ਕੱਚਾ ਘਰ ਪੁਰਾਤਨ ਪੰਜਾਬੀ ਪੇਂਡੂ ਵਿਰਾਸਤ ਦਾ ਚਿੰਨ ਹੈ। ਪੰਜਾਬ ਦੀ ਵਿਰਾਸਤ ਵਿੱਚ ਪੁਰਾਤਨ ਸਮੇ ਤੋਂ ਹੀ ਰਾਜਿਆਂ ਮਹਾਰਾਜਿਆਂ ਤੇ ਰਜਵਾੜਿਆਂ ਵਲੋਂ ਸੁੰਦਰ ਅਤੇ ਵੱਡੇ ਘਰ ਬਣਾਉਣ ਦਾ ਰਿਵਾਜ ਪ੍ਰਚੱਲਤ ਹੈ,ਪ੍ਰੰਤੂ ਇਕ ਆਮ ਜੀਵਨ ਵਿਚ ਕੱਚੇ ਘਰ ਬੜੇ ਮਹੱਤਵਪੂਰਨ ਮੰਨੇ ਜਾਂਦੇ ਸਨ। ਘਰ! ਸਾਡੇ ਸੁਪਨਿਆਂ ਦਾ ਸੀਸ ਮਹਿਲ ਹੁੰਦਾ ਹੈ। ਫਿਰ ਕੀ ਹੈ ਘਰ ਕੱਚਾ ਹੋਵੇ ਜਾਂ ਪੱਕਾ ਘਰ ਤਾਂ ਘਰ ਹੀ ਹੁੰਦਾ ਹੈ। ਕੱਚੇ ਘਰ ‘ਚ ਕੋਈ ਮਜਬੂਤ ਤੇ ਪੱਕੇ ਇਰਾਦਿਆਂ ਵਾਲੀ ਰੂਹ ਦਾ ਵਾਸਾ ਵੀ ਹੋ ਸਕਦਾ ਹੈ। ਅਜਾਦੀ ਤੋਂ ਪਹਿਲਾਂ ਜਦੋਂ ਪੰਜਾਬ ਸੱਚਮੁੱਚ ਹੀ ਸੋਨੇ ਦੀ ਚਿੜੀ ਸੀ,ਉਦੋਂ ਇਸਦੀ ਵਿਰਾਸਤ ਬੜੀ ਅਮੀਰ ਸੀ। ਪੇਂਡੂ ਜਨ ਜੀਵਨ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਤੇ ਇਕੋ ਲੜੀ’ਚ ਪਰੋਇਆ ਜਾਪਦਾ ਸੀ। ਰੋਟੀ ਬੇਟੀ ਦੀ ਸਾਂਝ ਸੀ। ਗੱਲ ਕੀ ਘਰ ਕੱਚੇ ਸਨ ਪਰ ਲੋਕਾਂ ਦੇ ਅੰਦਰਲੀ ਆਤਮਾਂ ਬੜੀ ਹੀ ਪੱਕੀ ਸੀ। ਸਮੇ ਦੇ ਬਦਲਾਅ ਨਾਲ ਪਿੰਡਾਂ ਦੇ ਰਹਿਣ ਸਹਿਣ ਖਾਣ ਪੀਣ ਆਦਿ ਵਿਚ ਵੀ ਬਦਲਾਅ ਆਇਆ । ਇਸ ਅਮਲ ‘ਚ ਕੱਚੇ ਘਰ ਤਾਂ ਬਿਲਕੁਲ ਹੀ ਅਲੋਪ ਹੋ ਗਏ ਹਨ। ਦੇਖਾ ਦੇਖੀ ‘ਚ ਲੋਕਾਂ ਨੇ ਕੋਠੀਆਂ ਤੇ ਬੰਗਲੇ ਉਸਾਰ ਕੇ ਕੱਚੇ ਘਰਾਂ ਦੀ ਸਭਿਅਤਾ ਨੂੰ ਖਤਮ ਕਰ ਦਿੱਤਾ ਹੈ। ਇਹ ਵਰਤਾਰਾ ਨਿਰੰਤਰ ਵਧ ਰਿਹਾ ਹੈ।
ਕੱਚੇ ਘਰ ‘ਚ ਜਿੰਦਗੀ ਗੁਜਾਰ ਰਹੀ ਮਨੁੱਖਤਾ ਸੰਵੇਦਨਸ਼ੀਲ ਤੇ ਮੋਹ ਮਮਤਾ ‘ਚ ਲੋਤ ਪੋਤ ਹੁੰਦੀ ਸੀ। ਇਕ ਸੁਖੀ, ਸਾਂਝਾ ਤੇ ਹਸਦਾ ਵਸਦਾ ਪ੍ਰਵਾਰ ਹੁੰਦਾ ਸੀ। ਜਦ ਸੂਰਜ ਦੀ ਟਿੱਕੀ ਨਿਕਲਦੀ ਸਭ ਆਪੋ-ਆਪਣੇ ਕੰਮਾਂ ਵਲ ਹੋ ਤੁਰਦੇ। ਅਮ੍ਰਿਤ ਵੇਲੇ ਰੱਬੀ ਬਾਣੀ ਨਾਲ ਰੂਹ ਰਾਜੀ ਹੁੰਦੀ। ਘਰ ਦਾ ਮੁਖੀ ਸੂਰਜ ਚੜਨ ਤੋਂ ਪਹਿਲਾਂ ਹੀ ਖੇਤਾਂ ‘ਚ ਜਾ ਵੜਦਾ। ਬੇਬੇ ਚਾਟੀ ‘ਚ ਮਧਾਂਣੀ ਪਾ ਦੁੱਧ ਰਿੜਕਦੀ,ਧੀ ਰਾਣੀ ਚੁੱਲਾ ਚੌਕਾ ਸੰਭਾਲਦੀ ਤੇ ਮੁੰਡੇ ਪਸ਼ੂ ਡੰਗਰ ਨੂੰ ਪੱਠਾ ਤੱਥਾ ਪਾਉਂਦੇ। ਉਦੋਂ ਮਨੁੱਖ ਹਰ ਸਾਮ ਹੁੰਦੇ ਹੀ ਇਸ ਘਰ ਵੱਲ ਨੂੰ ਇੰਝ ਪਰਤਦਾ ਜਿਵੇਂ ਜੋਤਾ ਲੱਗਿਆ ਬਲਦ ਪੱਠਿਆਂ ਦੀ ਖੁਰਲੀ ਵਲ ਨੂੰ ਭੱਜਦਾ ਹੈ। ਚਾਅ ਮਲਾਰ ਖੁਸ਼ੀ ਤੇ ਗਮ ਕੱਚੇ ਘਰ ਦੇ ਵਿਹੜੇ ‘ਚ ਪ੍ਰਵਾਰ ਦੇ ਜੀਅ ਤੇ ਆਂਡੀ ਗੁਆਂਡੀ ਇਕੱਠੇ ਹੇੋ ਕੇ ਸਾਂਝੇ ਕਰਦੇ । ਆਪਣੇ ਹੱਥੀਂ ਆਪਣਾ ਆਪੈ ਹੀ ਕਾਜਿ ਸਵਾਰਿਐੂਬਾਣੀ ਦੇ ਇਸ ਕਥਨ ਦੇ ਧਾਰਨੀ ਹੋ ਕੇ ਆਪਣੇ ਸੁਪਨਿਆਂ ਦੇ ਸੀਸ਼ ਮਹਿਲ ਭਾਵ ਕੱਚੇ ਘਰ ਨੂੰ ਹੱਥੀਂ ਤਿਆਰ ਕਰਦੇ । ਉਦੋਂ ਕੱਚਾ ਘਰ ਬਣਾਉਣਾਂ ਵੀ ਬੜੀ ਵੱਡੀ ਗੱਲ ਹੁੰਦੀ ਸੀ। ਆਰਥਿਕ ਵਸੀਲੇ ਘੱਟ ਸਨ। ਘਰ ,ਚੁੱਲਾ ਚੌਕਾ,ਡੰਗਰ ਵੱਛੇ ਵਾਲਾ ਕਮਰਾ,ਤੰਦੂਰ,ਅਗੀਠੀ,ਖੁਰਲੀ,ਪੌੜੀਆਂ ਤੇ ਘਰ ਦੇ ਵਿਹੜੇ ਨੂੰ ਤਿਆਰ ਕਰਨ ਲਈ ਲੋੜੀਦਾ ਮਟੀਰੀਅਲ ਨੇੜੇ ਤੇੜਿਉਂ ਹੀ ਇਕੱਠਾ ਕਰ ਲਿਆ ਜਾਂਦਾ ਸੀ। ਕਿੰਨਾਂ ਸੁਭਾਗਾ ਸਮਾਂ ਹੁੰਦਾ ਸੀ ਜਦੋਂ ਪਿੰਡ’ਚ ਕਿਸੇ ਨੇ ਕੱਚਾ ਘਰ ਤਿਆਰ ਕਰਨਾ ਤਾਂ ਸਾਰੇ ਖੁਸ਼ੀ ਖੁਸ਼ੀ ਉਸਦੇ ਨਾਲ ਹੱਥ ਵਟਾਉਂਦੇ ।
ਘਰ ਬਣਨ ਮਗਰੋਂ ਘਰ ਦੇ ਮੁਖੀ ਨੂੰ ਵਧਾਈਆਂ ਦਿੰਦੇ। ਘਰ ਬਣਾਉਣਾ ਵੀ ਪੰਛੀ ਪ੍ਰਰਿੰਦਿਆ ਦੇ ਆਲਣਾਂ ਬਣਾਉਣ ਦੇ ਤੁਲ ਹੈ। ਮਨੁੱਖੀ ਜੀਵਨ ਇਸੇ ਸੰਵੇਦਨਸ਼ੀਲ ਪ੍ਰਕਿਰਿਆ’ਚੋਂ ਦੀ ਗੁਜਰਦਾ ਹੈ। ਇੱਕ ਰੰਗੀਨ ਸੁਪਨਿਆਂ ਦਾ ਤਾਜ ਮਹਿਲ ਉਸਾਰ ਕੇ ਨਿੱਕੇ ਨਿਆਣਿਆਂ ਲਈ ਕਿਰਤ ਦੀ ਚੋਗ ਚੁਗ ਕੇ ਲਿਆਉਂਦਾ ਹੈ। ਹੌਲੀ ਹੌਲੀ ਜਦ ਉਹ ਉਡਾਰ ਹੋ ਜਾਂਦੇ ਹੋ ਕੇ ਆਪਣਾਂ ਢਿੱਡ ਭਰਨ ਦੇ ਸਮਰੱਥ ਹੋ ਜਾਂਦੇ ਤਾਂ ਆਲ੍ਹਣੇ ਦਾ ਤੀਲਾ-ਤੀਲਾ ਇਕੱਠਾ ਕਰਨ ਵਾਲਾ ਪੰਛੀ ਕਿਤੇ ਦੂਰ ਉਡਾਰੀ ਮਾਰ ਜਾਂਦਾ ਹੈ। ਪ੍ਰਕਿਰਤੀ ਦਾ ਇਹ ਅਦਭੁਤ ਨਿਯਮ ਹੈ। ਪਹੁੰ ਫੁੱਟਣ ਤੋਂ ਤਰਕਾਲਾਂ ਪੈਣ ਤੱਕ ਘਰ ਦ ਖੁੱਲੇ ਵਿਹੜੇ ‘ਚ ਇੱਕ ਨਹੀਂ ਸੈਕੜੇ ਸੁਪਨੇ ਸੱਚ ਹੁੰਦੇ । ਬਿਰਧ ਬਾਪ ਪੁੱਤ ਧੀਆਂ ਨੂੰ ਜਵਾਨ ਹੁੰਦੇ ਦੇਖਦਾ। ਧੀ ਦੀ ਵਿਦਾਇਗੀ ਤੇ ਨਹੁੰ ਦੀ ਆਮਦ ਘਰ ਦੇ ਮਾਲਕ ਦੇ ਮਨ’ਚ ਉਲਾਰਾ ਲੈਂਦੇ ਚਾਅ ਮਾਲਾ ‘ਚ ਪਰੋਏ ਮੋਤੀਆਂ ਵਾਂਗ ਦਿਸਦੇ ਪ੍ਰਤੀਤ ਹੰਦੇ ਹਨ। ਕੱਚਾ ਘਰ ਬਣਾਉਣ ਲਈ ਪੱਕਾ ਘਰ ਬਣਾਉਣ ਤੌਂ ਵੀ ਜਿਆਂਦਾ ਮਸੱਕਤ ਕਰਨੀ ਪੈਂਦੀ ਹੈ। ਮਿੱਟੀ ਦੀਆਂ ਪੱਥੀਆਂ ਇੱਟਾਂ,ਨਹਿਰਾਂ ਸੂਇਆਂ ਦਵਾਲੇ ਉ¤ਘਿਆ ਸਰਕੜਾ,ਢਾਬ ਦੇ ਰੁੱਖਾਂ ਦੀਆਂ ਕੜੀਆਂ,ਪਿੰਡ ਦੀ ਨਿਆਂਈਂ ‘ਚ ਉ¤ਘੀ ਕਿੱਕਰ ਦੀਆਂ ਲਟੈਣਾਂ,ਪਿੰਡ ਦੇ ਛੱਪੜ’ਚੋਂ ਨਿੱਕਲੇ ਪਰੋਲੇ ਦਾ ਢਾਂਚਾ ਖੜਾ ਕਰਨ ਲਈ ਬਹੁਤ ਹੀ ਮਹੀਨ ਹੱਥਾਂ ਦੀ ਲੋੜ ਹੁੰਦੀ ਹੈ। ਕੱਚੀਆਂ ਕੰਧਾਂ ਉ¤ਤੇ ਬੇਲ ਬੂਟੀਆਂ,ਕੰਧੋਲੀ ‘ਤੇ ਪਾਉਣ ਲਈ ਮੋਰ ਬਟੇਰੇ,ਕੂਜਾਂ,ਕਬੂਤਰੀਆਂ ਅਤੇ ਦਲਾਨ ਵਿੱਚ ਰੱਖਣ ਲਈ ਭੜੋਲੇ ਭੜੋਲੀਆਂ ਬਣਾਉਣ ਲਈ ਮਹੀਨ ਦੇ ਨਾਲ ਨਾਲ ਜ਼ਹੀਨ ਵੀ ਹੋਣਾਂ ਪੈਂਦਾ ਹੈ।
ਆਲੇ ਵਿੱਚ ਰੱਖਣ ਵਾਲੇ ਦੀਵੇ ਤੋਂ ਲੈ ਕੇ ਹਲ ਪੰਜਾਲੀਆਂ ਟੰਗਣ ਲਈ ਪੜਛੱਤੀ ਬਣਾਉਣ ਤੱਕ ਬਹੁਤ ਸਾਰੇ ਪੜਾਵਾਂ ਵਿਚੋਂ ਦੀ ਗੁਜਰਨਾਂ ਪੈਂਦਾ ਹੈ। ਸਭ ਤੋਂ ਵੱਡੀ ਗੱਲ ਕਿ ਹਿਰਨ ਵਾਂਗ ਚੁੰਗੀਆਂ ਭਰ ਰਹੇ ਜਮਾਨੇ ਤੋਂ ਬੇਨਿਆਜ਼ ਹੋ ਕੇ ਕੱਚੇ ਘਰਾਂ ਦੀ ਰੁੱਖੀ ਮਿੱਸੀ ਖਾਣੀ ਵੀ ਦਿਲ ਗੁਰਦੇ ਵਾਲੇ ਲੋਕਾਂ ਦਾ ਹੀ ਜ਼ੇਰਾ ਹੈ। ਸਾਰਾ ਸਾਜੋ ਸਮਾਨ ਇਕੱਠਾ ਕਰਨ ਉਪਰੰਤ ਤਿਆਰ ਬਰ ਤਿਆਰ ਘਰ ਆਪਣੇ ਆਪ’ਚ ਬੜਾ ਹੀ ਕੁਦਰਤੀ ਨਜ਼ਾਰਾ ਪੇਸ਼ ਕਰਦਾ ਹੈ। ਕੱਚੇ ਘਰ ਦੇ ਵਿਹੜੇ ਦਾ ਵਾਤਾਵਰਣ ਬੜਾ ਸੁੱਧ ਹੁੰਦਾ ਹੈ। ਬੇਹੱਦ ਸੁੰਦਰ ਤੇ ਹਵਾਦਾਰ ਕਮਰਾ ਸਵਰਗ ਵਰਗਾ ਨਜ਼ਾਰਾ ਦਿੰਦਾ ਹੈ। ਕੱਚੇ ਘਰਾਂ ਦੀ ਵਿਲੱਖਣਤਾ ਹੈ ਕਿ ਇਹ ਗਰਮੀ ਵਿੱਚ ਠੱਡੇ ਤੇ ਪੋਹ ਮਾਘ ‘ਚ ਨਿੱਘੇ ਹੁੰਦੇ ਹਨ। ਕਮਰੇ ਦੀ ਛੱਤ ਭਾਵੇਂ ਬਹੁਤੀ ਮਜਬੂਤ ਨਹੀਂ ਮੰਨੀ ਜਾਂਦੀ ਪ੍ਰੰਤੂ ਹੱਥਾਂ ਨਾਲ ਤਿਆਰ ਕੀਤੀ ਛੱਤ ‘ਤੇ ਘਰ ਦੇ ਮਾਲਕਾਂ ਨੂੰ ਰੱਬ ਜੇਡਾ ਵਿਸ਼ਵਾਸ ਹੁੰਦਾ ਹੈ। ਕੱਚੇ ਘਰਾਂ ਵਿੱਚ ਪੱਕੀਆਂ ਤੇ ਸੱਚੀਆਂ ਰੂਹਾਂ ਦਾ ਵਾਸ ਹੁੰਦਾ ਹੈ। ਦਰਅਸਲ ਸਚਾਈ ਇਹ ਹੈ ਕਿ ਹੱਥੀਂ ਬਣਾਈ ਚੀਜ ਨਾਲ ਹੀ ਅਸਲ ਮੋਹ ਜੁੜਿਆ ਹੁੰਦਾ ਹੈ। ਇਹ ਮੋਹ ਅੱਜ ਦੇ ਮਹਿੰਗੇ ਤੇ ਅਤਿ ਸੁੰਦਰ ਘਰਾਂ ,ਕੋਠੀਆਂ ਤੇ ਬੰਗਲਿਆ ਵਿੱਚ ਨਹੀਂ ਰਿਹਾ। ਇੱਕ ਘਰ ਵੇਚਕੇ ਦੂਜੇ ਘਰ ਜਾਣਾਂ ਆਮ ਵਰਤਾਰਾ ਬਣ ਗਿਆ ਹੈ।
ਮੇਰਾ ਬਚਪਨ ਕੱਚੇ ਘਰ’ਚ ਬਤੀਤ ਹੋਇਆ ਹੈ। ਮੇਰੇ ਦਾਦਾ -ਦਾਦੀ ਜੀ ਦਾ ਸਾਡੇ ਕੱਚੇ ਘਰ ਨਾਲ ਅਥਾਹ ਮੋਹ ਸੀ । ਜਦ ਅਠਾਸੀ ਵੇਲੇ ਹੜ ਆਇਆ ਤਾਂ ਸਾਡਾ ਘਰ ਖੇਰੂ-ਖੇਰੂ ਹੋ ਗਿਆ। ਫਿਰ ਅਸੀਂ ਨਵਾਂ ਤੇ ਪੱਕਾ ਘਰ ਬਣਾ ਲਿਆ। ਮੈ ਨਿੱਕਾ ਜਿਹਾ ਸਾਂ। ਮੈਨੂੰ ਨਵੇਂ ਤੇ ਪੱਕੇ ਘਰ ਦਾ ਅਥਾਅ ਚਾਅ ਸੀ। ਮੈ ਕਿਲਕਾਰੀਆਂ ਮਾਰਦਾ ਤੇ ਖੁਸ਼ੀ ਦੇ ਅੰਬਰ ‘ਚ ਉ¤ਡਣ ਜਾ ਲਗਦਾ । ਹੁਣ ਅਸੀਂ ਪੱਕੇ ਘਰ ਵਾਲੇ ਜਿਉਂ ਹੋ ਗਏ ਸਾਂ। ਪਰ ਘਰ ਦੇ ਨਵੇਂ ਕਮਰੇ ‘ਚ ਂ ਮੰਜੇ ਤੇ ਪਏ ਦਾਦਾ ਜੀ ਦਾ ਮਨ ਉਦਾਸ ਸੀ। ਇਹ ਖਿੱਚ ਦਾ ਅਹਿਸਾਸ ਹੀ ਤਾਂ ਸੀ…..। ਸੁਪਨਾ ਨਹੀਂ ਇਹ ਸੱਚ ਸੀ ਕਿ ਇਕ ਦਿਨ ਸਾਰੇ ਦੇ ਸਾਰੇ ਕੱਚੇ ਘਰ ਢਹਿ ਢੇਰੀ ਹੋ ਜਾਣਗੇ ਸਾਡੇ ਘਰ ਵਾਂਗ। ਕੱਚੀ ਮਿਟੀ ਤੇ ਮਹੱਬਤ ਦੀਆਂ ਪੱਕੀਆਂ ਗੰਢਾਂ ਦੇ ਕੇ ਸਿਰਜੇ ਰਿਸ਼ਤਿਆਂ’ਚ ਭਾਵਕ ਪੰਜਾਬ ਦੇ ਪੁਰਾਣੇ ਪਿੰਡਾਂ ਦਾ ਅਤੀਤ ਤੇ ਕੱਚੇ ਘਰਾਂ ਦਾ ਵਿਰਸਾ ਅੱਜ ਸੱਚਮੁੱਚ ਹੀ ਅਲੋਪ ਹੁੰਦਾ ਜਾ ਰਿਹਾ ਹੈ। ਕੱਚੇ ਘਰ ਜਿਹੜੇ ਪੇਂਡੂ ਪੰਜਾਬੀ ਜਨ ਜੀਵਨ ਤੇ ਪੰਜਾਬੀ ਰਹਿਤ ਮਰਿਯਾਦਾ ਦਾ ਅਨਿੱਖੜਵਾਂ ਅੰਗ ਸਨ ਅੱਜ ਦੇ ਲੋਕਾਂ ਲਈ ਗੁਰਬਤ ਦਾ ਉਹ ਚਿਰਾਗ ਬਣ ਚੁੱਕੇ ਹਨ ਜਿੰਨ੍ਹਾਂ ਦੀ ਰੌਸ਼ਨੀ ਕਦੇ ਵੀ ਮੱਧਮ ਪੈ ਸਕਦੀ ਹੈ। ਪੰਜਾਬ ਦੇ ਬਹੁਤੇ ਹਿੱਸੇ ਨੇ ਰਹਿਣ ਸਹਿਣ ਲਈ ਕੋਠੀਆਂ ਤੇ ਬੰਗਲੇ ਆਦਿ ਉਸਾਰ ਲਏ ਹਨ ਪਰ ਜੋ ਨਜ਼ਾਰਾ ਕੱਚੇ ਘਰਾਂ ਵਿੱਚ ਹੁੰਦਾ ਸੀ ਉਹ ਨਜ਼ਾਰਾ ਪੱਕੇ ਘਰਾਂ ਤੇ ਬੰਗਲਿਆਂ ਵਿੱਚ ਕਿੱਥੇ?
ਕੁਲਦੀਪ ਸਿੰਘ ਲੋਹਟ
ਮੋਬਾ.94178 95713