ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, August 20, 2012

ਕੀ ਵਿਖਾ ਰਹੇ ਹਨ ਸਾਡੇ ਅਜੋਕੇ ਟੀ. ਵੀ. ਚੈਨਲ?


ਭਾਰਤੀ ਸਮਾਜ ਵਿਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਕੁਝ ਬਦਲਿਆ ਹੈ। ਅਜੇ ਕੁਝ ਸਾਲਾਂ ਦੀ ਹੀ ਤਾਂ ਗੱਲ ਹੈ, ਜਦੋਂ ਸ਼ੁੱਧ ਭਾਰਤੀ ਟੀ. ਵੀ. ਚੈਨਲ ਅਰਥਾਤ ਡੀ. ਡੀ. ਨੈਸ਼ਨਲ 'ਤੇ ਮਨੋਰੰਜਨ ਲੜੀਵਾਰਾਂ ਵਿਚ ਸਿਰਫ਼ 'ਹਮਲੋਗ' ਦਾ ਹਫਤੇ ਵਿਚ ਇਕ ਦਿਨ ਪ੍ਰਸਾਰਨ ਹੁੰਦਾ ਸੀ ਪਰ ਨੱਬੇ ਦੇ ਦਹਾਕੇ ਵਿਚ ਨਿੱਜੀ ਟੀ. ਵੀ. ਚੈਨਲਾਂ ਦਾ ਆਗਾਜ਼ ਹੋਇਆ। ਨਵੇਂ ਚੈਨਲਾਂ ਦੀ ਨਵੀਂ ਮਨੋਰੰਜਨ ਪਰਿਭਾਸ਼ਾ ਤੇ ਵੰਨ-ਸੁਵੰਨਤਾ ਨੇ ਦਰਸ਼ਕ ਵਰਗ ਨੂੰ ਕੀਲਣ ਵਿਚ ਦੇਰ ਨਾ ਲਗਾਈ। ਅੱਜ ਟੈਲੀਵਿਜ਼ਨ ਨੈੱਟਵਰਕ ਦੀ ਦੁਨੀਆ ਵਿਚ ਭਾਰਤ ਇਕ ਵੱਡਾ ਬਾਜ਼ਾਰ ਬਣ ਚੁੱਕਾ ਹੈ।

ਬਹੁ-ਭਾਸ਼ਾਈ ਤੇ ਬਹੁਰੰਗੇ ਸੱਭਿਆਚਾਰ ਵਾਲੇ ਦੇਸ਼ ਭਾਰਤ ਵਿਚ ਇਸ ਸਮੇਂ ਟੀ. ਵੀ. ਚੈਨਲਾਂ ਵੱਲੋਂ ਆਪਸੀ ਮੁਕਾਬਲੇਬਾਜ਼ੀ ਤੇ ਸਿਰਫ਼ ਆਪਣੀ ਟੀ. ਆਰ. ਪੀ. ਵਧਾਉਣ ਲਈ ਟੀ. ਵੀ. ਚੈਨਲਾਂ 'ਤੇ ਕੀ ਵਿਖਾਇਆ ਜਾ ਰਿਹਾ ਹੈ, ਇਸ ਤੋਂ ਸਭ ਭਲੀ-ਭਾਂਤ ਜਾਣੂ ਹਨ। ਕੋਈ 'ਹਾਰਰ ਸ਼ੋਅ' ਦੇ ਨਾਂਅ 'ਤੇ ਨੰਗੇਜ਼ ਪਰੋਸ ਰਿਹਾ ਹੈ ਤੇ ਕਿਧਰੇ ਕਾਮੇਡੀ ਸਰਕਸ ਵਿਚ ਦੋ ਅਰਥੀ ਬੋਲਾਂ ਰਾਹੀਂ ਦਰਸ਼ਕਾਂ ਨੂੰ ਹਸਾਉਣ ਦੀਆ ਕੋਸ਼ਿਸ਼ਾਂ ਜਾਰੀ ਹਨ। ਬੇ-ਵਾਚ ਵਰਗੇ ਪੱਛਮੀ ਪੁੱਠ ਵਾਲੇ ਅੰਗਰੇਜ਼ੀ ਲੜੀਵਾਰਾਂ ਦਾ ਵੀ ਭਾਰਤ ਵਿਚ ਪ੍ਰਸਾਰਨ ਹੋਣਾ ਤੇ ਇਸ ਦਾ ਸਫ਼ਲ ਹੋਣਾ ਭਾਰਤੀਆਂ ਦੇ ਪੱਛਮ ਵੱਲ ਖਿੱਚੇ ਜਾਣ ਦੀ ਮਿਸਾਲ ਹੈ। 'ਰਾਜ਼ ਪਿਛਲੇ ਜਨਮ ਕਾ' ਵਰਗੇ ਪ੍ਰੋਗਰਾਮ ਦਾ ਟੈਲੀਕਾਸਟ ਹੋਣਾ ਕੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ।

ਵੇਖਿਆ ਜਾਵੇ ਤਾਂ ਖ਼ਬਰਾਂ ਵਾਲੇ ਚੈਨਲਾਂ ਦੀ ਥੋੜ੍ਹੇ ਸਮੇਂ ਵਿਚ ਵੱਡੀ ਗਿਣਤੀ ਬਣ ਚੁੱਕੀ ਹੈ। ਇਕਪਾਸੜ ਕਵਰੇਜ ਦੇਣ ਵਾਲੇ ਤੇ ਕਈ ਸਰਕਾਰਾਂ ਬਣਾਉਣ ਵਾਲੇ ਚੈਨਲ ਸਰਕਾਰਾਂ ਦੇ ਫ਼ੇਲ੍ਹ ਹੁੰਦਿਆਂ ਹੀ ਅਲੋਪ ਹੋ ਗਏ। 'ਰਾਜਨੀਤੀ' ਨੂੰ ਸਮਝਣ ਤੇ ਸਮਝਾਉਣ ਤੋਂ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਵਾਲੀ ਪ੍ਰਕਿਰਿਆ ਨੇ 'ਪੇਡ ਨਿਊਜ਼' ਵਰਗੀਆਂ ਖ਼ਬਰਾਂ ਨੂੰ ਜਨਮ ਦਿੱਤਾ ਹੈ। ਚੈਨਲਾਂ ਵਿਚ ਟੀ. ਆਰ. ਪੀ. ਦੀ ਭੁੱਖ ਨੇ ਸਟਿੰਗ ਆਪ੍ਰੇਸ਼ਨਾਂ ਨੂੰ ਹੋਂਦ ਵਿਚ ਲਿਆਂਦਾ। ਬਹੁਕੌਮੀ ਕੰਪਨੀਆਂ ਵਿਚ ਮਜ਼ਦੂਰ ਹੜਤਾਲਾਂ ਦੀਆਂ ਖ਼ਬਰਾਂ ਨੂੰ ਬ੍ਰੇਕਿੰਗ ਨਿਊਜ਼ ਤਾਂ ਬਣਾਇਆ ਜਾਂਦਾ ਰਿਹਾ ਪਰ ਕੀ ਕਦੀ ਮਜ਼ਦੂਰ ਦੀਆਂ ਅਸਲੀ ਮਜਬੂਰੀਆਂ ਤੇ ਉਨ੍ਹਾਂ 'ਤੇ ਹੁੰਦੇ ਅੱਤਿਆਚਾਰ ਬਾਰੇ ਵੀ ਕਵਰੇਜ ਵਿਖਾਈ? ਸੱਤਾ ਦੇ ਖਿਡਾਰੀ ਰਾਜਨੀਤੀ ਦੇ ਸਹਾਰੇ ਕਿਵੇਂ ਟੀ. ਵੀ. ਚੈਨਲਾਂ ਤੋਂ ਪ੍ਰਮੋਟ ਹੁੰਦੇ ਹਨ, ਇਹ ਸਭ ਵੀ ਕਿਸੇ ਜੁਗਾੜਬਾਜ਼ੀ ਤੋਂ ਘੱਟ ਨਹੀਂ। ਦੁਖੀ ਤੇ ਗਰੀਬ ਜਨਤਾ ਨੂੰ ਲੁੱਟਣ ਲਈ ਵੱਖ-ਵੱਖ ਚੈਨਲਾਂ 'ਤੇ ਅਖੌਤੀ ਬਾਬਿਆਂ ਦੇ ਕਾਰੋਬਾਰ ਨੂੰ ਖੂਬ ਪ੍ਰਮੋਟ ਕੀਤਾ।

ਇਸ ਸਮੇਂ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਇਲੈਕਟ੍ਰਿਕ ਮੀਡੀਆ ਦਾ ਚੈਨਲ ਰੂਪੀ ਕੁਝ ਹਿੱਸਾ ਮੁਕਾਬਲੇਬਾਜ਼ੀ ਵਿਚ ਪੈ ਕੇ ਸ਼ਰਮ-ਹਯਾ ਤੋਂ ਕੋਹਾਂ ਦੂਰ ਜਾ ਚੱਕਾ ਹੈ। ਇਸ ਸਮੇਂ ਇਲੈਕਟ੍ਰਿਕ ਮੀਡੀਆ ਅਸ਼ਲੀਲਤਾ ਦੇ ਸਹਾਰੇ ਲੁੱਟ ਵਾਲਾ ਬਜ਼ਾਰ ਲਗਾ ਚੁੱਕਾ ਹੈ। ਮਨੋਰੰਜਨ ਚੈਨਲਾਂ ਵੱਲੋਂ ਪਰੋਸੀ ਜਾਂਦੀ ਅਸ਼ਲੀਲਤਾ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।

ਸਾਡੇ ਟੀ. ਵੀ. ਚੈਨਲਾਂ ਵੱਲੋਂ ਮਾਡਰਨ ਯੁੱਗ ਦੇ ਨਾਂਅ 'ਤੇ ਘਟੀਆ ਕਿਸਮ ਦੇ ਫੈਸ਼ਨ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਆਪਣੀ ਪੂੰਜੀ ਨੂੰ ਦੂਣ ਸਵਾਇਆ ਕਰਨ ਦੇ ਚੱਕਰ ਵਿਚ ਦੇਸ਼ ਦੀਆਂ ਬੇਸ਼ਕੀਮਤੀ ਕਦਰਾਂ-ਕੀਮਤਾਂ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ। ਭਾਵੇਂ ਕਿ ਸਮੇਂ-ਸਮੇਂ ਛੋਟੇ ਪਰਦੇ ਲਈ ਸੈਂਸਰਸ਼ਿਪ ਵਰਗੀਆਂ ਲੋੜਾਂ ਦੀਆਂ ਗੱਲਾਂ ਹੋਈਆਂ ਪਰ ਇਸ ਸਮੇਂ ਆਧੁਨਿਕਤਾ ਦੀ ਆੜ ਵਿਚ ਕੀ ਵਿਖਾ ਰਹੇ ਨੇ ਸਾਡੇ ਚੈਨਲ? ਕੀ ਭਾਰਤ ਸਰਕਾਰ ਸਮੇਤ ਰਾਜਾਂ ਦੀਆਂ ਸਰਕਾਰਾਂ ਛੋਟੇ ਪਰਦੇ 'ਤੇ ਵਾਇਆ ਅਸ਼ਲੀਲਤਾ ਗੁਮਰਾਹ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਕੋਈ ਯਤਨ ਸ਼ੁਰੂ ਕਰਨਗੀਆਂ?

ਹਰਮਿੰਦਰ ਢਿੱਲੋਂ ਮੌ ਸਾਹਿਬ
-ਪਿੰਡ ਤੇ ਡਾਕ: ਮੌ ਸਾਹਿਬ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ। ਮੋਬਾ: 98157-26066


Post Comment


ਗੁਰਸ਼ਾਮ ਸਿੰਘ ਚੀਮਾਂ