ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, August 29, 2012

ਅਠਾਸੀ ਵਾਰ ਖ਼ੂਨਦਾਨ ਕਰਨ ਵਾਲਾ ਸਮਾਜ ਸੇਵੀ

ਰਾਜ ਕੁਮਾਰ ਜੋਸ਼ੀ 

ਕਹਿਣ ਤੇ ਕਰਨ ਵਿੱਚ ਲੱਖਾਂ ਕੋਹਾਂ ਦਾ ਫਰਕ ਹੈ। ਆਖ ਤਾਂ ਹਰ ਇਕ ਦਿੰਦਾ ਹੈ ਕਿ ਮੈਂ ਸਮਾਜ ਸੇਵੀ ਹਾਂ ਪਰ ਸਮਾਜ ਸੇਵੀ ਤਾਂ ਟਾਂਵੇਂ ਹੀ ਹੁੰਦੇ ਹਨ। ਕਿਸੇ ਸੰਸਥਾ ਦਾ ਪ੍ਰਧਾਨ ਬਣਕੇ ਕੋਈ ਸਮਾਜ ਸੇਵੀ ਨਹੀਂ ਬਣ ਜਾਂਦਾ। ਖ਼ੁਦ ਸਮਾਜ ਸੇਵਾ ਕਰਕੇ ਹੀ ਸਮਾਜ ਸੇਵੀ ਬਣਦਾ ਹੈ। ਅੱਜ-ਕੱਲ੍ਹ ਇਹ ਪ੍ਰਧਾਨ, ਲੀਡਰ ਪੈਸੇ ਦੇ ਜ਼ੋਰ ’ਤੇ ਖੁੰਭਾਂ ਵਾਂਗ ਉੱਗ ਰਹੇ ਹਨ, ਪਰ ਸਮਾਜ ਸੇਵਾ ਵਿੱਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ। ਜਿਸ ਕੰਮ ਦੀ ਲੋਕਾਂ ਨੂੰ ਸੇਧ ਦੇਣੀ ਹੋਵੇ, ਉਸ ਕੰਮ ਨੂੰ ਸੰਸਥਾ ਦਾ ਪ੍ਰਧਾਨ ਖੁਦ ਕਰਦਾ ਹੋਵੇ ਤਾਂ ਹੀ ਸਹੀ ਸੇਧ ਸਮਾਜ ਨੂੰ ਦੇ ਸਕਦਾ ਹੈ ਪਰ ਅੱਜ-ਕੱਲ੍ਹ ਪੈਸੇ ਦੇ ਜ਼ੋਰ ’ਤੇ ਹਰ ਕੰਮ ਵਿੱਚ ਝੂਠੇ ਨੰਬਰ ਬਣਾਉਣ ਵਾਲੇ ਮੋਢੀ ਬਣ ਖੜ੍ਹਦੇ ਹਨ। ਇਸ ਕਰਕੇ ਹੀ ਸੰਸਥਾਵਾਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਫੇਲ ਹਨ। ਸਮਾਜ ਸੇਵਾ ਵੀ ਤਿੰਨ ਪ੍ਰਕਾਰ ਦੀ ਹੈ। ਇੱਕ ਉਹ ਜਿਹੜੇ ਸਮਾਜ ਸੇਵੀ ਅਖਵਾਉਂਦੇ ਹਨ, ਚੰਗੇ ਭਾਸ਼ਨ ਝਾੜਦੇ ਹਨ। ਲੋਕਾਂ ਨੂੰ ਮੂਰਖ ਬਣਾਉਂਦੇ ਹਨ ਤੇ ਖੂਬ ਲੁੱਟ ਕਰਕੇ ਆਪਣੀਆਂ ਤਜ਼ੋਰੀਆਂ ਭਰਦੇ ਹਨ। ਦੂਜਾ ਉਹ ਸਮਾਜ ਸੇਵੀ ਜੋ ਕਿਸੇ ਦਾ ਖਾਂਦੇ ਵੀ ਨਹੀਂ ਤੇ ਨਾ ਹੀ ਕਿਸੇ ਨੂੰ ਖਵਾਉਂਦੇ ਹਨ ਪਰ ਸਮਾਜ ਦੇ ਕੰਮ ਆਉਂਦੇ ਹਨ। ਉਹ ਚੰਗਾ ਨਾਂ ਕਮਾ ਜਾਂਦੇ ਹਨ। ਤੀਜੇ ਨੰਬਰ ’ਤੇ ਉਹ ਸਮਾਜ ਸੇਵੀ ਜੋ ਲੋਕਾਂ ਦੇ ਭਲੇ ਲਈ ਹੀ ਹਮੇਸ਼ਾ ਕੰਮ ਕਰਦੇ ਹਨ। ਕਿਸੇ ਦਾ ਖਾਂਦੇ ਨਹੀਂ ਸਗੋਂ ਕੋਲੋਂ ਖਰਚ ਕਰਕੇ ਸਮਾਜ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਹਨ। ਉਨ੍ਹਾਂ ਦਾ ਨਾਂ ਸਮਾਜ ਵਿੱਚ ਜਿਊਂਦਿਆਂ ਦਾ ਅਤੇ ਮਰਨ ਤੋਂ ਬਾਅਦ ਵੀ ਚਮਕਦਾ ਰਹਿੰਦਾ ਹੈ। ਹੁਣ ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ, ਮੈਂ ਜਿਸ ਸ਼ਖ਼ਸ ਦੀ ਗੱਲ ਕਰ ਰਿਹਾ ਹਾਂ, ਉਸ ਨੇ ਅਨੇਕਾਂ ਕੀਮਤੀ ਜਾਨਾਂ ਆਪਣਾ ਖੂਨ ਦੇ ਕੇ ਬਚਾਈਆਂ ਹਨ। ਆਪਣੀ ਜ਼ਿੰਦਗੀ ਵਿੱਚ 88 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਖੂਨਦਾਨੀਆਂ ਦੀ ਕਤਾਰਾਂ ਵਿੱਚ ਸਿਖਰਲੇ ਟੰਬਿਆਂ ’ਤੇ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਤਿੰਨ ਵਾਰ ਸਾਲ ਵਿੱਚ ਖੂਨਦਾਨ ਕਰਨ ਦਾ ਪ੍ਰਣ ਕੀਤਾ ਹੈ। ਉਹ ਹਨ ਰਾਜ ਕੁਮਾਰ ਜੋਸ਼ੀ।
ਰਾਜ ਕੁਮਾਰ ਜੋਸ਼ੀ ਨੇ ਆਪਣੀ 88ਵੀਂ ਯੂਨਿਟ ਲਾਈਫ ਸੇਵਿੰਗ ਮਿਸ਼ਨ ਸ਼ਿਮਲਾ ਵਿਖੇ ਕੀਤੀ। ਸ੍ਰੀ ਜੋਸ਼ੀ ਨੂੰ ਚੰਦਰਾ ਆਈ. ਏ. ਐਸ. ਸਕੱਤਰ ਹੈਲਥ ਸਰਵਿਸਿਜ਼ ਪੰਜਾਬ ਵੱਲੋਂ ਸਟੇਟ ਐਵਾਰਡ ਦਿੱਤਾ ਗਿਆ। ਹੋਰ ਅਨੇਕਾਂ ਕਲੱਬਾਂ, ਸੰਸਥਾਵਾਂ ਵੱਲੋਂ ਵੀ ਜੋਸ਼ੀ ਸਨਮਾਨਿਤ ਹੋ ਚੁੱਕੇ ਹਨ।
ਰਾਜ ਕੁਮਾਰ ਜੋਸ਼ੀ ਦੇ ਦੋਸਤ ਦੀ ਪਤਨੀ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਇਲਾਜ ਲਈ ਦਾਖ਼ਲ ਸੀ। ਪਰ ਕਾਫੀ ਦੌੜ-ਭੱਜ ਤੋਂ ਬਾਅਦ ਜਦ ਕਿਤੋਂ ਖੂਨ ਨਾ ਮਿਲਿਆ ਤਾਂ 1989 ਵਿੱਚ ਪਹਿਲੀ ਵਾਰ ਆਪਣਾ ਖੂਨ ਦੇ ਕੇ ਉਸ ਦੀ ਜਾਨ ਬਚਾਈ। ਉਸ ਤੋਂ ਬਾਅਦ ਚੱਲ ਸੋ ਚੱਲ। ਉਹ ਖੂਨਦਾਨ ਕਰਨ ਲਈ ਹਮੇਸ਼ਾ ਦੂਰ-ਦੂਰ ਤੱਕ ਜਾਂਦੇ ਹੀ ਰਹਿੰਦੇ ਹਨ। ਕਿਸੇ ਨੂੰ ਲੋੜ ਵੇਲੇ ਖੂਨਦਾਨ ਕਰਕੇ ਬਚਾਉਣਾ ਹੀ ਉਹ ਆਪਣਾ ਅਸਲੀ ਧਰਮ ਸਮਝਦੇ ਹਨ।
ਰੋਗੀਆਂ, ਬੇਸਹਾਰਿਆਂ ਅਤੇ ਗਰੀਬਾਂ ਦੇ ਦੁੱਖਾਂ ਨੂੰ ਆਪਣਾ ਸਮਝਣ ਵਾਲਾ ਜੋਸ਼ੀ ਸਮਾਜ ਸੇਵਾ ਲਈ ਧਨ ਅਤੇ ਸਮੇਂ ਦੀ ਵੀ ਪ੍ਰਵਾਹ ਨਹੀਂ ਕਰਦਾ। ਜੋਸ਼ੀ ਜੀ ਗਰੀਬ, ਬੇਸਹਾਰਾ ਲੜਕੀਆਂ ਦੇ ਵਿਆਹਾਂ ਸਮੇਂ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕੋਲ ਅਨੇਕਾਂ ਸੰਸਥਾਵਾਂ ਦੀਆਂ ਆਹੁਦੇਦਾਰੀਆਂ ਹਨ ਜਿਵੇਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਲਾਈਫ ਮੈਂਬਰ, ਪੰਜਾਬ ਬ੍ਰਹਮਣ ਸਭਾ ਦੇ ਪ੍ਰੈਸ ਸਕੱਤਰ, ਬਲੱਡ ਡੋਨਰਜ਼ ਕੌਸਲ ਦੇ ਜਨਰਲ ਸਕੱਤਰ, ਸਰਵਤੀ ਡਰਾਮਾਟਿਕ ਕਲੱਬ ਦੇ ਮੈਂਬਰ, ਸ਼ੀਤਲਾ ਭਜਨ ਮੰਡਲੀ ਅਤੇ ਬਿਰਧ ਆਸ਼ਿਆਨਾ ਦੇ ਚੇਅਰਮੈਨ, ਸਿਟੀ ਵੈਲਫੇਅਰ ਕਲੱਬ ਦੇ ਫਾਊਂਡਰ ਮੈਂਬਰ ਅਤੇ ਸਾਬਕਾ ਪ੍ਰਧਾਨ, ਅਤੇ ਆਪਣੇ ਮਹਿਕਮੇ ’ਚ ਜਥੇਬੰਦੀ ਦੇ ਸਰਗਰਮ ਮੈਂਬਰ ਆਦਿ।
ਰਾਜ ਕੁਮਾਰ ਜੋਸ਼ੀ 1990 ਵਿੱਚ ਅਵਰ ਸਿਟੀ ਦੀ ਜਨਰਲ ਇੰਟਰਮੇਸ਼ਨ ਲਈ ਡਾਇਰੈਕਟਰੀ ਕੱਢਣ ਸਮੇਂ ਮੈਂਬਰ ਸਨ। ਜਦੋਂ 1997 ਵਿੱਚ ਟੈਲੀਫੋਨ ਡਾਇਰੈਕਟਰੀ ਸਰਸਵਤੀ ਡਰਾਮੈਟਿਕ ਕਲੱਬ ਦੀ ਕੱਢੀ ਤਾਂ ਉਹ ਚੀਫ ਐਡੀਟਰ ਸਨ। ਸੰਨ 2000 ਵਿੱਚ ਵੀ ਅਵਰ ਸਿਟੀ ਕਲਾਸੀ ਫਾਈਡ ਟੈਲੀਫੋਨ ਡਾਇਰੈਕਟਰੀ ਕੱਢਣ ਸਮੇਂ ਐਡੀਟਰ ਇਨ ਚੀਫ ਸਨ ਅਤੇ ਜਦੋਂ 2005 ਵਿੱਚ ਟੈਲੀਫੋਨ ਡਾਇਰੈਕਟਰੀ ਸਿਟੀ ਵੈਲਫੇਅਰ ਕਲੱਬ ਰਾਮਪੁਰਾ ਫੂਲ ਵੱਲੋਂ ਕੱਢੀ ਤਾਂ ਉਹ ਐਡੀਟਰ-ਇਨ-ਚੀਫ ਅਤੇ ਪ੍ਰਧਾਨ ਸਨ।
ਰਾਜ ਕੁਮਾਰ ਜੋਸ਼ੀ ਹਰ ਸਮਾਜਿਕ ਬੁਰਾਈਆਂ ਵਿਰੁੱਧ ਕੀਤੀਆਂ ਜਾਂਦੀਆਂ ਰੈਲੀਆਂ ਆਦਿ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ। ਮਨੁੱਖੀ ਭਲੇ ਲਈ ਉਹ ਹਰ ਪਲ ਤਤਪਰ ਰਹਿੰਦੇ ਹਨ। ਸ੍ਰੀ ਜੋਸ਼ੀ ਨੇ 2004 ਵਿੱਚ ਆਪਣੀ ਪੋਤੀ ਆਸ਼ਵਿਤ ਦੇ ਜਨਮ ਦਿਨ ’ਤੇ ਸਰਕਾਰੀ ਹਸਪਤਾਲ ਵਿਖੇ ਲੋਹੜੀ ਵੰਡ ਕੇ ਨਵੀਂ ਰੀਤ ਚਲਾ ਕੇ ਖੁਸ਼ੀ ਜ਼ਾਹਿਰ ਕੀਤੀ ਸੀ ਅਤੇ ਹੁਣ ਸ੍ਰੀ ਜੋਸ਼ੀ ਆਪਣੀ ਪੋਤੀ ਤੇ ਬੇਟੀ ਆਰਤੀ ਦੇ ਜਨਮ ਦਿਨ ’ਤੇ ਖੂਨਦਾਨ ਕੈਂਪ ਲਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ।
ਰਾਜ ਕੁਮਾਰ ਜੋਸ਼ੀ ਦੀਆਂ ਸੇਵਾਵਾਂ ਵੇਖ ਕੇ ਹੈਰਾਨ ਹੋਈਦਾ ਹੈ ਕਿ ਸਮਾਜ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਜੋਸ਼ੀ ਨੂੰ ਸਰਕਾਰ ਨੇ ਅਜੇ ਅੱਖੋਂ-ਪਰੋਖੇ ਰੱਖਿਆ ਹੋਇਆ ਹੈ। ਅਸੀਂ ਦੁਆ ਕਰਦੇ ਹਾਂ ਕਿ ਸ੍ਰੀ ਰਾਜ ਕੁਮਾਰ ਜੋਸ਼ੀ ਦਾ 100 ਵਾਰ ਖੂਨਦਾਨ ਕਰਨ ਦਾ ਸੁਪਨਾ ਸਾਕਾਰ ਹੋਵੇ।
*ਦਰਸ਼ਨ ਸਿੰਘ ਪ੍ਰੀਤੀਮਾਨ 
ਮੋਬਾਇਲ: 97792-97682


Post Comment


ਗੁਰਸ਼ਾਮ ਸਿੰਘ ਚੀਮਾਂ