ਛੰਦ ਕਿਉਂਕਿ ਪੰਜਾਬੀ ਲੋਕ ਕਾਵਿ ਦਾ ਬੜਾ ਹਰਮਨਪਿਆਰਾ ਰੂਪ ਹੈ, ਇਸ ਲਈ ਇਹ ਰਸਮ ਲਾੜੇ ਦੀ ਆਪਣੀ ਬੋਲੀ ਤੇ ਵਿਰਸੇ ਨਾਲ ਜੁੜੇ ਹੋਣ ਦੀ ਲੁਕਵੀਂ ਜਿਹੀ ਪਰਖ ਵੀ ਹੁੰਦੀ ਤੇ ਸਹੁਰੇ ਪਰਿਵਾਰ ਦੇ ਜੀਆਂ ਨਾਲ ਖੁੱਲ੍ਹਣ ਦਾ ਇੱਕ ਹੀਲਾ ਵੀ ਹੁੰਦਾ। ਇਹੀ ਕਾਰਨ ਹੁੰਦਾ ਕਿ ਵਿਆਹ ਤੋਂ ਪਹਿਲਾਂ ਮੁੰਡੇ ਆਪਣੇ ਹਾਣੀਆਂ ਜਾਂ ਵਡੇਰਿਆਂ ਪਾਸੋਂ ਛੰਦਾਂ ਦੇ ਕੁਝ ਟੋਟਕੇ ਯਾਦ ਵੀ ਕਰ ਰੱਖਦੇ ਤਾਂ ਜੁ ਸਾਲੀਆਂ ਨਾਲ ਸੰਵਾਦ ਦੇ ਉਹ ਪਲ ਕਿਧਰੇ ਫਿੱਕੇ ਨਾ ਪੈ ਜਾਣ ਤੇ ਲਾੜਾ ਕਿਤੇ ਸਾਲੀਆਂ ਦੇ ਹਜੂਮ ਹੱਥੋਂ ਲੁਹਾ ਕੇ ਨਾ ਆ ਜਾਏ। ਉਂਜ ਬਹੁਤੀ ਵਾਰ ਇਹ ਸੰਵਾਦ ਸਿਲਸਿਲਾ ਲਾੜੇ ਦੇ ਸੁਭਾਅ ’ਤੇ ਵੀ ਨਿਰਭਰ ਕਰਦਾ। ਕਈ ਤਾਂ ਬੜੇ ਖੁੱਲ੍ਹੇ ਖੁਲਾਸੇ ਢੰਗ ਨਾਲ ਪੇਸ਼ ਆਉਂਦੇ ਤੇ ਕਈ ਸੰਗ ਵਿੱਚ ਦੂਹਰੇ ਤੀਹਰੇ ਹੁੰਦੇ ਯਾਦ ਕੀਤਾ ਵੀ ਭੁੱਲ ਜਾਂਦੇ ਤੇ ਸਾਲੀਆਂ ਦੀ ਫ਼ੌਜ ਅੱਗੇ ਹਥਿਆਰ ਸੁੱਟ ਦਿੰਦੇ।
ਇਸ ਨਾਜ਼ੁਕ ਘੜੀ ਲਾੜੇ ਦੇ ਕੁਝ ਖ਼ਾਸ ਦੋਸਤ ਉਹਦੀ ਮਦਦ ’ਤੇ ਹੁੰਦੇ। ਸਾਲੀਆਂ ਦੀ ਤਾਬੜ-ਤੋੜ ਫ਼ਰਮਾਇਸ਼ ਅੱਗੇ ਇੱਕ ਸ਼ਰੀਫ ਤੇ ਨਰਮ ਜਿਹੇ ਸੁਭਾਅ ਦਾ ਲਾੜਾ ਛੰਦ ਸੁਣਾ ਕੇ ਬਚਣ ਦਾ ਹੀਲਾ ਕਰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।
ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰ।
ਇੰਜ ਉਹ ਸਾਲੀਆਂ ਦੀ ਹਮਦਰਦੀ ਦਾ ਪਾਤਰ ਬਣ ਜਾਂਦਾ ਤੇ ਸੌਖੇ ਹੀ ਖਹਿੜਾ ਛੁਡਾ ਲੈਂਦਾ। ਇੰਜ ਹੀ ਕੋਈ ਹੋਰ ਧਾਰਮਿਕ ਬਿਰਤੀ ਦਾ ਮਾਲਕ ਇਸ ਰੁਮਾਂਚਕ ਮਾਹੌਲ ਵਿੱਚ ਸੁਰਾਂ ਦੇ ਸੋਹਲੇ ਗਾ ਕੇ ਹੱਥ ਜੋੜ ਦਿੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ।
ਗੁਰੂ ਦੀ ਐਸੀ ਕਿਰਪਾ ਹੋਈ, ਸੱਚੇ ਮੇਲ ਮਿਲਾਏ।
ਸਮਾਜਿਕ ਮਰਿਆਦਾ ਦਾ ਪਾਲਣ ਤੇ ਰਿਸ਼ਤਿਆਂ ਦੀ ਸਹੀ ਸ਼ਨਾਖ਼ਤ ਕਰਨ ਵਾਲੇ ਲਾੜੇ ਕੁਝ ਇੰਜ ਉਚਰਦੇ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ।
ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਲੱਗੀ ਮਾਂ।
ਅਜਿਹੀ ਹੀ ਸੋਚ ਵਾਲੇ ਸੰਵੇਦਨਸ਼ੀਲ ਲਾੜੇ ਇਹ ਸਮਝਦੇ ਕਿ ਇਸ ਘਰ ਦੀ ਕੁੜੀ ਨੂੰ ਮਾਂ-ਬਾਪ ਤੋਂ ਅਲੱਗ ਕਰ ਰਹੇ ਹਾਂ। ਉਹ ਛੰਦ ਦੀ ਵਿਧੀ ਵਰਤ ਕੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਕਿ ਕੁੜੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿਆਂਗੇ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਰਨਾ।
ਧੀ ਤੁਹਾਡੀ ਸੌਖੀ ਰਹੇਗੀ, ਫ਼ਿਕਰ ਕੋਈ ਨਾ ਕਰਨਾ।
ਜਾਂ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਾਥੀ।
ਅੱਜ ਤੋਂ ਮੈਂ ਰਹਾਂਗਾ ਤੁਹਾਡੇ ਦੁੱਖ-ਸੁੱਖ ਦਾ ਸਾਥੀ।
ਜਾਂ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ।
ਧੀ ਤੁਹਾਡੀ ਇਓਂ ਰੱਖਾਂਗੇ ਜਿਓਂ ਮੁੰਦਰੀ ਵਿੱਚ ਹੀਰਾ।
ਇਸੇ ਹੀ ਮੌਕੇ ਸਾਲੀਆਂ ਲਾੜੇ ਕੋਲੋਂ ਕੋਈ ਤੋਹਫ਼ਾ ਲੈਣ ਦੀ ਮੰਗ ਕਰਦੀਆਂ ਜੋ ਕਿ ਕਲੀਚੜੀ ਦੇ ਰੂਪ ਵਿੱਚ ਹੁੰਦਾ। ਇਸ ਤੋਹਫ਼ੇ ਨੂੰ ਦੇਣ ਲਈ ਲਾੜਾ ਅਗਾਊਂ ਹੀ ਤਿਆਰ ਹੁੰਦਾ ਸੀ। ਉਹ ਸਕੀਆਂ ਸਾਲੀਆਂ ਲਈ ਚਾਂਦੀ ਦੀਆਂ ਕਲੀਚੜੀਆਂ ਤੇ ਲਾੜੀ ਦੀਆਂ ਸ਼ਰੀਕੇ ’ਚੋਂ ਲੱਗਦੀਆਂ ਭੈਣਾਂ ਤੇ ਸਹੇਲੀਆਂ ਲਈ ਗਿਲਟ ਦੀਆਂ ਕਲੀਚੜੀਆਂ ਲਿਆਇਆ ਹੁੰਦਾ ਸੀ। ਇਸ ਮੌਕੇ ਸੰਗਾਊ ਸੁਭਾਅ ਵਾਲੇ ਲਾੜੇ ਤਾਂ ਕਲੀਚੜੀਆਂ ਆਪਣੀ ਛੋਟੀ ਸਾਲੀ ਨੂੰ ਫੜਾ ਦਿੰਦੇ ਪਰ ਕਈ ਸ਼ਰਾਰਤੀ ਸੁਭਾਅ ਦੇ ਲਾੜੇ ਇਹ ਸ਼ਰਤ ਰੱਖਦੇ ਕਿ ਸਾਲੀਆਂ ਦੀਆਂ ਉਂਗਲਾਂ ’ਚ ਉਹ ਆਪ ਕਲੀਚੜੀਆਂ ਪਾਉਣਗੇ। ਇਸੇ ਹੀ ਵੇਲੇ ਘਰ ਪਰਿਵਾਰ ਦੀਆਂ ਸੁਆਣੀਆਂ ਲਾੜੇ ਦੇ ਹੱਥ ਕੋਈ ਗਹਿਣਾ ਪਾਉਂਦੀਆਂ ਤੇ ਨਾਲ-ਨਾਲ ਗੀਤ ਦੇ ਬੋਲ ਉੱਭਰਦੇ:
ਵੇ ਤੰ ਰਾਜੇ ਬਾਬਲ ਦਾ ਬੇਟਾ ਤੇ ਰਾਣੀ ਮਾਂ ਦਾ ਜਾਇਆ।
ਅਸਾਂ ਧੀ ਵੱਟੇ ਤੈਨੂੰ ਆਪਣਾ ਪੁੱਤ ਬਣਾਇਆ।
ਜਾਂ
ਪਲੰਘ ’ਤੇ ਬੈਠਿਆ ਕਾਨ੍ਹਾ ਵੇ ਕੁਝ ਮੰਗਦਾ ਕਿਉਂ ਨਹੀਂ,
ਸਹੁਰਾ ਤੇਰਾ ਲੱਖ ਦਾਤਾ ਵੇ ਕੁਝ ਮੰਗਦਾ ਕਿਉਂ ਨਹੀਂ
ਧੀਆਂ ਦੇ ਦਾਨ ਕਰਾ ਰਿਹਾ ਵੇ ਪੱਲਾ ਫੜਦਾ ਕਿਉਂ ਨਹੀਂ
ਗਊਆਂ ਦੇ ਦਾਨ ਕਰਾ ਰਿਹਾ ਵੇ ਜੱਸ ਖੱਟਦਾ ਕਿਉਂ ਨਹੀਂ
ਫਿਰ ਵਾਰੀ ਆਉਂਦੀ ਬੁਰਕੀਆਂ ਦੇਣ ਦੀ। ਪੁਰਾਣੇ ਸਮਿਆਂ ਵਿੱਚ ਜਿੱਥੇ ਗੁੜ ਜਾਂ ਚੂਰੀ ਨਾਲ ਬੁਰਕੀਆਂ ਦਿੰਦੇ, ਉੱਥੇ ਵਕਤ ਦੇ ਬਦਲਾਅ ਨਾਲ ਲੱਡੂ, ਬਰਫ਼ੀ ਜਾਂ ਕੋਈ ਹੋਰ ਅਜਿਹੀ ਹੀ ਮਿੱਠੀ ਚੀਜ਼ ਨਾਲ ਬੁਰਕੀਆਂ ਦੇਣ ਦੀ ਰਸਮ ਅਦਾ ਹੁੰਦੀ ਹੈ। ਅਜਿਹੇ ਹੀ ਮਿੱਠੇ ਚਾਸ਼ਨੀ ਨਾਲ ਭਰੇ ਗੀਤ ਵੀ ਆਪਣਾ ਰੰਗ ਭਰਦੇ ਹਨ:
ਲੈ ਲਾ ਮਾਂ ਦਿਆ ਪੁੱਤਾ, ਗਰਾਹੀਆਂ ਲੈ ਲਾ ਵੇ
ਬੋਟ ਵਾਂਗ ਮੂੰਹ ਅੱਡ ਗਰਾਹੀਆਂ ਲੈ ਲਾ ਵੇ
ਮਾਂ ਨੇ ਘੱਲਿਆ ਭੁੱਖਾ ਗਰਾਹੀਆਂ ਲੈ ਲਾ ਵੇ
ਧੀ ਨੂੰ ਬੁਰਕੀਆਂ ਦੇਣ ਵੇਲੇ ਗੀਤਾਂ ਦੀ ਕੈਫ਼ੀਅਤ ਬਦਲ ਕੇ ਕੁਝ ਇੰਜ ਹੋ ਜਾਂਦੀ:
ਲੈ ਲਾ ਨੀਂ ਧੀਏ ਬੁਰਕੀਆਂ ਤੇਰਾ ਵੇਲਾ ਵਿਛੋੜੇ ਦਾ ਆਇਆ
ਲੈ ਲਾ ਨੀਂ ਧੀਏ ਬੁਰਕੀਆਂ ਤੇਰੇ ਬਾਬਲ ਕਾਜ ਨਿਭਾਇਆ
-ਹਰਮੇਸ਼ ਕੌਰ ਯੋਧੇ