ਕਦੇ ਸਮਾਂ ਸੀ ਜਦੋਂ ਚਰਖਾ ਵਸਦੇ ਪੰਜਾਬ ਦੇ ਸੱਭਿਆਚਾਰ ਦੀ ਧੜਕਣ ਹੁੰਦਾ ਸੀ। ਪੰਜਾਬੀ ਜਨਜੀਵਨ ਦਾ ਤਾਣਾ-ਬਾਣਾ ਚਰਖੇ ਦੇ ਇਰਧ-ਗਿਰਦ ਹੀ ਘੁੰਮਦਾ ਸੀ। ਪੰਜਾਬੀ ਔਰਤਾਂ ਲਈ ਤਾਂ ਇਹ ਰਿਸ਼ਤਾ ਰੂਹ ਤੇ ਕਲਬੂਤ ਵਾਲਾ ਸੀ। ਬਾਲ ਵਰੇਸ ਦੇ ਵਰ੍ਹੇ ਸੰਭਾਲ ਦੀਆਂ ਕੁੜੀਆਂ ਚਿੜੀਆਂ ਨੂੰ ਹੀ ਚਰਖੇ ਦੇ ਗੇੜਿਆਂ ਨਾਲ ਜੋੜ ਦਿੱਤਾ ਜਾਂਦਾ ਸੀ। ਬਾਲੜੀਆਂ ਤੋਂ ਬੁੱਢੀਆਂ ਹੋਣ ਤਕ ਉਹ ਕਈ ਜੀਵਨ ਰੂਪਾਂ ਦੇ ਗੋਹੜੇ ਕੱਤਦੀਆਂ ਆਪਣੀਆਂ ਸਾਹ ਤੰਦਾਂ ਨੂੰ ਸੂਤ ਤੰਦਾਂ ਵਿੱਚ ਵਿਲੀਨ ਕਰ ਦਿੰਦੀਆਂ। ਉਨ੍ਹਾਂ ਦੀ ਮੁੱਢਲੀ ਪਾਠਸ਼ਾਲਾ ਤ੍ਰਿੰਝਣ ਹੀ ਹੁੰਦਾ ਸੀ, ਜਿੱਥੇ ਉਹ ਹਾਣ-ਪ੍ਰਵਾਨ ਦੀਆਂ ਸਖੀਆਂ ਸੰਗ ਕੱਤਣ ਤੁੰਬਣ ਵਿੱਚ ਮਸ਼ਰੂਫ਼ ਰਹਿੰਦੀਆਂ। ਚੁੱਲ੍ਹਾ-ਚੌਂਕਾ ਨਿਬੇੜਦਿਆਂ ਹੀ ਉਹ ਚਰਖਾ ਚੁੱਕ ਤ੍ਰਿੰਝਣ ਵੱਲ ਹੋ ਤੁਰਦੀਆਂ:-
ਹੱਥ ਪੂਣੀਆਂ ਢਾਕ ’ਤੇ ਚਰਖਾ,
ਨੀਂ ਚੱਲੀ ਆਂ ਮੈਂ ਕੱਤਣੇ ਨੂੰ।
ਕੱਤਣ ਲਈ ਤਿੱਖੜ ਦੁਪਹਿਰੇ ਨੂੰ ਵਿਹੜੇ ਵਿਚਲੀਆਂ ਨਿੰਮਾਂ-ਟਾਹਲੀਆਂ ਦੁਆਲੇ ਤ੍ਰਿੰਝਣ ਜੁੜਦਾ ਜਾਂ ਫਿਰ ਪੋਹ-ਮਾਘ ਦੀਆਂ ਠੰਢੀਆਂ ਲੰਮੀਆਂ ਰਾਤਾਂ ਨੂੰ ਵੱਡੀਆਂ ਸਬਾਤਾਂ ਵਿੱਚ ਦੀਵੇ ਦੀ ਲੋਅ ਚਾਨਣੇ ਮਿੱਠੜੀ ਘੂਕਰ ਬੱਝਦੀ ਸੀ। ਗਰਮੀ ਰੁੱਤੇ ਚਾਨਣੀਆਂ ਰਾਤਾਂ ਨੂੰ ਕੋਠਿਆਂ ਉੱਤੇ ਟਿਮਟਿਮਾਉਂਦੇ ਤਾਰਿਆਂ ਹੇਠ ਉੱਡਦੇ ਰੂੰ ਦੇ ਫੰਬੇ ਲਹਿ-ਲਹਾਉਂਦੇ, ਤੰਦ ਗੰੂਜਦੇ, ਚਰਖੇ ਸੰਗ ਲੰਮੀਆਂ ਹੇਕਾਂ ਵਾਲੇ ਗੌਣ ਬੜਾ ਮਨਮੋਹਕ ਦ੍ਰਿਸ਼ ਸਿਰਜ ਜਾਂਦੇ। ਪੰਜਾਬੀਆਂ ਦੇ ਦਿਲਾਂ ਨੂੰ ਨਸ਼ਿਆਉਂਦੀਆਂ ਅਜਿਹੀਆਂ ਸੁਰ ਤੰਦਾਂ ਕਿਸੇ ਵੰਝਲੀ ਦੀ ਸੁਰ ਤੋਂ ਘੱਟ ਨਹੀਂ ਸੀ ਹੁੰਦੀਆਂ। ਇਹ ਰੂਹਾਨੀ ਗੰੂਜਾਂ ਤਾਂ ਸਗੋਂ ਜੋਗੀਆਂ ਦੀ ਬੀਨ ਨੂੰ ਮਾਤ ਪਾ ਕੇ ਉਨ੍ਹਾਂ ਨੂੰ ਵੀ ਪਹਾੜੋਂ ਉਤਰਨ ਲਈ ਮਜਬੂਰ ਕਰ ਦਿੰਦੀਆਂ-
ਜੋਗੀ ਉੱਤਰ ਪਹਾੜੋਂ ਆਇਆ,
ਚਰਖੇ ਦੀ ਘੂਕ ਸੁਣ ਕੇ।
ਚਰਖੇ ਦੀ ਅਜਿਹੀ ਮਹਾਨਤਾ ਦੇਖਦਿਆਂ ਹੀ ਬੁੱਲ੍ਹੇਸ਼ਾਹ ਵਰਗੇ ਸੂਫ਼ੀ ਫ਼ਕੀਰ ਆਤਮਾ-ਪਰਮਾਤਮਾ ਜਿਹੇ ਸੂਖ਼ਮ ਰਿਸ਼ਤੇ ਨੂੰ ਵੀ ਕੱਤਣ ਤੁੰਬਣ ਤਕ ਲੈ ਆਏ। ਧੀ ਨੂੰ ਦੁਨਿਆਵੀ ਦਾਜ ਦੀ ਤਿਆਰੀ ਲਈ ਕੱਤਣ ਵੱਲ ਧਿਆਨ ਦਿਵਾਉਂਦੀ ਮਾਂ ਨੂੰ ਵੇਖ ਉਨ੍ਹਾਂ ਰੂਹਾਨੀ ਦਾਜ ਦਾ ਰਹੱਸ ਸਮਝ ਲਿਆ। ਰੱਬੀ ਦਰਵੇਸ਼ ਵੀ ‘ਘੁੰਮ ਚਰਖੜਿਆ’ ਵਰਗੀਆਂ ਧੁਨਾਂ ਵਿੱਚ ਮਸਤ ਹੋ ਗਏ। ਕਦੇ ਇਹ ਚਰਖੇ ਦੀ ਘੂਕ ਪੈਲਾਂ ਪਾ ਨੱਚਦੇ ਮੋਰ ਦੀ ਕੂਕ ਦਾ ਭੁਲੇਖਾ ਵੀ ਪਾਉਂਦੀ ਰਹੀ। ਸੁਰੀਲੀ ਘੂਕਰ ਸੁਣ ਜਾਂਦੇ ਰਾਹੀ ਰੁਕ ਜਾਂਦੇ ਤੇ ਕਹਿ ਉੱਠਦੇ-
ਕੂਕੇ ਚਰਖਾ ਬਿਸ਼ਨੀਏ ਤੇਰਾ,
ਨੀਂ ਲੋਕਾਂ ਭਾਣੇ ਮੋਰ ਕੂਕਦਾ।
ਚਰਖਾ ਪੰਜਾਬਣਾਂ ਦੀ ਜਿੰਦ ਦਾ ਸੱਚਾ ਸਾਥੀ ਰਿਹਾ ਹੈ। ਚਰਖੇ ’ਤੇ ਤੰਦ ਪਾਉਂਦੀਆਂ ਉਹ ਜ਼ਿੰਦਗੀ ਦੇ ਹਾਸੇ, ਰੋਣੇ, ਗਿਲੇ-ਸ਼ਿਕਵੇ, ਉਲਾਂਭੇ ਸਭ ਤੰਦਾਂ ਦੀ ਸੁਰ ਨਾਲ ਸੁਰ ਮਿਲਾ ਕੇ ਦਰਦੀ ਚਰਖੇ ਨੂੰ ਹੀ ਸੁਣਾਉਂਦੀਆਂ। ਚਰਖਾ ਵੀ ਬੜੀ ਫਰਾਖ਼ਦਿਲੀ ਨਾਲ ਅੱਲ੍ਹੜ ਮੁਟਿਆਰਾਂ ਦੇ ਰੰਗੀਨ ਸਿਰਜੇ ਸੁਪਨਿਆਂ ਦੇ ਭੇਦ, ਅੱਧਖੜ੍ਹ ਉਮਰ ਦੀਆਂ ਔਰਤਾਂ ਦੀਆਂ ਕਬੀਲਦਾਰੀਆਂ ਦੇ ਰੋਣੇ ਤੇ ਉਮਰ ਵਿਹਾ ਚੁੱਕੀਆਂ ਦੇ ਅਤੀਤ ਯਾਦਾਂ ਦੇ ਪੱਤਰੇ ਬੜੇ ਰਾਜ਼ਦਾਰਾਂ ਵਾਂਗ ਸੰਭਾਲ ਕੇ ਰੱਖਦਾ ਰਿਹਾ ਹੈ। ਇਸੇ ਕਰਕੇ ਉਹ ਚਰਖੇ ਨੂੰ ਪ੍ਰੀਤਾਂ ਲਾ-ਲਾ ਕੇ ਕੱਤਦੀਆਂ ਕਦੇ ਨਹੀਂ ਥੱਕਦੀਆਂ-
ਨੀਂ ਮੈਂ ਕੱਤਾਂ ਪਰੀਤਾਂ ਨਾਲ,
ਚਰਖਾ ਚੰਨਣ ਦਾ।
ਵਿਛੜੇ ਮਾਹੀ ਜਾਂ ਪ੍ਰਦੇਸੀ ਹੋਏ ਪਤੀ ਦੀ ਪਤਨੀ ਚਰਖੇ ਦੇ ਤੰਦਾਂ ਬਹਾਨੇ ਆਪਣੇ ਦੁੱਖਾਂ ਦਾ ਸੂਤਰ ਵੀ ਕੱਤ ਲੈਂਦੀ। ਉਹ ਚਰਖੇ ’ਤੇ ਲੰਮੇ ਤੰਦ ਪਾਉਂਦੀ ਹੋਈ ਬਿਰਹਾ ਹੂਕਾਂ ਲਾਉਂਦੀ ਹੈ-
ਲੰਬੇ-ਲੰਬੇ ਤੰਦ ਵੇ ਮੈਂ ਤੱਕਲੇ ’ਤੇ ਪਾਉਨੀਆਂ,
ਤੱਕ-ਤੱਕ ਰਾਹਾਂ ਸਾਰਾ ਦਿਨ ਮੈਂ ਲੰਘਾਉਨੀਆਂ
ਯਾਦ ਕਰਾਂ ਮੈਂ ਤੈਨੂੰ ਹਰ ਵੇਲੇ।
ਤੂੰਬਾ ਵੱਜਦਾ ਜ਼ਾਲਮਾਂ, ਵਿੱਚ ਵਿਹੜੇ।
ਚਰਖੇ ਦੀਆਂ ਤੰਦਾਂ ਤੇ ਪੰਜਾਬੀ ਸੁਰ ਤੰਦਾਂ ਵਿੱਚ ਪਤਾ ਨਹੀਂ ਕਿੰਨਾ ਕੁ ਗੂੜ੍ਹਾ ਰਿਸ਼ਤਾ ਹੈ ਕਿ ਤੱਕਲੇ ’ਤੇ ਤੰਦ ਨੂੰ ਛੋਂਹਦੀ ਪੰਜਾਬਣ ਦੀ ਜ਼ੁਬਾਨ ਆਪ ਮੁਹਾਰੇ ਹੀ ਕੋਈ ਨਾ ਕੋਈ ਗੀਤ ਛੋਹ ਲੈਂਦੀ ਹੈ। ਤ੍ਰਿੰਝਣਾਂ ਵਿੱਚ ਤਾਂ ਚਰਖੇ ਦੀ ਸਰਦਾਰੀ ਬੜੀ ਲਾ-ਮਿਸਾਲ ਰਹੀ ਹੈ ਜਿੱਥੇ ਉਹ ਜੋਬਨ ਮੱਤੀਆਂ ਮੁਟਿਆਰਾਂ ਦੇ ਝੁੰਡਾਂ ਵਿੱਚ ਘਿਰਿਆ ਉਨ੍ਹਾਂ ਦੇ ਨਾਜ਼ੁਕ ਪੋਟਿਆਂ ਦੀ ਛੂਹ ਮਹਿਸੂਸਦਾ, ਸੁਰੀਲੇ ਗੀਤਾਂ ਦੇ ਛਹਿਬਰ ਮਾਣਦਾ ਆਪਣੇ-ਆਪ ਨੂੰ ਭਾਗਸ਼ਾਲੀ ਸਮਝਦਾ ਰਿਹਾ। ਖੁੱਲ੍ਹੇ ਅਖਾੜੇ ਵਾਂਗ ਤ੍ਰਿੰਝਣਾਂ ਵਿੱਚ ਛੋਪ ਕੱਤਣ ਦੇ ਨਾਲ-ਨਾਲ ਗੀਤ ਬੋਲੀਆਂ ਦੇ ਮੁਕਾਬਲੇ ਵੀ ਬੜੇ ਜ਼ਬਰਦਸਤ ਹੁੰਦੇ। ਕਿਰਤ ਨੂੰ ਮਨ ਪਰਚਾਵੇ ਨਾਲ ਜੋੜ ਕੇ ਉਸ ਵਿੱਚੋਂ ਅਨੂਠਾ ਸੁਆਦ ਚੱਖਿਆ ਜਾਂਦਾ। ਚਰਖਾ ਪੰਜਾਬਣਾਂ ਦੇ ਜੀਵਨ ਦੇ ਇੰਨਾ ਕੁ ਨੇੜੇ ਸੀ ਕਿ ਉਹ ਉਸ ਦੇ ਸਮੁੱਚੇ ਅੰਗਾਂ ਨੂੰ ਆਪਣੇ ਅੰਗਾਂ-ਸਾਕਾਂ ਨਾਲ ਤਸਬੀਹ ਦਿੰਦੀਆਂ ਜਿਵੇਂ-
ਚਰਖਾ ਮੇਰਾ ਰੰਗ ਰੰਗੀਲਾ,
ਮੁੰਨੇ ਮੇਰੇ ਭਾਈ
ਗੁੱਡੀਆਂ ਮੇਰੀਆਂ ਸਕੀਆਂ ਭੈਣਾਂ
ਮਾਲ੍ਹ ਵੱਡੀ ਭਰਜਾਈ।
ਸੋਹਣੇ ਚਰਖੇ ਤੋਂ,
ਨੀਂ ਮੈਂ ਜਿੰਦੜੀ ਘੋਲ ਘੁਮਾਈ।
ਕਿਸੇ ਸੰਯੁਕਤ ਪਰਿਵਾਰ ਵਾਂਗ ਚਰਖਾ ਕਈ ਅੰਗਾਂ ਤੋਂ ਮਿਲ ਕੇ ਬਣਦਾ ਹੈ। ਜਿਵੇਂ ਇਸ ਦੇ ਆਧਾਰ ਵਾਲੀ ਲੱਕੜ ਨੂੰ ‘ਕਾਢ’ ਕਿਹਾ ਜਾਂਦਾ ਹੈ। ਕਾਢ ਉੱਪਰ ਤੱਕਲੇ ਵਾਲੇ ਪਾਸੇ ਤਿੰਨ ਗੁੱਡੀਆਂ ਖੜ੍ਹੀਆਂ ਹੁੰਦੀਆਂ ਹਨ। ਅਗਲੀ ਤੇ ਪਿਛਲੀ ਗੁੱਡੀ ਵਿੱਚ ਗੋਲ ਸੁਰਾਖ਼ ਕਰਕੇ ਚਮੜੇ ਦੀਆਂ ਚਰਮਖਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਸਹਾਰੇ ਤੱਕਲਾ ਸਹਾਰਿਆ ਜਾਂਦਾ ਹੈ। ਵਿਚਕਾਰਲੀ ਗੁੱਡੀ ਵਿੱਚ ਲੰਬਾ ਸੁਰਾਖ ਹੁੰਦਾ ਹੈ, ਜਿਸ ਵਿੱਚੋਂ ਦੀ ਮਾਲ੍ਹ ਗੁਜ਼ਰਦੇ ਤੱਕਲੇ ਦੀ ਬੀੜ ’ਤੇ ਘੁੰਮਦੀ ਹੈ। ਬੀੜ ਤੱਕਲੇ ਉੱਪਰ ਧਾਗੇ ਲਪੇਟ ਕੇ ਬਣਾਈ ਜਾਂਦੀ ਹੈ ਪਰ ਨਵੀਂ ਤਕਨੀਕ ਵਾਲੇ ਤਕਲਿਆਂ ਉੱਪਰ ਬੀੜ ਦੀ ਥਾਂ ਛੋਟੀ ਫਿਰਕੀ ਫਿੱਟ ਕਰ ਦਿੱਤੀ ਜਾਂਦੀ ਹੈ।
ਤੱਕਲੇ ਉੱਪਰ ਚਮੜੇ ਦਾ ਗੋਲ ਦਮਕੜਾ ਪਾਇਆ ਜਾਂਦਾ ਹੈ, ਜਿਸ ਦੇ ਸਹਾਰੇ ਤੱਕਲੇ ਤੋਂ ਗਲੋਟਾ (ਛਿੱਕੂ) ਲਾਹਿਆ ਜਾਂਦਾ ਹੈ। ਕਾਢ ਦੇ ਦੂਜੇ ਪਾਸੇ ਪਾਵਿਆਂ ਵਰਗੇ ਦੋ ਮੁੰਨੇ ਲੱਗੇ ਹੁੰਦੇ ਹਨ। ਦੋਵੇਂ ਮੁੰਨਿਆਂ ਦੇ ਵਿਚਕਾਰ ਦੋ ਫੱਟ ਜੜੇ ਹੁੰਦੇ ਹਨ ਜੋ ਮਝੇਰੂ (ਧੁਰੇ) ਨਾਲ ਆਪਸ ਵਿੱਚ ਜੁੜੇ ਹੁੰਦੇ ਹਨ। ਫੱਟਾ ਉੱਪਰ ਵੱਟੇ ਹੋਏ ਸੂਤ ਦੀ ਕਸਣ ਪਾਈ ਹੁੰਦੀ ਹੈ ਜਿਸ ਉੱਪਰ ਦੀ ਮਾਲ੍ਹ ਚਲਦੀ ਹੈ। ਦੋਵੇਂ ਮੁੰਨਿਆਂ ਵਿਚਕਾਰ ਇੱਕ ਸਰੀਆ ਘੁੰਮਦਾ ਹੈ ਜਿਸ ਨੂੰ ਗੁੱਝ ਜਾਂ ਹਥੇੜੀ ਨਾਲ ਘੁਮਾਇਆ ਜਾਂਦਾ ਹੈ। ਔਰਤਾਂ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਉਂਗਲ ਨਾਲ ਗੁੱਝ ਨੂੰ ਘੁਮਾਉਂਦੀਆਂ ਹਨ ਤੇ ਖੱਬੇ ਹੱਥ ਦੀਆਂ ਉਂਗਲਾਂ ਵਿੱਚ ਪੂਣੀ ਫੜ ਕੇ ਤੰਦ ਕੱਢਦੀਆਂ ਹੋਈਆਂ ਗਲੋਟਾ ਬਣਾਉਂਦੀਆਂ ਹਨ। ਵਧੀਆ ਚਰਖਾ ਰੀਝਾਂ ਲਾ-ਲਾ ਕੱਤਿਆ ਜਾਂਦਾ ਪਰ ਵਧੀਆ ਚਰਖਾ ਵੀ ਕੋਈ ਵਧੀਆ ਨਿਪੁੰਨ ਕਾਰੀਗਰ ਹੀ ਬਣਾਉਂਦਾ ਸੀ ਜਿਸ ਨੂੰ ਉਹ ਵਧਾਈ ਦਿੰਦੀਆਂ ਗਾਉਂਦੀਆਂ ਨੇ-
ਕਾਰੀਗਰ ਨੂੰ ਦਿਓ ਨੀਂ ਵਧਾਈ,
ਚਰਖਾ ਜੀਹਨੇ ਬਣਾਇਆ
ਰੰਗਲੇ ਮੁੰਨੇ ਰੰਗੀਨ ਗੁੱਡੀਆਂ, ਹੀਰਿਆਂ ਜੜ੍ਹਤ ਜੜਾਇਆ।
ਬੀੜੀ ਦੇ ਨਾਲ ਖਹੇ ਦਮਕੜਾ,
ਤੱਕਲਾ ਫਿਰੇ ਸਵਾਇਆ।
ਕੱਤ ਲੈ ਨੀਂ ਕੁੜੀਏ,
ਤੇਰੇ ਵਿਆਹ ਦਾ ਲਾਗੀ ਆਇਆ।
ਸ਼ੌਕੀਨ ਸੁਆਣੀਆਂ ਚਰਖੇ ਨੂੰ ਹੋਰ ਸੋਹਣਾ ਬਣਾਉਣ ਲਈ ਰੰਗ ਰੋਗਨ ਕਰਵਾ ਕੇ ਫੁੱਲਾਂ ਨਾਲ ਸਜਾ ਦਿੰਦੀਆਂ। ਸ਼ੀਸ਼ੇ ਜੜਤ ਤੇ ਮੀਨਾਕਾਰੀ ਵਾਲੇ ਚਰਖੇ ਵੀ ਤ੍ਰਿੰਝਣਾਂ ਦਾ ਸ਼ਿੰਗਾਰ ਰਹੇ ਹਨ। ਚਰਖਾ ਦਾਜ ਦੀ ਖਾਸ ਚੀਜ਼ ਹੁੰਦਾ ਸੀ। ਵੀਰ ਵੱਲੋਂ ਦਿੱਤਾ ਸੁਨਹਿਰੀ ਮੇਖਾਂ ਵਾਲਾ ਚਰਖਾ ਕੱਤਦੀ ਭੈਣ ਨੂੰ ਦੂਰ ਵਸੇਂਦੇ ਵੀਰ ਦੀ ਯਾਦ ਆਉਂਦੀ ਹੈ ਤਾਂ ਉਹ ਗਾਉਂਦੀ ਹੈ-
ਚਰਖਾ ਮੇਰਾ ਰੰਗਲਾ, ਵਿੱਚ ਸੋਨੇ ਦੀਆਂ ਮੇਖਾਂ।
ਵੀਰਾ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ।
ਭੈਣਾਂ ਵੀਰ ਵੱਲੋਂ ਲਿਆਂਦੀ ਰੰਗੀਨ ਦਾਜ ਦੀ ਚਰਖੀ ’ਤੇ ਵੀ ਮਾਣ ਕਰਦੀਆਂ ਰਹੀਆਂ ਹਨ। ਚਰਖਾ ਟਾਹਲੀ ਜਾਂ ਚੰਨਣ ਦਾ ਹੀ ਵਧੀਆ ਮੰਨਿਆ ਗਿਆ ਹੈ। ਕਿੱਕਰ ਦੇ ਚਰਖੇ ਤੋਂ ਅੱਕੀ ਪੰਜਾਬੀ ਮੁਟਿਆਰ ਮਾਂ ਨੂੰ ਇੰਜ ਉਲਾਂਭਾ ਦਿੰਦੀ ਹੈ-
ਕਿੱਕਰ ਦਾ ਮੇਰਾ ਚਰਖਾ ਮਾਏ, ਟਾਹਲੀ ਦਾ ਕਢਵਾ ਦੇ।
ਇਹ ਚਰਖੇ ਦਾ ਹੱਲੇ ਮਝੇਰੂ, ਮਾਲ੍ਹ ਗੋਤੀਆਂ ਖਾਵੇ।
ਮੇਰੇ ਨਾਲ ਦੀਆਂ ਕੱਤ ਕੇ ਸੌਂ ਗਈਆਂ, ਮੈਥੋਂ ਕੱਤਿਆ ਨਾ ਜਾਵੇ।
ਚਰਖਾ ਬੂ ਚੰਦਰਾ, ਮੇਰੀ ਨੀਂਦ ਗਵਾਵੇ।
ਜਿੱਥੇ ਮਾੜੀ ਲੱਕੜ ਦੇ ਚਰਖੇ ਨੀਂਦ ਖਰਾਬ ਕਰਨ ਦਾ ਕਾਰਨ ਬਣਦੇ ਰਹੇ, ਉੱਥੇ ਵਧੀਆ ਚਰਖੇ ਸਾਰੀ ਸਾਰੀ ਰਾਤ ਵੀ ਕੱਤੇ ਜਾਂਦੇ ਰਹੇ, ਜਿਵੇਂ-
ਮਾਂ ਮੇਰੀ ਨੇ ਚਰਖਾ ਦਿੱਤਾ, ਪੀੜ੍ਹੀ ਕਰਾ ਦੇ ਤੂੰ।
ਵੇ ਸਾਰੀ ਰਾਤ ਕੱਤਿਆ ਕ ਰੂੰ, ਕੱਤਿਆ ਕ ਰੂੰ ਤੇਰੀ ਰੂੰ।
ਕੱਤਣ ਤੁੰਬਣ, ਸਿਉਣ-ਪਰੋਣ ਅਤੇ ਲਿੱਪਣ-ਪੋਚਣ ਜਿਹੀਆਂ ਸੂਖ਼ਮ ਕਲਾਵਾਂ ਵਿੱਚੋਂ ਹੀ ਪੰਜਾਬਣਾਂ ਦੀ ਹਸਤ ਕਲਾ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ। ਇਨ੍ਹਾਂ ਗੁਣਾਂ ਕਰਕੇ ਹੀ ਉਹ ਸੁਘੜ ਸਿਆਣੀ ਸੁਆਣੀ ਹੈ। ਇਹ ਚਰਖਾ ਪੰਜਾਬੀਆਂ ਦੇ ਜਨਮ ਤੋਂ ਮਰਨ ਤਕ ਦੇ ਕੱਜਣ ਦਾ ਵੀ ਜ਼ਿੰਮੇਵਾਰ ਰਿਹਾ ਹੈ। ਪੋਤੜਿਆਂ ਤੋਂ ਕੱਫਣ ਤਕ ਦਾ ਸੂਤਰ ਇਸ ਚਰਖੇ ਉੱਪਰ ਹੀ ਘੁੰਮ ਕੇ ਆਉਂਦਾ ਸੀ। ਇਸ ਤੋਂ ਇਲਾਵਾ ਖੇਸ, ਤਾਣੀਆਂ, ਚਾਦਰਾਂ, ਕੋਰਿਆਂ, ਪੋਣਿਆਂ ਦਾ ਜਨਮਦਾਤਾ ਚਰਖਾ ਹੀ ਰਿਹਾ ਹੈ। ਚਰਖੇ ਉਤੇ ਗ਼ਮਾਂ ਦੇ ਸੂਤਰ ਵੀ ਕੱਤੇ ਜਾਂਦੇ ਰਹੇ, ਕਦੇ-ਕਦੇ ਦਰਾਂ ਦਰਵਾਜ਼ਿਆਂ ਵਿੱਚ ਡਹਿੰਦੇ ਚਰਖੇ ਪ੍ਰੇਮੀਆਂ ਦੇ ਮਿਲਾਪ ਦਾ ਸਬੱਬ ਵੀ ਬਣਦੇ ਰਹੇ, ਕਿਧਰੇ ਪੰਜ ਪੂਣੀਆਂ ਕੱਤਣ ਵੇਲੇ ਤਕ ਪੰਦਰਾਂ ਗੇੜੇ ਵੀ ਵੱਜਦੇ ਰਹੇ, ਕਿਧਰੇ ਕੁਵੱਲੜੇ ਤੰਦ ਪਾਉਂਦੀ ਧੀ ਚਰਖੇ ਸਿਰ ਦੋਸ਼ ਮੜ੍ਹਦੀ ਰਹੀ। ਕਿਤੇ ਪੁਨੂੰ ਵਰਗੀਆਂ ਸੂਰਤਾਂ ਨਾ ਮਿਲਣ ਦਾ ਗੁੱਸਾ ਚਰਖਾ ਤੋੜ ਕੇ ਕੱਢਿਆ ਜਾਂਦਾ ਰਿਹਾ, ਕਿਧਰੇ ਸ਼ੌਕੀਨ ਜੈ ਕੁਰਾਂ ਚਰਖਿਆਂ ਵਿੱਚ ਗਿਣ-ਗਿਣ ਮੇਖਾਂ ਲਾਉਂਦੀਆਂ ਰਹੀਆਂ। ਗੱਲ ਕੀ ਚਰਖਾ ਪੰਜਾਬਣਾਂ ਦੀ ਧੁਰ ਰੂਹ ਤਕ ਵਸਦਾ ਰਿਹਾ ਪਰ ਸਮੇਂ ਦੇ ਆਧੁਨਿਕ ਲੀਹਾਂ ’ਤੇ ਪੈਣ ਕਰਕੇ ਔਰਤਾਂ ਦੀ ਚਰਖਿਆਂ ਨਾਲ ਦੂਰੀ ਵਧਦੀ ਗਈ। ਅਜੋਕੇ ਤਕਨੀਕੀ ਰੈਡੀਮੇਡ ਯੁੱਗ ਨੇ ਤਾਂ ਇਸ ਨੂੰ ਖੂੰਜੇ ਹੀ ਲਾ ਕੇ ਰੱਖ ਦਿੱਤਾ। ਹੁਣ ਅਸਲ ਵਿੱਚ ਤਾਂ ਚਰਖੇ ਘਰਾਂ ਵਿੱਚ ਦਿੱਸਦੇ ਹੀ ਨਹੀਂ, ਜੇ ਨਜ਼ਰੀਂ ਪੈਂਦੇ ਵੀ ਹਨ ਤਾਂ ਕਿਸੇ ਤੂੜੀ ਵਾਲੇ ਕੋਠੇ, ਪਸ਼ੂਆਂ ਵਾਲੇ ਬਰਾਂਡੇ ਦੀ ਛੱਤ ਉੱਤੇ, ਪੜਛੱਤੀ ਵਿੱਚ ਬੇਜਾਨਾਂ ਵਾਂਗੰੂ ਅੰਗ ਪੈਰ ਖਿਲਾਰੀ ਪਏ ਹਨ। ਅੱਜ ਦੀਆਂ ਬੱਚੀਆਂ ਨੂੰ ਤਾਂ ਚਰਖੇ ਦਾ ਨਾਂ ਤਕ ਵੀ ਯਾਦ ਨਹੀਂ, ਉਸ ਦੇ ਸਮੁੱਚੇ ਅੰਗਾਂ ਬਾਰੇ ਪਤਾ ਹੋਣਾ ਤੇ ਕੱਤਣ ਦਾ ਵੱਲ ਹੋਣਾ ਤਾਂ ਦੂਰ ਦੀ ਗੱਲ ਹੈ। ਅਜੋਕੇ ਕੋਠੀਨੁਮਾ ਘਰਾਂ ਵਿੱਚ ਅਤਿ-ਆਧੁਨਿਕ ਸੁੱਖ ਸਹੂਲਤਾਂ ਤਾਂ ਸਜਾਈਆਂ ਦਿੱਸਦੀਆਂ ਹਨ ਪਰ ਬੇਬੇ ਦਾ ਚਰਖਾ ਨਹੀਂ।
ਮੇਰੇ ਪੇਕੇ ਘਰ ਵਿੱਚ ਚਰਖਾ ਹੁੰਦਾ ਸੀ, ਜਿਸ ਨੂੰ ਮਾਂ ਅਤੇ ਦਾਦੀ ਕੱਤਦੀਆਂ ਸਨ। ਉਨ੍ਹਾਂ ਨੂੰ ਵੇਖ ਕੇ ਮੇਰਾ ਕੱਤਣ ਨੂੰ ਬੜਾ ਜੀਅ ਕਰਦਾ ਪਰ ਜਦ ਸਿੱਖਣ ਬੈਠਦੀ ਤਾਂ ਬਹੁਤ ਰੂੰ ਖਰਾਬ ਕਰ ਦਿੰਦੀ। ਤੰਦ ਨਾ ਨਿਕਲਦਾ। ਪਾਪਾ ਪੜ੍ਹਨ ਲਈ ਕਹਿ ਕੇ ਉਠਾ ਦਿੰਦੇ ਪਰ ਲਗਨ ਸ਼ੌਕ ਨਾਲ ਚੋਰੀ ਛੁਪੇ ਮੈਂ ਚਰਖਾ ਕੱਤਣਾ ਸਿੱਖ ਹੀ ਲਿਆ। ਹੁਣ ਲਿਖਣ ਵੇਲੇ ਤਕ ਮੈਨੂੰ ਵੀ ਚਰਖੇ ਦੇ ਅੰਗਾਂ ਦੇ ਬਹੁਤੇ ਨਾਂ ਯਾਦ ਨਹੀਂ ਸਨ ਜਿਸ ਕਰਕੇ ਆਂਢ-ਗੁਆਂਢ ਦੀਆਂ ਬਜ਼ੁਰਗ ਮਾਈਆਂ ਦੀ ਸਹਾਇਤਾ ਲੈਣੀ ਪਈ। ਸਹੁਰੇ ਘਰ ਵੀ ਇੱਕ ਨੁੱਕਰੇ ਚਰਖਾ ਸਾਂਭਿਆ ਪਿਆ ਹੈ। ਮੇਰੀ ਦਿਲੀ ਤਾਂਘ ਹੈ ਕਿ ਮੈਂ ਆਪਣੀ ਧੀ ਨੂੰ ਵੀ ਚਰਖਾ ਕੱਤਣਾ ਸਿਖਾਵਾਂ। ਲਿਖਦੀ ਲਿਖਦੀ ਜਦ ਮੈਂ ਆਪਣੀ ਪੰਜ ਕੁ ਵਰ੍ਹਿਆਂ ਦੀ ਧੀ ਨੂੰ ਚਰਖੇ ਕੋਲ ਲਿਜਾ ਕੇ ਉਸ ਦੇ ਅੰਗਾਂ ਬਾਰੇ ਦੱਸਣ ਲੱਗੀ ਤਾਂ ਉਸ ਨੇ ਬਹੁਤ ਦਿਲਚਸਪੀ ਨਾਲ ਸੁਣਿਆ। ਉਸ ਨੇ ਬੜੀ ਖ਼ੁਸ਼ੀ ਨਾਲ ਚਰਖੇ ਨੂੰ ਘੁਮਾ ਕੇ ਵੀ ਦੇਖਿਆ। ਮੈਂ ਉਸ ਨੂੰ ਚਰਖਾ ਕੱਤਣਾ ਸਿਖਾਉਣ ਦਾ ਵਾਅਦਾ ਕੀਤਾ। ਭਾਵੇਂ ਸਮੇਂ ਦੇ ਨਾਲ-ਨਾਲ ਬਦਲਾਅ ਸੁਭਾਵਕ ਕਿਰਿਆ ਹੈ ਪਰ ਕਿੰਨਾ ਚੰਗਾ ਹੋਵੇ ਜੇ ਅਸੀਂ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਰਹੀਆਂ ਵਸਤਾਂ ਨੂੰ ਸਾਂਭ ਸਕੀਏ, ਨਹੀਂ ਤਾਂ ਇਹ ਵਸਤਾਂ ਅਜਾਇਬਘਰਾਂ ਵਿੱਚ ਹੀ ਸਿਮਟ ਕੇ ਰਹਿ ਜਾਣਗੀਆਂ ਤੇ ਸਾਡੇ ਬੱਚੇ ਉਂਗਲਾਂ ਕਰਕੇ ਪੁੱਛਣਗੇ ਕਿ ਇਹ ਕੀ ਹੈ?
ਆਪਣੇ ਵੱਲੋਂ ਨਿਰਮੋਹੀ ਹੋ ਰਹੀ ਪੰਜਾਬਣ ਨੂੰ ਚਰਖਾ ਇੱਕ ਦਿਨ ਜ਼ਰੂਰ ਹਲੂਣ ਕੇ ਆਪਣੇ ਨਾਲ ਬੀਤੀ ਦਾ ਹਾਲ ਪੁੱਛੇਗਾ, ਜਿਸ ਨੂੰ ਸੁਣ ਕੇ ਉਹ ਪਸੀਜੇਗੀ ਤੇ ਹੁੰਗਾਰਾ ਭਰਨ ਲਈ ਮਜਬੂਰ ਹੋਵੇਗੀ ਜਦੋਂਕਿ ਚਰਖਾ ਗਾਵੇਗਾ-
ਹੱਸਣਾ ਵੀ ਭੁੱਲਗੀ ਤੇ ਨੱਚਣਾ ਵੀ ਭੁੱਲਗੀ।
ਕਹਿੰਦੇ ਨੇ ਗਲੋਟੇ ਕੁੜੀ ਕੱਤਣਾ ਵੀ ਭੁੱਲਗੀ।
ਤੰਦ ਚਰਖੇ ’ਤੇ ਰੋਣ ਵਿਚਾਰੇ।
ਨੀਂ ਚਰਖਾ ਬੋਲ ਪਿਆ, ਗੱਲ ਸੁਣ ਅੱਲ੍ਹੜੇ ਮੁਟਿਆਰ,
ਨੀਂ ਚਰਖਾ…
ਜਗਜੀਤ ਕੌਰ ਜੀਤ
ਮੋਬਾਈਲ: 94173-80887