ਅਖੇ “ਕਾਂ ਤੁਰਨ ਲੱਗਿਆ ਸੀ ਹੰਸੀ ਤੋਰ ‘ਚ ਆਪਣੀ ਵੀ ਭੁੱਲ ਗਿਆ”ਇਹ ਕਹਾਵਤ ਸਾਡੇ ਗਾਇਕ ਤੇ ਗੀਤਕਾਰਾਂ ‘ਤੇ ਪੂਰੀ ਤਰਾਂ ਢੁੱਕਦੀ ਹੈ। ਸੰਗੀਤ ਜਗਤ ਦੇ ਕੇਹੇ ਮਾੜੇ ਦਿਨ ਆਏ ਕਿ ਮਾਂ ਬੋਲੀ ਦੇ ਸਪੂਤ ਪੁੱਤਾਂ ਦੀ ਸੁੱਧ-ਬੁੱਧ ਹੀ ਗੁਆਚ ਗਈ ।ਨਵੀਂਆਂ ਪੈੜਾਂ ਪਾਉਣ ਵਾਲੇ ਵੀ ਲੀਹੋਂ ਲੱਥ ਕੇ ਭੀੜਾਂ ‘ਚ ਗੁਆਚ ਗਏ। ਪੰਜਾਬੀ ਗੀਤ- ਸੰਗੀਤ ਲਈ ਇਸਤੋਂ ਵੱਡੀ ਤਰਸਦੀ ਕੀ ਹੋ ਸਕਦੀ ਹੈ। ਦਰਅਸਲ ਭੇਡ ਚਾਲ ਨੇ ਸਾਡੇ ਵਿਰਾਸਤੀ ਗੀਤ ਸੰਗੀਤ ਦੀਆਂ ਰਵਾਇਤੀ ਪ੍ਰੰਪਰਾਵਾਂ ਨੂੰ ਸੱਟ ਹੀ ਨਹੀਂ ਮਾਰੀ, ਸਾਡੇ ਸਾਨਾ ਮੱਤੇ ਗੀਤ-ਸੰਗੀਤ ਦਾ ਮਲੀਆ ਮੇਟ ਕਰਕੇ ਮਾਂ ਬੋਲੀ ਪੰਜਾਬੀ ਨੂੰ ਚਰਾਹੇ ‘ਚ ਖੜਾ ਕਰ ਦਿੱਤਾ ਹੈ। ਕਿੰਨੀ ਹਾਸੋਹੀਣੀ ਗੱਲ ਹੈ ਕਿ “ਮਾਂ “ਦੇ ਇਹ ਅਖੌਤੀ ਸਪੂਤ ਆਪਣੀ ਹੀ ਮਾਂ ਦੇ ਮਰ ਜਾਂਣ ਦੇ ਢਿਡੋਰੇ ਪਿੱਟ ਰਹੇ ਨੇ।
ਇਹ ਉਹ ਪੁੱਤ ਨੇ ਜਿਹੜੇ ਮਰਦੀ ਦੇ ਮੂੰਹ ‘ਚ ਪਾਣੀ ਪਾਉਣ ਦੀ ਬਜਾਇ ਗੁਆਂਡੀਆਂ ਨੂੰ ਘਰ ਆਕੇ ਰੋਣ ਪਿੱਟਣ ਦੀਆਂ ਦੁਹਾਈਆਂ ਦਿੰਦੇ ਨੇ ।”ਬੱਲੇ ਉਏ ਮਾਂ ਦੇ ਸ਼ੇਰ ਪੁੱਤਰੋ ਨਹੀਂ ਰੀਸਾਂ ਥੋਡੀਆਂ”। ਭਾਸ਼ਾਈ ਅੰਕੜਿਆਂ ਮੁਤਾਬਕ ਪੰਜਾਬੀ ਬੋਲੀ ਵਿਚ ਦੁਨੀਆਂ ਭਰ ਦੀਆਂ ਸਾਰੀਆਂ ਭਾਸ਼ਾਵਾਂ ਨਾਲੋਂ ਵਧੇਰੇ ਗੀਤ ਲਿਖੇ ਗਾਏ ਜਾਣ ਦੇ ਸਰਵੇਖਣ ਸਾਹਮਣੇ ਆਏ ਨੇ ,ਫਿਰ ਵੀ ਪੰਜਾਬੀ ਮਾਂ ਬੋਲੀ ,ਪੰਜਾਬੀ ਗੀਤ-ਸੰਗੀਤ ਦੀ ਮਿਠਾਸ ਫਿੱਕੀ-ਫਿੱਕੀ ਕਿਓ ਇਸ ਸਵਾਲ ‘ਚ ਕਈ ਜਵਾਬ ਛੁਪੇ ਹੋਏ ਹਨ ।ਇਕ ਵੱਡਾ ਕਾਰਨ ਜਿਸਦੀ ਚਰਚਾ ਅੱਜ ਅਸੀਂ ਇਸ ਲੇਖ ਵਿਚ ਕਰਾਂਗੇ ,ਇਹ ਹੈ ਕਿ ਬਹੁਤ ਘੱਟ ਪੰਜਾਬੀ ਗੀਤਕਾਰ ਤੇ ਗਾਇਕ ਅਜਿਹੇ ਹਨ ਜਿੰਨਾਂ ਨੇ ਆਪਣੀ ਲੇਖਣੀ ਤੇ ਗਾਇਕੀ ਦੇ ਆਪਣੇ ਮੌਲਿਕ ਅੰਦਾਜ਼ ਨੂੰ ਬਰਕਰਾਰ ਰੱਖਿਆ।
ਬਹੁਤੇ ਭੇਡ ਚਾਲ ਦਾ ਸ਼ਿਕਾਰ ਹੋ ਕੇ ਬੀਤੇ ਵੇਲੇ ਦੀਆਂ ਯਾਦਾਂ ਬਣ ਕੇ ਰਹਿ ਗਏ। ਹੋਰ ਅੱਗੇ ਨਿਕਲਣ ਲਈ ਜਿਆਦਤਰ ਨਾਲ ਉਹ ਹੋਈ ਜਿਹੜੀ ਹੰਸੀ ਤੋਰ ਤੁਰਦੇ ਕਾਂ ਨਾਲ ਹੋਈ ਸੀ। ਗੱਲ ਨੱਬੇ ਦੇ ਦਹਾਕੇ ਦੀ ਐ ਜਦੋਂ ਦੂਰਦਰਸ਼ਨ ‘ਤੇ ਇਕ ਪ੍ਰੋਗਰਾਮ “ਸੰਦਲੀ ਪੈੜਾਂ” ਤੇ ਵਿਰਾਸਤ ਚਲਦੇ ਸਨ। ਮੇਰੇ ਚੇਤੇ ਵਿਚ ਹੈ ਕਿ ਇਸ ਪ੍ਰੋਗਰਾਮ ਵਿਚ ਜਿੰਨਾਂ ਗਾਇਕਾਂ ਦੇ ਗੀਤ ਚੱਲੇ ਉਹ ਰਾਤੋ-ਰਾਤੋ ਰਾਤ ਸਟਾਰ ਬਣੇ ।ਬਦਕਿਸਮਤੀ ਕਿ ਉਸ ਵੇਲੇ ਦੇ ਉਨਾਂ੍ਹ ਸਟਾਰ ਗਾਇਕਾਂ ਵਿਚੋਂ ਬਹੁਤ ਸਾਰੇ ਅਜਿਹੇ ਹਨ ਜਿਹੜੇ ਅੱਜ ਵਕਤ ਨੂੰ ਧੱਕਾ ਮਾਰਨ ਵਾਲੇ ਦੌਰ ਨੂੰ ਹੰਡਾ ਰਹੇ ਹਨ, ਭਾਵ ਉਹ ਨਾਂ ਚਾਉਦਿਆਂ ਹਇਆਂ ਵੀ ਸੰਗੀਤਕ ਖੇਤਰ ਵਿਚੋਂ ਅਲੋਪ ਨੇ ।ਉਦਾਰਨ ਵਜੋਂ aਸ ਵੇਲੇ ਦੇ ਚਰਚਿਤ ਗਾਇਕ ਬਲਧੀਰ ਮਾਹਲਾ, ਜਿੰਨਾਂ ਦਾ ਗੀਤ “ਕੁੱਕੂ ਰਾਣਾ ਰੋਦਾਂ”ਦੂਰਦਰਸ਼ਨ ‘ਤੇ ਵੱਜਣ ਸਾਰ ਹੀ ਲੋਕਾਂ ਦੇ ਦਿਲਾਂ ‘ਤੇ ਘਰ ਕਰ ਗਿਆ ,ਪੰਤੂ ਬਲਧੀਰ ਲੰਮਾਂ ਸਮਾਂ ਆਪਣੀ ਗਾਇਕੀ ਨੂੰ ਸਥਾਪਿਤ ਨਹੀਂ ਰੱਖ ਸਕਿਆ।
ਜਦਕਿ ਇਸੇ ਹੀ ਪ੍ਰੋਗਰਾਮ ਰਾਹੀਂ ਸਟਾਰ ਬਣੇ ਗਾਇਕ ਨਿਰਮਲ ਸਿੱਧੂ ਨੇ ਜਦ ਗੀਤ “ਕਦੇ-ਕਦੇ ਖੇਡ ਲਿਆ ਕਰੀ ਸਾਡੇ ਦਿਲ ਦਾ ਖਿਡੋਣਾ ਨਾਲ ਲੈਜਾ”ਪੇਸ਼ ਕੀਤਾ ਤਾਂ ਉਸਦੀ ਗਾਇਕੀ ਦਾ ਪ੍ਰਭਾਵ ਉਦੋਂ ਤੋਂ ਅੱਜ ਤੱਕ ਬਰਕਰਾਰ ਹੈ। “ਲੰਮਾ ਸਮਾਂ ਲੋਕ ਮਨਾਂ ‘ਤੇ ਰਾਜ਼ ਕਰਨ ਦਾ ਅਰਥ ਇਹ ਨਹੀ ਹੁੰਦਾ ਕਿ ਜ਼ਮਾਨੇ ਦੇ ਨਾਲ-ਨਾਲ ਚਲੋ ,ਜ਼ਮਾਨੇ ਨੂੰ ਨਾਲ ਕਿਵੇਂ ਤੋਰਿਆ ਜਾ ਸਕਦੈ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲੇ ਤੋਂ ਪੱਛੋ ।ਕਲੀਆਂ ਤੇ ਲੋਕ ਗਾਥਾਵਾਂ ਤੋਂ ਲੈ ਕੇ ਹਾਲ ਹੀ ਰਲੀਜ਼ ਹੋਈ “ਦੁੱਲਾ ਭੱਟੀ “ਦੇ ਲੰਮੇ ਸਫਰ ਵਿਚ ਜ਼ਮਾਨੇ ਦਾ ਰਸ਼ ਨਹੀਂ ਸਗੋਂ ਆਪਣੇ ਜ਼ਜ਼ਬਾਤ ਛੁਪੇ ਹੋਏ ਨੇ। ਕਲਮ ਚੁੱਕਣ ਵੇਲੇ ਮਾਂ ਬੋਲੀ ਨਾਲ ਕੀਤੇ ਇਕਰਾਰ ਛੁਪੇ ਹੋਏ ਨੇ। ਜਦ ਲੋਕ ਗਾਥਾਵਾਂ ਦੇ ਪਾਤਰ ਯੁੱਗਾਂ-ਯੁੱਗਾਂ ਤੱਕ ਜਿਉਦੇ ਰਹਿ ਸਕਦੇ ਨੇ ਤਾਂ ਇਨਾਂ੍ਹ ਪਾਤਰਾਂ ਨੂੰ ਗੀਤਾਂ ‘ਚ ਵਡਿਆਉਣ ਵਾਲਿਆਂ ਨੂੰ ਕੌਣ ਮਾਰ ਸਕਦੈ ।ਦੇਵ ਥਰੀਕੇ ਦੀ ਪ੍ਰਾਪਤੀ ਹੈ ਕਿ ਉਸਨੇ ਆਪਣੀ ਕਲਮ ‘ਤੇ ਜ਼ਮਾਨੇ ਦਾ ਪ੍ਰਭਾਵ ਨਹੀ ਪੈਣ ਦਿੱਤਾ। ਸ਼ਾਇਦ ਇਹੀ ਵੱਡਾ ਕਾਰਨ ਹੈ ਕਿ ਉਸਦੀ ਕਲਮ ਅੱਜ ਵੀ ਜਿਉਂਦੀ ਜਾਗਦੀ ਹੈ ਤੇ ਚੰਗੇ ਗੀਤ ਲਿਖਦੀ ਹੈ।
ਕਲਮ ਕਦੇ ਜ਼ਮਾਨੇ ਦੇ ਨਾਲ ਨਹੀਂ ਚਲਦੀ। ਕਲਮ ਤਾਂ ਜ਼ਮਾਨਾ ਬਦਲ ਦਿੰਦੀ ਹੈ। “ਪਹਿਲਾਂ ਵਾਰ ਕਲਮਾਂ ਦਾ ਪਿੱਛੋ ਵਾਰ ਖੰਡੇ ਨਾਲ” ਜਦ ਇਹ ਪਤਾ ਫਿਰ ਜ਼ਮਾਨੇ ਤੇ ਲੋਕਾਂ ਦੀ ਮੰਗ ਕਿਓ ।ਤੁਹਾਡੀਆਂ ਪ੍ਰਾਪਤੀਆਂ ਵਿਚ ਇਹ ਨਹੀ ਕਿ ਲੋਕਾਂ ਨੇ ਤੁਹਾਡੇ ਤੋਂ ਕੀ ਮੰਗਿਆ, ਤੁਹਾਡੀ ਸਖਸ਼ੀਅਤ ਦਾ ਮੁੱਲਵਾਨ ਪੱਖ ਇਹ ਹੈ ਕਿ ਤੁਸੀ ਜ਼ਮਾਨੇ ਨੂੰ ਕੀ ਦਿੱਤਾ। ਰਾਜ਼ ਗਾਇਕ ਹੰਸ ਦੀ ਗੱਲ ਕਰੀਏ ਤਾਂ ਸਵਾਲ ਉਠਦਾ ਹੈ ਕਿ ਕਿਹੜਾ ਕਾਰਨ ਹੈ ਕਿ ਨਵੀਂ ਪੀੜੀ ਦੇ ਨਵੇਂ ਪੋਚ ਨੇ ਹੰਸ ਨੂੰ ਉਹ ਮਾਣ-ਸਨਮਾਨ ਨਹੀ ਦਿੱਤਾ ਜਿਹੜਾ ਹੰਸ ਨੂੰ ਉਨਾਂ੍ਹ ਦੇ ਬਜੁਰਗਾਂ ਤੋਂ ਮਿਲਦਾ ਰਿਹੈ। ਕਿਹੜਾ ਕਾਰਨ ਹੈ ਕਿ ਹੰਸ ਲੰਮਾਂ ਮਾਰਕਿਟ ‘ਚੋਂ ਵੀ ਅਲੋਪ ਹੈ ਤੇ ਉਸਦੀ ਕੋਈ ਸੀ.ਡੀ ਵੀ ਰਲੀਜ਼ ਨਹੀ ਹੋਈ। ਰਾਜ਼ ਗਾਇਕ ਹੰਸ ਦੀ ਲੰਮੀ ਚੱਪ ਦਾ ਰਾਜ਼ ਇਹ ਹੈ ਕਿ ਉਹ ਆਾਪਣਾ ਅਸਲ ਸਟਾਇਲ ਭੁੱਲ ਬੈਠਾ ਹੈ, ਜਿਸ ‘ਚ ਉਹ ਲੱਖਾਂ ਦੀ ਭੀੜ ‘ਚ ਵੀ ਜੇ ਕਦੇ ਨੱਚਣ ਤੋਂ ਪਹਿਲਾਂ ਹੋਕਾ ਦਿੰਦਾ ਸੀ ਤਾਂ ਨੱਚਣ ਵਾਲੇ ਉਸਦਾ ਹੋਕਾ ਸੁਣਕੇ ਨੱਚਣ ਲਈ ਕਾਹਲੇ ਪੈ ਜਾਂਦੇ ਸਨ।
ਜਦ ਕਿਸੇ ਮਹਿਫਲ’ਚ ਸੂਫੀ ਰੰਗ ਛੇੜਦਾ ਤਾਂ ਸੱਤ ਸੁਰਾਂ ਦੇ ਚੰਗੇ ਗਿਆਨਵਾਨ ਵੀ ਵਾਹੁ-ਵਾਹੁ ਆਖਦੇ ਦੇਖੇ ਜਾਂਦੇ। ਜਦ ਇੰਨੀ ਮੁਹਾਰਤ ਤੇ ਕਲਾ ਬਲਵਾਨ ਤਾਂ ਫਿਰ “ਗਰ ਸੇ ਤਿਆਰ ਹੋ ਕੇ ਕਿੱਥੇ ਚੱਲੇ ਹੋ ਨਾਲੇ ਕੱਲੇ ਕੱਲੇ ਹੋ” ਤੇ “ਦਿਲ ਟੋਟੇ ਹੋ ਗਿਆ “ਗਾਉਣ ਦਾ ਕੀ ਮਤਲਬ?।ਰਾਜ਼ ਗਾਇਕ ਹੰਸ ਨੂੰ “ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ”ਦੀ ਮਿੱਥ ਨੂੰ ਨਹੀ ਸੀ ਤੋੜਨਾ ਚਾਹੀਦਾ ਇਸ ਤਰਾਂ ਨਵੀਂ ਪੀੜੀ੍ਹ ਦੇ ਦਿਲਾਂ ‘ਤੇ ਰਾਜ਼ ਕਰਨ ਵਾਲੇ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਦੇ ਸੰਗੀਤਕ ਸਫਰ ਦੀ ਅਜੀਬ ਦਾਸਤਾਨ ਹੈ। ਦੇਬੀ ਦੀ ਪ੍ਰਾਪਤੀ ਹੈ ਕਿ ਉਸਦੇ ਗੀਤ ਗਾ ਕੇ ਕਈ ਅਸਲੋਂ ਨਵੇਂ ਨਾਂ ਸਥਾਪਤੀ ਵੱਲ ਵਧੇ। ਕਈਆਂ ਨੇ ਤਾਂ ਪ੍ਰਸਿੱਧੀ ਦੀਆਂ ਸਿਖਰਾਂ ਨੂੰ ਛੋਹਿਆ ਪ੍ਰੰਤੂ ਦੇਬੀ ਦੀ ਬਦਕਿਸਮਤੀ ਰਹੀ ਕਿ ਬਤੌਰ ਗਾਇਕ ਉਹ ਮੁਕਾਮ ਹਾਸਿਲ ਨਹੀ ਕਰ ਸਕਿਆ ਜੋ ਉਸਦੀ ਕਲਮ ਨੂੰ ਬੋਲ ਦੇਣ ਵਾਲਿਆਂ ਨੇ ਹਾਸਿਲ ਕੀਤਾ।
ਜੇ ਇਉਂ ਕਹਿ ਲਈਓ ਕਿ ਦੇਬੀ ਮਖਸੂਸਪੁਰੀ ਵੀ ਉਨਾਂ੍ਹ ਨਾਵਾਂ ਵਿਚੋਂ ਇਕ ਹੈ ਜਿਹੜੇ ਲੋਕਾਂ ਦੇ ਭਾਗਾਂ ਨੂੰ ਜੰਮੇ ਨੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸੂਖਮ ਤੇ ਦਿਲ ਟੁੰਬਵੇਂ ਜ਼ਜ਼ਬਾਤ ਨਾਲ ਗਹਿਗੱਚ ,ਕਾਲਜ਼ੇ ਨੂੰ ਧੁਹ ਪਾਉਂਦੀ ਮੌਲਿਕ ਸ਼ਾਇਰੀ ਦੇ ਅਮੁੱਕ ਭੰਡਾਰ ਵਾਲੇ ਇਸ ਰਚਨਾਕਾਰ ਨੂੰ ਆਪਣੇ ਗਾਉਣ ਵਾਲੇ ਗੀਤਾਂ ਦੀ ਚੋਣ ਨਹੀ ਕਰਨੀ ਆਉਦੀ। ਹੋਰ ਤਾਂ ਹੋਰ ਪੁਰਾਣੇ ਅਖਾੜਿਆਂ ਨੂੰ ਨਵਾਂ ਰੂਪ “ਲਾਈਵ ਸ਼ੌ “ਦੇ ਕੇ ਕਾਫੀ ਚਰਚਾ ‘ਚ ਆਉਣ ਵਾਲੇ ਇਸ ਗਾਇਕ ਦੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਇਹ ਵੀ ਜਿਕਰ-ਏ-ਖਾਸ ਏ ਕਿ ਉਸਦੇ ਇਸ ਅੰਦਾਜ਼ ਨੂੰ ਪੌੜੀ ਬਣਾ ਕੇ ਸਥਾਪਿਤੀ ਦੀ ਮੰਜ਼ਿਲ ਤੇ ਇੱਕ ਨਹੀ ਕਈ ਕਲਾਕਾਰ ਪੁੱਜੇ ਤੇ ਜਨਾਬ ਖੁਦ ਹੋਰਾਂ ਰਾਹਾਂ ‘ਤੇ ਤੁਰੇ ਫਿਰਦੇ ਨੇ। ਮੁੱਦੇ ਦੀ ਚਰਚਾ ‘ਚ ਜੇਕਰ ਗੱਲ ਵਾਰਿਸ ਭਰਾਵਾਂ ਦੀ ਕਰੀਏ ਤਾਂ ਇਹ ਕਿਹਾ ਜਾ ਸਕਦਾ ਕਿ ਜਦੋਂ ਤੋਂ ਮਨਮੋਹਣ ਵਾਰਿਸ਼ ਦੀ ਅਵਾਜ਼ ‘ਚ ਦੇਬੀ ਦੀ ਸ਼ਾਇਰੀ ਨੂੰ ਪਸੰਦ ਕੀਤਾ ਜਾਣ ਲੱਗਾ ਵਾਰਿਸ਼ ਨੇ ਮੁੜਕੇ ੱਿਪਛੇ ਨਵੀ ਦੇਖਿਆ।
ਜਿਵੇਂ ਅਦਬ ਨਾਲ ਸਾਹਾਂ ਵਾਲੀ ਸਾਂਝ ਪਾ ਲਈ ਏ।”ਪੰਜਾਬੀ ਵਿਰਸੇ ” ਦੇ ਪਹਿਲੇ ਸ਼ੌ ਤੋਂ ਲੈ ਕੇ ਅੱਜ ਤੱਕ ਇਹ ਪਿਰਤ ਕਾਇਮ ਹੈ। ਉਹੀ ਅੰਦਾਜ਼,ਪੇਸ਼ਕਾਰੀ ਤੇ ਫਿਲਮਾਂਕਣ ਸਭ ਕੁਝ ਪੁਰਾਣਾ। ਫਿਰ ਵੀ ਲੋਕਾਂ ਨੇ ਅੱਛਾ –ਖਾਸ ਮਾਣ ਸਨਮਾਨ ਦਿੱਤਾ ਤੇ ਵਾਰਿਸ਼ ਭਰਾਵਾਂ ਨੇ ਲੋਕਾਂ ਦੇ ਮੋਹ ਪਿਆਰ ਦਾ ਦੂਣਾ ਚੌਣਾ ਮੁੱਲ ਮੋੜਿਆ। ਪੰਜਾਬੀ ਸੰਗੀਤ ਜਗਤ ਨਾਲ ਜੁੜੇ ਇਸ ਮੁੱਦੇ ਦੀ ਗੱਲ ਸਿਰਫ ਇੱਥੇ ਹੀ ਖਤਮ ਨਹੀ ਹੁੰਦੀ ਜੇ ਹਰਭਜਨ ਮਾਨ ਦੀ ਸਰਦਾਰੀ ਦੀ ਗੱਲ ਕਰੀਏ ਤਾਂ ਸਾਫ ਤੇ ਸਪੱਸਟ ਕਾਰਨ ਹੈ ਕਿ ਲੋਕ ਉਸਦੀ ਗਾਇਕੀ ਨੂੰ ਇਸ ਕਰਕੇ ਮੋਹ ਪਿਆਰ ਬਖਸ਼ਦੇ ਐ ਕਿ ਉਹ ਲੋਕਾਂ ਨੂੰ ਸਾਫ ਸੁਥਰੇ ਗੀਤ ਪਰੋਸ਼ਦਾ ,ਲੰਮਾ ਸਮਾਂ ਲੋਕ ਮਨਾਂ ‘ਤੇ ਰਾਜ਼ ਕਰਨ ਦਾ ਵੱਡਾ ਕਾਰਨ ਇਹ ਵੀ ਹੈ ਕਿ ਹਰਭਜਨ ਨੇ ਕਦੇ ਵੀ ਸਮੇ ਨਾਲ ਸਮਝੌਤਾ ਕਰਨ ਦੀ ਥਾਂ ਆਪਣੇ ਲਹਿਜ਼ੇ ‘ਤੇ ਉਸਾਰੂ ਬੋਲਾਂ ਨੂੰ ਤਰਜੀਹ ਦਿੱਤੀ ਹੈ ।ਕਿੰਨੀ ਲੰਮੀ ਲਿਸਟ ਹੈ ਜਿਹੜੇ ਗਾਇਕ ਕਿਸੇ ਵੇਲੇ ਏਨੇ ਸਥਾਪਿਤ ਹੁੰਦੇ ਸਨ ਪ੍ਰੰਤੂ ਅੱਜ ਉਹ ਗੁੰਮਨਾਮੀ ਦੇ ਹਨੇਰੇ ‘ਚ ਗੁਆਚ ਗਏ ਨੇ ।
ਇਨਾਂ੍ਹ ਵਿਚ ਪ੍ਰਗਟ ਭਾਗੂ,ਜਨਾਬ ਹਾਕਮ ਸੂਫੀ, ਸੁਖਵਿੰਦਰ ਪੰਛੀ, ਰਣਜੀਤ ਮਣੀ ,ਪ੍ਰਗਟ ਖਾਨ ,ਦਵਿੰਦਰ ਕੋਹਿਨੂੰਰ,ਬੂਟਾ ਮੁਹੰਮਦ ,ਸੁਰਾਜ ਮੁਹੰਮਦ,ਜੀਤੀ ਸਿੱਧਵਾਂ,ਜੀ.ਐਸ.ਪੀਟਰ,ਅੰਿਮ੍ਰਤਾ ਵਿਰਕ,ਗੁਰਮੇਲ ਵਧਾਈਆਂ ਵਾਲਾ,ਅਵਤਾਰ ਚਮਕ ,ਰਾਣੀ ਰਣਦੀਪ ਆਦਿ ਅਜਿਹੇ ਨਾਂ ਨੇ ਜਿਹੜੇ ਕਿਤੇ ਕਿਤੇ ਕਿਸੇ ਸਭਿਆਚਾਰਕ ਮੇਲੇ ‘ਚ ਹੀ ਨਜ਼ਰ ਆਉਂਦੇ ਹਨ। ਪੰਜਾਬੀ ਗਾਇਕੀ ਖੇਤਰ ਵਿਚ ਕੁਝ ਅਜਿਹੇ ਨਾਂ ਵੀ ਨੇ ਜਿਹੜੇ ਸਹਿਕਦੇ ਨੇ ਤੇ ਕਦੇ ਵੀ ਦਮ ਤੋੜ ਸਕਦੇ ਨੇ ਉਨਾਂ੍ਹ ਵਿਚ ਜੈਜੀ ਬੀ,ਕੇ.ਐਸ .ਮੱਖਣ,ਰਵਿੰਦਰ ਗਰੇਵਾਲ ,ਇਦਰਜੀਤ ਨਿੱਕੂ,ਰਾਜ ਬਰਾੜ ,ਪ੍ਰੀਤ ਬਰਾੜ ,ਹਰਿੰਦਰ ਸੰਧੂ ,ਭੁਪਿੰਦਰ ਗਿੱਲ,ਅਗਰੇਜ਼ ਅਲੀ ,ਸਰਬਜੀਤ ਚੀਮਾ,ਦਰਸ਼ਨ ਖੇਲਾ,ਧਰਮਪ੍ਰੀਤ ,ਹਰਦੇਵ ਮਾਹੀਨੰਗਲ,ਗੋਰਾ ਚੱਕ ਵਾਲਾ,ਸੁਰਿੰਦਰ ਲਾਡੀ,ਸਤਵਿੰਦਰ ਬੁੱਗਾ ਆਦਿ ਦੇ ਨਾਂ ਸਾਮਿਲ ਹਨ। ਇੰਨਾਂ੍ਹ ਗਾਇਕਾਂ ਦੀ ਸੁਰੂਆਤ ਚੰਗੀ ਸੀ ਤੇ ਹੁਣ ਆਪਣੀਆਂ ਹੀ ਜ਼ੜਾਂ ‘ਚ ਤੇਲ ਪਾਉਣ ਵਾਲੇ ਰਾਹ ਤੁਰ ਪਏ ਹਨ ।ਹੈਰਾਨੀ ਦੀ ਗੱਲ ਕਿ ਰੋਸ਼ਨ ਪ੍ਰਿਸ਼ ਵਰਗਾ ਅਸਲੋਂ ਹੀ ਨਵਾਂ ਗਾਇਕ ਜਿਹੜਾ ਸੰਗੀਤ ਦਾ ਮਹਾਂਮੁਕਾਬਲਾ ਜਿੱਤ ਕੇ ਸੰਗੀਤ ਦਾ ਸਾਹ ਅਸਵਾਰ ਬਣਿਆਂ ਹੋਰ ਹੀ ਪਾਸੇ ਤੁਰਿਆ ਫਿਰਦੈ। ਮਿੱਠੀ ਸੁਰੀਲੀ ਅਵਾਜ਼ ਦੇ ਮਾਲਕ ਇਸ ਗਾਇਕ ਨੇ ਕਿੰਨੇ ਪਿਆਰੇ ਗੀਤ ਦੇਣ ਤੋਂ ਬਾਅਦ ਜਦ ਸਥਾਪਤੀ ਦੀਆਂ ਸਿਖਰਾਂ ਵਲ ਵੱਧਣਾ ਸੁਰੂ ਕੀਤਾ ਤਾਂ ਨਵਾਂ ਹੀ ਸੱਪ ਕੱਢਤਾ”ਅਖੇ ਲਾਲਿਆਂ ਦੀ ਕੁੜੀ …….”।
ਪੰਜਾਬੀ ਸੰਗੀਤ ਜਗਤ ਵਿਚ ਅਜਿਹੇ ਨਾਂ ਵੀ ਹਨ ਜਿਹੜੇ ਮੁਕਾਬਲੇਬਾਜੀ ਦੇ ਇਸ ਦੌਰ ਤੋਂ ਬਾਹਰ ਰਹੇ ,ਸਮੇ ਨਾਲ ਸਮਝੌਤਾ ਵੀ ਨ੍ਹੀ ਕੀਤਾ ਤੇ ਲੋਕਾਂ ਨੇ ਉਨਾਂ੍ਹ ਨੂੰ ਬਣਦਾ ਮਾਣ ਸਨਮਾਨ ਵੀ ਦਿੱਤਾ । ਜਿੰਨਾਂ ਵਿਚ ਜਨਾਬ ਸਰਦੂਲ ਸਿਕੰਦਰ,ਗੋਲਡਨ ਸਟਾਰ ਮਲਕੀਤ ਸਿੰਘ,ਜਸਪਿੰਦਰ ਨਰੂਲਾ,ਮਨਪ੍ਰੀਤ ਅਖਤਰ,ਪ੍ਰਵੀਨ ਭਾਰਟਾ ,ਸੁਦੇਸ਼ ਕੁਮਾਰੀ,ਸਹਿਯਾਦਾ ਸਲੀਮ,ਸਾਬਰ ਕੋਟੀ,ਨਿਰਮਲ ਸਿੱਧੂ,ਨਛੱਤਰ ਗਿੱਲ,ਲਹਿੰਬਰ ਹੁਸੈਨਪੁਰੀ,ਕਲੇਰ ਕੰਠ,ਜਸਵੰਤ ਸਦੀਲਾ,ਫਿਰੋਜ਼ ਖਾਨ,ਬਰਕਤ ਸਿੱਧੂ,ਵਡਾਲੀ ਭਰਾ,ਸੁਰਿੰਦਰ ਛਿੰਦਾ,ਸੋਹਣ ਸਿਕੰਦਰ, ਲਾਭ ਹੀਰਾ,ਪੰਮੀ ਬਾਈ ,ਈਦੂ ਸਰੀਫ ਆਦਿ। ਇਹ ਉਹ ਗਾਇਕ ਹਨ ਜਿੰਨਾਂ੍ਹ ਦੇ ਸਿਰ ‘ਤੇ ਅੱਜ ਸਾਡਾ ਸੰਗੀਤ ਤੇ ਪੁਰਾਤਨ ਗਾਉਣ ਅੰਦਾਜ ਜਿਉਂਦਾ ਹੈ। ਸੰਗੀਤ ਨੂੰ ਪੌੜੀ ਬਣਾ ਕੇ ਸਮੇ ਤੇ ਸਮਾਜ ਨਾਲ ਕੋਈ ਸਮਝੌਤਾ ਕਰਨ ਦੀ ਥਾਂ ਆਪਣੇ ਰਾਹਾਂ ‘ਤੇ ਤਰਦੇ ਰਹੇ। ਨਾਂ ਡਿੱਗੇ ਤੇ ਨਾਂ ਚੜੇ। “ਦੋ ਪੈਰ ਘੱਟ ਤੁਰਨਾਂ ਪਰ ਤੁਰਨਾਂ ਮੜਕ ਦੇ ਨਾਲ “ਕਿਆ ਬਾਤ। ਲਓ ਕਮਾਲ ਸਾਡੇ ਗੁਰਦਾਸ ਮਾਨ ਸਾਹਿਬ ,ਬਾਬਿਓ ਉਹੀ ਅਦਾ ਤੇ ਉਹੀ ਸਟੇਜ ਪ੍ਰਭਾਵ।
ਲ਼ੇਖਣੀ ‘ਚ ਜਿੰਦਗੀ ਦਾ ਯਥਾਰਥ ।ਪੰਜਾਹ ਸੱਠ ਸਾਲ ਪਹਿਲਾਂ ਦੀਆਂ ਪਾਣੀਆਂ ਯਾਦਾਂ, ਮਿੱਟੀ ਦੇ ਕੱਚੇ ਘਰਾਂ ‘ਚ ਗੁਜ਼ਾਰਿਆ ਬਚਪਨ।ਕਿਆ ਨਜ਼ਾਰਾ। “ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ”ਤਿੰਨ ਦਹਾਕੇ ਪਹਿਲਾਂ ਮਿੱਟੀ ਦੀਆਂ ਜੋ ਖੁਸ਼ਬੋਆਂ ਸਨ ਉਨਾਂ੍ਹ ਦੀ ਮਹਿਕ ਅੱਜ ਵੀ ਬਰਕਰਾਰ ਹੈ। “ਤੇਰਾਂ ਦੂਣਾ ਛੱਬੀ ਐ ਤੇ ਛੱਬੀ ਰਹਿਣ ਦੇ ,ਸਾਡੀ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ”ਕੋਈ ਸੁਣੇ ਨਾ ਸੁਣੇ ਯਾਰਾਂ ਤਾਂ ਇਹੋ ਜਿਹਾ ਈ ਗਾਉਣਾ। ਇਹੀ ਗੱਲ ਸਾਡੇ ਸਦੀਕ ਸਾਹਿਬ ਦੀ ਐ। ਕੌਣ ਕਹਿੰਦਾ ਕਿ ਨਵੀਂ ਪੀੜੀ੍ਹ ਡਿਮਾਂਡ ਕਰਦੀ ਐ ,ਇਸ ਵਿਚਾਰ ਵਾਲੇ ਕਲਾਕਾਰਾਂ ਨੂੰ ਜਦ ਪੁੱਛੋ ਕਿ ਇਸ ਸੀਜਨ ‘ਚ ਤੁਸਾਂ ਕਿੰਨੇ ਪ੍ਰੋਗਰਾਮ ਲਾਏ ਨੇ ,ਤਾਂ ਜੁਆਬ ਮਿਲਦਾ ਨਾਂ ਮਾਤਰ। ਹੁਣ ਸੋਚਣ ਵਾਲੀ ਗੱਲ ਕਿ ਨਵੀਂ ਪੀ੍ਹੜੀ ਦੀ ਡਿਮਾਂਡ ਨੂੰ ਪੂਰ ਕੇ ਵੀ ਜੇ ਕੋਈ ਤੁਹਾਨੂੰ ਵਿਆਹਾਂ ਦੇ ਪ੍ਰੋਗਰਾਮਾਂ ‘ਤੇ ਬੁਲਾਉਣਾ ਪਸੰਦ ਨਹੀ ਕਰਦਾ ਤਾਂ “ਫਿੱਟੇ ਮੂੰਹ ਤੁਹਾਡੇ”। ਭਲਿਓ ਮਾਣਸੋ ਜਨਾਬ ਮਹੁੰਮਦ ਸਦੀਕ ਸਾਹਿਬ ਵੱਲ ਦੇਖੋ ਦਹਾਕਿਆਂ ਪਹਿਲਾਂ ਦਾ ਸੰਗੀਤ ਰਸ਼ ਰੰਗ ,ਪਹਿਰਾਵਾ ਦੇ ਪੇਸ਼ਕਾਰੀ ਅੰਦਾਜ ਸਭ ਪੁਰਾਤਨ, ਜਦ ਕਿਸੇ ਪ੍ਰੋਗਰਾਮ ਦੀ ਬੁਕਿੰਗ ਦੀ ਗੱਲ ਕਰੀਏ ਤਾਂ ਕਈ ਵਾਰ ਡੇਟ ਬੁੱਕ ਮਿਲਦੀ ਐ।
ਸਦੀਕ ਸਾਹਿਬ ਸੰਗੀਤ ਕਲਾ ਦੀਆਂ ਤਿੰਨ ਪੀੜ੍ਹੀਆਂ ਦੇ ਉਹ ਸਥਾਪਿਤ ਗਾਇਕ ਹਨ, ਜਿੰਨਾਂ੍ਹ ਦੀ ਇਹ ਪ੍ਰਾਪਤੀ ਹੈ ਕਿ ਬਹੁਤੇ ਵਿਆਂਹਾ ਦੀ ਤਾਰੀਕ ਉਨਾਂ੍ਹ ਤੋਂ ਪੁੱਛ ਕੇ ਰੱਖੀ ਜਾਂਦੀ ਐ। ਸਦੀਕ ਸਾਹਿਬ ਅੱਜ ਵੀ ਕੁੜਤੇ ਚਾਦਰੇ ‘ਚ ਸਜ ਧਜ ਕੇ ਤੁਰਲੇ ਵਾਲੀ ਪੱਗ ‘ਤੇ ਤੂੰਬੀ ਦੀਆਂ ਸੁਰਾਂ ‘ਤੇ ਦੋਗਾਣੇ ਗਾਉਂਦੇ ਨੇ। ਕਿੱਡੀ ਪ੍ਰਾਪਤੀ ਹੈ ਕਿ ਸੁਣਨ ਵਾਲੇ ਜੀਨਾਂ ਤੇ ਪੈਂਟ ਕੋਟਾਂ ਵਾਲੇ ਚੋਬਰ ਮੁੰਡੇ ਨੇ । ਬਿਨਾਂ ਸ਼ੱਕ ਸਾਡੇ ਗਾਇਕ ਵੀਰਾਂ ਅੰਦਰ ਪੈਸੇ ਦੀ ਭੁੱਖ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ। ਹੋਰ ਅੱਗੇ ਵਧਣ ਦੀ ਚਾਹਤ ਨੇ ਇੰਨਾਂ ਕੁ ਪਿੱਛੇ ਸੁੱਟ ਦਿੱਤਾ ਕਿ ਮੁੜ ਉੱਥੇ ਪੁੱਜਣਾਂ ਮੁਸ਼ਕਿਲ ਹੀ ਨਹੀਂ ਨਾਂ ਮੁਮਕਿਨ ਜਾਪਦੈ। ਇਹ ਗੱਲ ਤਾਂ ਸਪੱਸਟ ਹੈ ਕਿ ਲੰਮਾਂ ਸਮਾਂ ਲੋਕ ਮਨਾਂ ਤੇ ਰਾਜ਼ ਕਰਨ ਲਈ ਟਪੂਸ਼ੀ ਮਾਰ ਨਹੀਂ ਸਗੋਂ ਇਕ ਥਾਂ ਟਿਕਊ ਕਿਸਮ ਦੀ ਭਾਵਨਾਂ ਜਰੂਰੀ ਹੈ।
ਯਾਦ ਰੱਖੋ ਪੈਸੇ ਦੇ ਲੋਭ ‘ਚ ਸਭਿਆਚਾਰ ਨਾਲ ਧੋਖਾ ਕਰਨ ਵਾਲੇ ਲੋਕਾਂ ਨੂੰ ਸਮਾਂ ਤੇ ਸਮਾਜ ਕਦੇ ਵੀ ਮੁਆਫ ਨਹੀ ਕਰਦਾ। ਬਾਬੇ ਯਮਲੇ ਜੱਟ ,ਸੁਰਿੰਦਰ ਕੌਰ,ਚਾਂਦੀ ਰਾਮ ਚਾਂਦੀ ,ਨਰਿੰਦਰ ਬੀਬਾ,ਆਸਾ ਸਿੰਘ ਮਸਤਾਨਾ,ਨਛੱਤਰ ਛੱਤਾ ,ਕੁਲਦੀਪ ਮਾਣਕ,ਕਰਨੈਲ ਗਿੱਲ,ਪਰਮਿਦਰ ਸੰਧੂ,ਸੁਰਜੀਤ ਬਿੰਦਰਖੀਆ ਤੇ ਹੋਰਨਾਂ ਮਰਹੂਮ ਲੋਕ ਗਾਇਕਾਂ ਦੀਆਂ ਯਾਦਾਂ ਅੱਜ ਵੀ ਕਾਇਮ ਹਨ ,ਖਾਸੀਅਤ ਇਹ ਹੈ ਕਿ ਇਹ ਲੋਕ ਵਕਤ ਦੇ ਨਾਲ ਨਹੀ ਵਕਤ ਨੂੰ ਆਪਣੇ ਨਾਲ ਤੋਰਨ ਦੀ ਸਮਰੱਥਾ ਰੱਖਦੇ ਸਨ।
ਕੁਲਦੀਪ ਸਿੰਘ ਲੋਹਟ