ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, August 15, 2012

ਮਹਾਰਾਜਾ ਰਣਜੀਤ ਸਿੰਘ: ਆਦਿ ਤੋਂ ਅੰਤ ਤੱਕ-2

ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਰਾਜਾ ਧਿਆਨ ਸਿੰਘ ਡੋਗਰਾ ਵਜ਼ੀਰ ਦੇ ਅਹੁਦੇ ’ਤੇ ਕਾਇਮ ਰਿਹਾ ਅਤੇ ਮਹਾਰਾਜੇ ਦੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਨੂੰ ਗੱਦੀ ’ਤੇ ਬਿਠਾਇਆ ਗਿਆ। ਉਹ ਪਿਤਾ ਵਾਂਗ ਨਾ ਤੇ ਦੂਰ-ਦਰਸ਼ੀ ਸੀ ਤੇ ਨਾ ਹੀ ਰਾਜਸੀ ਸੂਝ-ਬੂਝ ਰੱਖਦਾ ਸੀ। ਰਾਜ ਦਾ ਕੰਮ ਧਿਆਨ ਸਿੰਘ ਤੇ ਦੂਸਰੇ ਮੰਤਰੀ ਹੀ ਚਲਾਉਂਦੇ ਸਨ। ਖੜਕ ਸਿੰਘ ਦਾ ਇਕ ਮਿੱਤਰ ਚੇਤ ਸਿੰਘ ਬਾਜਵਾ ਰਾਜ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਕਰਨ ਲੱਗ ਪਿਆ। ਧਿਆਨ ਸਿੰਘ ਡੋਗਰਾ ਤੇ ਹੋਰ ਮੰਤਰੀਆਂ ਨੂੰ ਰਾਜ ਵਿੱਚ ਚੇਤ ਸਿੰਘ ਬਾਜਵੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ। ਸ਼ਹਿਜ਼ਾਦਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਤੇ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਚੇਤ ਸਿੰਘ ਬਾਜਵੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਨਾਲ ਖੜਕ ਸਿੰਘ ਨੂੰ ਬਹੁਤ ਸਦਮਾ ਪਹੁੰਚਿਆ। ਉਸ ਦਾ ਮਨ ਰਾਜ ਭਾਗ ਤੋਂ ਉਚਾਟ ਹੋ ਗਿਆ ਅਤੇ ਉਹ ਬਿਮਾਰ ਰਹਿਣ ਲੱਗ ਪਿਆ। ਸਰਕਾਰੀ ਹੁਕਮਨਾਮੇ ਭਾਵੇਂ ਮਹਾਰਾਜਾ ਖੜਕ ਸਿੰਘ ਦੇ ਨਾਂ ਨਾਲ ਹੀ ਜਾਰੀ ਹੁੰਦੇ ਸਨ, ਪਰ ਰਾਜ ਦੀ ਵਾਗਡੋਰ ਕੰਵਰ ਨੌਨਿਹਾਲ ਸਿੰਘ ਨੇ ਸੰਭਾਲ ਲਈ ਸੀ। ਕੰਵਰ ਨੌਨਿਹਾਲ ਸਿੰਘ ਆਪਣੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਾਂਗ ਦੂਰ-ਅੰਦੇਸ਼ ਅਤੇ ਰਾਜਸੀ ਸੂਝ-ਬੂਝ ਰੱਖਣ ਵਾਲਾ ਨੌਜਵਾਨ ਸੀ। ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ’ਤੇ ਬੜੀਆਂ ਉਮੀਦਾਂ ਸਨ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਮਹਾਰਾਜਾ ਖੜਕ ਸਿੰਘ ਦੀ ਸਿਹਤ ਦਿਨੋ-ਦਿਨ ਵਿਗੜਦੀ ਗਈ। ਨਵੰਬਰ 1840 ਈ. ਵਿੱਚ ਉਸ ਦੀ ਮੌਤ ਹੋ ਗਈ। ਮਹਾਰਾਜਾ ਖੜਕ ਸਿੰਘ ਦਾ ਦਾਹ ਸੰਸਕਾਰ ਕਰਨ ਤੋਂ ਬਾਅਦ ਜਦੋਂ ਕੰਵਰ ਨੌਨਿਹਾਲ ਸਿੰਘ ਰੌਸ਼ਨੀ ਦਰਵਾਜ਼ੇ ਹੇਠੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਵੇਲੇ ਦਰਵਾਜ਼ੇ ਦੀ ਡਾਟ ਡਿੱਗ ਪਈ ਤੇ ਕੰਵਰ ਨੌਨਿਹਾਲ ਸਿੰਘ ਉਸ ਦੇ ਹੇਠਾਂ ਆ ਗਿਆ। ਕੰਵਰ ਸਾਹਿਬ ਨਾਲ ਰਾਜੇ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਊਧਮ ਸਿੰਘ ਵੀ ਤੁਰਿਆ ਜਾ ਰਿਹਾ ਸੀ। ਉਹ ਵੀ ਡਾਟ ਦੇ ਹੇਠਾਂ ਆ ਗਿਆ। ਊਧਮ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਪਰ ਕੰਵਰ ਨੌਨਿਹਾਲ ਸਿੰਘ ਦੀ ਮੌਤ ਨੂੰ ਜ਼ਾਹਰ ਨਾ ਹੋਣ ਦਿੱਤਾ ਗਿਆ। ਇਥੋਂ ਤੱਕ ਕਿ ਕੰਵਰ ਦੀ ਮਾਤਾ ਮਹਾਰਾਣੀ ਚੰਦ ਕੌਰ ਨੂੰ ਵੀ ਮਿਲਣ ਤੋਂ ਰੋਕੀ ਰੱਖਿਆ। ਤਿੰਨ ਦਿਨਾਂ ਤੋਂ ਬਾਅਦ ਜਦੋਂ ਕੰਵਰ ਨੌਨਿਹਾਲ ਸਿੰਘ ਦੀ ਮੌਤ ਦੀ ਖ਼ਬਰ ਦਿੱਤੀ ਗਈ ਤਾਂ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ।   ਧਿਆਨ ਸਿੰਘ ਨੇ ਫਕੀਰ ਅਜੀਜ਼-ਉਦ-ਦੀਨ ਅਤੇ ਹੋਰ ਮੰਤਰੀਆਂ ਦੀ ਸਲਾਹ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਸ਼ੇਰ ਸਿੰਘ ਨੂੰ ਗੱਦੀ ’ਤੇ ਬਿਠਾਉਣ ਦੀ ਯੋਜਨਾ ਬਣਾਈ। ਮਹਾਰਾਜਾ ਸ਼ੇਰ ਸਿੰਘ ਨੂੰ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾ ਕੇ ਗੱਦੀ ’ਤੇ ਬਿਠਾ ਦਿੱਤਾ। ਮਹਾਰਾਜਾ ਤਿੰਨ-ਚਾਰ ਦਿਨ ਦਰਬਾਰ ਲਾਉਂਦਾ ਰਿਹਾ, ਪਰ ਰਾਣੀ ਚੰਦ ਕੌਰ ਇਸ ਗੱਲ ’ਤੇ ਖੁਸ਼ ਨਹੀਂ ਸੀ। ਉਸ ਨੇ ਅਫਵਾਹ ਫੈਲਾ ਦਿੱਤੀ ਕਿ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਗਿਲਵਾਲਨ ਗਰਭਵਤੀ ਹੈ। ਗੱਦੀ ਦਾ ਅਸਲ ਵਾਰਸ ਕੰਵਰ ਦਾ ਪੁੱਤਰ ਹੀ ਹੋਵੇਗਾ। ਮਹਾਰਾਜਾ ਸ਼ੇਰ ਸਿੰਘ ਆਪਣੀ ਜਗੀਰ ’ਤੇ ਬਟਾਲਾ ਵਾਪਸ ਚਲਾ ਗਿਆ। ਰਾਣੀ ਚੰਦ ਕੌਰਾਂ, ਸੰਧਾਵਾਲੀਆਂ ਦੀ ਮਦਦ ਨਾਲ ਰਾਜਭਾਗ ਚਲਾਉਣ ਲੱਗ ਗਈ। ਕੁਝ ਸਮੇਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਫੌਜ-ਏ-ਖਾਲਸਾ ਦੀ ਮਦਦ ਨਾਲ ਪੰਜਾਬ ਦੇ ਰਾਜ ’ਤੇ ਕਬਜ਼ਾ ਕਰ ਲਿਆ ਅਤੇ ਰਾਜਗੱਦੀ ’ਤੇ ਬੈਠ ਗਿਆ। ਧਿਆਨ ਸਿੰਘ ਡੋਗਰਾ ਮਹਾਰਾਜਾ ਦਾ ਵਜ਼ੀਰ ਬਣ ਗਿਆ, ਪਰ ਦਰਬਾਰ ਵਿੱਚ ਡੋਗਰਿਆਂ ਦੀਆਂ ਸਾਜ਼ਿਸ਼ਾਂ ਚਲਦੀਆਂ ਰਹੀਆਂ। ਡੋਗਰਿਆਂ ਦੀ ਸਾਜ਼ਿਸ਼ ਨਾਲ ਹੀ ਲਾਹੌਰ ਵਿੱਚ ਮਹਾਰਾਣੀ ਚੰਦ ਕੌਰ ਦਾ ਕਤਲ ਹੋ ਗਿਆ।

ਮਹਾਰਾਜਾ ਦਲੀਪ ਸਿੰਘ

ਮਹਾਰਾਣੀ ਜਿੰਦ ਕੌਰ
ਅੰਗਰੇਜ਼ਾਂ ਨੇ ਮਹਾਰਾਜਾ ਸ਼ੇਰ ਸਿੰਘ ’ਤੇ ਦਬਾਅ ਪਾ ਕੇ ਸੰਧਾਵਾਲੀਆਂ ਨੂੰ, ਜੋ ਸਤਲੁਜ ਦਰਿਆ ਤੋਂ ਪਾਰ ਅੰਗਰੇਜ਼ਾਂ ਦੀ ਸ਼ਰਨ ਵਿੱਚ ਰਹਿੰਦੇ ਸਨ, ਵਾਪਸ ਮਹਾਰਾਜੇ ਦੇ ਦਰਬਾਰ ਵਿੱਚ ਲਾਹੌਰ ਭੇਜ ਦਿੱਤਾ। ਅਜੀਤ ਸਿੰਘ ਸੰਧਾਵਾਲੀਆਂ, ਮਹਾਰਾਜੇ ਨਾਲ ਘੁਲ-ਮਿਲ ਗਿਆ ਅਤੇ ਰਾਜ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਦੇ ਨਾਲ-ਨਾਲ ਸ਼ੇਰ ਸਿੰਘ ਨੂੰ ਡੋਗਰਿਆਂ ਦੇ ਖਿਲਾਫ ਭੜਕਾਉਂਦਾ ਰਿਹਾ। ਨਤੀਜਾ ਇਹ ਹੋਇਆ ਕਿ ਸੰਧਾਵਾਲੀਆਂ ਨੇ ਰਾਜਾ ਧਿਆਨ ਸਿੰਘ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ। ਸੰਧਾਂਵਾਲੀਏ ਸ਼ੇਰ ਸਿੰਘ ਦੇ ਵੀ ਵਿਰੋਧੀ ਸਨ। ਡੋਗਰਿਆਂ ਅਤੇ ਸੰਧਾਵਾਲੀਆਂ ਦੀ ਖਹਿਬਾਜ਼ੀ ਵਿੱਚ ਰਾਜ ਦਰਬਾਰ ਦਾ ਮਾਹੌਲ ਵਿਗੜਦਾ ਗਿਆ। 15 ਸਤੰਬਰ, 1843 ਨੂੰ ਮਹਾਰਾਜਾ ਸ਼ੇਰ ਸਿੰਘ ਬਿਲਾਵਲ ਦੇ ਸਥਾਨ ਉਤੇ ਮਨਪ੍ਰਚਾਵੇ ਲਈ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖ ਰਿਹਾ ਸੀ ਤਾਂ ਉਥੇ ਅਜੀਤ ਸਿੰਘ ਸੰਧਾਵਾਲੀਏ ਨੇ ਧੋਖੇ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰ ਦਿੱਤਾ। ਉਸ ਸਮੇਂ ਹੀ ਲਹਿਣਾ ਸਿੰਘ ਸੰਧਾਵਾਲੀਆਂ, ਜੋ ਅਜੀਤ ਸਿੰਘ ਦਾ ਚਾਚਾ ਸੀ, ਨੇ ਮਹਾਰਾਜੇ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਉਸ ਸਮੇਂ ਪੰਡਿਤਾਂ ਨੂੰ ਦਾਨ ਕਰ ਰਿਹਾ ਸੀ। ਸ਼ਹਿਜ਼ਾਦੇ ਦੀ ਉਮਰ ਉਸ ਸਮੇਂ ਸਿਰਫ 12 ਸਾਲ ਦੀ ਸੀ। ਉਸੇ ਦਿਨ ਹੀ ਸੰਧਾਵਾਲੀਆਂ ਨੇ ਵਜ਼ੀਰ ਧਿਆਨ ਸਿੰਘ ਡੋਗਰੇ ਨੂੰ ਕਿਲੇ ਵਿੱਚ ਜਾ ਕੇ ਕਤਲ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ, ਵਜ਼ੀਰ ਧਿਆਨ ਸਿੰਘ ਡੋਗਰੇ ਨੂੰ ਕਤਲ ਕਰਨ ਤੋਂ ਬਾਅਦ ਸੰਧਾਵਾਲੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਕੰਵਰ ਦਲੀਪ ਸਿੰਘ, ਜੋ ਉਸ ਵਕਤ 5 ਸਾਲ ਦਾ ਸੀ, ਨੂੰ ਧਿਆਨ ਸਿੰਘ ਡੋਗਰੇ ਦੇ ਲਹੂ ਦਾ ਟਿੱਕਾ ਲਾ ਕੇ ਰਾਜ ਗੱਦੀ ’ਤੇ ਬਿਠਾ ਦਿੱਤਾ। ਅਗਲੇ ਦਿਨ ਫੌਜ-ਏ-ਖਾਲਸਾ ਨੇ ਰਾਜਾ ਹੀਰਾ ਸਿੰਘ ਨਾਲ ਮਿਲ ਕੇ ਸੰਧਾਵਾਲੀਏ, ਲਹਿਣਾ ਸਿੰਘ ਤੇ ਅਜੀਤ ਸਿੰਘ ਦਾ ਵੀ ਕਤਲ ਕਰ ਦਿੱਤਾ। ਡੋਗਰੇ ਅਤੇ ਸੰਧਾਵਾਲੀਆਂ ਦੇ ਕਤਲਾਂ ਪਿੱਛੋਂ ਵਜ਼ੀਰ ਧਿਆਨ ਸਿੰਘ ਦਾ ਪੁੱਤਰ ਰਾਜਾ ਹੀਰਾ ਸਿੰਘ, ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ ਵੀ ਗੱਦੀ ਦੇ ਹੱਕਦਾਰ ਸਨ। ਉਨ੍ਹਾਂ ਵੀ ਰਾਜ ਗੱਦੀ ਹਾਸਲ ਕਰਨ ਲਈ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਹੀ ਉਨ੍ਹਾਂ ਦੋਵਾਂ ਭਰਾਵਾਂ ਨੂੰ ਸਿਆਲਕੋਟ ਵਿੱਚ 50 ਹਜ਼ਾਰ ਦੀ ਜਾਗੀਰ ਦਿੱਤੀ ਹੋਈ ਸੀ। ਹੀਰਾ ਸਿੰਘ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਹੀਰਾ ਸਿੰਘ ਨੇ ਸਾਜ਼ਿਸ਼ ਵਿੱਚ ਰਾਜਾ ਗੁਲਾਬ ਸਿੰਘ ਨੂੰ ਮਿਲਾ ਲਿਆ, ਜਿਸ ਨੇ ਜੰਮੂ ਤੋਂ ਫੌਜ ਲਿਆ ਕੇ ਸਿਆਲਕੋਟ ’ਤੇ ਹਮਲਾ ਕਰ ਦਿੱਤਾ। ਗੁਲਾਬ ਸਿੰਘ ਦੀ ਫੌਜ ਅੱਗੇ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਦੀ ਨਾ ਚੱਲੀ ਅਤੇ ਉਹ ਉਥੋਂ ਭੱਜ ਨਿਕਲੇ। ਇਸ ਕਰਕੇ ਰਾਣੀ ਜਿੰਦ ਕੌਰ ਰਾਜਾ ਹੀਰਾ ਸਿੰਘ ਨਾਲ ਨਾਰਾਜ਼ ਰਹਿਣ ਲੱਗ ਪਈ। ਰਾਣੀ ਨੇ ਹੀਰਾ ਸਿੰਘ ਦੇ ਚਾਚੇ ਸੁਚੇਤ ਸਿੰਘ ਡੋਗਰਾ ਨੂੰ ਜੰਮੂ ਸੁਨੇਹਾ ਭੇਜਿਆ ਕਿ ਉਹ ਲਾਹੌਰ ਆ ਕੇ ਹੀਰਾ ਸਿੰਘ ਦੀ ਥਾਂ ਵਜ਼ੀਰ ਬਣ ਜਾਵੇ। ਹੀਰਾ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਸ ਨੇ ਫੌਜ ਖਾਲਸਾ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਅਤੇ ਸੁਚੇਤ ਸਿੰਘ ਦਾ ਕਤਲ ਕਰ ਦਿੱਤਾ।

ਮਹਾਰਾਜਾ ਖੜਕ ਸਿੰਘ

ਮਹਾਰਾਜਾ ਸ਼ੇਰ ਸਿੰਘ
ਰਾਣੀ ਜਿੰਦ ਕੌਰ ਨੇ ਫੌਜ ਵਿੱਚ ਆਪਣੇ ਭਰਾ ਜਵਾਹਰ ਸਿੰਘ ਨੂੰ ਕਈ ਅਖ਼ਤਿਆਰ ਦੇ ਰੱਖੇ ਸਨ। ਜਵਾਹਰ ਸਿੰਘ ਦੀ ਕਮਾਨ ਵਿੱਚ ਫੌਜ ਨੇ ਹੀਰਾ ਸਿੰਘ, ਪੰਡਤ ਜੱਲਾ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦਾ ਕਤਲ ਕਰ ਦਿੱਤਾ। ਹੀਰਾ ਸਿੰਘ ਦੇ ਕਤਲ ਪਿੱਛੋਂ ਜਵਾਹਰ ਸਿੰਘ ਵਜ਼ੀਰ ਬਣ ਕੇ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤੀ ਕਰਨ ਲੱਗ ਪਿਆ। ਜਵਾਹਰ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਕਰਨ ਦਾ ਰਸਤਾ ਸਾਫ ਕਰਨ ਲਈ ਕੰਵਰ ਪਿਸ਼ੌਰਾ ਸਿੰਘ ਨੂੰ ਵੀ ਮਰਵਾ ਦਿੱਤਾ, ਜਿਸ ’ਤੇ ਖਾਲਸਾ ਫੌਜ ਭੜਕ ਉੱਠੀ ਤੇ ਫੌਜ ਨੇ ਜਵਾਹਰ ਸਿੰਘ ਦਾ ਵੀ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ‘ਸਰਬੱਤ ਖਾਲਸਾ’ ਦੇ ਨਾਂ ਹੇਠ ਹੁਕਮਨਾਮੇ ਜਾਰੀ ਹੋਣ ਲੱਗੇ। ਰਾਣੀ ਜਿੰਦ ਕੌਰ ਕੁਝ ਚਿਰ ਤੱਕ ਇਸ ਤਰ੍ਹਾਂ ਹੀ ਰਾਜ ਦਾ ਕੰਮ ਚਲਾਉਂਦੀ ਰਹੀ। ਬਾਅਦ ਵਿੱਚ ਰਾਣੀ ਨੇ ਸਰਦਾਰ ਤੇਜਾ ਸਿੰਘ ਨੂੰ ਫੌਜ ਦੀ ਕਮਾਨ ਸੰਭਾਲ ਦਿੱਤੀ ਅਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿਆਰ ਕੀਤਾ। ਅੰਗਰੇਜ਼ ਸ਼ੁਰੂ ਤੋਂ ਹੀ ਪੰਜਾਬ ਦੇ ਰਾਜ ਉਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੀ ਰਾਜ ਵਿੱਚ ਸਾਜ਼ਿਸ਼ਾਂ ਦਾ ਦੌਰ ਚੱਲ ਪਿਆ ਸੀ। 1839 ਤੋਂ ਲੈ ਕੇ 1846 ਤੱਕ ਦੇ 7 ਸਾਲ ਦੇ ਅਰਸੇ ਦੌਰਾਨ ਲਾਹੌਰ ਦਰਬਾਰ ਵਿੱਚ ਜੋ ਖੂਨੀ ਨਾਟਕ ਖੇਡਿਆ ਗਿਆ, ਉਸ ਨੇ ਪੰਜਾਬ ਉਤੇ ਅੰਗਰੇਜ਼ਾਂ ਲਈ ਕਬਜ਼ਾ ਕਰਨ ਦਾ ਰਸਤਾ ਸਾਫ ਕਰ ਦਿੱਤਾ। ਸਿੱਖ ਫੌਜਾਂ ਮੁੱਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਸਭਰਾਵਾਂ ਦੀਆਂ ਲੜਾਈਆਂ ਸਿੱਖ ਫੌਜੀ ਜਰਨੈਲਾਂ ਦੀ ਗੱਦਾਰੀ ਕਾਰਨ ਹਾਰ ਗਈਆਂ। 10 ਫਰਵਰੀ, 1846 ਨੂੰ ਅੰਗਰੇਜ਼ਾਂ ਨੇ ਰਾਤ ਹੀ ਦਰਿਆ ਸਤਲੁਜ ਪਾਰ ਕਰਕੇ ਕਸੂਰ ਸ਼ਹਿਰ ਅਤੇ ਕਿਲੇ ’ਤੇ ਕਬਜ਼ਾ ਕਰ ਲਿਆ। ਲਾਹੌਰ ਦਰਬਾਰ ਦੀ ਫੌਜ ਵੱਲੋਂ ਕੋਈ ਰੁਕਾਵਟ ਨਾ ਪਾਈ ਗਈ। ਗਵਰਨਰ ਜਨਰਲ ਕਸੂਰ ਵਿੱਚ ਆ ਪਹੁੰਚਿਆ। ਰਾਣੀ ਅਤੇ ਲਾਹੌਰ ਦਰਬਾਰ ਦੇ ਕਹਿਣ ’ਤੇ ਰਾਜਾ ਗੁਲਾਬ ਸਿੰਘ 15 ਫਰਵਰੀ, 1846 ਨੂੰ ਸੁਲ੍ਹਾ-ਸਫਾਈ ਵਾਸਤੇ ਗਵਰਨਰ ਜਨਰਲ ਪਾਸ ਕਸੂਰ ਦੇ ਕਿਲੇ ਵਿੱਚ ਭੇਜਿਆ। ਜਿਹੜੀਆਂ ਸ਼ਰਤਾਂ ਗਵਰਨਰ ਜਰਨਲ ਨੇ ਠੋਸੀਆਂ ਉਹ ਸਾਰੀਆਂ ਸ਼ਰਤਾਂ ਲਾਹੌਰ ਦਰਬਾਰ ਨੇ ਮੰਨ ਲਈਆਂ। ਮਾਰਚ 1846 ਨੂੰ ਅੰਗਰੇਜ਼ ਪੰਜਾਬ ਉਤੇ ਆਪਣੀ ਕੁਟਿਲ ਨੀਤੀ ਨਾਲ ਕਾਬਜ਼ ਹੋ ਗਏ।
   (ਚਲਦਾ)
ਦਿਲਬਾਗ ਸਿੰਘ ਗਿੱਲ



Post Comment


ਗੁਰਸ਼ਾਮ ਸਿੰਘ ਚੀਮਾਂ