71 ਸਾਲ ਦਾ ਬੁੱਢਾ ਬਘੇਲ ਸਿੰਘ ਪਸ਼ੂਆਂ ਲਈ ਬਣੇ ਬਾਹਰਲੇ ਘਰ ਵਿਚ ਰਹਿੰਦਾ ਸੀ। ਉਹ ਸਾਰਾ ਦਿਨ ਪਸ਼ੂਆਂ ਦੀ ਸੇਵਾ-ਸੰਭਾਲ ਕਰਦਾ ਤੇ ਰਾਤ ਨੂੰ ਉਥੇ ਹੀ ਸੌਂ ਜਾਂਦਾ ਸੀ। ਉਸ ਦੇ ਕੱਪੜੇ ਆਮ ਤੌਰ 'ਤੇ ਮੈਲੇ-ਘਸਮੈਲੇ ਤੇ ਮੋਟੇ ਹੁੰਦੇ। ਉਸ ਦੇ ਪੁੱਤ-ਪੋਤੇ ਵੇਲੇ-ਕੁਵੇਲੇ ਉਸ ਨੂੰ ਉਥੇ ਹੀ ਚਾਹ-ਰੋਟੀ ਫੜਾ ਜਾਂਦੇ। ਉਸ ਦੇ ਪੀਣ ਲਈ ਪਾਣੀ ਦਾ ਇਕ ਘੜਾ ਉਸ ਦੇ ਸਿਰ੍ਹਾਣੇ ਰੱਖਿਆ ਹੁੰਦਾ। ਬੱਚਿਆਂ ਦੀ ਰਿਹਾਇਸ਼ ਸਾਹਮਣੇ ਬਣੇ ਆਲੀਸ਼ਾਨ ਮਕਾਨ ਵਿਚ ਸੀ।
ਇਕ ਦਿਨ ਸਵੇਰੇ ਜਦੋਂ ਉਹ ਪਸ਼ੂਆਂ ਲਈ ਤੂੜੀ ਵਾਲੇ ਕਮਰੇ ਵਿਚ ਤੂੜੀ ਦਾ ਟੋਕਰਾ ਭਰ ਰਿਹਾ ਸੀ, ਉਸ ਦੇ ਕੰਨਾਂ ਵਿਚ ਅਚਾਨਕ ਉਸ ਦੇ ਪੋਤਰੇ ਦੀ ਆਵਾਜ਼ ਪਈ, 'ਬਾਪੂ! ਪਸ਼ੂਆਂ ਨੂੰ ਦਾਣਾ ਪਾ ਕੇ ਘਰ ਆ ਕੇ ਨਹਾ ਲਈਂ, ਪਾਣੀ ਗਰਮ ਹੋਈ ਜਾਂਦਾ ਹੈ। ਤੈਨੂੰ ਅੱਜ 'ਬਾਬੇ ਦੇ ਨਾਂਅ ਦੀ ਰੋਟੀ' ਖਵਾਉਣੀ ਹੈ, ਛੇਤੀ ਆ ਜਾਵੀਂ।' ਏਨਾ ਕਹਿ ਕੇ ਪੋਤਾ ਘਰ ਚਲਾ ਗਿਆ। ਉਸ ਦੇ ਜਾਣ ਦੇ ਬਾਅਦ ਬਘੇਲ ਸਿੰਘ ਨੇ ਸੋਚਿਆ ਕਿ ਪਹਿਲਾਂ ਤਾਂ ਉਸ ਨੂੰ ਇਸ ਤਰ੍ਹਾਂ ਕਦੇ ਘਰ ਨਹੀਂ ਬੁਲਾਇਆ ਗਿਆ। ਜਦੋਂ ਨਹਾਤੇ ਨੂੰ ਬਹੁਤੇ ਦਿਨ ਹੋ ਜਾਂਦੇ ਤਾਂ ਉਹ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਵਿਹਲਾ ਹੋ ਕੇ ਅੰਦਰ ਜਾ ਕੇ ਨੂੰਹਾਂ ਨੂੰ ਕਹਿੰਦਾ, 'ਪੁੱਤ ਤੱਤਾ ਪਾਣੀ ਹੈ ਤਾਂ ਨਹਾ ਹੀ ਲਈਏ?' ਉਸ ਨੂੰ ਆਮ ਤੌਰ 'ਤੇ ਨਾਂਹ ਵਿਚ ਹੀ ਜਵਾਬ ਮਿਲਦਾ। ਉਹ ਵਾਪਸ ਆ ਕੇ ਨਲਕੇ ਦੇ ਤਾਜ਼ੇ ਪਾਣੀ ਦੀ ਬਾਲਟੀ ਭਰ ਕੇ ਉਸ ਨਾਲ ਨਹਾ ਕੇ ਸਬਰ ਕਰ ਲੈਂਦਾ ਤੇ ਫਿਰ ਜ਼ੋਰ ਨਾਲ ਝਾੜ ਕੇ ਉਹੀ ਮੈਲੇ-ਕੱਪੜੇ ਪਾ ਲੈਂਦਾ। ਕਦੇ-ਕਦੇ ਉਸ ਦੀਆਂ ਨੂੰਹਾਂ ਉਸ ਦੇ ਕੱਪੜੇ ਧੋ ਦਿੰਦੀਆਂ। ਉਸ ਨੂੰ ਬਹੁਤ ਸਮਾਂ ਪਹਿਲਾਂ ਮਰ ਚੁੱਕੀ ਆਪਣੀ ਪਤਨੀ ਮੇਲੋ ਯਾਦ ਆ ਜਾਂਦੀ ਜੋ ਉਸ ਨੂੰ ਰੋਜ਼ਾਨਾ ਗਰਮ ਪਾਣੀ ਨਾਲ ਨਹਾਉਂਦੀ ਸੀ ਤੇ ਰੋਜ਼ ਧੋਤੇ ਹੋਏ ਕੱਪੜੇ ਪਾਉਣ ਲਈ ਦਿੰਦੀ ਸੀ। ਉਹ ਉਸ ਨੂੰ ਯਾਦ ਕਰਕੇ ਕਦੇ-ਕਦੇ ਅੱਖਾਂ ਭਰ ਲੈਂਦਾ।
ਇਉਂ ਸੋਚਦੇ ਨੂੰ ਦੂਜਾ ਪੋਤਾ ਆ ਗਿਆ, 'ਬਾਪੂ ਤੂੰ ਅਜੇ ਤੱਕ ਆਇਆ ਨ੍ਹੀਂ?' ਬਘੇਲ ਸਿੰਘ ਪਸ਼ੂਆਂ ਵਾਲੀ ਖੁਰਲੀ ਵਿਚ ਹੱਥ ਮਾਰਦਾ ਬੋਲਿਆ, 'ਹੁਣੇ ਆਉਂਦਾ ਹਾਂ ਪੁੱਤ, ਥੋੜ੍ਹੇ ਜਿਹੇ ਪੱਠੇ ਪਾਉਣ ਵਾਲੇ ਰਹਿੰਦੇ।' ਏਨਾ ਆਖ ਕੇ ਉਹ ਦਾਣੇ-ਪੱਠੇ ਦਾ ਕੰਮ ਤੇਜ਼ੀ ਨਾਲ ਨਿਬੇੜ ਕੇ ਛੇਤੀ ਘਰ ਚਲਾ ਗਿਆ। ਅੱਜ ਆਮ ਨਾਲੋਂ ਉਲਟ ਘਰ ਦੇ ਸਾਰੇ ਜੀਅ ਕਹਿੰਦੇ 'ਆ ਗਿਆ ਬਾਪੂ'। ਬਾਪੂ ਨਹਾਉਣ ਵਾਲੇ ਥਾਂ ਵਿਚ ਗਰਮ ਪਾਣੀ ਦੀ ਬਾਲਟੀ ਭਰੀ ਪਈ ਹੈ। ਤੂੰ ਕੇਸੀਂ ਇਨਸ਼ਾਨ ਕਰ ਲੈ, ਸਾਬਣ, ਤੇਲ ਵੀ ਉਥੇ ਰੱਖਿਆ ਪਿਆ ਹੈ ਤੇ ਉਥੇ ਹੀ ਕਿੱਲੀਆਂ ਉਤੇ ਤੇਰੇ ਪਾਉਣ ਲਈ ਨਵੀਂ ਪੰਜ ਕਾਪੜੀ ਟੰਗੀ ਪਈ ਹੈ, ਇਹ ਪੁਰਾਣੇ ਲੀੜੇ ਲਾਹ ਕੇ ਉਥੇ ਹੀ ਰੱਖ ਦੇਈਂ, ਨਾਲੇ ਨਵੀਂ ਜੁੱਤੀ ਪਾ ਲਵੀਂ।' ਬਘੇਲ ਸਿੰਘ ਨੂੰ ਦੂਰੋਂ ਹੀ ਰਸੋਈ ਵਿਚੋਂ ਮਿੰਨ੍ਹੀ-ਮਿੰਨ੍ਹੀ ਖੁਸ਼ਬੂ ਆ ਰਹੀ ਸੀ। ਉਹ ਗਰਮ-ਗਰਮ ਪਾਣੀ ਨਾਲ ਕੇਸੀਂ ਨਹਾਉਂਦਾ ਹੋਇਆ, 'ਵਾਹਿਗੁਰੂ ਵਾਹਿਗੁਰੂ' ਕਰੀ ਜਾ ਰਿਹਾ ਸੀ, ਨਾਲ ਹੀ ਸਾਬਣ ਨਾਲ ਆਪਣੀ ਮੈਲ ਜੋ ਉਹਦੇ ਪਿੰਡੇ ਤੇ ਕੇਸਾਂ ਵਿਚ ਬਹੁਤ ਜ਼ਿਆਦਾ ਲੱਗੀ ਹੋਈ ਸੀ, ਮਲ-ਮਲ ਕੇ ਲਾਹ ਰਿਹਾ ਸੀ। ਗਰਮ ਪਾਣੀ ਨਾਲ ਨਹਾ ਕੇ ਉਸ ਦਾ ਸਰੀਰ ਹੌਲਾ ਫੁੱਲ ਹੋ ਜਾਣ ਕਰਕੇ ਉਹ ਬਹੁਤ ਖੁਸ਼ ਸੀ। ਨਹਾ ਕੇ ਉਸ ਨੇ ਸਾਰੇ ਨਵੇਂ ਕੱਪੜੇ ਪਾਏ, ਜੋ ਚਿੱਟੇ ਰੰਗ ਦੇ ਸਨ ਤੇ ਉਸ ਨੂੰ ਚਮਕਾ ਰਹੇ ਸਨ। ਬਾਹਰ ਨਵੀਂ ਪਈ ਜੁੱਤੀ ਪਾ ਕੇ ਵਿਹੜੇ ਵਿਚ ਆ ਗਿਆ। ਨੂੰਹਾਂ-ਪੁੱਤਾਂ ਨੇ ਨਵੀਂ ਨਕੋਰ ਚਾਦਰ ਵਿਛਾ ਕੇ ਵਧੀਆ ਮੰਜੇ 'ਤੇ ਬਿਠਾ ਦਿੱਤਾ। ਬਘੇਲ ਸਿੰਘ ਨੂੰ ਚੌਂਕੜੀ ਮਾਰ ਕੇ ਬੈਠਣ ਲਈ ਕਿਹਾ ਗਿਆ। ਵੱਡਾ ਭਾਂਡਾ ਹੇਠਾਂ ਕਰਕੇ ਉਥੇ ਹੀ ਗੜਵੀ ਨਾਲ ਫਿਰ ਉਸ ਦੇ ਹੱਥ ਸੁੱਚੇ ਕਰਾ ਦਿੱਤੇ। ਉਹ ਹੈਰਾਨ ਹੋ ਗਿਆ, ਜਦੋਂ ਇਕ ਵੱਡੇ ਥਾਲ ਵਿਚ ਵੱਡੇ-ਵੱਡੇ ਕੌਲਿਆਂ ਵਿਚ ਖੀਰ, ਪ੍ਰਸ਼ਾਦ ਤੇ ਹੋਰ ਕਈ ਮਿੱਠੇ ਪਕਵਾਨ ਬਘੇਲ ਸਿੰਘ ਨੂੰ ਪਰੋਸੇ ਗਏ, ਜਿਹੜੇ ਉਸ ਨੇ ਕਦੇ ਵੇਖੇ ਵੀ ਨਹੀਂ ਸਨ।
ਨੂੰਹਾਂ-ਪੁੱਤਾਂ, ਪੋਤੇ-ਪੋਤੀਆਂ ਨੇ ਉਸ ਸਾਹਮਣੇ ਨੰਗੇ ਪੈਰੀਂ ਸਿਰ ਨਿਵਾ ਕੇ ਉਸ ਨੂੰ ਰੋਟੀ ਖਾਣ ਲਈ ਬੇਨਤੀ ਕੀਤੀ, 'ਜੀ ਰੋਟੀ ਖਾਓ।' ਵੱਖ-ਵੱਖ ਪਕਵਾਨਾਂ ਵਿਚ ਸੌਗੀ, ਲੌਂਗ, ਇਲਾਇਚੀ, ਬਦਾਮ, ਕਾਜੂ ਤੇ ਪਤਾ ਨਹੀਂ ਹੋਰ ਕੀ ਕੁਝ ਪਾਇਆ ਹੋਇਆ ਸੀ। ਬਘੇਲ ਸਿੰਘ ਨੂੰ ਇਹ ਪਕਵਾਨ ਖਾਂਦੇ ਨੂੰ ਅਨੰਦ ਤਾਂ ਆ ਹੀ ਰਿਹਾ ਸੀ, ਨਾਲ ਹੀ ਹੈਰਾਨਗੀ ਵੀ ਸੀ ਕਿ ਇਹ ਸਭ ਕਿਵੇਂ? ਉਸ ਨੂੰ ਇਹ ਮਿੱਠੇ ਪਕਵਾਨ ਹੋਰ ਖਾਣ ਲਈ ਬੇਨਤੀ ਕੀਤੀ ਜਾਂਦੀ ਤਾਂ ਉਹ 'ਹਾਂ' ਕਹਿ ਕੇ ਹੋਰ ਪਵਾ ਕੇ ਖਾ ਲੈਂਦਾ। ਮਿੱਠਾ ਖਾਣ ਤੋਂ ਰੱਜ ਕੇ ਜਵਾਬ ਦੇਣ ਬਾਅਦ ਥਾਲ ਚੁੱਕ ਲਿਆ ਗਿਆ ਤੇ ਇਕ ਹੋਰ ਥਾਲ ਆ ਗਿਆ। ਉਸ ਵਿਚ ਅਨੇਕਾਂ ਪ੍ਰਕਾਰ ਦੀਆਂ ਸਬਜ਼ੀਆਂ, ਨਾਲ ਚੀਰ ਕੇ ਰੱਖੇ ਟਮਾਟਰਾਂ ਬਾਰੇ ਤਾਂ ਉਹ ਜਾਣਦਾ ਸੀ, ਹੋਰ ਕਿੰਨੀਆਂ ਹੀ ਪਲੇਟਾਂ ਚੀਰੇ ਹੋਏ ਸਲਾਦ ਦੀਆਂ ਤੇ ਕੇਵਲ ਇਕ ਗਰਮ ਫੁਲਕਾ ਵੱਖਰੀ ਥਾਲੀ ਵਿਚ ਸੀ। ਖਾਣ ਲਈ ਸਾਰੇ ਪਰਿਵਾਰ ਨੇ ਇਕ ਜ਼ਬਾਨ ਹੋ ਕੇ ਬੇਨਤੀ ਕੀਤੀ, 'ਬਾਬਾ ਜੀ ਦਾਲ-ਫੁਲਕਾ ਛਕੋ।' ਬਘੇਲ ਸਿੰਘ ਨੇ ਹੁਣ ਇਕ-ਇਕ ਕਰਕੇ ਪ੍ਰਸ਼ਾਦੇ ਛਕਣੇ ਸ਼ੁਰੂ ਕੀਤੇ। ਥੋੜ੍ਹਾ-ਬਹੁਤਾ ਸਲਾਦ ਖਾ ਲਿਆ ਕਰੇ, ਸਾਰਾ ਪਰਿਵਾਰ ਵਾਰ-ਵਾਰ 'ਕਹੇ ਬਾਬਾ ਜੀ ਇਹ ਵੀ ਛਕੋ।' ਉਹ ਰੱਜਿਆ ਤਾਂ ਪਹਿਲਾਂ ਹੀ ਸੀ, ਪ੍ਰੰਤੂ ਕਈ ਫੁਲਕੇ ਖਾ ਕੇ ਉਸ ਨੇ ਅਖੀਰ ਰੱਜ ਕੇ ਭਰਪੂਰ ਹੋ ਕੇ ਇਸ਼ਾਰਾ ਕੀਤਾ ਕਿ ਹੋਰ ਫੁਲਕਾ ਨਾ ਲਿਆਓ। ਵਿਸ਼ੇਸ਼ ਬਰਤਨ ਵਿਚ ਪਹਿਲਾਂ ਹੱਥ ਧੁਆ ਕੇ ਨਵਾਂ ਤੌਲੀਆ ਹੱਥ ਪੂੰਝਣ ਤੇ ਸੁਕਾਉਣ ਲਈ ਦਿੱਤਾ। ਇਸ ਉਪਰੰਤ ਸਾਰੇ ਪੁੱਤਾਂ-ਪੋਤਿਆਂ, ਨੂੰਹਾਂ ਨੇ ਵਾਰੀ-ਵਾਰੀ ਬਾਬੇ 'ਬਾਬੇ' (ਬਾਪੂ) ਦੇ ਪੈਰੀਂ ਹੱਥ ਲਾਏ ਤੇ ਅਸ਼ੀਰਵਾਦ ਮੰਗੀ। ਉਸ ਨੇ 'ਸੁਖੀ ਵਸੋ' ਕਹਿ ਕੇ ਸਭ ਨੂੰ ਅਸ਼ੀਰਵਾਦ ਦੇ ਦਿੱਤਾ। ਪਰਿਵਾਰ ਨੇ ਸਾਫ਼-ਸੁਥਰਾ ਕਮਰਾ ਦੇ ਕੇ ਵਧੀਆ ਬਿਸਤਰਾ ਵਿਛਾ ਕੇ, ਪੱਖਾ ਛੱਡ ਕੇ ਬਘੇਲ ਸਿੰਘ ਨੂੰ ਘਰ ਹੀ ਸੌਣ ਲਈ ਕਿਹਾ। ਰੱਜੇ ਹੋਏ ਬਾਪੂ ਨੂੰ ਨੀਂਦ ਆ ਗਈ। ਪਤਾ ਹੀ ਨਾ ਲੱਗਾ ਜਦੋਂ ਸਾਹਮਣੇ ਪਸ਼ੂਆਂ ਵਾਲੇ ਘਰ ਉਨ੍ਹਾਂ ਨੂੰ ਸੰਨ੍ਹੀ ਕਰਨ (ਦਾਣਾ ਰਲਾਉਣ) ਦਾ ਸਮਾਂ ਹੋ ਗਿਆ।
ਪਹਿਲਾਂ ਦੇ ਪੱਠੇ ਪਾਉਣ ਦੇ ਸਮੇਂ ਤੋਂ ਬਘੇਲ ਸਿੰਘ ਕਾਫ਼ੀ ਲੇਟ ਉਠਿਆ ਤੇ ਤੇਜ਼ੀ ਨਾਲ ਕਦਮ ਪੁੱਟਦਾ ਹੋਇਆ, ਸਾਹਮਣੇ ਪਸ਼ੂਆਂ ਵਾਲੇ ਘਰ ਵੱਲ ਜਾਂਦਾ ਕਹਿਣ ਲੱਗਾ, 'ਪੁੱਤ ਅੱਜ ਦਾਣਾ ਰਲਾਉਣ ਤੋਂ ਲੇਟ ਹੀ ਹੋ ਗਏ।' ਇਹ ਕਹਿ ਕੇ ਤੁਰਿਆ ਹੀ ਸੀ ਕਿ ਵੱਡੀ ਨੂੰਹ ਬੋਲੀ, 'ਬਾਪੂ ਜੀ! ਇਹ ਨਵੇਂ ਕੱਪੜੇ ਤੇ ਜੁੱਤੀ ਲਾਹ ਦਿਓ। ਪੁਰਾਣੇ ਕੱਪੜੇ ਮੈਂ ਧੋ ਦਿੱਤੇ ਹਨ, ਉਹ ਸੁੱਕ ਗਏ ਹਨ, ਉਹ ਪਾ ਲਓ। ਆਹ ਨਵੀਂ ਜੁੱਤੀ ਵੀ ਕਿਤੇ ਬਾਹਰ ਗਮੀ-ਸ਼ਾਦੀ ਵੇਲੇ ਪਾ ਲਿਆ ਕਰੋ।' ਨੂੰਹ ਦਾ ਹੁਕਮ ਮੰਨ ਕੇ ਬਘੇਲ ਸਿੰਘ ਨਵੀਂ ਚਿੱਟੀ ਪੰਜ ਕਾਪੜੀ ਤੇ ਨਵੀਂ ਜੁੱਤੀ ਲਾਹ ਕੇ ਪੁਰਾਣੇ ਮੋਟੇ ਕੱਪੜੇ ਤੇ ਟੁੱਟੇ ਛਿੱਤਰ ਪਾ ਕੇ ਛੇਤੀ ਨਾਲ ਘਰੋਂ ਦਾਣਾ ਰਲਾਉਣ ਚਲਾ ਗਿਆ। ਜਾਂਦਾ-ਜਾਂਦਾ ਉਹ ਸੋਚ ਰਿਹਾ ਸੀ ਕਿ ਇਹੀ ਸੀ 'ਬਾਬੇ ਦੇ ਨਾਂਅ ਦੀ ਰੋਟੀ?'
ਬੋਹੜ ਸਿੰਘ ਮੱਲ੍ਹਣ
-ਤਰਨ ਤਾਰਨ ਨਗਰ ਗਲੀ ਨੰਬਰ 1, ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 96461-41243