ਬਰੋਟੇ ਦੇ ਰੁੱਖ ਦੀ ਪੂਜਾ ਕਰਦੀਆਂ ਔਰਤਾਂ ਦਾ ਇਕ ਚਿੱਤਰ।
|
ਭਾਰਤ ਵਿਚ ਰੁੱਖਾਂ ਦੀ ਪੂਜਾ ਕਰਨ ਦੀ ਰਵਾਇਤ ਬਹੁਤ ਪੁਰਾਣੀ ਹੈ। ਪ੍ਰਾਚੀਨ ਭਾਰਤ ਦੇ ਬਹੁਤੇ ਨਿਵਾਸੀ ਵਿਸ਼ਵਾਸ ਕਰਦੇ ਸਨ ਕਿ ਹਰ ਰੁੱਖ ਨਾਲ 'ਵਰਿਕਸ਼-ਦੇਵਤਾ' ਜੁੜਿਆ ਹੈ। ਇਸ ਧਾਰਨਾ ਦੇ ਬਾਵਜੂਦ ਬਰੋਟਾ ਜਾਂ ਬੋਹੜ ਦੇ ਰੁੱਖ ਨੂੰ ਸਭ ਤੋਂ ਪੁਰਾਨ ਅਤੇ ਪਵਿੱਤਰ ਮੰਨਿਆ ਗਿਆ ਹੈ। ਭਾਰਤ ਦਾ 'ਰਾਸ਼ਟਰੀ ਰੁੱਖ' ਵੀ ਬਰੋਟਾ ਜਾਂ ਬੋਹੜ ਦਾ ਰੁੱਖ ਹੈ। ਇਸ ਦਾ ਜ਼ਿਕਰ ਭਾਰਤੀ ਮਿਥਿਹਾਸ, ਲੋਕਧਾਰਾ, ਪੁਰਾਣਕ ਕਥਾਵਾਂ ਅਤੇ ਕਹਾਣੀਆਂ ਵਿਚ ਮਿਲਦਾ ਹੈ। ਹਿੰਦੂ ਮਿਥਿਹਾਸ ਵਿਚ ਇਸ ਦਾ ਨਾਂਅ 'ਕਲਪ ਵਰਿਕਸ਼' ਹੈ, ਭਾਵ ਇੱਛਾਵਾਂ ਨੂੰ ਪੂਰਾ ਕਰਨ ਜਾਂ ਅਨੰਤ ਜੀਵਨ ਪ੍ਰਦਾਨ ਕਰਨ ਵਾਲਾ ਰੁੱਖ। ਇਸ ਰੁੱਖ ਨੂੰ ਤ੍ਰੈਮੂਰਤੀ ਜੀਵ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਇਸੇ ਪ੍ਰਕਾਰ ਸਤਯਵਾਹਨ ਸਾਵਿਤਰੀ ਦੀ ਪੁਰਾਣਕ ਕਥਾ ਵੀ ਬਰੋਟੇ ਨਾਲ ਜੁੜੀ ਹੈ। ਇਸ ਕਥਾ ਅਨੁਸਾਰ ਸਵਿਤਰੀ ਦੇ ਪਤੀ ਸਤਯਵਾਨ ਦੀ ਮੌਤ ਬਰੋਟੇ ਹੇਠ ਹੋਈ ਸੀ। ਇਸ ਰੁੱਖ ਦੀ ਪੂਜਾ ਕਰਕੇ ਅਤੇ ਆਪਣੇ ਪਤੀਵਰਤਾ ਧਰਮ ਸਦਕਾ ਉਸ ਨੇ ਧਰਮਰਾਜ ਨੂੰ ਪ੍ਰਸੰਨ ਕਰਕੇ ਸਤਯਵਾਨ ਨੂੰ ਜਿਉਂਦਾ ਕਰਵਾ ਲਿਆ ਸੀ। ਭਾਈ ਕਾਨ੍ਹ ਸਿੰਘ ਨਾਭਾ ਦੇ 'ਗੁਰਸ਼ਬਦ ਰਤਨਾਕਰ ਮਹਾਨਕੋਸ਼' ਵਿਚ ਵੀ ਇਸ ਕਥਾ ਦਾ ਵਰਨਣ ਹੈ। ਉਨ੍ਹਾਂ ਨੇ ਸਵਿਤਰੀ ਦਾ ਅਰਥ 'ਸੁਹਾਗਣ ਇਸਤਰੀ' ਲਿਖਿਆ ਹੈ। 'ਵਟ ਸਵਿਤਰੀ ਵਰਤ' ਜੋ ਭਾਰਤ ਦੇ ਕਈ ਇਲਾਕਿਆਂ ਵਿਚ ਨਾਰੀਆਂ ਰੱਖਦੀਆਂ ਹਨ, ਇਸ ਪੁਰਾਣਕ ਕਥਾ ਉੱਤੇ ਹੀ ਅਧਾਰਿਤ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਵਰਤ ਰੱਖਣ ਨਾਲ ਵਿਆਹੁਤਾ ਜੀਵਨ ਵਿਚ ਸੰਤੁਲਨ ਅਤੇ ਇਕਸੁਰਤਾ ਬਣੀ ਰਹਿੰਦੀ ਹੈ।
ਡਾ:ਕੰਵਰਜੀਤ ਸਿੰਘ ਕੰਗ
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com