ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, August 4, 2012

ਅਲੋਪ ਹੋ ਚੁੱਕਾ ਪੰਜਾਬੀ ਵਿਰਸਾ - ਸਾਂਝ ਤੇ ਪਿਆਰ ਸਾਂਝੇ/ਸੰਯੁਕਤ, ਵੱਡੇ ਪਰਿਵਾਰ


ਕਿਸੇ ਸਮੇਂ ਪੰਜਾਬੀਆਂ ਦੇ ਸਾਂਝੇ/ਸੰਯੁਕਤ, ਵੱਡੇ ਪਰਿਵਾਰਾਂ ਨੂੰ ਆਦਰਸ਼ਕ ਪਰਿਵਾਰ ਮੰਨਿਆ ਜਾਂਦਾ ਸੀ। ਭੈਣਾਂ ਵੀ ਉਨ੍ਹਾਂ ਸਮਿਆਂ ਵਿਚ ਪੰਜ ਵੀਰਾਂ ਦੀ ਮੰਗ ਕਰਦੀਆਂ ਸਨ-

ਪੰਜ ਵੀਰ ਦੇਈਂ ਵੇ ਰੱਬਾ,
ਬੰਨ੍ਹੀ ਫੌਜੀ ਬਰਮਾ ਨੂੰ ਜਾਵੇ।

ਉਨ੍ਹਾਂ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਵਿਚ ਹੀ ਹੁੰਦੀਆਂ ਸਨ। ਧੀਆਂ ਵੀ ਆਪਣੇ ਬਾਬਲ ਨੂੰ ਉਨ੍ਹਾਂ ਸਮਿਆਂ ਵਿਚ ਉਸ ਘਰ ਰਿਸ਼ਤਾ ਕਰਨ ਲਈ ਕਹਿੰਦੀਆਂ ਸਨ, ਜਿਥੇ ਸੱਸ ਦੇ ਬਹੁਤੇ ਪੁੱਤ ਹੋਣ-

ਦੇਵੀਂ ਵੇ ਬਾਬਲਾ ਉਸ ਘਰੇ,
ਜਿਥੇ ਸੱਸ ਦੇ ਬਹੁਤੇ ਪੁੱਤ।
ਇਕ ਮੰਗੀਏ, ਇਕ ਵਿਆਹੀਏ,
ਮੈਂ ਸ਼ਾਦੀਆਂ ਵੇਖਾਂ ਨਿੱਤ।
ਬਾਬਲ! ਤੇਰਾ ਪੁੰਨ ਹੋਵੇ।

ਉਨ੍ਹਾਂ ਸਮਿਆਂ ਵਿਚ ਨਵੀਂ ਵਿਆਹੀ ਵਹੁਟੀ ਨੂੰ ਅਸੀਸ ਦੇਣ ਸਮੇਂ ਵੀ ਕਿਹਾ ਜਾਂਦਾ ਸੀ, 'ਸੱਤ ਪੁੱਤਰਾਂ ਦੀ ਮਾਂ ਹੋਵੇ।' ਪਰਿਵਾਰ ਵਿਚ ਬਹੁਤੇ ਪੁਰਸ਼ ਮੈਂਬਰਾਂ ਦਾ ਹੋਣਾ ਉਨ੍ਹਾਂ ਸਮਿਆਂ ਦੀ ਪ੍ਰਮੁੱਖ ਲੋੜ ਸੀ। ਜਿੰਨੇ ਵੱਧ ਬੰਦੇ, ਓਨੀ ਵੱਧ ਤਾਕਤ। ਉਨ੍ਹਾਂ ਸਮਿਆਂ ਵਿਚ ਬਾਹੂਬਲ ਵਾਲਿਆਂ ਦਾ ਰਾਜ ਹੁੰਦਾ ਸੀ। ਲੜਕੀ ਦਾ ਰਿਸ਼ਤਾ ਵੀ ਉਸ ਪਰਿਵਾਰ ਵਿਚੋਂ ਲਿਆ ਜਾਂਦਾ ਸੀ, ਜਿਹੜਾ ਸਾਂਝੇ/ਸੰਯੁਕਤ ਪਰਿਵਾਰ ਵਿਚੋਂ ਆਇਆ ਹੋਵੇ। ਸਾਂਝੇ ਪਰਿਵਾਰ ਰਲ-ਮਿਲ ਕੇ ਰਹਿਣ ਦੇ ਸਿੱਖਿਆ ਸਕੂਲ ਹੁੰਦੇ ਸਨ। ਉਸ ਸਮੇਂ ਦਾ ਅਖਾਣ ਹੈ-

'ਧੀ ਘਰਾਣੇ ਦੀ, ਬਲਦ ਲਾਣੇ ਦਾ।'

ਧੀ ਸਾਂਝੇ/ਸੰਯੁਕਤ ਪਰਿਵਾਰ ਦੀ ਚੰਗੀ ਮੰਨੀ ਜਾਂਦੀ ਸੀ। ਬਲਦ ਉਸ ਪਰਿਵਾਰ ਦਾ ਚੰਗਾ ਮੰਨਿਆ ਜਾਂਦਾ ਸੀ, ਜਿਹੜੇ ਪਰਿਵਾਰ ਵਿਚ ਬਹੁਤੇ ਬਲਦ ਰੱਖੇ ਹੁੰਦੇ ਸਨ। ਬਹੁਤੀ ਖੇਤੀ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਥੋੜ੍ਹੀ ਜਿਹੀ ਆਬਾਦੀ ਹੁੰਦੀ ਸੀ। ਪਿੰਡ ਆਬਾਦ ਹੋ ਰਹੇ ਸਨ। ਸਾਰਾ ਪਿੰਡ ਗਿਣਤੀ ਦੇ ਚਾਰ-ਪੰਜ ਬਜ਼ੁਰਗਾਂ ਦੀ ਔਲਾਦ ਹੁੰਦਾ ਸੀ। ਤੁਸੀਂ ਅੱਜ ਪੰਜਾਬ ਦੇ ਕਿਸੇ ਵੀ ਪਿੰਡ ਵੱਲ ਨਜ਼ਰ ਮਾਰ ਲਵੋ, ਉਨ੍ਹਾਂ ਪਿੰਡਾਂ ਦੀਆਂ ਪੱਤੀਆਂ, ਠੁਲ੍ਹਿਆਂ ਦੇ ਨਾਂਅ ਪਹਿਲੇ ਪਿੰਡ ਵਸਾਉਣ ਵਾਲੇ ਬਜ਼ੁਰਗਾਂ ਦੇ ਨਾਂਅ 'ਤੇ ਹੀ ਹਨ।
ਹੋਰ ਤਾਂ ਹੋਰ, ਤੁਸੀਂ ਪਹਿਲੇ ਸਮਿਆਂ ਦੇ ਘਰਾਂ ਦੀ ਬਣਤਰ ਵੱਲ ਨਜ਼ਰ ਮਾਰ ਕੇ ਦੇਖ ਲਓ। ਹਰ ਪਰਿਵਾਰ ਦੀਆਂ ਗੁਆਂਢੀ ਪਰਿਵਾਰ ਨਾਲ ਦੀਵਾਰਾਂ/ਕੰਧਾਂ ਸਾਂਝੀਆਂ ਹੁੰਦੀਆਂ ਸਨ। ਛੱਤਾਂ ਸਾਂਝੀਆਂ ਹੁੰਦੀਆਂ ਸਨ। ਬਨੇਰੇ ਸਾਂਝੇ ਹੁੰਦੇ ਸਨ। ਤੁਸੀਂ ਇਕ ਘਰ ਦੀ ਛੱਤ 'ਤੇ ਚੜ੍ਹ ਕੇ ਸਾਰੇ ਪਿੰਡ ਦੀਆਂ ਛੱਤਾਂ 'ਤੇ ਜਾ ਸਕਦੇ ਸੀ। ਹੁਣ ਘਰਾਂ ਦੀਆਂ ਗੁਆਂਢੀਆਂ ਨਾਲ ਦੀਵਾਰਾਂ/ਕੰਧਾਂ ਤਾਂ ਸਾਂਝੀਆਂ ਮਿਲ ਜਾਣਗੀਆਂ ਪਰ ਬਨੇਰਿਆਂ 'ਤੇ ਐਨੀਆਂ-ਐਨੀਆਂ ਉੱਚੀਆਂ ਕੰਧਾਂ ਕੀਤੀਆਂ ਹੁੰਦੀਆਂ ਹਨ ਕਿ ਤੁਸੀਂ ਇਕ ਛੱਤ ਤੋਂ ਦੂਜੀ ਛੱਤ 'ਤੇ ਜਾ ਨਹੀਂ ਸਕਦੇ। ਉਸ ਸਮੇਂ ਖੇਤੀ ਮੁਢਲੇ ਦੌਰ ਵਿਚ ਸੀ। ਥੋੜ੍ਹੀਆਂ ਜਿਹੀਆਂ ਜ਼ਮੀਨਾਂ ਹੀ ਆਬਾਦ ਸਨ। ਬਹੁਤੀਆਂ ਜ਼ਮੀਨਾਂ ਗ਼ੈਰ-ਆਬਾਦ ਪਈਆਂ ਸਨ। ਇਨ੍ਹਾਂ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਲਈ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਸੀ। ਖੇਤੀ ਉਨ੍ਹਾਂ ਸਮਿਆਂ ਵਿਚ ਸਾਰੀ ਦੀ ਸਾਰੀ ਹੱਥੀਂ ਕੀਤੀ ਜਾਂਦੀ ਸੀ। ਬਾਰਸ਼ਾਂ 'ਤੇ ਨਿਰਭਰ ਸੀ। ਇਸ ਲਈ ਥੋੜ੍ਹੇ ਜਿਹੇ ਸਮੇਂ ਵਿਚ ਹੀ ਜ਼ਮੀਨਾਂ ਨੂੰ ਤਿਆਰ ਕਰਕੇ ਫਸਲਾਂ ਬੀਜਣੀਆਂ ਹੁੰਦੀਆਂ ਸਨ। ਕੋਹ/ਚਰਸ ਨਾਲ ਫਸਲ ਸਿੰਜਦੇ ਸਨ। ਹੱਥੀਂ ਗੋਡੀ ਕਰਦੇ ਸਨ। ਹੱਥੀਂ ਵਾਢੀ ਕਰਦੇ ਸਨ। ਵੱਢੀ ਹੋਈ ਫਸਲ ਮੰਜਿਆਂ 'ਤੇ ਢੋਈ ਜਾਂਦੀ ਸੀ। ਫਲ੍ਹਿਆਂ ਨਾਲ ਗਾਹੁੰਦੇ ਸਨ। ਤੰਗਲੀਆਂ ਨਾਲ ਉਡਾਈ ਕਰਕੇ ਦਾਣੇ ਕੱਢੇ ਜਾਂਦੇ ਸਨ। ਤੂੜੀ ਦੇ ਦਾਣੇ ਸਿਰਾਂ ਉੱਪਰ ਢੋਏ ਜਾਂਦੇ ਸਨ। ਪੈਸਾ ਵੀ ਲੋਕਾਂ ਕੋਲ ਘੱਟ ਹੁੰਦਾ ਸੀ। ਇਕ ਚੁੱਲ੍ਹੇ 'ਤੇ ਰੋਟੀ ਪੱਕਦੀ ਹੋਣ ਕਰਕੇ (ਸਾਂਝੇ ਪਰਿਵਾਰ ਕਰਕੇ) ਖਰਚਾ ਵੀ ਘੱਟ ਹੁੰਦਾ ਸੀ। ਲੋਕਾਂ ਦੀਆਂ ਲੋੜਾਂ ਵੀ ਘੱਟ ਸਨ। ਪੈਸਾ ਉਨ੍ਹਾਂ ਸਮਿਆਂ ਵਿਚ ਜੀਵਨ ਜਿਊਣ ਦਾ ਇਕ ਸਾਧਨ ਮਾਤਰ ਹੁੰਦਾ ਸੀ। ਅੱਜ ਦੀ ਤਰ੍ਹਾਂ ਪੈਸਾ ਲੋਕਾਂ ਲਈ ਸਭ ਕੁਝ ਨਹੀਂ ਹੁੰਦਾ ਸੀ। ਪਿਆਰ ਸਭ ਤੋਂ ਉੱਪਰ ਸੀ। ਲਾਲਚ ਨਾਂਅ ਦੀ ਬਿਮਾਰੀ ਅਜੇ ਲੋਕਾਂ ਵਿਚ ਨਹੀਂ ਸੀ ਆਈ। 


Post Comment


ਗੁਰਸ਼ਾਮ ਸਿੰਘ ਚੀਮਾਂ