ਸਿੰਘ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਹੋਏ ਜ਼ੁਲਮ ਸਹਾਰਦੇ ਰਹੇ
ਜਥੇਦਾਰ ਊਧਮ ਸਿੰਘ ਵਰਪਾਲ ਤੇ ਜਥੇਦਾਰ ਊਧਮ ਸਿੰਘ ਨਾਗੋਕੇ |
ਨਾਭਾ ਜੇਲ੍ਹ ਵਿਚ ਅਕਾਲੀ ਨੌਜਵਾਨਾਂ ਦੀਆਂ ਬਾਹਾਂ ਨੂੰ ਪਿੱਛੇ ਬੰਨ੍ਹ ਕੇ ਪਿੰਜਰੇ ਵਿਚ ਕੈਦ ਕੀਤਾ ਜਾਂਦਾ, ਕੰਧ ਵਿਚ ਲੱਗੀਆਂ ਕਿੱਲੀਆਂ ਨਾਲ ਬੰਨ੍ਹ ਕੇ 14-14 ਘੰਟੇ ਖੜ੍ਹੇ ਰੱਖਿਆ ਜਾਂਦਾ, ਛੱਤਾਂ ਨਾਲ ਪੁੱਠੇ ਲਟਕਾਇਆ ਜਾਂਦਾ, ਸਿਰ ਦੇ ਹੇਠਾਂ ਅੱਗ ਬਾਲ ਦਿੱਤੀ ਜਾਂਦੀ ਤਾਂ ਜੋ ਸਿਰ ਦੀ ਚਮੜੀ ਢਲ ਜਾਵੇ, ਕਾਠ ਵਿਚ ਜਕੜ ਦਿੱਤਾ ਜਾਂਦਾ, ਹੈਂਟਰ ਮਾਰੇ ਜਾਂਦੇ, ਕੁੜਿੱਕੀ ਲਗਾਈ ਜਾਂਦੀ। ਕਹਿਣ ਦਾ ਭਾਵ ਕਿ ਅਕਾਲੀ ਕੈਦੀ ਸਿੰਘਾਂ 'ਤੇ ਏਨਾ ਤਸ਼ੱਦਦ ਕੀਤਾ ਜਾਂਦਾ ਕਿ ਅਕਾਲੀ ਸਿੰਘ ਬੇਹੋਸ਼ ਹੋ ਜਾਂਦੇ। ਬੇਰਹਿਮੀ ਨਾਲ ਕੁੱਟਿਆ ਜਾਂਦਾ। ਗੁਰੂ ਦੇ ਸਿੰਘ ਏਨਾ ਤਸ਼ੱਦਦ ਸਹਿ ਕੇ ਰਾਤ ਨੂੰ ਅਰਦਾਸ ਕਰਦੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਚਾਰ ਪਹਿਰ ਸੁਖ ਦੇ ਬਤੀਤ ਹੋਏ ਹਨ, ਚਾਰ ਪਹਿਲ ਰਾਤਰੀ ਆਈ ਹੈ, ਸੁਖ ਨਾਲ ਬਤੀਤ ਕਰਵਾਉਣਾ। ਇਹ ਸੀ ਸਿੱਖ ਕੌਮ ਦਾ ਜਜ਼ਬਾ ਤੇ ਕੁਰਬਾਨੀ ਕਰਨ ਦੀ ਭਾਵਨਾ। ਕੋਈ ਨਹੀਂ ਸੀ ਲਾਲਸਾ, ਬੱਸ ਇਕ ਤਮੰਨਾ ਸੀ, ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਹੋਣ, ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਇਕ ਆਵਾਜ਼ ਗੂੰਜਦੀ ਸੀ ਕਿ 'ਨਹੀਂ ਰਹਿਣਾ ਇਹ ਰਾਜ, ਜ਼ਾਲਮਾ ਨਹੀਂ ਰਹਿਣਾ'।
ਏਨਾ ਤਸ਼ੱਦਦ ਸਹਿ ਕੇ ਵੀ ਸਿੰਘ ਚੜ੍ਹਦੀ ਕਲਾ ਵਿਚ ਸਨ। ਨਾਭੇ ਦੀ ਖੂਨੀ ਕਾਰਖਾਸ ਦੇ ਪੂਰੇ ਜ਼ੁਲਮਾਂ ਦਾ ਬਿਆਨ ਕਰਨਾ ਔਖਾ ਹੈ। ਸਿੰਘ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਹੋਏ, ਫਿਰ ਵੀ ਮੋਰਚੇ ਵਿਚ ਜਾਣ ਤੋਂ ਪਿੱਛੇ ਨਾ ਹਟਦੇ। ਨਾਭਾ ਜੇਲ੍ਹ ਹੀ ਨਹੀਂ ਅਟਕ ਜੇਲ੍ਹ, ਕੇਂਦਰੀ ਜੇਲ੍ਹ ਮੁਲਤਾਨ ਵਿਚ ਵੀ ਅਕਾਲੀ ਕੈਦੀਆਂ 'ਤੇ ਜ਼ੁਲਮ ਕੀਤਾ ਜਾਂਦਾ। ਭਾਵੇਂ ਭਾਈ ਫੇਰੂ ਤੇ ਜੈਤੋ ਮੋਰਚੇ ਵਿਚ ਹਜ਼ਾਰਾਂ ਅਕਾਲੀ ਸਿੰਘ ਗ੍ਰਿਫ਼ਤਾਰ ਹੋ ਚੁੱਕੇ ਸਨ ਪਰ ਸ਼੍ਰੋਮਣੀ ਕਮੇਟੀ ਨੇ 500 ਸਿੰਘਾਂ ਦਾ ਸ਼ਹੀਦੀ ਜਥਾ ਤਿਆਰ ਕਰਕੇ ਜੈਤੋ ਭੇਜਣ ਦਾ ਐਲਾਨ ਕੀਤਾ। ਇਹ ਪਹਿਲਾ ਜਥਾ 9 ਫਰਵਰੀ, 1924 ਈ: ਨੂੰ ਜਥੇਧਾਰ ਊਧਮ ਸਿੰਘ 'ਵਰਪਾਲ' ਦੀ ਅਗਵਾਈ ਵਿਚ ਜੈਤੋ ਜਾਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਕੱਠਾ ਹੋਇਆ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਊਧਮ ਸਿੰਘ ਨਾਗੋਕੇ ਸਨ। ਜਥੇਦਾਰ ਸਾਹਿਬ ਨੇ ਸ਼ਹੀਦੀ ਜਥੇ ਦੀ ਅਗਵਾਈ ਕਰਨੀ ਸੀ ਪਰ ਪੁਲਿਸ ਨੇ ਜਥੇਦਾਰ ਨਾਗੋਕੇ ਨੂੰ 8 ਫਰਵਰੀ, 1924 ਈ: ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਕੌਮ ਵਿਚ ਅਥਾਹ ਜੋਸ਼ ਅਤੇ ਕੁਰਬਾਨੀ ਕਰਨ ਦਾ ਜਜ਼ਬਾ ਸੀ। ਸ਼ਹੀਦੀ ਜਥੇ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠੀਆਂ ਹੋਈਆਂ। ਕੌਮ ਵਿਚ ਜੋਸ਼ ਠਾਠਾਂ ਮਾਰ ਰਿਹਾ ਸੀ। ਹਜ਼ਾਰਾਂ ਕੌਮੀ ਪ੍ਰਵਾਨੇ ਸ਼ਹੀਦੀਆਂ ਦੇਣ ਲਈ ਤਿਆਰ ਹੋ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦੀ ਜਥੇ ਨੂੰ ਸ਼ਾਂਤਮਈ ਰਹਿਣ ਦਾ ਸੰਦੇਸ਼ ਦਿੱਤਾ ਗਿਆ ਅਤੇ ਜੈਤੋ ਜਾ ਕੇ ਖੰਡਿਤ ਹੋਏ ਅਖੰਡ ਪਾਠ ਨੂੰ ਜਾਰੀ ਕਰਨ ਲਈ ਕਿਹਾ ਗਿਆ। ਇਸ ਸਮੇਂ ਸੰਗਤਾਂ ਵਿਚ ਏਨਾ ਜੋਸ਼ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਮਿਲਦਾ ਹਰ ਸਿੱਖ ਉਸ ਨੂੰ ਪੂਰਾ ਕਰਨ ਲਈ ਤਿਆਰ ਸੀ। ਸਿੰਘ, ਸਿੰਘਣੀਆਂ, ਭੁਝੰਗੀ, ਬਿਰਧ, ਨੌਜਵਾਨ ਹਰ ਕੋਈ ਕੁਰਬਾਨੀ ਕਰਨ ਲਈ ਤਿਆਰ ਸੀ। ਸ਼ਹੀਦੀ ਜਥੇ ਦੇ ਸਿੰਘਾਂ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਸੀਸ ਝੁਕਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਯਕੀਨ ਦਿਵਾਇਆ ਕਿ ਆਪ ਜੀ ਵੱਲੋਂ ਦਿੱਤੇ ਹੁਕਮ ਦੀ ਪਾਲਣਾ ਕਰਦੇ ਹੋਏ ਸ਼ਹੀਦੀ ਜਥੇ ਦਾ ਹਰੇਕ ਸਿੰਘ ਆਪ ਜੀ ਦੇ ਹੁਕਮ 'ਤੇ ਫੁੱਲ ਚੜ੍ਹਾਏਗਾ। ਜਥੇ ਵੱਲੋਂ ਸੰਗਤਾਂ ਦੇ ਨਾਂਅ ਅੰਤਿਮ ਸੰਦੇਸ਼ ਪੜ੍ਹਿਆ ਗਿਆ-
ਸੁਣੋ ਖ਼ਾਲਸਾ ਜੀ! ਸਾਡੇ ਕੂਚ ਡੇਰੇ,
ਅਸੀਂ ਆਖਰੀ ਫ਼ਤਹ ਬੁਲਾ ਚੱਲੇ।
ਪਾਉ ਬੀ ਤੇ ਸਾਂਭ ਕੇ ਫ਼ਸਲ ਵੱਢੋ,
ਅਸੀਂ ਡੋਲ੍ਹ ਕੇ ਰੱਤ ਪਿਆ ਚੱਲੇ।
ਚੋਬਦਾਰ ਦੇ ਵਾਂਗ ਆਵਾਜ਼ ਦੇ ਕੇ,
ਧੌਂਸੇ ਕੂਚ ਦੇ ਅਸੀਂ ਵਜਾ ਚੱਲੇ।
ਤੁਸੀਂ ਆਪਣੀ ਅਕਲ ਦਾ ਕੰਮ ਕਰਨਾ,
ਅਸੀਂ ਆਪਣੀ ਤੋੜ ਨਿਭਾ ਚੱਲੇ।
ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋਸੀ,
ਹੰਝੂ ਖੂਨ ਦੇ ਅਸੀਂ ਵਹਾ ਚੱਲੇ।
ਪੰਥ ਗੁਰੂ ਦਾ ਆਪ ਦਸਮੇਸ਼ ਰਾਖਾ, ਕੰਡੇ ਹੂੰਝ ਕੇ ਕਰ ਸਫ਼ਾ ਚੱਲੇ।
ਅੰਗ ਸਾਕ ਕਬੀਲੜਾ ਬਾਲ ਬੱਚਾ, ਬਾਂਹ ਤੁਸਾਂ ਦੇ ਹੱਥ ਫੜਾ ਚੱਲੇ।
ਨਦੀ ਨਾਵ ਸੰਜੋਗ ਦੇ ਹੋਣ ਮੇਲੇ,
ਸਤਿ ਸ੍ਰੀ ਅਕਾਲ ਗਜਾ ਚੱਲੇ।
ਜਦੋਂ ਸੰਗਤਾਂ ਨੇ ਸ਼ਹੀਦੀ ਜਥੇ ਦਾ ਸੰਦੇਸ਼ ਸੁਣਿਆ ਤਾਂ ਵੈਰਾਗ ਆ ਗਿਆ। ਸਾਰੇ ਪਾਸੇ ਵੈਰਾਗ ਅਤੇ ਕੁਰਬਾਨੀ ਦਾ ਹੜ੍ਹ ਠਾਠਾਂ ਮਾਰ ਰਿਹਾ ਸੀ। ਅਖੀਰ ਅਰਦਾਸਾ ਸੋਧ ਕੇ ਜਥੇ ਦੇ ਸਿੰਘਾਂ ਨੇ ਜੈਤੋ ਜਾਣ ਲਈ ਕਮਰਕੱਸੇ ਕਰ ਲਏ। ਸ਼ਹੀਦੀ ਜਥੇ ਦੇ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪ੍ਰਕਰਮਾ ਕੀਤੀ। ਜਥਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਗੰਗਸਰ ਜੈਤੋ ਵੱਲ ਰਵਾਨਾ ਹੋ ਗਿਆ। ਇਕ ਜਥਾ 20 ਫਰਵਰੀ ਨੂੰ ਬਰਨਾੜੀ ਪਹੁੰਚਿਆ ਅਤੇ 21 ਫਰਵਰੀ ਨੂੰ ਦੁਪਹਿਰ ਦੇ ਸਮੇਂ ਜੈਤੋ ਵੱਲ ਕੂਚ ਕੀਤਾ। ਇਸ ਸਮੇਂ ਸ਼ਹੀਦੀ ਜਥੇ ਦੇ ਨਾਲ ਆਸੇ-ਪਾਸੇ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ। ਜੈਤੋ ਸ਼ਹੀਦੀ ਜਥੇ ਦੇ ਨਾਲ ਸੀਨੀਅਰ ਕਾਂਗਰਸੀ ਨੇਤਾ, ਦੁਨੀਆ ਭਰ ਦੀ ਪ੍ਰੈੱਸ ਦੇ ਪ੍ਰਤੀਨਿਧ ਚਲ ਰਹੇ ਸਨ। ਨਾਭੇ ਦੇ ਹਾਕਮਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਜਿਹੜੇ ਰਸਤੇ ਜਥੇ ਨੇ ਲੰਘਣਾ ਸੀ, ਉਸ ਰਸਤੇ 'ਤੇ ਆਸੇ-ਪਾਸੇ ਲੋਹੇ ਦੀਆਂ ਕੰਡੇਦਾਰ ਤਾਰਾਂ ਲਗਾਈਆਂ ਗਈਆਂ ਸਨ। ਪੁਲਿਸ ਤੇ ਫ਼ੌਜ ਵਾਲੇ ਹਥਿਆਰ ਲੈ ਕੇ ਥਾਂ-ਥਾਂ ਖੜ੍ਹੇ ਸਨ। ਕੁਝ ਪਿੰਡਾਂ ਦੇ ਲੋਕਾਂ ਨੂੰ ਡਾਂਗਾਂ ਦੇ ਕੇ ਖੜ੍ਹਾਇਆ ਗਿਆ ਸੀ। ਸ਼ਹਿਰ ਨੂੰ ਜਾਣ ਵਾਲੇ ਰਸਤਿਆਂ ਉੱਪਰ ਬਲਦਾਂ ਵਾਲੇ ਗੱਡੇ ਖੜ੍ਹਾ ਕੇ ਲੰਮੀਆਂ ਸੂਲਾਂ ਵਾਲੇ ਛਾਪੇ ਰੱਖੇ ਹੋਏ ਸਨ ਤਾਂ ਜੋ ਜੇ ਸਿੰਘ ਉਸ ਪਾਸੇ ਜਾਣ ਤਾਂ ਸਿੰਘਾਂ ਦੇ ਸੂਲਾਂ ਚੁੱਭਣ।
(ਬਾਕੀ ਅਗਲੇ ਐਤਵਾਰ)
ਹਰਵਿੰਦਰ ਸਿੰਘ ਖ਼ਾਲਸਾ
ਮੋ: 98155-33725