ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, June 13, 2012

1857 ਦਾ ਗਦਰ ਅਤੇ ਸਿੱਖ


ਗੁਰਜੀਤ ਸਿੰਘ ਕਨੇਡਾ
1857 ਦਾ ਗਦਰ ਕਿਸ ਨੂੰ ਭੁਲਿਆ ਹੋਵੇਗਾ ਇਤਿਹਾਸ ਨਾਲ ਇਸ਼ਕ ਰੱਖਣ ਵਾਲਿਆ ਨੂੰ ਬਿਨਾਂ ਸ਼ੱਕ ਇਹ ਸਮਾਂ ਯਾਦ ਹੋਵੇਗਾ। 1849 ਵਿਚ ਰਾਜ-ਏ-ਖਾਲਸਾ ਡੋਗਰਿਆਂ ਅਤੇ ਪੂਰਬੀਆਂ (ਤੇਜਾ ਸਿੰਘ ਤੇ ਲਾਲ ਸਿੰਘ) ਦੀਆਂ ਕਪਟ ਅਤੇ ਅਕ੍ਰਿਤਘਣ ਚਾਲਾਂ ਦੇ ਚਲਦਿਆਂ ਹੋਇਆ ਅੰਗਰੇਜ਼ਾਂ ਦੀ ਭੇਟ ਚੜ ਗਿਆ ਤਾਂ ਓਸ ਤੋਂ ਲਗਭਗ 8 ਸਾਲ ਬਾਅਦ ਅੰਗਰੇਜ਼ਾਂ ਦੇ ਖਿਲਾਫ ਇੱਕ ਵਿਦਰੋਹ ਉਠ ਖੜਾ ਹੋਇਆ ਇਸੇ ਨੂੰ ਹੀ 1857 ਦੇ ਗਦਰ ਦਾ ਨਾਂ ਦਿਤਾ ਗਿਆ ਇਹ ਅੰਗਰੇਜ਼ਾ ਦੇ ਖਿਲਾਫ ਕੋਈ ਪਹਿਲੀ ਬਗਾਵਤ ਨਹੀਂ ਸੀ। ਇਸੇ ਤਰਾਂ ਦੀਆਂ ਹੋਰ ਬਗਾਵਤਾਂ ਜਿਵੇਂ ਕਿ 1764 ਈ: ਵਿੱਚ ਬਕਸਰ (ਯੂ.ਪੀ) 1806 ਈ ਵਿੱਚ ਵੈਲੂਰ (ਕਰਨਾਟਿਕਾ) 1824 ਈ ਨੂੰ ਬੈਰਕਪੁਰ (ਬੰਗਾਲ) ਅਤੇ 1840 ਈ ਵਿਚ ਜਦੋਂ ਸਿੰਧ ਨੂੰ ਅੰਗਰੇਜੀ ਰਾਜ ਵਿੱਚ ਮਿਲਾਇਆ ਉਦੋਂ ਵੀ ਹੋਈਆਂ ਸਨ ਪਰ ਇਹਨਾਂ ਬਗਾਵਤਾਂ ਨੂੰ ਕਿਸੇ ਨੇ ਵੀ ਅਜਾਦੀ ਸੰਗਰਸ਼ ਦਾ ਨਾਂ ਨਹੀਂ ਦਿਤਾ। ਇਸੇ ਤਰਾਂ 1857 ਦੇ ਵਿਦਰੋਹ ਨੂੰ ਵੀ ਵੱਖ-ਵੱਖ ਇਤਿਹਾਸਕਾਰਾਂ ਨੇ ਇੱਕ ਬਗਾਵਤ ਹੀ ਮੰਨਿਆ ਹੈ। ਜੋ ਕਿ ਧਰਮ ਦੇ ਨਾਂ ਤੇ ਕੀਤੀ ਗਈ ਸੀ

1857 ਦੇ ਵਿਦਰੋਹ ਦੀ ਚਿੰਗਾਰੀ ਅਸਲ ਵਿੱਚ ਮੰਗਲ ਪਾਂਡੇ ਤੋਂ 29 ਮਾਰਚ 1857 ਈ ਨੂੰ ਸ਼ੁਰੂ ਹੋਈ। ਮੰਗਲ ਪਾਂਡੇ 34ਵੀ ਰੈਜਮੈਂਟ ਬੰਗਾਲ ਨੇਟਿਵ ਇਨਫੈਂਟਰੀ ਦਾ ਸਿਪਾਹੀ ਸੀ। ਮੰਗਲ ਪਾਂਡੇ ਉੱਤਰ ਪ੍ਰਦੇਸ਼ ਦੇ ਪਿੰਡ ਨਗਵਾ ਦਾ ਰਹਿਣ ਵਾਲਾ ਸੀ। 22 ਸਾਲ ਦੀ ਉਮਰ ਵਿਚ ਇਸ ਨੇ ਈਸਟ ਇੰਡੀਆ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ। ਐਸ ਐਸ ਉਬਰਾਏ ਦੇ ਮੁਤਾਬਿਕ 29 ਮਾਰਚ ਨੂੰ ਉਸ ਨੇ ਪ੍ਰੇਡ ਦੌਰਾਨ ਮਿਆਨ ਵਿਚੋਂ ਤਲਵਾਰ ਕਢਦੇ ਹੋਏ ਆਪਣੇ ਸਾਥੀਆਂ ਨੂੰ ਵੰਗਾਰਦਿਆਂ ਹੋਇਆ ਕਿਹਾ, ''ਆਉ ਬਾਹਰ ਆਉ ਫਰੰਗੀ ਤੁਹਾਡੇ ਸਾਹਮਣੇ ਹਨ ਕਾਰਤੂਸਾਂ ਨੂੰ ਮੂੰਹ ਨਾਲ ਕੱਟਣ ਨਾਲ ਸਾਡਾ ਧਰਮ ਭਰਿਸ਼ਟ ਹੁੰਦਾ ਹੈ ਤੇ ਤੁਸੀਂ ਕੁਝ ਵੀ ਕਰਨ ਲਈ ਤਿਆਰ ਨਹੀਂ'' ਇਹ ਕਹਿੰਦੇ ਹੋਏ ਉਸ ਨੇ ਦੋ ਅੰਗਰੇਜ਼ ਅਫਸਰਾਂ ਤੇ ਹਮਲਾ ਕਰ ਦਿੱਤਾ, ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ। 10 ਦਿਨ ਮੁਕੱਦਮਾ ਚੱਲਣ ਤੋਂ ਬਾਅਦ ਉਸਨੂੰ ਇੱਕ ਬੋਹੜ ਦੇ ਦਰਖਤ ਨਾਲ ਲਟਕਾ ਦੇ ਫਾਂਸੀ ਦੇ ਦਿੱਤੀ ਗਈ। ਉਬਰਾਏ ਦੇ ਲਿਖਣ ਮੁਤਾਬਕ ਮੁਕੱਦਮੇ ਦੋਰਾਨ ਉਸਨੇ ਕਬੂਲਿਆ ਕਿ ਉਹ ਭੰਗ ਦਾ ਨਸ਼ਾ ਕਰਦਾ ਸੀ ਤੇ ਘਟਨਾ ਵਾਲੇ ਦਿਨ ਵੀ ਉਸਨੇ ਭੰਗ ਪੀਤੀ ਹੋਈ ਸੀ। ਰੁਦਰਆਂਗਾਂਸ਼ੂ ਮੁਕਰਜੀ(ਬੰਗਾਲੀ ਹਿਸਟੋਰੀਅਨ) ਵੀ ਮੰਗਲ ਪਾਂਡੇ ਨੂੰ ਇੱਕ ਇਤਫਾਕੀਆ ਨਾਇਕ ਹੀ ਮੰਨਦਾ ਹੈ।

ਮੰਗਲ ਪਾਂਡੇ ਦੀ ਫਾਂਸੀ ਤੋਂ ਬਾਅਦ 10 ਮਈ 1857 ਨੂੰ ਮੇਰਠ ਦੀ ਛਉਣੀ ਵਿੱਚ ਕਾਰਤੂਸ ਦੇ ਮੁੱਦੇ ਨੂੰ ਆਧਾਰ ਬਣਾ ਕੇ ਹਿੰਦੋਸਤਾਨੀਆਂ ਨੇ ਵਿਦਰੋਹ ਕਰ ਦਿੱਤਾ ਤੇ ਦਿੱਲੀ ਵੱਲ ਨੂੰ ਚਲ ਪਏ। ਦਿੱਲੀ ਪਹੁੰਚ ਕੇ 11 ਮਈ 1857 ਈ: ਨੂੰ ਬਾਗੀ ਸਿਪਾਹੀਆ ਨੇ ਮੁਗਲ ਸਮਰਾਟ ਬਹਾਦਰ ਸ਼ਾਹ ਜਫਰ ਨੂੰ ਆਪਣਾ ਨੇਤਾ ਬਣਾ ਦਿੱਤਾ। ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਕੈਨਿੰਗ ਨੂੰ ਬਹੁਤ ਫਿਕਰ ਹੋਇਆ ਕਿ ਹੋਵੇ ਨਾ ਕਿਤੇ ਇਹ ਗਦਰ ਪੰਜਾਬ ਵਿੱਚ ਵੀ ਫੈਲ ਜਾਵੇ ਕਿਉਂਕਿ ਉਹ ਜਾਣਦਾ ਸੀ ਕਿ ਖਾਲਸਾ ਰਾਜ ਨੂੰ ਬਰਤਾਨੀਆਂ ਰਾਜ ਦੇ ਅਧੀਨ ਕੀਤਿਆਂ ਅਜੇ ਲਗਭਗ 8 ਸਾਲ ਦਾ ਹੀ ਸਮਾ ਹੋਇਆ ਹੈ। ਮੇਰਠ ਦੀ ਘਟਨਾ ਨੇ ਗਵਰਨਰ ਜਰਨਲ ਦੇ ਮਨ ਵਿੱਚ ਇਹ ਡਰ ਪੈਦਾ ਕਰ ਦਿੱਤਾ ਕਿ ਜੇਕਰ ਕੱਢੇ ਹੋਏ ਸਿੱਖ ਸਿਪਾਹੀ ਗਦਰੀਆਂ ਦੇ ਨਾਲ ਮਿਲ ਗਏ ਤਾਂ ਇੱਕ ਤੂਫਾਨ ਆ ਜਾਵੇਗਾ। ਜਿਸਨੂੰ ਅੰਗਰੇਜ਼ਾ ਦੇ ਲਈ ਸਾਂਭਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੋਵੇਗਾ। ਇਹ ਸੋਚਦਿਆਂ ਹੋਇਆਂ ਅੰਗਰੇਜ਼ਾਂ ਨੇ ਪੰਜਾਬ ਵਿੱਚ ਜਲਦੀ ਤੋਂ ਜਲਦੀ ਪੁਖਤਾ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ, ਜਦੋਂ 12 ਮਈ 1857 ਨੂੰ ਇਸ ਗਦਰ ਦੀ ਖਬਰ ਲਾਹੌਰ ਪਹੁੰਚੀ ਉਸ ਵੇਲੇ ਜੌਨ ਲਾਰੈਂਸ ਰਾਵਲਪਿੰਡੀ ਵਿਚ ਸੀ ਉਸ ਤੋਂ ਅਗਲਾ ਅਫਸਰ ਰੌਬਰਟ ਮੌਂਟਗੋਮਰੀ ਹੀ ਲਾਹੌਰ ਵਿਚ ਸੀ ਮੌਂਟਗੋਮਰੀ ਨੇ ਉਸੇ ਵੇਲੇ ਇੱਕ ਸਿਵਲ ਤੇ ਫੌਜੀ ਅਫਸਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਮੈਕਫਿਰਸਨ, ਡੌਨਾਲਡ ਮੈਕਲਿਊਡ ਅਤੇ ਰੌਬਰਟਸ ਵਰਗੇ ਸਿਰ ਕੱਢਵੇਂ ਅਫਸਰ ਸ਼ਾਮਿਲ ਹੋਏ। ਲਾਹੌਰ ਵਿੱਚ ਇਸ ਵੇਲੇ ਚਾਰ ਪੂਰਬੀ ਦੇਸੀ ਪਲਟਨਾਂ ਤਾਇਨਾਤ ਸਨ ਤੇ ਗੋਰਿਆ ਦੀ ਸਿਰਫ ਇੱਕ ਪਲਟਨ। ਇਸ ਮੀਟਿੰਗ ਦੋਰਾਨ ਇਹ ਫੈਸਲਾ ਲਿਆ ਗਿਆ ਕਿ ਚਾਰੇ ਦੇਸੀ ਪਲਟਨਾਂ ਤੋਂ ਹਥਿਆਰ ਰਖਵਾ ਲਾਏ ਜਾਣ। ਬਡਗੇਡੀਅਰ ਐਸ ਰੌਬਰਟ ਉਸ ਵੇਲੇ ਮੀਆਂਮੀਰ ਛਾਉਣੀ ਦਾ ਇੰਚਾਰਜ ਸੀ। ਸਰ ਰੌਬਰਟ ਮੌਂਟਗੋਮਰੀ ਨੇ ਹੌਸਲਾ ਕੀਤਾ ਤੇ ਇਕ ਰਾਤ ਲਈ ਖਤਰਾ ਮੁਲ ਲੈਣ ਦਾ ਫੈਂਸਲਾ ਕੀਤਾ। ਪਰ ਉਸਨੇ ਕਿਸੇ ਕਿਸਮ ਦੀ ਘਬਰਾਹਟ ਪ੍ਰਗਟ ਨਹੀਂ ਹੋਣ ਦਿੱਤੀ ਤੇ ਆਮ ਵਾਂਗ ਆਪਣੇ ਰੋਜ਼ ਮਰਾ ਦੇ ਕੰਮ-ਕਾਜ ਵਿਚ ਮਸ਼ਰੂਫ ਰਿਹਾ। 13 ਮਈ ਦੀ ਸਵੇਰ ਨੂੰ ਪਰੇਡ ਵੇਲੇ ਅੰਗਰੇਜ਼ ਕਮਾਂਡਰ ਨੇ ਚਾਰੇ ਦੇਸੀ ਪਲਟਨਾ ਤੋਂ ਹੁਸ਼ਿਆਰੀ ਨਾਲ ਹਥਿਆਰ ਰਖਵਾ ਲਏ ਅਤੇ ਅੰਗਰੇਜ਼ ਅਫਸਰਾਂ ਨੇ ਅਗਲਾ ਕਦਮ ਪੁਟਦਿਆਂ ਹੋਇਆਂ ਅੰਗਰੇਜ਼ ਪਲਟਨ ਨੂੰ ਅਸਲਾਖਾਨਿਆਂ ਤੇ ਫੌਜੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਥਾਵਾਂ ਤੇ ਲਾ ਦਿੱਤਾ। 14 ਮਈ ਅੰਮ੍ਰਿਤਸਰ ਵਿਖੇ ਤਾਇਨਾਤ 59ਵੀ ਪੂਰਬੀ ਪਲਟਨ ਤੋਂ ਅਸਲਾ ਖੋਹ ਲਿਆ ਗਿਆ। ਇਸੇ ਤਰਾਂ ਕਿਲਾ ਗੋਬਿੰਦਗੜ ਵੀ ਅੰਗਰੇਜ਼ਾ ਦੇ ਪੂਰੀ ਤਰਾਂ ਕਬਜ਼ੇ ਵਿੱਚ ਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਫਿਰੋਜ਼ਪੁਰ, ਅੰਬਾਲਾ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਧਾਨੇਸਰ, ਸਿਆਲਕੋਟ,ਹੋਤੀ, ਮਰਦਾਨ, ਪਿਸ਼ਾਵਰ, ਫਿਲੌਰ ਆਦਿਕ ਸ਼ਹਿਰ ਸਤੰਬਰ 1857 ਤੱਕ ਧੁਖਦੇ ਰਹੇ। ਪੰਜਾਬ ਵਿੱਚ ਸਾਰੀਆਂ ਹੀ ਦੇਸੀ ਪਲਟਨ ਤੋਂ ਚਾਹੇ ਉਹਨਾਂ ਨੇ ਬਗਾਵਤ ਵਿੱਚ ਹਿੱਸਾ ਲਿਆ ਸੀ ਜਾਂ ਨਹੀਂ ਹਥਿਆਰ ਸੁਟਵਾਲਏਗਏ। ਇਹ ਇੱਕ ਇਤਿਹਾਸਿਕ ਸਚਾਈ ਹੈ ਕਿ 1857 ਦੇ ਵਿਦਰੋਹ ਵਿਚ ਪੰਜਾਬੀਆਂ ਅਤੇ ਖਾਸ ਕਰਕੇ ਸਿਖਾਂ ਨੇ ਉਸ ਤਰਾਂ ਦਾ ਯੋਗਦਾਨ ਨਹੀਂ ਪਾਇਆ ਜਿਸ ਤਰਾਂ ਦੇ ਉਤਸ਼ਾਹ ਤੇ ਕੁਰਬਾਨੀ ਲਈ ਉਹ ਮਸ਼ਹੂਰ ਹਨ। ਇਸ ਦੇ ਕਈ ਕਾਰਨ ਹਨ। ਜੋ ਪੰਜਾਬੀਆਂ ਅਤੇ ਸਿਖਾਂ ਨੂੰ ਇਸ ਗਦਰ ਵਿੱਚ ਨਾ ਸ਼ਾਮਲ ਹੋਣ ਦਾ ਮਿਹਣਾ ਮਾਰਦੇ ਹਨ ਅਸਲ ਵਿਚ ਉਹਨਾਂ ਨੂੰ ਜਾਂ ਤਾਂ ਇਤਿਹਾਸ ਦੀ ਜਾਣਕਾਰੀ ਹੀ ਨਹੀਂ ਹੈ ਜਾਂ ਫਿਰ ਸਿਖਾਂ ਅਤੇ ਪੰਜਾਬ ਦੇ ਵਿਰੋਧ -ਭਾਵੀ ਹਨ। ਉਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਇਕ ਇਤਿਹਾਸਿਕ ਸਚਾਈ ਹੈ ਕਿ 1857 ਦੇ ਗਦਰ ਨੂੰ ਉਸ ਵੇਲੇ ਕਿਸੇ ਨੇ ਵੀ ਅਜ਼ਾਦੀ ਦੀ ਲੜਾਈ ਨਹੀਂ ਆਖਿਆ। ਇਹ ਵਿਚਾਰ ਬਹੁਤ ਪਿਛੋਂ ਈ ਉਪਜ ਹੈ। ਸਭ ਤੋਂ ਪਹਿਲਾਂ ਵੀ.ਡੀ ਸਾਵਰਕਰ ਨੇ 1857 ਈ ਨੂੰ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਲਿਖਤ ਵਿਚ ਇਸ ਨੂੰ ਅਜ਼ਾਦੀ ਦੀ ਲੜਾਈ ਦਾ ਨਾਂ ਦਿੱਤਾ ਉਸ ਤੋਂ ਬਾਅਦ ਹੀ ਇਸ, ''ਜੰਗੇ ਅਜ਼ਾਦੀ'' ਦੇ ਨਾਇਕ ਲੱਭਣੇ ਸ਼ੁਰੂ ਹੋਏ। ਜਿਹਨਾਂ ਲੋਕਾਂ ਨੇ ਇਹ ਗਦਰ ਸ਼ੁਰੂ ਕੀਤਾ ਉਹ ਬਿਲਕੁਲ ਜਥੇਬੰਧਕ ਨਹੀਂ ਸਨ ਤੇ ਨਾਲ ਹੀ ਕਿਸੇ ਨੇਤਾ ਤੋਂ ਰਹਿਤ ਵੀ ਸਨ। ਜਿਹਨਾਂ ਨੂੰ ਬਾਗੀ ਸਿਪਾਹੀਆਂ ਨੇ ਬਗਾਵਤ ਤੋਂ ਅਗਲੇ ਦਿਨ 11 ਮਈ 1857 ਈ ਨੂੰ ਆਪਣਾ ਨੇਤਾ ਐਲਾਨਿਆ ਅਸਲ ਵਿਚ ਉਹ ਇਸ ਗਦਰ ਦੀ ਅਗਵਾਈ ਕਰਨਾ ਹੀ ਨਹੀਂ ਚਾਹੁੰਦਾ ਸੀ ਉਹ ਸੀ ਬਹਾਦਰ ਸ਼ਾਹ ਜ਼ਫਰ। ਇਹ ਉਹ ਸਖਸ਼ ਸੀ ਜਿਸਨੇ ਆਪਣਾ ਰਾਜ ਭਾਗ ਖੁਦ ਅੰਗਰੇਜ਼ਾਂ ਦੇ ਹਵਾਲੇ ਕੀਤਾ ਸੀ। ਉਸਦਾ ਆਪਣਾ ਜੀਵਨ ਉਸਦੇ ਆਪਣੇ ਨਾਮ ਤੋਂ ਬਿਲਕੁਲ ਉਲਟ ਸੀ ਨਾ ਤਾਂ ਉਹ ਬਹਾਦਰ ਸੀ ਤੇ ਨਾ ਸ਼ਾਹ ਤੇ ਨਾ ਹੀ ਜ਼ਫਰ (ਵਿਜੇਤਾ) ਸੀ। ਉਹ ਸੀ ਤੇ ਕੇਵਲ ਕਲਮ ਦਾ ਧਨੀ ਇਕ ਸ਼ਾਇਰ। ਇਸ ਤੋਂ ਵੱਧ ਕੇ ਉਸਦੇ ਪੱਲੇ ਕੁਝ ਨਹੀ ਸੀ। ਉਹ ਇਸ ਵਿਦਰੋਹ ਦੀ ਅਗਵਾਈ ਕਰਨ ਦੇ ਬਿਲਕੁਲ ਯੋਗ ਨਹੀਂ ਸੀ।ਮੌਲਾਨਾ ਅਬਦੁਲ ਕਲਾਮ ਆਜ਼ਾਦ ਵੀ ਇਸ ਗੱਲ ਨਾਲ ਸਹਿਮਤ ਹਨ। ਉਸ ਸਮੇਂ ਦੇ ਹੋਰ ਨੇਤਾ ਜਿਵੇਂ ਕਿ ਨਾਨਾ ਸਾਹਿਬ ਤੇ ਰਾਣੀ ਝਾਂਸੀ ਵੀ ਜਿਹਨਾ ਨੂੰ ਬਾਅਦ ਵਿਚ ਜੰਗੇ ਆਜ਼ਾਦੀ ਦੇ ਨਾਇਕ ਕਰਕੇ ਉਬਾਰਿਆ ਗਿਆ। ਉਹ ਵੀ ਇਸ ਵਿਦਰੋਹ ਦੀ ਅਗਵਾਈ ਨਹੀ ਸਨ ਕਰ ਰਹੇ। ਉਹ ਤਾਂ ਆਪਣੇ ਹੱਕਾਂ ਉੱਤੇ ਮਿਹਰਬਾਨੀ ਨਾਲ ਵਿਚਾਰ ਕਰਨ ਲਈ ਅੰਗਰੇਜ਼ ਸਰਕਾਰ ਨੂੰ ਸਿਰਫ ਤੇ ਸਿਰਫ ਕੁਝ ਆਪਣੇ ਲਈ 'ਰਿਆਇਤਾ ਲੈਣ' ਲਈ ਅਰਜੋਈਆਂ ਕਰ ਰਹੇ ਸਨ। ਇਸ ਸਮੁੱਚੇ ਵਰਤਾਰੇ ਵਾਰੇ ਜਾਣਕਾਰੀ ਲੈਣ ਲਈ ਰਾਣੀ ਝਾਂਸੀ ਦੀਆਂ ਲਿਖੀਆਂ ਚਿੱਠੀਆਂ ਲੰਡਨ ਵਿੱਚ ਸਾਂਭੀਆਂ ਪਈਆਂ ਹਨ ਉਹਨਾ ਦੇਖਿਆਂ ਤੇ ਵਾਚਿਆ ਜਾ ਸਕਦਾ ਹੈ। ਝਾਂਸੀ ਦੀ ਰਾਣੀ ਲਕਸਮੀ ਬਾਈ ਵੱਲੋਂ ਅਖੀਰ ਵਿਚ ਇਥੋਂ ਤੱਕ ਵੀ ਅਰਜ਼ੀ ਦਿੱਤੀ ਗਈ ਕਿ ਜੇ ਅੰਗਰੇਜ਼ ਸਰਕਾਰ ਉਸਦੇ ਮੁਤਬੰਨੇ ਪੁੱਤਰ ਨੂੰ ਗੱਦੀ ਤੇ ਬਿਠਾਉਣ ਲਈ ਰਾਜ਼ੀ ਹੋ ਜਾਵੇ ਤਾਂ ਉਹ ਬਾਗੀਆਂ ਦੇ ਖਿਲਾਫ ਆਪਣੀ ਫੌਜ ਭੇਜ ਕੇ ਉਹਨਾਂ ਦੀ ਮੱਦਦ ਕਰ ਸਕਦੀ ਹੈ। ਸੋ ਇਸ ਵਿਦਰੋਹ ਵਿਚ ਸ਼ਾਮਿਲ ਨੇਤਾ ਆਪਣੀ-ਆਪਣੀ ਪ੍ਰਭੂਸੱਤਾ ਲਈ ਲੜ ਰਹੇ ਸਨ ਨਾ ਕਿ ਭਾਰਤ ਦੀ ਅਜ਼ਾਦੀ ਲਈ। ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਹਿੰਦੋਸਤਾਨ ਵਿਚ ਬਹੁਤ ਕਰਕੇ ਕਿਸੇ ਨੂੰ ਇਹ ਖਿਆਲ


ਵੀ ਨਹੀ ਸੀ ਕਿ ਇਹ ਕੋਈ ਰਾਜਸੀ ਸੰਘਰਸ਼ ਹੈ ਤੇ ਇਸ ਵਿਚ ਸ਼ਾਮਲ ਨਾਂ ਹੋਣ ਵਾਲਿਆਂ ਤੇ ਪਿਛੋਂ ਦੂਸ਼ਣ ਲਾਇਆ ਜਾਵੇਗਾ ਅਤੇ 'ਗੱਦਾਰ'' ਸ਼ਬਦ ਦਾ ਇਸਤੇਮਾਲ ਕੀਤਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਇਹ ਵਿਦਰੋਹ ਉਸ ਸਮੇਂ ਦੀ ਹਿੰਦੋਸਤਾਨ ਦੀ ਕੁਲ ਧਰਤੀ ਦੇ 20% ਧਰਤੀ ਤੇ ਹੀ ਲੜਿਆ ਗਿਆ ਬਾਕੀ ਸਾਰਾ ਹਿੰਦੋਸਤਾਨ ਇਸ ਤੋਂ ਨਿਰਲੇਪ ਰਿਹਾ।

ਇਸ ਵਿਦਰੋਹ ਵਿੱਚ ਸਿਖਾਂ ਵਲੋਂ ਜਥੇਬੰਦਕ ਯੋਗਦਾਨ ਨਾ ਪਾਉਣ ਦੇ ਕਾਰਨਾਂ ਨੂੰ ਸਮਝਣ ਲਈ ਉਸ ਸਮੇਂ ਦੇ ਪੰਜਾਬ ਨੂੰ ਅਜੋਕੇ ਭਾਰਤ ਨਾਲੋਂ ਅਲੱਗ ਕਰਕੇ ਦੇਖਣਾ ਜ਼ਰੂਰੀ ਹੈ। ਸਿਖਾਂ ਦੀ ਬਹੁ-ਗਿਣਤੀ ਉਸ ਸਮੇਂ ਦੇਸ ਪੰਜਾਬ ਤੋਂ ਬਿਨਾ ਹੋਰ ਕਿਸੇ ਭੂ-ਖੰਡ ਨੂੰ ਆਪਣਾ ਦੇਸ਼ ਮੰਨਣ ਲਈ ਤਿਆਰ ਨਹੀਂ ਸੀ। ''ਦੇਸ਼ ਪੰਜਾਬ'' ਮਾਰਚ 1849ਈ: ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾ ਲਿਆ ਗਿਆ। ਸਿਖ ਰਾਜ ਦੇ ਕਿਲੇ ਬਹੁਤ ਕਰਕੇ ਢਹਿ ਢੇਰੀ ਕਰ ਦਿੱਤੇ ਗਏ ਤੇ ਸਿਖ ਫੌਜੀਆ ਨੂੰ ਘਰੋ-ਘਰੀਂ ਤੋਰ ਦਿਤਾ ਗਿਆ। ਸਿੱਖ ਜਰਨੈਲ ਜਾਂ ਤਾਂ ਸ਼ਹੀਦ ਹੋ ਚੁਕੇ ਸਨ ਤੇ ਜਾਂ ਅੰਗਰੇਜ਼ੀ ਸਰਕਾਰ ਨੇ ਕਿਲਿਆਂ ਵਿੱਚ ਬੰਦ ਕਰ ਦਿੱਤੇ।ਇਸ ਸਮੇਂ 8000 ਦੇ ਲਗਭਗ ਸਿੱਖ ਫੌਜੀ ਅੰਗਰੇਜ਼ਾਂ ਦੀ ਜੇਲ ਵਿਚ ਸਨ। ਜਿਹੜੇ ਸਿੱਖ ਫੌਜੀ ਬਚੇ ਸਨ ਉਹ ਖਾਲੀ ਹੱਥ ਲੜਨ ਦੀ ਸਥਿਤੀ ਵਿਚ ਨਹੀਂ ਸਨ। ਖਾਲਸਾ ਫੋਜ ਦੇ ਮਹਾਨ ਜਰਨੈਲ ਰਾਜਾ ਸ਼ੇਰ ਸਿੰਘ ਅਟਾਰੀ ਵਿਦਰੋਹ ਦੇ ਸਮੇਂ ਅਲਾਹਾਬਾਦ ਦੇ ਕਿਲ੍ਹੇ ਵਿੱਚ ਕੈਦ ਸਨ। ਇਹ ਉਹ ਹੀ ਸਿੱਖ ਜਰਨੈਲ ਸੀ ਜਿਸਨੇ ਰਾਮਨਗਰ ਤੇ ਚੇਲਿਆ ਵਾਲੀ ਦੀ ਲੜਾਈ ਵਿਚ ਅੰਗਰੇਜ਼ਾਂ ਨੂੰ ਨੱਕ ਨਾਲ ਚਣੇ ਚਬਾਏ ਸਨ। ਜਿਸਦੇ ਕਾਰਨ ਬ੍ਰਿਟਿਸ਼ ਪਾਰਲੀਮੈਂਟ ਕੁਰਲਾ ਉਠੀ ਸੀ ਤੇ ਉਸ ਸਮੇਂ ਦੇ ਮਸ਼ਹੂਰ ਅੰਗਰੇਜ਼ੀ ਜਰਨੈਲ ਜਰਨਲ ਹਿਊ ਗਫ ਨੂੰ ਅਸਤੀਫਾ ਦੇਣਾ ਪਿਆ ਸੀ। ਇਸੇ ਹੀ ਵਿਦਰੋਹ ਵਿਚ ਅਜ਼ਾਦੀ ਸੰਗਰਾਮੀਏ ਦੇ ਤੌਰ ਤੇ ਉਬਾਰੇ ਗਏ 'ਨਾਨਾ ਸਾਹਿਬ' ਦਾ ਅਲਾਹਾਬਾਦ ਅਤੇ ਕਾਨ੍ਹਪੁਰ ਦੇ ਸ਼ਹਿਰਾ ਤੇ ਕਬਜ਼ਾ ਸੀ, ਨਾਨਾ ਸਾਹਿਬ ਨੇ ਇਸ ਮਹਾਨ ਸਿਖ ਜਰਨੈਲ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਗੱਲ ਕੀ ਦਰਸਾਉਂਦੀ ਹੈ? ਕੀ ਨਾਨਾ ਸਾਹਿਬ ਦੀ ਇਹ ਅਗਿਆਨਤਾ ਸੀ ਜਾਂ ਉਹ ਸਿੱਖ ਕੌਮ ਨੂੰ ਇਸ ਵਿਦਰੋਹ ਵਿੱਚ ਸ਼ਾਮਲ ਹੀ ਨਹੀਂ ਕਰਨਾ ਚਾਹੁੰਦਾ ਸੀ। ਜੇਕਰ ਇਹ ਇਕ ਅਗਿਆਨਤਾ ਸੀ ਤਾਂ ਇਸ ਵਿਦਰੋਹ ਦੀ ਵਾਂਗਡੋਰ ਇਸ ਤਰਾਂ ਦੇ ਅਣਜਾਣ ਨੇਤਾਵਾਂ ਦੇ ਹੱਥ ਵਿੱਚ ਨਹੀ ਹੋਣੀ ਚਾਹੀਦੀ ਸੀ ਤੇ ਜੇਕਰ ਇਹ ਨੇਤਾ ਸਿੱਖ ਕੌਮ ਤੇ ਸਿੱਖ ਜਰਨੈਲਾਂ ਨੂੰ ਇਸ ਵਿਦਰੋਹ ਵਿਚ ਸ਼ਾਮਲ ਹੀ ਨਹੀਂ ਕਰਨਾ ਚਾਹੁੰਦੇ ਸਨ ਤਾਂ ਸਿੱਖਾ ਨੂੰ ਮਿਹਣਾ ਦੇਣ ਤੋਂ ਪਹਿਲਾਂ ਜਾਂ ''ਗੱਦਾਰ'' ਕਹਿਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਬਣਦਾ ਹੈ ਕਿ ਅਸਲ ਵਿੱਚ ਦੋਹਾ ਧਿਰਾਂ ਵਿਚੋਂ ਕਿਸ ਦੀ ਇਮਾਨਦਾਰੀ ਤੇ ਸ਼ੱਕ ਕੀਤਾ ਜਾ ਸਕਦਾ ਹੈ, ਇਥੇ ਆਪਣੇ ਪਾਠਕਾਂ ਨੂੰ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਇਹੀ ਨਾਨਾ ਸਾਹਿਬ ਨੇ ਇਕ ਐਲਾਨ ਕਰ ਦਿੱਤਾ ਸੀ ਜਿ ਜੇਕਰ ਉਸਦੀਆ ਆਪਣੀਆ ਮੰਗਾਂ ਮੰਨ ਲਈਆਂ ਜਾਣ ਤੇ ਉਹ ਅੰਗਰੇਜ਼ਾਂ ਨਾਲ ਸਮਝੋਤਾ ਕਰਨ ਲਈ ਤਿਆਰ ਹੈ। ਇਸੇ ਤਰਾਂ ਹੀ ਦੂਸਰੇ ਸਿੱਖ ਨੇਤਾ ਬਾਬਾ ਬਿਕਰਮ ਸਿੰਘ ਨਾਲ ਵਾਪਰਿਆ। ਖਾਲਸਾ ਰਾਜ ਦੇ ਖਾਤਮੇ ਪਿਛੋਂ ਅੰਗਰੇਜ਼ਾ ਖਿਲਾਫ ਸੰਘਰਸ਼ ਨੂੰ ਜਾਰੀ ਰੱਖਣ ਵਾਲਿਆ ਵਿੱਚ ਉਹਨਾਂ ਦਾ ਨਾ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ। ਸਿੱਖ ਪੰਥ ਦੇ ਇਹ ਬਹਾਦਰ ਜਰਨੈਲ 1853 ਈ: ਵਿਚ ਗਰਿਫਤਾਰ ਕਰ ਲਏ ਗਏ ਸੀ ਤੇ ਅੰਮ੍ਰਿਤਸਰ ਵਿਚ ਇਹਨਾ ਨੂੰ ਨਜ਼ਰਬੰਦ ਕਰ ਦਿਤਾ ਗਿਆ ਸੀ। ਇਹਨਾ ਤੇ ਘੋੜੇ ਉਤੇ ਚੜ੍ਹਨ ਦੀ ਪਾਬੰਦੀ ਲਾ ਦਿੱਤੀ ਗਈ ਤੇ ਅੰਗਰੇਜ਼ੀ ਫੌਜ ਦਾ ਪਹਿਰਾ ਲਾ ਦਿਤਾ ਗਿਆ। ਬਾਗੀ ਸਿਪਾਹੀ ਜੇਲ੍ਹਾਂ ਆਦਿਕ ਉਪਰ ਹਮਲੇ ਕਰਕੇ ਆਪਣੇ ਸਾਥੀਆਂ ਨੂੰ ਤਾਂ ਛਡਾਉਂਦੇ ਰਹੇ ਪਰ ਕਿਸੇ ਨੇ ਵੀ ਬਾਬਾ ਬਿਕਰਮ ਸਿੰਘ ਨੂੰ ਵੀ ਰਾਜਾ ਸ਼ੇਰ ਸਿੰਘ ਦੀ ਤਰਾਂ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸਭ ਨੂੰ ਕੀ ਸਮਝਿਆ ਜਾਵੇ? ਕਿਸੇ ਵੀ ਇਕ ਵਿਦਰੋਹੀ ਨੇਤਾ ਨੇ ਜਾਂ ਪੂਰਬੀ ਸਿਪਾਹੀ ਨੇ ਸਿਖਾਂ ਦੇ ਨੇਤਾ ਜਾਂ ਸਿੱਖ ਕੌਮ ਨੂੰ ਵਿਸ਼ਵਾਸ਼ ਵਿੱਚ ਨਹੀਂ ਲਿਆ ਤੇ ਨਾ ਹੀ ਕਿਸੇ ਸਿੱਖ ਸਿਪਾਹੀ ਨੂੰ ਜੇਲ੍ਹ ਵਿਚੋਂ ਛਡਾਇਆ। ਇਸ ਸਾਰੇ ਘਟਨਾਕ੍ਰਮ ਨੂੰ ਕਿਸ ਸੰਦਰਭ ਵਿਚ ਵੇਖਿਆ ਜਾਣਾ ਬਣਦਾ ਹੈ? ਪਾਠਕ ਆਪ ਹੀ ਨਿਰਣਾ ਕਰਨ।

ਇਸ ਤੋਂ ਅਗਲੀ ਮੱਹਤਵਪੂਰਨ ਗੱਲ ਇਤਿਹਾਸ ਦੇ ਸਫਿਆ ਵਿਚੋਂ ਇਹ ਲਭਦੀ ਹੈ ਉਸ ਵਾਰੇ ਸਾਰੇ ਇਤਿਹਾਸਕਾਰ (ਡ: ਗੰਡਾ ਸਿੰਘ, ਕ੍ਰਿਪਾਲ ਸਿੰਘ ਨਾਰੰਗ ਸਮੇਤ) ਇਕ ਮੱਤ ਹਨ। ਜਿਸ ਕਰਕੇ ਪੰਜਾਬ, ਤੇ ਖਾਸ ਕਰਕੇ ਸਿਖ ਇਸ ਗਦਰ ਤੋਂ ਦੂਰ ਰਹੇ ਉਹ ਹੈ ਪੂਰਬੀ ਸਿਪਾਹੀਆਂ, ਝੱਜਰ ਦੇ ਨਵਾਬ ਅਤੇ ਬਹਾਦਰ ਸ਼ਾਹ ਜਫਰ ਵੱਲੋਂ ਅੰਗਰੇਜ਼ਾਂ ਤੇ ਸਿਖਾਂ ਦੀਆਂ ਲੜਾਈਆਂ ਵਿਚ ਅੰਗਰੇਜ਼ਾਂ ਦੀ ਠੋਕ ਕੇ ਕੀਤੀ ਮੱਦਦ ਸੀ। ਇਹਨਾ ਪੂਰਬੀ ਸਿਪਾਹੀਆ ਦੀ 10 ਰਜਮੈਂਟਾਂ (2, 16, 24, 26, 41, 42, 45, 47, 48 ਅਤੇ 73) ਸਿਖਾਂ ਦੇ ਖਿਲਾਫ ਮੁੱਦਕੀ ਅਤੇ ਸਭਰਾਵਾਂ ਦੀ ਜੰਗ ਵਿਚ ਲੜੀਆਂ ਸਨ। ਇਹਨਾਂ ਪੂਰਬੀਆਂ ਵਾਰੇ ਸਿਖਾਂ ਦੇ ਮਨਾਂ ਵਿਚ ਬਹੁਤ ਕੌੜੀਆ ਯਾਦਾਂ ਕਾਇਮ ਸਨ। ਪੂਰਬੀ ਅਥਵਾ ਬਿਹਾਰੀ ਰਾਜਪੂਤ ਤੇ ਪੂਰਬੀ ਸੂਬਿਆਂ ਜਿਸ ਤਰਾਂ ਬੰਗਾਲ ਅਤੇ ਯੂ.ਪੀ ਆਦਿਕ ਸੂਬਿਆਂ ਦੇ ਸਿਪਾਹੀ ਭਾਰਤ ਦੇ ਇਕੋ-ਇਕ ਸੁਤੰਤਰ ਰਾਜ ''ਦੇਸ਼ ਪੰਜਾਬ'' ਨੂੰ ਅੰਗਰੇਜ਼ਾਂ ਕੋਲੋਂ ਗੁਲਾਮ ਬਨਾਉਣ ਲਈ ਸਿੱਖਾ ਦੇ ਵਿਰੋਧ ਵਿਚ ਲੜੇ ਸਨ। ਇਹ ਪੂਰਬੀਏ ਸਿੱਖਾ ਨਾਲ ਬਹੁਤ ਨਫਰਤ ਕਰਦੇ ਸਨ ਤੇ ਅਕਸਰ ਇਹ ਕਹਿੰਦੇ ਸਨ ਕਿ ਸਿੱਖਾ ਨੂੰ ਹਿੰਦੋਸਤਾਨ ਦੇ ਦੂਸਰੇ ਭਾਗਾਂ ਵਿਚ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਸ ਨਾਲ ਹਿੰਦੋਸਤਾਨ ਦੀ ਧਰਤੀ ਭਰਿਸ਼ਟ ਹੋ ਜਾਵੇਗੀ। ਪੂਰਬੀ ਰਜਮੈਂਟਾਂ ਪੰਜਾਬ ਵਿਚ ਆਪਣੇ ਆਪ ਨੂੰ ਉਚੀਆ ਜਾਤਾਂ ਵਾਲੇ ਤੇ ਸਿੱਖਾ ਨੂੰ ਨੀਵੀਆਂ ਜਾਤਾਂ ਵਾਲੇ ਸਮਝਕੇ ਨਫਰਤ ਕਰਦੇ ਸਨ। ਸਿੱਖਾ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਈਆਂ ਲੜਾਈਆਂ ਤੋਂ ਬਾਅਦ ਇਹਨਾਂ ਪੂਰਬੀਆਂ ਦੇ ਪੰਜਾਬ ਵਿਚ ਕੀਤੇ ਵਰਤਾਉ ਨੇ ਸਿੱਖਾਂ ਦੇ ਦਿਲਾਂ ਵਿਚ ਡੂੰਘੇ ਜ਼ਖਮ ਕੀਤੇ ਹੋਏ ਸਨ ਜੋ ਇੰਨੇ ਥੋੜੇ ਸਮੇਂ ਵਿਚ ਨਹੀਂ ਭਰ ਸਕਦੇ ਸਨ। ਇਥੇ ਦੱਸਣਾ ਕੁਥਾਵੇਂ ਨਹੀਂ ਹੋਵੇਗਾ ਕਿ ਸਿੱਖਾ ਅਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਲੜਾਈਆਂ ਵਿਚ ਗੱਦਾਰ ਲਾਲ ਸਿੰਘ ਅਤੇ ਗੱਦਾਰ ਤੇਜ ਸਿੰਘ ਜੋ ਕਿ ਖਾਲਸਾ ਰਾਜ ਦੇਸ਼ ਪੰਜਾਬ ਵਿਚ ਪ੍ਰਧਾਨ ਮੰਤਰੀ ਤੇ ਫੌਜਾਂ ਦੇ ਕਮਾਂਡਰ ਇਨ-ਚੀਫ ਦਿਆਂ ਅਹੁਦਿਆਂ ਤੇ ਤਾਇਨਾਤ ਸਨ। ਪੂਰਬੀ ਹੀ ਸਨ ਜੋ ਕਿ ਖਾਲਸਾ ਫੌਜਾਂ ਵਿਚ ਸਿਪਾਹੀ ਦੇ ਤੌਰ ਤੇ ਭਰਤੀ ਹੋਏ ਸਨ ਤੇ ਆਪਣੀਆਂ ਕਪਟ ਚਾਲਾਂ ਦੇ ਨਾਲ ਇਹਨਾਂ ਅਹੁਦਿਆਂ ਤੱਕ ਪਹੁੰਚੇ ਸਨ। ਇਹਨਾਂ ਨੇ ਸਿੱਖ ਕੌਮ, ਸਿੱਖ ਰਾਜ ਨਾਲ ਗੱਦਾਰੀ ਕੀਤੀ ਤੇ ਅੰਗਰੇਜ਼ਾਂ ਨੂੰ ਜਿਤਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ ਇਸ ਕਰਕੇ ਸਿੱਖਾਂ ਦੇ ਮਨਾਂ ਵਿਚ ਵੀ ਇਹਨਾਂ ਪੂਰਬੀਆਂ ਪ੍ਰਤੀ ਬਹੁਤ ਹੀ ਘ੍ਰਿਣਾਂ ਭਰੀ ਕੁੜੱਤਣ ਸੀ।

ਇੱਕ ਹੋਰ ਘਟਨਾ ਜਿਹੜੀ ਸਿਖਾਂ ਨੁੰ ਇਸ ਵਿਦਰੋਹ ਤੋਂ ਦੂਰ ਕਰਨ ਅਤੇ ਪੂਰਬੀ ਸਿਪਾਹੀਆਂ ਦੀ ਮਾਨਸਿਕਤਾ, ਸੁਆਰਥਾਂ ਅਤੇ ਸਿਖ ਵਿਰੋਧੀ ਹੋਣ ਦੀ ਨੀਅਤ ਨੂੰ ਨੰਗਿਆਂ ਕਰਦੀ ਹੈ। ਇਹ ਘਟਨਾ ਅਲਾਹਾਬਾਦ ਅਤੇ ਕਾਨ੍ਹਪੁਰ ਵਿਚਕਾਰ ਇਕ ਕਸਬੇ ''ਫਤਿਹਗੜ'' ਦੀ ਹੈ। ਇਸੇ ਕਸਬੇ ਵਿਚ ਸਿਖਾਂ ਦੇ ਅਣਖੀਲੇ ਮਹਾਰਾਜਾ ''ਮਹਾਰਾਜਾ ਦਲੀਪ ਸਿੰਘ'' ਦਾ ਰੈਣ ਬਸੇਰਾ ਸੀ। 1850 ਈ: ਵਿੱਚ ਮਹਾਰਾਜਾ ਸਾਹਿਬ ਨੂੰ ਜਬਰੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਮਹਾਰਾਜੇ ਸਾਹਿਬ ਦੀ ਰਿਹਾਇਸ਼ ਅੰਗਰੇਜ਼ਾਂ ਵੱਲੋਂ ਇਸ ਕਸਬੇ ਵਿਚ ਰਖੀ ਗਈ ਸੀ। ਮਹਾਰਾਜਾ ਸਾਹਿਬ ਨੂੰ ਇਹ ਜਗ੍ਹਾ ਬਹੁਤ ਹੀ ਚੰਗੀ ਲੱਗੀ ਸੀ। ਉਹਨਾਂ ਨੇ ਇਹ ਜਗ੍ਹਾ ਮੁੱਲ ਖਰੀਦ ਕੇ ਇਥੇ ਬਹੁਤ ਆਲੀਸ਼ਾਨ ਮਹੱਲ ਦੀ ਉਸਾਰੀ ਕਰਵਾਈ ਤੇ ਆਪਣਾ ਬੇਸ਼ਕੀਮਤੀ ਸਮਾਨ ਲਾਹੌਰ ਤੋਂ ਇਥੇ ਮੰਗਵਾ ਲਿਆ। ਮਹਾਰਾਜਾ ਦਲੀਪ ਸਿੰਘ ਜੀ ਨੇ ਇਥੇ ਲਗਭਗ 4 ਸਾਲ ਰਹਾਇਸ਼ ਰੱਖੀ। 1854 ਦੇ ਸ਼ੁਰੂ ਵਿਚ ਮਹਾਰਾਜਾ ਸਾਹਿਬ ਨੂੰ ਜਬਰੀ ਇੰਗਲੈਂਡ ਭੇਜ ਦਿਤਾ ਗਿਆ ਜਾਣ ਤੋਂ ਪਹਿਲਾਂ ਮਹਾਰਾਜਾ ਸਾਹਿਬ ਦਾ ਸਮਾਨ ਤਹਿਖਾਨੇ ਵਿਚ ਫੌਜੀ ਪਹਿਰੇ ਹੇਠ ਰੱਖ ਦਿਤਾ ਗਿਆ। ਜਦੋਂ 1857 ਦਾ ਗਦਰ ਸ਼ੁਰੂ ਹੋਇਆ ਤਾਂ ਜਿਸ ਤਰਾਂ ਪਹਿਲਾਂ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਇਹ ਇਲਾਕਾ ਨਾਨਾ ਸਾਹਿਬ ਦੇ ਕਬਜ਼ੇ ਵਿਚ ਸੀ, ਇਥੋਂ ਦੇ ਬਗਾਵਤੀ ਸਿਪਾਹੀਆਂ ਨੇ ਫਤਿਹਗੜ ਦੀ ਛਾਉਣੀ ਵਿਚ ਤਇਨਾਤ ਅੰਗਰੇਜ਼ ਅਫਸਰ ਅਤੇ ਸਿਪਾਹੀ ਜਾਂ ਤਾਂ ਮਾਰ ਦਿਤੇ ਜਾਂ ਉਹ ਆਪਣੀ ਜਾਨ ਬਚਾ ਕੇ ਅਲਾਹਾਬਾਦ ਤੇ ਕਾਨ੍ਹਪੁਰ ਦੇ ਕਿਲਿਆਂ ਵਿਚ ਪਹੁੰਚਣ ਵਿਚ ਸਫਲ ਰਹੇ। ਇਥੇ ਤਾਇਨਾਤ ਪੂਰਬੀ ਸਿਪਾਹੀਆਂ ਨੇ ਮਹਾਰਾਜਾ ਸਾਹਿਬ ਦੇ ਸਾਰੇ ਸਮਾਨ ਨੂੰ ਲੁੱਟ ਲਿਆ ਤੇ ਮਹੱਲਾ ਨੂੰ ਅੱਗ ਲਗਾ ਦਿੱਤੀ। ਬਜਾਏ ਇਸ ਦੇ ਕੇ ਉਹ ਆਪਣੇ ਹੀ ਦੇਸ਼ ਦੇ ਮਹਾਰਜੇ ਦੀ ਜਾਇਦਾਦ ਨੂੰ ਮਹਿਫੂਜ਼ ਰੱਖਣ ਲਈ ਕੋਈ ਕਦਮ ਚੁੱਕਦੇ ਓਹਨਾਂ ਨੇ ਇਸ ਦੇ ਉਲਟ ਕਾਰਵਾਈ ਕਰਦਿਆਂ ਹੋਇਆਂ ਸਾਰੀ ਜਾਇਦਾਦ ਲੁੱਟ ਲਈ, ਇਹ ਜਾਣੇ ਹੋਏ ਵੀ ਇਹ ਇਕ ਪੰਜਾਬੀ ਅਤੇ ਸਿਖ ਮਹਾਰਾਜੇ ਦੀ ਜਾਇਦਾਦ ਹੈ। ਜਦੋਂ ਇਸ ਘਟਨਾ ਦਾ ਪਤਾ ਸਿੱਖਾ ਨੂੰ ਲੱਗਾ ਤਾਂ ਉਹਨਾਂ ਦੇ ਹਿਰਦੇ ਵਲੂੰਧਰੇ ਗਏ ਤੇ ਸਿੱਖ ਇਸ ਵਿਦਰਹ ਤੋਂ ਹੋਰ ਪਰਾਂ ਚਲੇ ਗਏ। ਅਗਲਾ ਕਾਰਨ ਇਤਿਹਾਸ ਦੀ ਬੁਕਲ ਵਿਚੋਂ ਇਹ ਨਿਕਲਦਾ ਹੈ ਕਿ ਪੂਰਬ ਦੇ ਮੁਸਲਮਾਨ ਸਿਪਾਹੀ ਜਿਹਨਾ ਨੇ ਇਸ ਗਦਰ ਵਿਚ ਹਿਸਾ ਲਿਆ ਸੀ ਉਹ ਇਸ ਮਨੋਰਥ ਨਾਲ ਲੜੇ ਸਨ ਕਿ ਉਹ ਮੁੜ ਮੁਗਲ ਰਾਜ ਕਾਇਮ ਕਰ ਲੈਣਗੇ। ਇਸੇ ਲਈ ਹੀ ਉਹ ਬਹਾਦਰ ਸ਼ਾਹ ਦੇ ਝੰਡੇ ਹੇਠ ਇਕੱਠੇ ਹੋਏ ਤੇ ਉਸਨੂੰ ਆਪਣਾ ਨੇਤਾ ਐਲਾਨਿਆ। ਸਿੱਖ ਕਦੇ ਵੀ ਮੁਗਲ ਰਾਜ ਨੂੰ ਸੁਰਜੀਤ ਕਰਨ ਦੇ ਮਨੋਰਥ ਦੀ ਹਮਾਇਤ ਨਹੀਂ ਕਰ ਸਕਦੇ ਸਨ ਜਿਸ ਨੂੰ ਕਿ ਗਦਰੀ ਵਾਪਿਸ ਲਿਆਉਣ ਲਈ ਵਿਉਤਾਂ ਬਣਾ ਰਹੇ ਸਨ। ਸਿੱਖ ਦੋ ਸੌ ਸਾਲ ਦੇ ਲਗਭਗ ਮੁਗਲ ਰਾਜ ਦੇ ਅਤਿਆਚਾਰ ਵਿਰੁਧ ਖੂਨ ਡੋਲਵੀੱ ਲੜਾਈ ਲੜੇ ਸਨ ਅਤੇ ਉਹ ਕਦੇ ਵੀ ਅਜਿਹੇ ਗਠਜੋੜ ਦੀ ਹਮਾਇਤ ਨਹੀ ਕਰ ਸਕਦੇ ਸਨ ਜਿਸ ਨਾਲ ਕਿ ਫਿਰ ਉਹੀ ਮੁਗਲ ਸਿੱਤਮ ਉਹਨਾਂ ਦੇ ਸਿਰ ਫਿਰ ਘੂਕਣ ਲੱਗ ਪਏ। ਇਹ ਮੁਗਲ ਸ਼ਾਸਕ ਹੀ ਸਨ ਜਿਹਨਾਂ ਨੇ ''ਪੰਜਵੇਂ ਅਤੇ ਨੌਵੇਂ ਪਾਤਸ਼ਾਹ'' ਅਤੇ ''ਗੁਰੂ ਗੋਬਿੰਦ ਸਿੰਘ'' ਜੀ ਦੇ ''ਲਾਲਾਂ'' ਨੂੰ ਸਰਹਿੰਦ ਵਿੱਚ ਭਿਅੰਕਰ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਸੀ ਤੇ ਸਿੱਖ ਰਾਜ ਨੂੰ ਡੋਬਣ ਲਈ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਜਿਸਦਾ ਜ਼ਿਕਰ ਪਹਿਲਾਂ ਕੀਤਾ ਜਾ ਚੁੱਕਾ ਹੈ। ਅੰਗਰੇਜ਼ਾਂ ਨੇ ਵੀ ਸਿੱਖਾਂ ਨੂੰ ਗਦਰ ਵੇਲੇ ਇਹਨਾਂ ਇਤਿਹਾਸਿਕ ਘਟਨਾਵਾਂ ਦੇ ਰੂਬਰੂ ਕਰਦਿਆਂ ਮੁਗਲਾਂ ਨਾਲ ਪੁਰਾਣੇ ਵੈਰ ਨੂੰ ਚੇਤੇ ਕਰਵਾਇਆ ਸੀ। ਉਸ ਸਮੇਂ ਦਿੱਲੀ ਸ਼ਹਿਰ ਦੀਆਂ ਦੀਵਾਰਾਂ ਤੇ ਕੁਝ ਇਸ ਤਰਾਂ ਦੇ ਇਸ਼ਤਿਹਾਰ ਵੀ ਲਾਏ ਗਏ ਸਨ ਜਿਹਨਾਂ ਵਿੱਚ ਮੁਗਲ ਬਾਦਸ਼ਾਹਾਂ ਦੇ ਹੁਕਮ ਕਿ ''ਜਿਥੇ ਵੀ ਸਿੱਖ ਲੱਭਣ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ'' ਆਦਿਕ ਨੂੰ ਦਰਸਾਇਆ ਗਿਆ ਸੀ। ਕੁਝ ਵੀ ਹੋਵੇ ਸਿੱਖ ਕਦੇ ਵੀ ਆਪਨਾ ਆਪ ਨੂੰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀ ਸਹਾਇਤਾ ਲਈ ਤਿਆਰ ਨਹੀਂ ਕਰ ਸਕਦੇ ਤੇ ਨਾਂ ਕਦੇ ਸਿਖਾਂ ਨੇ ਸੋਚਿਆ ਸੀ ਕਿ ਬਹਾਦਰਸ਼ਾਹ ਕਿਸੇ ਸੁਤੰਤਰਤਾ ਦੀ ਜੰਗ ਦੀ ਅਗਵਈ ਕਰ ਰਿਹਾ ਹੈ ਅਤੇ ਉਸ ਦੀ ਹਮਾਇਤ ਕਰਨਾ ਉਹਨਾਂ ਦਾ ਫਰਜ਼ ਹੈ ਸਗੋਂ ਸਿਖਾਂ ਨੇ ਆਪਣਾ ਜ਼ੋਰ ਮੁਗਲ ਰਾਜ ਦੇ ਮੁੜ ਨਾ ਆਉਣ ਤੇ ਲਾਇਆ।

ਇਕ ਕਾਰਨ ਇਹ ਵੀ ਬਣਦਾ ਹੈ ਕਿ ਹੈਨਰੀ ਲਾਂਰੈਂਸ ਤੇ ਜੌਨ ਲਾਰੈਂਸ (ਦੋਵੇਂ ਭਰਾ) ਨੇ ਆਪਣੇ ਰਾਜ ਪ੍ਰਬੰਧਾਂ ਕਰਕੇ ਸਿੱਖਾਂ ਵਿਚ ਚੰਗੀ ਥਾਂ ਬਣਾ ਲਈ ਸੀ। ਗੁਰਦੁਆਰਿਆਂ ਤੇ ਧਰਮ ਦੇ ਕੰਮਾਂ ਲਈ ਸਿੱਖਾਂ ਵਿੱਚ ਕਿਸੇ ਕਿਸਮ ਦੀ ਦਖਲ-ਅੰਦਾਜ਼ੀ ਨਹੀਂ ਕੀਤੀ ਸਗੋਂ ਇਕ ਕਾਨੂੰਨ ਪਾਸ ਕਰ ਦਿੱਤਾ ਗਿਆ ਜਿਸਦੇ ਤਹਿਤ ਸਿੱਖ ਸਿਪਾਹੀਆਂ ਲਈ ਸਿੱਖ ਧਰਮ ਅਨੁਸਾਰ ਦਾਹੜਾ ਕੇਸ ਰੱਖਣਾ ਅਤੇ ਅੰਮ੍ਰਿਤ ਛਕਣ ਨੂੰ ਜ਼ਰੂਰੀ ਕਰ ਦਿੱਤਾ ਗਿਆ ਇਸ ਨਾਲ ਇਹ ਹੋਰ ਸਿੱਖਾ ਵਿਚ ਹਰਮਨ ਪਿਆਰੇ ਹੋ ਗਏ। ਗੌਰਡਨ ਠੀਕ ਕਹਿੰਦਾ ਹੈ ''ਇਹ ਇਕ ਤਕੜੀ ਨੀਂਹ ਸੀ ਜਿਸ ਉਤੇ ਪੰਜਾਬ ਦੇ ਰਾਜ ਪ੍ਰਬੰਧ ਦੀ ਉਸਾਰੀ ਕੀਤੀ ਗਈ ਸੀ ਜਿਸਨੇ ਅੰਗਰੇਜ਼ਾਂ ਨੂੰ 1857 ਵਿਚ ਇਸ ਧਰਤੀ ਉਤੇ ਆਈ ਹਨੇਰੀ ਦਾ ਟਾਕਰਾ ਕਰਨ ਦੇ ਯੋਗ ਬਣਾ ਦਿਤਾ''। ਇਕ ਕਾਰਨ ਇਹ ਵੀ ਹੈ ਕਿ ਹੋਰਨਾਂ ਸੂਬਿਆਂ ਵਿਚ ਅੰਗਰੇਜ਼ ਲੰਬੇ ਸਮੇਂ ਤੋਂ ਰਾਜ ਕਰ ਰਹੇ ਸਨ ਅਤੇ ਪੰਜਾਬ ਉਤੇ ਓਹਨਾਂ ਦਾ ਕਬਜ਼ਾ ਹੁਣੇ-ਹੁਣੇ ਹੀ ਹੋਇਆ ਸੀ ਜਿਸ ਕਰਕੇ ਬਦੇਸੀ ਰਾਜ ਦੀਆਂ ਬੁਰਿਆਈਆਂ ਨਾਲ ਸਿੱਖਾਂ ਦਾ ਅਜੇ ਵਾਹ-ਵਾਸਤਾ ਨਹੀਂ ਸੀ ਪਿਆ ਜਦ ਕਿ ਦੂਸਰੇ ਸੂਬਿਆਂ ਵਿਚ ਲੋਕ ਕਾਫੀ ਚਿਰ ਤੋਂ ਅੰਗਰੇਜ਼ਾ ਦੀ ਗੁਲਾਮੀ ਭੋਗ ਰਹੇ ਸਨ। ਇਸ ਲਈ ਜੇ ਗਦਰ ਕੁਝ ਸਮੇਂ ਬਾਅਦ ਹੁੰਦਾ ਤਾਂ ਸਿਖਾਂ ਨੇ ਬਿਨਾਂ ਸ਼ੱਕ ਉਸੇ ਉਤਸ਼ਾਹ ਅਤੇ ਲਗਨ ਨਾਲ ਹਿੱਸਾ ਪਾਉਣਾ ਸੀ ਜਿਸਦੇ ਲਈ ਉਹ ਮਸ਼ਹੂਰ ਹਨ। ਇਹ ਤੱਥ ਮੂਹੋਂ ਬੋਲਦੇ ਹਨ ਕਿ ਸਿੱਖ ਤੇ ਪੰਜਾਬ ਗਦਰ ਵਿਚ ਇਹਨਾਂ ਕਾਰਨਾ ਕਰਕੇ ਦੂਰ ਰਹੇ ਜਾਂ ਦੂਰ ਕਰ ਦਿੱਤੇ ਗਏ। 1947 ਦੀ ਵੰਡ ਤੋਂ ਪਹਿਲਾਂ ਸਿੱਖਾਂ ਦੀਆ ਅੰਗਰੇਜ਼ਾਂ ਖਿਲਾਫ ਪੂਰੇ ਭਾਰਤ ਵਿਚੋਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਹਨ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਗੱਲ ਕਰਨੀ ਚਾਹਾਂਗੇ ਕਿ ਅਗਰ ਇਹ ਭਾਰਤ ਦੀ ਅਜ਼ਾਦੀ ਦੀ ਪਹਿਲੀ ਲੜਾਈ ਸੀ ਜਿਸ ਤਰਾਂ ਕਿ ਕੁਝ ਮਸਨੂਈ ਵਿਦਵਾਨਾਂ ਵਲੋਂ ਪ੍ਰਚਾਰਿਆ ਗਿਆ ਹੈ (ਅਸਲ ਵਿਚ ਸਿਰਫ ਗਦਰ) ਜੋ ਸਿਰਫ ਹਿਦੋਸਤਾਨ ਦੀ 20% ਧਰਤੀ (ਡਾ. ਗੰਡਾ ਸਿੰਘ ਅਨੁਸਾਰ) ਤੇ ਲੜਿਆ ਗਿਆ, ਕਿਸ ਤਰਾਂ ਪੂਰੇ ਹਿੰਦੋਸਤਾਨ ਦੀ ਨੁਮਾਇੰਦਗੀ ਕਰ ਸਕਦਾ ਹੈ? ਆਖਿਰ ਨੂੰ ਕੀ ਪੈਮਾਨਾ ਹੈ ਜਿਸ ਨਾਲ ਕਿਸੇ ਵੀ ਘਟਨਾ ਜਾ ਵਿਦਰੋਹ ਨੂੰ ਇਹ ਲੋਕ ਆਜ਼ਾਦੀ ਦੀ ਜੰਗ ਦਾ ਨਾਂ ਦਿੰਦੇ ਹਨ? ਜੇਕਰ ਇਹ ਅਜ਼ਾਦੀ ਦੀ ਲੜਾਈ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਾਰ ਦਾ ਮੁਗਲਾਂ ਨਾਲ ਲੜਾਈਆਂ ਕਰਨਾਂ ਤੇ ਆਖਿਰ ਨੂੰ ਸ਼ਹੀਦੀ ਪਾਏ ਜਾਣ ਨੂੰ ਕੀ ਕਹਾਂਗੇ? ਕੀ ਕੂਕਾ ਲਹਿਰ ਇਸ ਹਿਦੋਸਤਾਨ ਦੀ ਅਜ਼ਾਦੀ ਦੀ ਲੜਾਈ ਨਹੀਂ ਸੀ? ਜਾਂ ਫਿਰ ਸਿਖਾਂ ਵਲੋਂ ਅੰਗਰੇਜ਼ਾਂ ਵਿਰੁਧ ਲੜੀਆ ਜੰਗਾਂ ਅਜ਼ਾਦੀ ਦੀਆਂ ਜੰਗਾਂ ਨਹੀਂ ਕਹਿਲਾ ਸਕਦੀਆਂ? ਕਿਉੰ ਪੂਰੇ ਹਿੰਦੋਸਤਾਨ ਦੀਆਂ ਦੇਸੀ ਪਲਟਨਾਂ ਬੈਰੂਨੀ ਤਾਕਤਾਂ ਦੇ ਨਾਲ ਜਾਂ ਅੰਗਰੇਜ਼ਾਂ ਅਤੇ ਮੁਗਲ ਸਾਮਰਾਜ ਦੇ ਨਾਲ ਹੋ ਕੇ ਸਿੱਖਾ ਦੇ ਖਿਲਾਫ ਲੜੀਆਂ। ਇਸ ਬਾਰੇ ਗੌਰ ਅਤੇ ਖੋਜ ਕਰਨ ਦੀ ਲੋੜ ਹੈ।

ਆਖਰੀ ਗੱਲ ਕਰਨੀ ਚਾਹਾਗੇ ਕਿ ਬੇਸ਼ਕ ਜਥੇਬੰਦਕ ਤੌਰ ਤੇ ਸਿੱਖ ਇਸ ਗਦਰ ਤੋਂ ਦੂਰ ਰਹੇ ਹਨ ਪਰ ਜੇ ਇਥੇ ਉਹਨਾਂ ਵੀਰਾਂ ਦੀ ਗੱਲ ਨਾਂ ਕੀਤੀ ਜਿਹਨਾਂ ਨੇ ਆਪਣੇ ਤੌਰ ਤੇ ਇਸ ਵਿਦਰੋਹ ਵਿਚ ਹਿੱਸਾ ਲਿਆ ਕੁਝ ਸ਼ਹੀਦ ਹੋਏ ਤੇ ਕੁਝ ਜੀਵਨ ਭਰ ਲਈ ਕਾਲ ਕੋਠੜੀਆਂ ਵਿੱਚ ਡੱਕ ਦਿਤੇ ਗਏ ਬਿਨਾਂ ਸ਼ੱਕ ਉਹਨਾਂ ਨਾਲ ਬੇਇਨਸਾਫੀ ਹੋਵੇਗੀ। ਰੋਪੜ ਸ਼ਹਿਰ ਵਿਖੇ ਇਕ ਸਿੱਖ ਸੈਨਿਕ ਟੁਕੜੀ ਜਿਸ ਦੀ ਅਗਵਾਈ ਸ: ਮੋਹਰ ਸਿੰਘ ਕਰ ਰਹੇ ਸਨ ਨੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਬਗਾਵਤ ਦਾ ਐਲਾਨ ਕਰ ਦਿੱਤਾ। ਬਾਅਦ ਵਿਚ ਸ: ਮੋਹਰ ਸਿੰਘ ਤੇ ਉਸਦੇ 5 ਸਾਥੀਆਂ ਨੂੰ ਗਰਿਫਤਾਰ ਕਰਕੇ ਅੰਬਾਲੇ ਵਿਚ ਸ਼ਰੇ ਬਾਜ਼ਾਰ ਫਾਂਸੀ ਤੇ ਲਟਕਾ ਦਿਤਾ ਗਿਆ। (ਸ ਅਜਮੇਰ ਸਿੰਘ) ਅੰਬਾਲੇ ਦੇ ਡਿਪਟੀ ਕਮਿਸ਼ਨਰ ਟੀ.ਡੀ. ਫੋਰਸਿਥ ਨੇ ਲਿਖਿਆ ਹੈ ਕਿ ''ਪੂਰੇ ਉਤਰੀ ਭਾਰਤ ਵਿਚ ਜਿਸ ਪਹਿਲੇ ਬੰਦੇ ਨੂੰ ਇਸ ਬਗਾਵਤ ਜਾਂ ਗਦਰ ਵਿਚ ਹਿਸਾ ਲੈਣ ਕਰਕੇ ਫਾਂਸੀ ਦਿਤੀ ਗਈ ਉਹ ਇਕ ਸਿੱਖ ਸ: ਮੋਹਰ ਸਿੰਘ ਸੀ''। 3 ਜੂਨ 1857 ਨੂੰ 37ਵੀ ਦੇਸੀ ਪਲਟਨ ਜਿਸ ਨੂੰ ਕਿ ਲੁਧਿਆਣਾ ਸਿੱਖ ਕਰਕੇ ਵੀ ਬੁਲਾਇਆ ਜਾਂਦਾ ਸੀ ਨੇ ਬਨਾਰਸ ਵਿਚ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ ਇਹਨਾਂ ਸਾਰੇ ਸਿੱਖ ਸਰਦਾਰਾਂ ਸਿਪਾਹੀਆਂ ਨੂੰ ਜਾਂ ਤਾਂ ਗੋਲੀ ਮਾਰ ਦਿੱਤੀ ਗਈ ਜਾਂ ਗਰਿਫਤਾਰ ਕਰਕੇ ਫਾਂਸੀ ਦੇ ਤਖਤੇ ਤੇ ਲਟਕਾ ਦਿਤਾ ਗਿਆ। 400 ਦੇ ਕਰੀਬ ਸਿੱਖ ਸਿਪਾਹੀ ਬਰੇਲੀ ਤੋਂ ਗਰਿਫਤਾਰ ਕੀਤੇ ਗਏ ਤੇ ਉਹਨਾਂ ਨੂੰ ਜੀਵਨ ਭਰ ਲਈ ਕਾਲ ਕੋਠੜੀਆਂ ਵਿੱਚ ਡੱਕ ਦਿਤਾ ਗਿਆ। ਝਾਂਸੀ ਦੀ 12ਵੀ ਰਜਮੈਂਟ ਦੇ 21 ਸਿੰਘਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ। ਮੱਧ ਪ੍ਰਦੇਸ ਦੇ ਮਾਓ ਸ਼ਹਿਰ ਦੀ ਫੌਜੀ ਛਾਂਉਣੀ ਵਿਚੋਂ 80 ਸਿੱਖ ਸਿਪਾਹੀਆਂ ਨੂੰ ਗਰਿਫਤਾਰ ਕਰਕੇ ਆਗਰੇ ਦੀ ਜੇਲ ਵਿੱਚ ਡੱਕ ਦਿਤਾ ਗਿਆ। ਇਸੇ ਤਰਾਂ ਹੋਰ ਵੀ ਬਹੁਤ ਸਾਰੇ ਸਿੱਖ ਸਿਪਾਹੀ ਹੋਣਗੇ ਜਿਹ੍ਹਨਾਂ ਨੇ ਇਸ ਵਿਦਰੋਹ ਵਿਚ ਭਾਗ ਲਿਆ ਅਤੇ ਆਪਾ ਕੁਰਬਾਨ ਕੀਤਾ ਹੋਵੇਗਾ। ਸਿੱਖ ਵਿਰੋਧੀ ਲੋਕਾਂ ਦੀਆਂ ਕਪਟ ਚਾਲਾਂ ਦੀ ਧੂੜ ਉਹਨਾਂ ਦੀਆਂ ਕੁਰਬਾਨੀਆ ਤੇ ਜੰਮੀ ਹੋਈ ਹੋਵੇਗੀ ਉਸ ਨੂੰ ਸਾਫ ਕਰਨ ਲਈ ਸਿੱਖ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹਨਾਂ ਸਿੱਖ ਸਿਪਾਹੀਆਂ ਦੀ ਕੁਰਬਾਨੀ ਦੀਲੋਅ ਦੁਨੀਆ ਦੇ ਇਤਿਹਾਸ ਵਿਚ ਚਾਨਣ ਕਰ ਸਕੇ, ਅਸੀਂ ਇਹਨਾ ਸ਼ਹੀਦਾਂ ਨੂੰ ਸਿਜਦਾ ਕਰਦੇ ਹਾਂ। ਅੱਜ ਦੇ ਦਿਨ ਇਹਨਾਂ ਯੋਧਿਆਂ ਨੂੰ ਸੱਚੀ ਤੇ ਭਾਵ-ਭਿੰਨੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਇਤਿਹਾਸ ਦੇ ਇਸ ਵਡਮੁੱਲੇ ਖਜ਼ਾਨੇ ਦੀ ਜਾਣਕਾਰੀ ਆਪਣੀ ਅਗਲੀ ਪੀੜੀ ਦੇ ਨਾਲ ਸਾਂਝੀ ਕਰੀਏ ਜਿਸ ਤੋਂ ਸਿੱਖ ਪਨੀਰੀ ਸਿੱਖ ਇਤਿਹਾਸ ਦੇ ਕੁਰਬਾਨੀਆਂ ਭਰੇ ਦੌਰ ਤੋਂ ਸੇਧ ਲੈ ਕਿ ਸਿੱਖੀ ਦੇ ਲਈ ਆਪਾ ਵਾਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕੇ ਤੇ ਕੁਰਬਾਨੀ ਦੀ ਸ਼ਮਾਂ ਨੂੰ ਜੱਗਦੀ ਰੱਖ ਸਕੇ। ਆਮੀਨ......
http://www.facebook.com/sanumaanpunjabihonda2
http://www.facebook.com/groups/sanumannpunjabihonda/



Post Comment


ਗੁਰਸ਼ਾਮ ਸਿੰਘ ਚੀਮਾਂ