ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ।
ਅੱਜ ਦਾ ਮੁੱਖਵਾਕ 24.6.2012, ਐਤਵਾਰ , ੧੧ ਹਾੜ(ਸੰਮਤ ੫੪੪ ਨਾਨਕਸ਼ਾਹੀ)
ਸੂਹੀ ਮਹਲਾ ੫ ॥
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥ ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥ ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥ ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥ ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧ ॥ ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥ ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥ ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥ ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥ ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥ ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥ ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥ ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥ ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥ ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥ ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥ ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥ ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥ ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੁੋਨੀਐ ॥ ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥
ਐਤਵਾਰ, ੧੧ ਹਾੜ (ਸੰਮਤ ੫੪੪ ਨਾਨਕਸ਼ਾਹੀ) (ਅੰਗ:੭੮੩)
ਪੰਜਾਬੀ ਵਿਆਖਿਆ :
ਸੂਹੀ ਮਹਲਾ ੫ ॥
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ । ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ । ਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ । (ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ । ਹੇ ਭਾਈ! (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ । ਹੇ ਨਾਨਕ! ਆਖ-(ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤਿ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ।੧। ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ । (ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ । (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ । ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ । (ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ । ਹੇ ਭਾਈ! (ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ । (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ । ਹੇ ਨਾਨਕ! (ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ ।੨। ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ, ਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ । ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ । ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ । ਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ । ਹੇ ਨਾਨਕ! ਆਖ-ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ।੩। ਹੇ ਭਾਈ! (ਉਸ ‘ਅਬਿਚਲ ਨਗਰ’ ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤਿ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ । (ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ । ਹੇ ਭਾਈ! (ਉਸ ‘ਅਬਿਚਲ ਨਗਰ’ ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ । (ਸੰਤ-ਜਨ ਉਸ ‘ਅਬਿਚਲ ਨਗਰ’ ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ । ਹੇ ਭਾਈ! ਉਸ (‘ਅਬਿਚਲ ਨਗਰ’) ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ । ਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ ‘ਅਬਿਚਲ ਨਗਰ’ ਵਿਚ ਟਿਕਿਆਂ) ਮਿਲ ਪੈਂਦਾ ਹੈ ।੪।੬।੯।
English Translation :
SOOHEE, FIFTH MEHL:
Eternal and immovable is the City of God and Guru; chanting His Name, I have found peace. I have obtained the fruits of my mind’s desires; the Creator Himself established it. The Creator Himself established it. I have found total peace; my children, siblings and Sikhs have all blossomed forth in bliss. Singing the Glorious Praises of the Perfect Transcendent Lord, my affairs have come to be resolved. God Himself is my Lord and Master. He Himself is my Saving Grace; He Himself is my father and mother. Says Nanak, I am a sacrifice to the True Guru, who has embellished and adorned this place. || 1 || Homes, mansions, stores and markets are beautiful, when the Lord’s Name abides within. The Saints and devotees worship the Lord’s Name in adoration, and the noose of Death is cut away. The noose of Death is cut away, meditating on the Name of the Eternal, Unchanging Lord, Har, Har. Everything is perfect for them, and they obtain the fruits of their mind’s desires. The Saints and friends enjoy peace and pleasure; their pain, suffering and doubts are dispelled. The Perfect True Guru has embellished them with the Word of the Shabad; Nanak is forever a sacrifice to them. || 2 || The gift of our Lord and Master is perfect; it increases day by day. The Supreme Lord God has made me His own; His Glorious Greatness is so great! From the very beginning, and throughout the ages, He is the Protector of His devotees; God has become merciful to me. All beings and creatures now dwell in peace; God Himself cherishes and cares for them. The Praises of the Lord and Master are totally pervading in the ten directions; I cannot express His worth. Says Nanak, I am a sacrifice to the True Guru, who has laid this eternal foundation. || 3 || The spiritual wisdom and meditation of the Perfect Transcendent Lord, and the Sermon of the Lord, Har, Har, are continually heard there. The devotees of the Lord, the Destroyer of fear, play endlessly there, and the unstruck melody resounds and vibrates there. The unstruck melody resounds and resonates, and the Saints contemplate the essence of reality; this discourse is their daily routine. They worship the Lord’s Name, and all their filth is washed away; they rid themselves of all sinful residues. There is no birth or death there, no coming or going, and no entering into the womb of reincarnation again. Nanak has found the Guru, the Transcendent Lord; by His Grace, desires are fulfilled. || 4 || 6 || 9 ||
Sunday, 11th Assaar (Samvat 544 Nanakshahi) (Page: 783)
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ।।