ ਗੁਰੂਘਰ ਦੀ ਸਿੱਖੀ ਪ੍ਰਾਪਤ ਕਰੀਂ ਤੇ ਪੂਰਨ ਗੁਰਸਿੱਖ ਬਣ ਜਾਵੀਂ। ਇਹ ਮੇਰੀ ਦਿਲੀ ਇੱਛਾ ਹੈ।’’ ਬੁੱਧਾ ਨੇ ਪਿਤਾ ਦੀ ਆਖਰੀ ਇੱਛਾ ਨੂੰ ਖਿੜੇ ਮੱਥੇ ਸਵੀਕਾਰ ਕੀਤਾ। ਪਿਤਾ ਦੀ ਮੌਤ ਪਿੱਛੋਂ ਉਹ ਨੇ 1692 ਈ. ਨੂੰ ਆਪਣੇ ਕੁਝ ਸਾਥੀਆਂ ਸਮੇਤ ਅੰਮ੍ਰਿਤਸਰ ਜਾ ਕੇ ਗੁਰੂ ਘਰੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਹ ਵੀ ਅੰਮ੍ਰਿਤ ਪਾਨ ਕਰਕੇ ਬੁੱਧਾ ਤੋਂ ਬੁੱਧ ਸਿੰਘ ਬਣ ਗਿਆ। ਬੁੱਧ ਸਿੰਘ ਜਿੱਥੇ ਦਲੇਰ ਤੇ ਬਹਾਦਰ ਸੀ, ਉਥੇ ਅਮਨ ਪਸੰਦ ਨਹੀਂ ਸੀ। ਉਸ ਨੇ ਵੀ ਦਾਦੇ-ਪੜਦਾਦੇ ਵਾਲੀ ਲੀਹ ’ਤੇ ਚਲਦਿਆਂ ਸਿੱਖਾਂ ਦੇ ਜਥਿਆਂ ਨਾਲ ਮਿਲ ਕੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਦੂਰ-ਦੂਰ ਤੱਕ ਧਾੜਵੀ ਬੁੱਧ ਸਿੰਘ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਕ ਮੁਹਿੰਮ ਦੌਰਾਨ 1716 ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਪਤਨੀ ਇਹ ਸਦਮਾ ਸਹਿ ਨਾ ਸਕੀ, ਜਦੋਂ ਸਸਕਾਰ ਕਰਨ ਲਈ ਲਿਜਾਣ ਲੱਗੇ ਤਾਂ ਕੋਲ ਪਈ ਤਲਵਾਰ ਦੀ ਤਿੱਖੀ ਨੋਕ ਉਸ ਨੇ ਆਪਣੇ ਦਿਲ ਵਿੱਚ ਖੋਭ ਕੇ ਉਹ ਵੀ ਚੱਲ ਵਸੀ। ਇਸ ਤਰ੍ਹਾਂ ਦੋਵਾਂ ਦਾ ਸਸਕਾਰ ਇਕੋ ਚਿਖਾ ਵਿੱਚ ਕੀਤਾ ਗਿਆ। ਬੁੱਧ ਸਿੰਘ ਦੇ ਦੋ ਪੁੱਤਰ ਨੌਧ ਸਿੰਘ ਤੇ ਚੰਦਾ ਸਿੰਘ ਸਨ। ਨੌਧ ਸਿੰਘ ਆਪਣੇ ਵੱਡੇ ਕਾਰਨਾਮਿਆਂ ਕਰਕੇ ਰਾਵਲਪਿੰਡੀ ਤੋਂ ਸਤਲੁਜ ਤੱਕ ਪ੍ਰਸਿੱਧ ਹੋ ਗਿਆ। ਉਸ ਦੀ ਸ਼ਾਦੀ ਪਿੰਡ ਮਜੀਠਾ, ਗਿੱਲ ਗੋਤ ਦੇ ਜੱਟ ਗੁਲਾਬ ਸਿੰਘ ਦੀ ਪੁੱਤਰੀ ਨਾਲ 1730 ਵਿੱਚ ਹੋਈ। ਗੁਲਾਬ ਸਿੰਘ ਤੇ ਉਸ ਦਾ ਵੱਡਾ ਭਰਾ ਦੋਵੇਂ ਧਾੜਵੀ ਬਣ ਗਏ ਅਤੇ ਕੁਝ ਸਮੇਂ ਵਿੱਚ ਹੀ ਅਮੀਰ ਹੋ ਗਏ। ਲੋਕ ਉਨ੍ਹਾਂ ਨੂੰ ਮਜੀਠੇ ਦਾ ਮੁਖੀ ਮੰਨਣ ਲੱਗ ਪਏ। ਕੁਝ ਸਮੇਂ ਪਿੱਛੋਂ ਨੌਧ ਸਿੰਘ ਨਵਾਬ ਕਪੂਰ ਸਿੰਘ ਦੀ ਮਿਸਲ ਫੈਜਲਪੁਰੀਆ ਵਿੱਚ ਚਲਾ ਗਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ ਪਹਿਲੀ ਵਾਰ ਹਮਲਾ ਕੀਤਾ ਤਾਂ ਉਸ ਦੀ ਫੌਜ ਕੋਲੋਂ ਧਨ ਖੋਹ ਲਿਆ ਗਿਆ। ਇਸ ਉਪਰੰਤ ਉਹ ਸ਼ੁੱਕਰਚੱਕ ਦਾ ਮੁਖੀ ਬਣ ਕੇ ਉਭਰਿਆ। 1747 ਵਿੱਚ ਨੌਧ ਸਿੰਘ ਅਫ਼ਗਾਨਾਂ ਨਾਲ ਹੋਈ ਮੁੱਠਭੇੜ ਦੌਰਾਨ ਸਿਰ ਵਿੱਚ ਗੰਭੀਰ ਸੱਟ ਕਾਰਨ ਆਪਣੀ ਸੂਝ-ਬੂਝ ਗਵਾ ਬੈਠਾ ਤੇ ਸਰੀਰਕ ਤੌਰ ’ਤੇ ਨਕਾਰਾ ਹੋ ਗਿਆ। 1752 ਈ. ਵਿੱਚ ਉਸ ਦੀ ਮੌਤ ਹੋ ਗਈ। ਨੌਧ ਸਿੰਘ ਦੇ ਚਾਰ ਪੁੱਤਰ ਸਨ। ਚੜ੍ਹਤ ਸਿੰਘ, ਦਲ ਸਿੰਘ, ਚੇਤ ਸਿੰਘ ਅਤੇ ਮੰਗੀ ਸਿੰਘ। ਮੰਗੀ ਸਿੰਘ ਸਿੱਖ ਧਰਮ ਦਾ ਪ੍ਰਚਾਰਕ ਬਣ ਗਿਆ ਅਤੇ ਭਾਈ ਸਾਹਿਬ ਕਰਕੇ ਜਾਣਿਆ ਜਾਣ ਲੱਗਾ। ਚੜ੍ਹਤ ਸਿੰਘ ਆਪਣੇ ਦੂਜੇ ਭਰਾਵਾਂ ਨੂੰ ਨਾਲ ਲੈ ਕੇ ਆਪਣੀ ਸ਼ਕਤੀ ਵਧਾਉਣ ਵਿੱਚ ਰੁੱਝ ਗਿਆ। ਚੜ੍ਹਤ ਸਿੰਘ ਦੀ ਸ਼ਕਤੀ ਤੋਂ ਮੁਤਾਸਰ ਹੋ ਕੇ ਗੁੱਜਰਾਂਵਾਲੇ ਦੇ ਰਈਸ ਸਰਦਾਰ ਗੁਰਬਖਸ਼ ਸਿੰਘ ਨੇ ਆਪਣੀ ਬੇਟੀ ਦੀ ਸ਼ਾਦੀ ਚੜ੍ਹਤ ਸਿੰਘ ਨਾਲ ਕਰ ਦਿੱਤੀ। ਉਨ੍ਹਾਂ ਦਿਨਾਂ ਵਿੱਚ ਮੁਗ਼ਲ ਫੌਜਦਾਰ ਐਮਨਾਬਾਦ ਵਿੱਚ ਰਹਿੰਦਾ ਸੀ, ਜੋ ਹਿੰਦੂਆਂ ਨੂੰ ਬਹੁਤ ਤੰਗ ਕਰਦਾ ਸੀ। ਚੜ੍ਹਤ ਸਿੰਘ ਨੇ ਸੰਨ 1761 ਵਿੱਚ 150 ਘੋੜ ਸਵਾਰਾਂ ਸਮੇਤ ਉਸ ’ਤੇ ਹਮਲਾ ਕਰ ਦਿੱਤਾ। ਕੁਝ ਸਮੇਂ ਦੀ ਲੜਾਈ ਪਿੱਛੋਂ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ। ਇਥੋਂ ਬਹੁਤ ਸਾਰਾ ਧਨ ਲੈ ਕੇ ਪਰਤਿਆ। ਲਾਹੌਰ ਦਾ ਹਾਕਮ ਉਬੇਦ ਖਾਂ ਚੜ੍ਹਤ ਸਿੰਘ ਦੀ ਸ਼ਕਤੀ ਦੇਖ ਕੇ ਖਾਰ ਖਾਂਦਾ ਸੀ। ਚੜ੍ਹਤ ਸਿੰਘ ਦੀ ਵਧਦੀ ਤਾਕਤ ਤੋਂ ਭੰਗੀ ਸਰਦਾਰਾਂ ਨੂੰ ਵੀ ਬਹੁਤ ਚਿੜ ਹੋ ਗਈ। 1774 ਈ. ਵਿੱਚ ਚੜ੍ਹਤ ਸਿੰਘ ਦੀ ਮੌਤ ਹੋ ਗਈ। ਉਸ ਵੇਲੇ ਚੜ੍ਹਤ ਸਿੰਘ ਦਾ ਪੁੱਤਰ ਮਹਾਂ ਸਿੰਘ 12 ਸਾਲ ਦਾ ਸੀ। ਇਸ ਲਈ ਉਸ ਦੀ ਮਾਂ ਦੇਸਾਂ ਸਰਪ੍ਰਸਤ ਬਣੀ। ਉਹ ਬੜੀ ਦ੍ਰਿੜ੍ਹ ਇਰਾਦੇ ਅਤੇ ਬੁਲੰਦ ਹੌਸਲੇ ਵਾਲੀ ਔਰਤ ਸੀ। ਉਸ ਨੇ ਬੜੀ ਸਿਆਣਪ ਤੇ ਸੂਝ-ਬੂਝ ਨਾਲ ਸ਼ੁੱਕਰਚੱਕੀਆ ਮਿਸਲ ਦਾ ਪ੍ਰਬੰਧ ਕੀਤਾ ਅਤੇ ਗੁੱਜਰਾਂਵਾਲੇ ਦੇ ਕਿਲੇ ਨੂੰ ਦੁਬਾਰਾ ਬਣਾਇਆ। ਮਹਾਂ ਸਿੰਘ ਦੀ ਉਮਰ 16 ਸਾਲ ਹੀ ਸੀ ਕਿ ਰਿਆਸਤ ਜੀਂਦ ਦੇ ਰਾਜਾ ਗਜਪਤ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਉਸ ਦਾ ਵਿਆਹ ਹੋ ਗਿਆ। 1780 ਈ. ਨੂੰ ਮਹਾਂ ਸਿੰਘ ਨੇ ਆਪਣੀ ਮਿਸਲ ਦੀ ਵਾਗਡੋਰ ਸੰਭਾਲ ਲਈ। 1780 ਈ. ਨੂੰ ਰਾਜ ਕੌਰ ਦੀ ਕੁੱਖੋਂ ਰਣਜੀਤ ਸਿੰਘ ਨੇ ਜਨਮ ਲਿਆ।
ਦਰਿਆ ਚਨਾਬ ਦੇ ਪੂਰਬੀ ਕੰਢੇ ਉਤੇ ਰਸੂਲ ਨਗਰ ਆਬਾਦ ਸੀ, ਜਿਸ ਉਤੇ ਚੱਠੇ ਕਾਬਜ਼ ਸਨ। ਚੱਠਿਆਂ ਦਾ ਸਰਦਾਰ ਪੀਰ ਮੁਹੰਮਦ ਹਿੰਦੂਆਂ ਨੂੰ ਬਹੁਤ ਤੰਗ-ਪ੍ਰੇਸ਼ਾਨ ਕਰਦਾ ਸੀ। ਮਹਾਂ ਸਿੰਘ ਨੇ ਜੈ ਸਿੰਘ ਘਨ੍ਹੱਈਆ ਨੂੰ ਨਾਲ ਲੈ ਕੇ ਰਸੂਲ ਨਗਰ ’ਤੇ ਚੜ੍ਹਾਈ ਕਰ ਦਿੱਤੀ। ਚਾਰ ਮਹੀਨੇ ਘੇਰਾ ਪਾਈ ਰੱਖਿਆ ਤੇ ਰਾਸ਼ਨ-ਪਾਣੀ ਬੰਦ ਕਰ ਦਿੱਤਾ। ਭੁੱਖ ਦੇ ਕਾਰਨ ਪੀਰ ਮੁਹੰਮਦ ਨੇ ਹਾਰ ਮੰਨ ਕੇ ਆਪਣੇ-ਆਪ ਨੂੰ ਖਾਲਸਾ ਫੌਜ ਦੇ ਹਵਾਲੇ ਕਰ ਦਿੱਤਾ ਤੇ ਰਸੂਲ ਨਗਰ ਉਤੇ ਮਹਾਂ ਸਿੰਘ ਦਾ ਕਬਜ਼ਾ ਹੋ ਗਿਆ। ਮਹਾਂ ਸਿੰਘ ਨੇ ਇਸ ਦਾ ਨਾਂ ਬਦਲ ਕੇ ਰਾਮ ਨਗਰ ਰੱਖਿਆ ਤੇ ਆਪਣੇ ਇਕ ਸਾਥੀ ਦਲ ਸਿੰਘ ਨੂੰ ਇਸ ਨਗਰ ਦਾ ਗਵਰਨਰ ਨਿਯੁਕਤ ਕੀਤਾ। ਅਲੀਪੁਰ ’ਤੇ ਕਬਜ਼ਾ ਕਰਕੇ ਉਸ ਦਾ ਨਾਂ ਅਕਾਲਗੜ੍ਹ ਰੱਖਿਆ। ਜੰਮੂ ਦੇ ਹਾਕਮ ਨੂੰ ਸਬਕ ਸਿਖਾਉਣ ਨਾਲ ਮਹਾਂ ਸਿੰਘ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। ਗੁੱਜਰਾਂਵਾਲਾ ਵਿਖੇ 1792 ਈ. ਨੂੰ ਮਹਾਂ ਸਿੰਘ ਅਕਾਲ ਚਲਾਣਾ ਕਰ ਗਿਆ। ਉਸ ਸਮੇਂ ਰਣਜੀਤ ਸਿੰਘ ਦੀ ਉਮਰ 12 ਸਾਲ ਦੀ ਸੀ। ਮਹਾਰਾਜਾ ਰਣਜੀਤ ਸਿੰਘ ਪਹਿਲਾ ਤੇ ਆਖਰੀ ਮਹਾਰਾਜਾ ਸੀ, ਜਿਸ ਨੇ ਪੰਜਾਬ ਵਿੱਚ ਸੁਤੰਤਰ ਪੰਜਾਬੀ ਰਾਜ ਕਾਇਮ ਕਰਕੇ ਸੰਸਾਰ ਦੇ ਇਤਿਹਾਸ ਵਿੱਚ ਪੰਜਾਬੀਆਂ ਦੀ ਵਡਿਆਈ ਦਾ ਸਿੱਕਾ ਜਮਾਇਆ। 800 ਸਾਲ ਤੋਂ ਪਈ ਗ਼ੁਲਾਮੀ ਦੀ ਪੰਡ ਨੂੰ ਪੰਜਾਬੀਆਂ ਦੇ ਸਿਰੋਂ ਲਾਹੁਣਾ ਉਸ ਦਾ ਮੁੱਢਲਾ ਕੰਮ ਸੀ। ਸਦੀਆਂਬੱਧੀ ਗੌਰੀ, ਖਿਲਜੀ, ਤੁਗ਼ਲਕ, ਪਠਾਣ ਤੇ ਮੁਗ਼ਲਾਂ ਨੇ ਵਾਰੋ-ਵਾਰੀ ਇਥੇ ਰਾਜ ਕੀਤਾ ਸੀ। ਸਦੀਆਂ ਤੋਂ ਚਲੀ ਆ ਰਹੀ ਇਸ ਮਾੜੀ ਅਵਸਥਾ ਨੂੰ ਬਦਲਣ ਲਈ ਗੁਰੂ ਗੋਬਿੰਦ ਸਿੰਘ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਨੂੰ ‘ਸਿੰਘ’ ਸਜਾ ਕੇ ਇਕ ਇਨਕਲਾਬੀ ਤਹਿਰੀਕ ਦੀ ਨੀਂਹ ਰੱਖੀ ਸੀ। ਠੀਕ 100 ਵਰ੍ਹੇ ਬਾਅਦ 1799 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ’ਤੇ ਖਾਲਸੇ ਦਾ ਝੰਡਾ ਝੁਲਾਇਆ ਤੇ ਸਾਂਝੇ ਪੰਜਾਬੀ ਰਾਜ ਦੀ ਨੀਂਹ ਰੱਖੀ। ਕੁਝ ਸਾਲਾਂ ਵਿੱਚ ਹੀ ਮੁਲਤਾਨ, ਪਿਸ਼ਾਵਰ, ਕਸ਼ਮੀਰ ਤੇ ਤਿੱਬਤ ਦੀਆਂ ਸਰਹੱਦਾਂ ਇਸ ਖਾਲਸਈ ਝੰਡੇ ਹੇਠ ਆ ਗਈਆਂ। ਸ਼ੇਰ-ਏ-ਪੰਜਾਬ ਦੇ ਹਰਮਨ ਪਿਆਰੇ ਹੋਣ ਦਾ ਕਾਰਨ ਇਹੀ ਸੀ ਕਿ ਉਹ ਬਿਨਾਂ ਕਿਸੇ ਮਜ਼੍ਹਬੀ ਭਿੰਨ-ਭੇਦ ਦੇ ਹਿੰਦੂ, ਮੁਸਲਮਾਨਾਂ ਨੂੰ ਓਨਾ ਹੀ ਪਿਆਰ ਕਰਦਾ ਸੀ, ਜਿੰਨਾ ਕਿ ਸਿੱਖਾਂ ਨੂੰ। ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਤ ਕੀਤੇ ਸਿੱਖ ਰਾਜ ਵਿੱਚ ਫ਼ਕੀਰ ਅਜੀਜ਼-ਉਦ-ਦੀਨ ਵਿਦੇਸ਼ ਅਤੇ ਗ੍ਰਹਿ ਮੰਤਰੀ ਸਨ। ਮੀਉਂ-ਗੋਸੁਖਾਨ ਤੇ ਸੁਲਤਾਨ ਮੁਹੰਮਦ ਖਾਂ ਦੋਵੇਂ ਪਿਉ-ਪੁੱਤ ਮਹਾਰਾਜੇ ਦੇ ਤੋਸ਼ੇਖਾਨੇ ਦੇ ਇੰਚਾਰਜ ਸਨ। ਇਲਾਹੀ ਬਖਸ਼, ਦੀਵਾਨ ਮੋਹਕਮ ਚੰਦ ਅਤੇ ਮਿਸ਼ਰ ਦੀਵਾਨ ਚੰਦ ਮੰਨੇ ਹੋਏ ਦੀਵਾਨ ਸਨ। ਦੀਵਾਨ ਸਾਵਣ ਮੱਲ ਸੂਬਾ ਮੁਲਤਾਨ ਦਾ ਹਾਕਮ ਤੇ ਦੀਵਾਨ ਮੋਤੀ ਰਾਮ ਕਸ਼ਮੀਰ ਦਾ ਹਾਕਮ ਰਿਹਾ। ਰਾਜਾ ਦੀਨਾ ਨਾਥ, ਦੀਵਾਨ ਗੰਗਾ ਰਾਮ, ਭਿਵਾਨੀ ਦਾਸ ਅਤੇ ਮਿਸ਼ਰ ਬੇਲੀਰਾਮ ਆਦਿ ਸਰਕਾਰੀ ਖਜ਼ਾਨੇ ਨੂੰ ਸੰਭਾਲਣ ਦੇ ਜ਼ਿੰਮੇਵਾਰ ਸਨ। ਡੋਗਰਾ ਧਿਆਨ ਸਿੰਘ ਵਜ਼ੀਰੇ ਆਜ਼ਮ ਸੀ।
ਪਿੰਡਾਂ ਵਿੱਚ ਪੰਚਾਇਤਾਂ ਆਪਣਾ ਪ੍ਰਬੰਧ ਆਪ ਚਲਾਉਂਦੀਆਂ ਸਨ। ਮਹਾਰਾਜੇ ਦਾ ਸਰਕਾਰੀ ਕਰਮਚਾਰੀਆਂ ਨੂੰ ਹੁਕਮ ਸੀ ਕਿ ਉਹ ਪਿੰਡਾਂ ਦੇ ਚੌਧਰੀਆਂ ਤੇ ਪੰਚਾਂ ਦੀ ਸਲਾਹ ਨਾਲ ਲਗਾਨ ਲਗਾਇਆ ਕਰਨ। ਰਾਜ ਦਾ ਨਾਂ ਸਰਕਾਰ ਖਾਲਸਾ ਤੇ ਸ਼ਾਹੀ ਦਰਬਾਰ ਦਾ ਨਾਂ ਦਰਬਾਰ ਖਾਲਸਾ ਸੱਦਿਆ ਜਾਂਦਾ ਸੀ। ਨਾਨਕਸ਼ਾਹੀ ਸਿੱਕਾ ਚਲਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮੋਹਰ ਵਿੱਚ ‘ਅਕਾਲ ਸਹਾਏ’ ਲਿਖਿਆ ਹੋਇਆ ਸੀ। ਸਿੱਖ ਉਨ੍ਹਾਂ ਨੂੰ ਸਿੰਘ ਸਾਹਿਬ ਕਹਿ ਕੇ ਪੁਕਾਰਦੇ ਸਨ। ਮਹਾਰਾਜੇ ਦੀਆਂ 21 ਰਾਣੀਆਂ ਅਤੇ 7 ਪੁੱਤਰ ਸਨ। ਇਨ੍ਹਾਂ ਰਾਣੀਆਂ ਵਿੱਚੋਂ ਮਹਿਤਾਬ ਕੌਰ ਦੀ ਕੁੱਖੋਂ ਸ਼ੇਰ ਸਿੰਘ  ਅਤੇ ਤਾਰਾ ਸਿੰਘ, ਰਾਜ ਕੌਰ ਦੀ ਕੁੱਖੋਂ ਖੜਕ ਸਿੰਘ, ਦਇਆ ਕੌਰ ਦੀ ਕੁੱਖੋਂ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਅਤੇ ਰਤਨ ਕੌਰ ਦੀ ਕੁੱਖੋਂ ਮੁਲਤਾਨਾ ਸਿੰਘ ਨੇ ਜਨਮ ਲਿਆ। 1837 ਈ. ਵਿੱਚ ਵਿਆਹੀ ਰਾਣੀ ਜਿੰਦਾਂ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਨੇ ਜਨਮ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਿੱਖ ਜਰਨੈਲਾਂ ਤੋਂ ਬਿਨਾਂ ਫਰਾਂਸੀਸੀ ਜਰਨੈਲ ਵੀ ਸਨ। ਮਹਾਰਾਜਾ ਨੇ 19 ਸਾਲ ਦੀ ਉਮਰ ਵਿੱਚ 1799 ਈ. ਵਿੱਚ ਭੰਗੀ ਸਰਦਾਰਾਂ ਤੋਂ ਲਾਹੌਰ ਖੋਹ ਲਿਆ ਤੇ 1839 ਈ. ਤੱਕ ਪੂਰੇ 40 ਸਾਲ ਪੰਜਾਬ ਵਿੱਚ ਇਕ ਬੇਮਿਸਾਲ ਪੰਜਾਬੀ ਰਾਜ ਕਾਇਮ ਕਰਕੇ ਅੰਤ 27 ਜੂਨ, 1839 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਵਡਿਆਈ ਅਤੇ ਕਾਰਨਾਮਿਆਂ ਨੂੰ ਪੰਜਾਬੀ ਲੋਕ ਹਮੇਸ਼ਾ ਯਾਦ ਕਰਦੇ ਰਹਿਣਗੇ।
(ਚਲਦਾ)
ਦਿਲਬਾਗ ਸਿੰਘ ਗਿੱਲ

ਸੰਪਰਕ: 99154-83005




Post Comment


ਗੁਰਸ਼ਾਮ ਸਿੰਘ ਚੀਮਾਂ