ਕੈਨੇਡਾ ਦੀ ਧਰਤੀ 'ਤੇ ਜਨਮੇ ਬੱਚਿਆਂ ਨੂੰ ਜਦੋਂ ਪਹਿਲੀ ਵਾਰ ਪੰਜਾਬ ਲੈ ਕੇ ਗਏ ਤਾਂ ਉਥੇ ਜਾ ਕੇ ਹੋਏ ਅਜੀਬ ਅਨੁਭਵ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸਲ 'ਚ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਕਿੱਥੇ ਵੱਧ ਹੈ ਤੇ ਪੰਜਾਬੀ ਸੱਭਿਆਚਾਰ ਦਾ ਕਿੱਥੇ ਘੱਟ।
ਹੋਇਆ ਇੰਜ ਕਿ ਜਿਸ ਵੀ ਜਗ੍ਹਾ 'ਤੇ ਜਾ ਕੇ ਕੈਨੇਡੀਅਨ ਜੰਮਪਲ ਬੱਚਿਆਂ ਨਾਲ ਨਾਵਾਂ ਦੀ ਜਾਣ-ਪਛਾਣ ਕਰਵਾਈਏ, ਤਾਂ ਅੱਗਿਉਂ ਹੈਰਾਨੀ ਭਰਿਆ ਹੁੰਗਾਰਾ ਹੀ ਮਿਲੇ।
ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਪੰਜਾਬੀ ਦੇ ਇਕ ਨਾਮਵਰ ਪ੍ਰੋਫੈਸਰ ਸਾਹਿਬ ਦੇ ਘਰੇ ਪੁੱਜੇ ਤਾਂ ਉਨ੍ਹਾਂ ਦੇ ਪੁੱਛਣ 'ਤੇ ਠੇਠ ਪੰਜਾਬੀ 'ਚ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਾਂਅ ਸਾਹਿਬ ਕੌਰ, ਅਬਿਨਾਸ਼ ਕੌਰ, ਗੁਰਮਤ ਸਿੰਘ ਤੇ ਰਹਿਮਤ ਸਿੰਘ ਹਨ।
ਦੂਜੇ ਪਾਸੇ ਆਪਣੇ ਮਿੱਤਰ ਦੇ, ਪੰਜਾਬ ਦੇ ਜੰਮਪਲ ਧੀਆਂ-ਪੁੱਤ ਵੱਧ ਅੰਗਰੇਜ਼ੀ-ਹਿੰਦੀ ਤੇ ਥੋੜ੍ਹੀ ਜਿਹੀ ਪੰਜਾਬੀ 'ਚ ਬੋਲੇ ਕਿ ਉਨ੍ਹਾਂ ਨੂੰ ਸਾਰੇ ਹੀ ਡਿੰਪਲ, ਰੋਜ਼ੀ ਤੇ ਮਿੰਟੂ ਕਹਿ ਕੇ ਬੁਲਾਉਂਦੇ ਹਨ। ਇਹ ਸੁਣ ਕੇ ਜਿਥੇ ਮਨ 'ਚ ਹਾਸਾ ਆਇਆ,
ਉਥੇ ਦੁੱਖ ਵੀ ਹੋਇਆ ਕਿ ਪੰਜਾਬੀ ਲੋਕ, ਆਪਣੇ ਵਿਰਾਸਤੀ ਨਾਵਾਂ ਦੀ ਮਹਾਨਤਾ ਨੂੰ ਭੁਲਾ ਕੇ ਕਿਸ ਪਾਸੇ ਤੁਰ ਪਏ ਹਨ? ਸਿਆਣੇ ਆਖਦੇ ਹਨ ਕਿ ਮਨੁੱਖ ਦਾ ਪਹਿਲਾ ਪਛਾਣ-ਬਿੰਦੂ ਉਸ ਦਾ ਨਾਂਅ ਹੁੰਦਾ ਹੈ ਤੇ ਪ੍ਰਭਾਵਸ਼ਾਲੀ ਨਾਂਅ ਦੂਜੇ 'ਤੇ ਨਿਸਚੇ ਹੀ ਡੂੰਘਾ ਅਸਰ ਪਾਉਂਦਾ ਹੈ।
ਅਰਥ-ਭਰਪੂਰ ਨਾਂਅ ਲੈਂਦਿਆਂ ਹੀ ਹਿਰਦੇ ਅੰਦਰ ਖੇੜਾ ਆ ਜਾਂਦਾ ਹੈ ਤੇ ਮਹਾਨ ਇਤਿਹਾਸ ਅੱਖਾਂ ਸਾਹਮਣੇ ਪ੍ਰਕਾਸ਼ਮਾਨ ਹੋ ਜਾਂਦਾ ਹੈ।
ਅੱਜ ਵੀ ਜਦੋਂ ਕੋਈ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਦਾ ਨਾਂਅ ਲੈਂਦਾ ਹੈ ਤਾਂ ਮਨ ਅੰਦਰ ਬਹਾਦਰੀ, ਨਿਡਰਤਾ, ਸਵੈਮਾਣ ਤੇ ਭਰਪੂਰ ਉਤਸ਼ਾਹ ਪੈਦਾ ਹੋ ਜਾਂਦਾ ਹੈ। ਇਸੇ ਕਾਰਨ ਹੀ ਜਾਗਰੂਕ ਪਰਿਵਾਰ ਆਪਣੇ ਬੱਚਿਆਂ ਦੇ ਨਾਂਅ ਚੁਣਨ ਵੇਲੇ ਇਤਿਹਾਸ ਨੂੰ ਸਾਹਮਣੇ ਰੱਖਦੇ ਹਨ,
ਜਦੋਂ ਕਿ ਅਖੌਤੀ 'ਮਾਡਰਨ' ਬਣੇ ਪੰਜਾਬੀ ਅਜਿਹੇ ਨਾਵਾਂ ਨੂੰ 'ਪੁਰਾਣੇ ਫੈਸ਼ਨ' ਵਾਲੇ ਕਹਿ ਕੇ ਨਕਾਰਦਿਆਂ, ਰੀਸੇ-ਰੀਸ ਪੱਛਮੀ ਰੰਗਤ ਵਾਲੇ ਨਾਂਅ ਅਪਣਾਉਣ ਦੀ ਦੌੜ 'ਚ ਇਕ-ਦੂਜੇ ਤੋਂ ਅੱਗੇ ਨਿਕਲ ਰਹੇ ਹਨ।
ਮਿਸਾਲ ਵਜੋਂ ਅੱਜ ਹਰ ਤੀਜੇ ਪੰਜਾਬੀ ਪਰਿਵਾਰ 'ਚ ਟੀਨੂ, ਮੀਨੂ, ਸਵੀਟੀ, ਡੌਲੀ, ਹੈਪੀ, ਰੌਕੀ, ਗੈਰੀ, ਜੈਰੀ, ਟੀਟੂ, ਮੀਟੂ, ਰੋਮੀ, ਵਿੱਕੀ, ਲਵੀ, ਪੱਖੀ, ਮਿੰਗੂ, ਚੀਕੂ, ਜੋਜੋ, ਲੋਲੋ, ਕਿੱਕੀ, ਰਿੱਕੀ, ਟੋਨੀ, ਜੋਨੀ, ਮੀਨੂ, ਟੀਨੂ, ਰੂਬਲ, ਡਿੰਪਲ, ਟਵਿੰਕਲ, ਰੰਮੀ, ਰਿੰਪੀ, ਪੱਪੀ, ਬੱਬੂ, ਐਮੀ, ਚਿੰਪੀ, ਟੈਣੀ, ਮੈਣੀ, ਜੋਅ, ਮੋਅ, ਪੈਟ ਆਦਿ ਅਨੇਕਾਂ ਅਜਿਹੇ ਪ੍ਰਚਲਿਤ ਨਾਂਅ ਹਨ, ਜਿਹੜੇ ਘਰਦਿਆਂ ਵੱਲੋਂ ਰੱਖ ਕੇ, ਨਵੇਂ ਫੈਸ਼ਨ ਨੂੰ ਹੁਲਾਰਾ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ।
ਸਚਾਈ ਇਹ ਹੈ ਕਿ ਅਜਿਹੇ ਨਾਵਾਂ ਦੀ ਭੇਡਚਾਲ ਵਜੋਂ ਵਰਤੋਂ ਸਾਨੂੰ ਉਨ੍ਹਾਂ ਕਦਰਾਂ-ਕੀਮਤਾਂ ਤੋਂ ਦੂਰ ਕਰਨ 'ਚ ਸਿੱਧੇ-ਅਸਿੱਧੇ ਰੂਪ 'ਚ ਭੂਮਿਕਾ ਨਿਭਾਉਂਦੀ ਹੈ, ਜਿਨ੍ਹਾਂ ਕਰਕੇ ਪੰਜਾਬੀ ਆਪਣੇ ਕੌਮੀ ਸਨਮਾਨ ਨੂੰ ਚਾਰ-ਚੰਨ ਲਾਉਂਦੇ ਸਨ।
ਆਓ, ਆਪੋ-ਆਪਣੇ ਘਰਾਂ ਵੱਲ ਝਾਤੀ ਮਾਰ ਕੇ ਵੇਖੀਏ ਕਿ ਕਿਨ੍ਹਾਂ ਦੇ ਵਿਹੜਿਆਂ 'ਚ ਗੁਲਾਬ, ਗੋਬਿੰਦ, ਗਿਆਨ, ਗੁਲਜ਼ਾਰ, ਗੌਰਵ, ਗੁਰਮੁਖ, ਪਾਹੁਲ, ਪੰਕਜ, ਪ੍ਰਭਾਤ, ਪ੍ਰਹਿਲਾਦ, ਪ੍ਰਕਾਸ਼, ਪ੍ਰਨੀਤ, ਪ੍ਰੀਤਮ, ਪ੍ਰੇਮ, ਪੂਰਨ, ਪੁਨੀਤ, ਪਿਆਰਾ, ਏਕਮ, ਏਕਤਾ, ਦਲੀਪ, ਦਲੇਰ, ਦਿਲਾਵਰ, ਦਇਆ, ਦਾਤਾਰ, ਦਿਆਲ, ਦੀਪਕ, ਦੀਦਾਰ, ਦਾਨ, ਧਿਆਨ, ਧੀਰਜ, ਧਰਮ, ਹੀਰਾ, ਹਰਸ਼, ਹਰੀ, ਈਸ਼ਰ, ਆਲਾ, ਅਜੀਤ, ਅਕਾਲ, ਅਭੈ, ਅਜੈ, ਆਦਰਸ਼, ਅਮਨ, ਅੰਮ੍ਰਿਤ, ਆਨੰਦ, ਅੰਗਦ, ਅਨੰਤ, ਅਨਾਤਮ, ਅਮਤੋਜ, ਅਮਜੋਤ, ਅਨੂਪ, ਅਨਮੋਲ, ਬਚਿੰਤ, ਬਸੰਤ, ਬੀਰ, ਭਗਤ, ਚੰਦਨ, ਚਰਿੱਤਰ, ਹੰਸ ਆਦਿ ਆਪਣੇ ਪਿਆਰੇ ਬੱਚਿਆਂ ਦੇ ਰੱਖਦਿਆਂ ਖੁਸ਼ੀ ਮਹਿਸੂਸ ਕਰਦੇ ਹਨ?
ਜੇਕਰ ਸਾਡਾ ਉੱਤਰ ਨਾਂਹ ਵਿਚ ਹੈ, ਤਾਂ ਅਸੀਂ ਜਿਥੇ ਆਪਣੀ ਅਗਲੀ ਪੀੜ੍ਹੀ ਨੂੰ ਉਨ੍ਹਾਂ ਦੀ ਜ਼ਬਾਨ ਪੰਜਾਬੀ ਦੇ ਵਡਮੁੱਲੇ ਖਜ਼ਾਨੇ ਤੋਂ ਵਾਂਝਾ ਕਰ ਰਹੇ ਹਾਂ, ਉਥੇ ਸ਼ਾਨਾਮੱਤੀ ਸੱਭਿਆਚਾਰਕ ਪਛਾਣ ਨਾਲੋਂ ਤੋੜ ਕੇ ਉਨ੍ਹਾਂ ਦਾ ਪੱਛਮੀਕਰਨ ਵੀ ਕਰ ਰਹੇ ਹਾਂ, ਜਿਸ ਦਾ ਨਤੀਜਾ ਇਹ ਹੋਵੇਗਾ ਕਿ ਉਹ ਨਾ ਤਾਂ ਆਪਣੇ ਵਿਰਸੇ ਨੂੰ ਹੀ ਜਾਣ ਸਕਣਗੇ ਅਤੇ ਨਾ ਹੀ ਦੂਜੇ ਸੱਭਿਆਚਾਰ ਨੂੰ ਅਪਣਾਉਣ ਦੇ ਯੋਗ ਹੋਣਗੇ। ਇਸ ਤਰ੍ਹਾਂ 'ਨਾ ਘਰ ਦੇ ਰਹੇ ਨਾ ਘਾਟ ਦੇ' ਵਾਲੀ ਹਾਲਤ ਹੋਵੇਗੀ।
ਜਾਗਰੂਕ ਤੇ ਸਮਝਦਾਰ ਲੋਕ ਨਾਵਾਂ ਦੇ ਵਿਗਾੜ ਪ੍ਰਤੀ ਕਿਸ ਤਰ੍ਹਾਂ ਸੁਧਾਰ ਵਾਲੀ ਨੀਤੀ ਧਾਰਨ ਕਰਦੇ ਹਨ, ਇਸ ਬਾਰੇ ਖੂਬਸੂਰਤ ਉਦਾਹਰਨ ਕੈਨੇਡਾ ਦੀ ਧਰਤੀ ਦੇ ਪਹਿਲੇ ਦਸਤਾਰਧਾਰੀ ਸਿੱਖ ਮੰਤਰੀ ਟਿੱਮ ਉੱਪਲ ਤੋਂ ਲਈ ਜਾ ਸਕਦੀ ਹੈ।
ਬ੍ਰਿਟਿਸ਼ ਕੋਲੰਬੀਆ 'ਚ ਨਿਊਵੈਸਟ ਮਿਨਿਸਟਰ 'ਚ ਜਨਮੇ ਉੱਪਲ ਦਾ ਨਾਂਅ ਵੀ ਕੁਝ ਅਜਿਹਾ ਹੀ ਰੱਖਿਆ ਗਿਆ, ਜਿਸ ਨੂੰ ਲੈ ਕੇ ਵੱਡੇ ਹੋਣ 'ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਮਾਣਯੋਗ ਮੰਤਰੀ ਟਿੱਮ ਉੱਪਲ ਨੇ ਭਾਵਪੂਰਨ ਸ਼ਬਦਾਂ 'ਚ ਕਿਹਾ ਕਿ ਉਨ੍ਹਾਂ ਨੂੰ ਜੋ ਨਾਂਅ ਵੱਡਿਆਂ ਨੇ ਦਿੱਤਾ, ਉਸ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ,
ਪ੍ਰੰਤੂ ਜਦੋਂ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਜਾਣਿਆ ਅਤੇ ਜੀਵਨ 'ਚ ਢਾਲਿਆ ਤਾਂ ਆਪਣੇ ਘਰ ਜਨਮੇ ਧੀ ਤੇ ਪੁੱਤਰ ਦਾ ਨਾਂਅ ਕ੍ਰਮਵਾਰ 'ਕਿਰਪਾ ਕੌਰ' ਤੇ 'ਨਿਹਾਲ ਸਿੰਘ' ਰੱਖ ਕੇ ਇਹ ਘਾਟ ਪੂਰੀ ਕਰਨ ਦਾ ਯਤਨ ਕੀਤਾ। ਕਈ ਵਾਰ ਸਾਡੇ ਨਾਵਾਂ ਦੇ ਬਜ਼ੁਰਗਾਂ ਵਲੋਂ ਕੀਤੇ ਫ਼ੈਸਲੇ ਬਦਲਣੇ ਔਖੇ ਹੁੰਦੇ ਹਨ, ਪ੍ਰੰਤੂ ਘੱਟੋ-ਘੱਟ ਅਸੀਂ ਆਪਣੇ ਬੱਚਿਆਂ ਦੇ ਨਾਂਵਾਂ ਦੀ ਚੋਣ ਸਮੇਂ ਤਾਂ ਪੂਰੀ ਸਮਝਦਾਰੀ ਤੋਂ ਕੰਮ ਲੈ ਸਕਦੇ ਹਾਂ।
ਬੇਸ਼ੱਕ ਇਹ ਵੀ ਸੱਚ ਹੈ ਕਿ ਬੰਦਾ ਆਪਣੇ ਕਰਮਾਂ ਕਰਕੇ ਚੰਗਾ ਜਾਂ ਮਾੜਾ ਬਣਦਾ ਹੈ, ਕੇਵਲ ਨਾਵਾਂ ਕਰਕੇ ਨਹੀਂ, ਜਿਵੇਂ ਕਿਸੇ ਦਾ ਨਾਂਅ ਹੋਵੇ ਸੁੱਚਾ ਪਰ ਸਾਰੇ ਜਹਾਨ ਕੀ ਜੂਠ ਛੱਡੇ ਨਾ, ਸੂਰਤ ਰੋਣ-ਹਾਕੀ ਦਾ ਨਾਂਅ ਹਸਮੁਖ, ਅੱਖੋਂ ਅੰਨ੍ਹੇ ਦਾ ਨਾਂਅ ਚਿਰਾਗ, ਸਿਰੇ ਦੇ ਡਰਪੋਕ ਦਾ ਨਾਂਅ ਸ਼ੇਰ ਸਿੰਘ, ਕ੍ਰੋਧੀ ਦਾ ਨਾਂਅ ਸ਼ਾਂਤੀ ਸਰੂਪ, ਭੁੱਖੇ ਬੇਸਬਰ ਬੰਦੇ ਦਾ ਨਾਂਅ ਸੰਤੋਖ, ਇਲਤੀ ਦਾ ਨਾਂਅ ਚੌਧਰੀ, ਡਰਾਕਲ ਦਾ ਨਾਂਅ ਨਿਰਭਉ ਅਤੇ ਸਾਰੇ ਜੱਗ ਦੇ ਦੁਸ਼ਮਣ ਦਾ ਨਾਂਅ ਸੱਜਨ ਵੀ ਰੱਖ ਲਿਆ ਜਾਵੇ ਤਾਂ ਉਸ ਨਾਲ ਕਰਤੂਤ ਨਹੀਂ ਬਦਲ ਜਾਂਦੀ। ਚੰਗਾ ਨਾਂਅ ਤਦ ਹੀ ਚੰਗਾ ਹੈ, ਜੇਕਰ ਆਚਾਰ, ਵਿਹਾਰ ਤੇ ਕਿਰਦਾਰ ਉਸ ਦੇ ਅਨੁਕੂਲ ਹੋਵੇ ਅਤੇ 'ਨਾਂਅ ਵੱਡੇ ਤੇ ਦਰਸ਼ਨ ਛੋਟੇ' ਵਾਲੀ ਗੱਲ ਨਾ ਹੋਵੇ।
ਕਈ ਵਾਰ ਚੰਗੇ ਨਾਂਅ ਰੱਖ ਕੇ ਫਿਰ ਉਨ੍ਹਾਂ ਨੂੰ ਵੀ ਵਿਗਾੜ ਲਿਆ ਜਾਂਦਾ ਹੈ ਤੇ ਅੱਧਾ-ਅਧੂਰਾ, ਕੱਟਿਆ-ਵੱਢਿਆ ਨਾਂਅ ਹੀ ਮਸ਼ਹੂਰ ਕਰ ਦਿੱਤਾ ਜਾਂਦਾ ਹੈ ਤਾਂ ਕਿ ਹੋਰਨਾਂ ਭਾਈਚਾਰਿਆਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ। ਅਜਿਹੀ ਹਾਲਤ 'ਚ ਦੋਸ਼ੀ ਮਾਪੇ ਨਹੀਂ ਹੁੰਦੇ, ਕਿਉਂਕਿ ਉਨ੍ਹਾਂ ਤਾਂ ਆਪਣੇ ਵੱਲੋਂ ਬਹੁਤ ਵਧੀਆ ਨਾਉਂ ਧਰਿਆ, ਪ੍ਰੰਤੂ ਅੱਗਿਉਂ ਔਲਾਦ ਨੇ ਉਸ ਨੂੰ ਅਸਲੀ ਰਹਿਣ ਹੀ ਨਾ ਦਿੱਤਾ, ਜਿਵੇਂ ਪਰਵੀਰ ਤੋਂ ਪੈਰੀ, ਜਗਜੀਤ ਤੋਂ ਜੈਗ, ਪਰਮਿੰਦਰ ਤੋਂ ਪੈਮ, ਜੋਗਿੰਦਰ ਤੋਂ ਜੋਅ, ਪ੍ਰੀਤਪਾਲ ਤੋਂ ਪੈਟੀ, ਸ਼ਵਿੰਦਰ ਤੋਂ ਸ਼ੈਵ, ਪਰਨਿੰਦਰ ਤੋਂ ਪੀਟਰ, ਤਕਦੀਰ ਤੋਂ ਟੈਕ ਅਤੇ ਦਮਨਜੀਤ ਤੋਂ ਡਾਨ ਆਦਿ ਬਣਾ ਲਏ ਜਾਂਦੇ ਹਨ।
ਅਜਿਹਾ ਵਰਤਾਰਾ ਵਿਦੇਸ਼ਾਂ 'ਚ ਵੀ ਆਮ ਹੀ ਵੇਖਣ ਨੂੰ ਮਿਲਦਾ ਹੈ, ਜਿਸ ਦਾ ਕੋਈ ਫਾਇਦਾ ਹੋਣ ਦੀ ਥਾਂ ਸਥਿਤੀ ਉਸ ਵੇਲੇ ਨਮੋਸ਼ੀਜਨਕ ਬਣ ਜਾਂਦੀ ਹੈ ਜਦੋਂ ਉਚਾਰਨ ਵੇਲੇ ਤੋੜ-ਮਰੋੜ ਕੇ ਨਾਂਅ ਕੁਝ ਹੋਰ ਲਿਆ ਜਾਂਦਾ ਹੈ ਅਤੇ ਕਾਗਜ਼ਾਂ 'ਚ ਲਿਖਤੀ ਰੂਪ 'ਚ ਕੁਝ ਹੋਰ ਹੀ ਨਿਕਲਦਾ ਹੈ। ਸੰਪੂਰਨ ਨਾ ਲਿਖਣ ਨਾਲ ਘਟਾਓ ਨਹੀਂ ਹੁੰਦਾ, ਸਗੋਂ ਸ਼ਾਨ ਵਧਦੀ ਹੈ।
ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਿਰਤਾਜ ਦੇ ਬੜੇ ਢੁਕਵੇਂ ਬੋਲ ਹਨ :
'ਵੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉਤੇ,
ਮਾਣ ਭੋਰਾ ਵੀ ਨੀਂ ਰਿਹਾ ਗੁਰੂ ਦੀਆਂ ਸ਼ਾਨਾਂ ਉਤੇ।
ਚਾਰ ਅੱਖਰਾਂ ਨੂੰ ਬੋਲਣ ਦਾ ਕੋਲ ਹੈਨੀ ਸਮਾਂ,
ਨਾਮ ਗੁਰਮੀਤ ਸਿੰਘ ਸੀ, ਉਹ ਗੈਰੀ ਹੋ ਗਿਆ।
ਪਾਣੀ ਪੰਜਾਂ ਦਰਿਆਵਾਂ ਦਾ ਨਹਿਰੀ ਹੋ ਗਿਆ,
ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ।
ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ