ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, June 26, 2012

ਗੁਰਦੁਆਰਾ ਬੇਰ ਸਾਹਿਬ ਸਿਆਲਕੋਟ (ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ)


ਜੰਮੂ ਤੋਂ ਕਸ਼ਮੀਰ ਜਾਂਦੇ ਹੋਏ ਜਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਪੁੱਜੇ ਤਾਂ ਪੂਰਾ ਸ਼ਹਿਰ ਸਹਿਮਿਆ ਹੋਇਆ ਸੀ। ਇਕ ਬਹੁਤ ਹੀ ਕਰਨੀ ਵਾਲੇ ਫਕੀਰ ਹਮਜਾ ਗੌਸ ਨਾਲ ਕਿਸੇ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਉਹ ਜਲਾਲ ਵਿਚ ਆ ਕੇ 40 ਦਿਨ ਦਾ ਚਿਲਾ ਕਰ ਰਹੇ ਹਨ। ਚਿਲਾ ਪੂਰਾ ਹੋਣ ਤੇ ਸਾਰਾ ਸ਼ਹਿਰ ਗਰਕ ਹੋ ਜਾਵੇਗਾ। ਇਹ ਸੁਣ ਕੇ ਸਤਿਗੁਰੂ ਜੀ ਚਿਲੇ ਵਾਲੀ ਥਾਂ ਤੋਂ ਥੋੜੀ ਵਿੱਧ ਉਤੇ ਇਕ ਬੇਰੀ ਦੇ ਰੁੱਖ ਹੇਠ ਜਾ ਬਿਰਾਜਮਾਨ ਹੋਏ ਅਤੇ ਸ਼ਬਦ ਦੀ ਉਚੀ ਧੁੰਨੀ ਕੱਢੀ ਜਿਸ ਨਾਲ ਹਮਜਾ ਜੀ ਦਾ ਚਿਲਾ ਟੁੱਟ ਗਿਆ। ਉਹ ਗੁੱਸੇ ਵਿੱਚ ਆ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ, ਤੂੰ ਕੌਣ ਏ, ਜੋ ਇਹਨਾਂ ਝੂਠਿਆਂ ਨੂੰ ਬਚਾਉਣ ਚਾਹੁੰਦਾ ਏ ? ਸਤਿਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਹਮਜਾ ਕਿਸੇ ਇਕ ਦੇ ਝੂਠ ਦੀ ਸਜਾ ਸਾਰੇ ਸ਼ਹਿਰ ਨੂੰ ਨਹੀਂ ਦੇਣੀ ਚਾਹੀਦੀ। ਪਰ ਉਹਨਾਂ ਦੀ ਤਸੱਲੀ ਨਾ ਹੋਈਤਾਂ ਆਪ ਨੇ ਫਰਮਾਇਆ ਕਿ ਇਸ ਸ਼ਹਿਰ ਅੰਦਰ ਕੁਝ ਲੋਕ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਹਨ।

ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦੇ ਕੇ ਸੱਚ ਅਤੇ ਝੂਠ ਖਰੀਦਣ ਲਈ ਭੇਜਿਆ। ਕੁਝ ਲੋਕਾਂ ਮਰਦਾਨਾ ਜੀ ਦਾ ਮਖੌਲ ਉਡਾਇਆ ਪਰ ਮੂਲਾ ਨਾਮੀ ਇਕ ਕਰਾੜ ਅਜਿਹਾ ਵੀ ਸੀ ਜਿਹਨੇ ਦੋ ਪੈਸੇ ਰੱਖ ਕੇ ਇਕ ਪਰਚੀ ਉਤੇ ਲਿਖਿਆ ਕਿ ''ਜਿਊਣਾ ਕੂੜ ਹੈ'' ਤੇ ਦੂਜੀ ਉਤੇ ਲਿਖਿਆ ''ਮਰਨਾ ਸੱਚ ਹੈ''। ਇਹ ਦੋਵੇਂ ਪਰਚੀਆਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਪੇਸ਼ ਕਰ ਦਿੱਤੀਆਂ। ਹਮਜਾ ਗੌਸ ਜੀ ਨੇ ਜਦ ਇਹ ਪੜ੍ਹਿਆ ਤਾਂ ਉਹਨਾਂ ਸਿਆਲਕੋਟ ਨਿਵਾਸੀਆਂ ਨੂੰ ਮਾਫ ਕਰ ਦਿੱਤਾ।

ਮੂਲਾ ਕੁਝ ਚਿਰ ਸਤਿਗੁਰਾਂ ਨਾਲ ਸਫਰ ਵਿੱਚ ਵੀ ਰਿਹਾ। ਜਨਮ ਸਾਖੀਆਂ ਅਨੁਸਾਰ ਇਕ ਵਾਰ ਸਤਿਗੁਰੂ ਨਾਨਕ ਦੇਵ ਜੀ ਉਹਨੂੰ ਬੁਲਾਣ ਗਏ ਤਾਂ ਉਹ ਆਪਣੀ ਧਰਮ ਪਤਨੀ ਦੇ ਆਖੇ ਲੱਗ ਕੇ ਹਨੇਰੇ ਵਿਚ ਜਾ ਲੁਕਿਆ। ਉਹਦੀ ਪਤਨੀ ਨੇ ਆਖਿਆ ਕਿ ਉਹ ਤਾਂ ਘਰ ਨਹੀਂ ਹੈ। ਥੋੜੇ ਚਿਰ ਪਿੱਛੋਂ ਪਤਾ ਲੱਗਿਆ ਕਿ ਉਹ ਹਨੇਰੇ ਵਿਚ ਹੀ ਸੱਪ ਦੇ ਡੰਗਣ ਕਾਰਨ ਮਰ ਗਿਆ ਹੈ। ਸਤਿਗੁਰੂ ਨਾਨਕ ਦੇਵ ਜੀ ਜਿਸ ਥਾਂ ਠਹਿਰੇ ਉਸ ਮੁਹੱਲੇ ਨੂੰ ਅੱਜ ਵੀ ''ਬਾਬਾ ਬੇਰ'' ਆਖਿਆ ਜਾਂਦਾ ਹੈ। ਇਥੇ ਇਕ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਇਹਨੂੰ ਬੇਰੀ ਸਾਹਿਬ ਆਖਿਆ ਜਾਂਦਾ ਹੈ। ਗੁਰਦੁਆਰੇ ਦੇ ਪਿਛਵਾੜੇ ਬੇਰੀ ਦਾ ਉਹ ਰੁੱਖ ਮੌਜੂਦ ਹੈ ਜਿਸ ਥੱਲੇ ਆਪ ਵਿਰਾਜੇ ਸਨ। ਹੁਣ ਕੁਝ ਵਰਿਆਂ ਤੋਂ ਇਸ ਬਿਰਛ ਥੱਲੇ ਕਿਸੇ ਮੁਸਲਮਾਨ ਫਕੀਰ ਦੀ ਕਬਰ ਬਣਾ ਦਿੱਤੀ ਗਈ।

ਇਸੇ ਗੁਰਦੁਆਰੇ ਦੇ ਮਹੰਤ ਕੋਲ ਰਹਿ ਕੇ ਗਿਆਨੀ ਗਿਆਨ ਸਿੰਘ ਨੇ ''ਤਵਾਰੀਖ ਖਾਲਸਾ'' ਲਿਖੀ। ਇਸ ਅਹਾਤੇ ਦੇ ਅੰਦਰ ਹੀ ਸ਼ਹੀਦ ਨੱਥਾ ਸਿੰਘ ਜੀ ਦਾ ਸ਼ਹੀਦ ਗੰਜ ਹੈ। ਉਹਨਾਂ ਦਾ ਬਣਵਾਇਆ ਹੋਇਆ ਇੱਕ ਵੱਡਾ ਖੂਹ, ਜਿਹਦੇ ਉਤੇ ਕਈ ਹਲਟ ਚਲਦੇ ਸਨ, ਇਸ ਗੁਰਦੁਆਰੇ ਦੇ ਨਾਲ ਸੀ। ਇਕ ਸੁੰਦਰ ਤਾਲ ਵੀ ਹੈ। ਬਾਬਰੀ ਮਸਜਿਦ ਦੇ ਝਗੜੇ ਵੇਲੇ ਇਸ ਪਾਵਨ ਅਸਥਾਨ ਨੂੰ ਬਹੁਤ ਨੁਕਸਾਨ ਪਹੁੰਚਿਆ। ਇਹਦੇ ਨਾਲ ਲਗਦਾ ਇਕ ਬਹੁਤ ਹੀ ਉਚਾ ਮੰਦਰ ਹੈ, ਜਿਸਨੂੰ ਲੋਕਾਂ ਨੇ ਢਾਹ ਢੇਰੀ ਕਰ ਦਿਤਾ। ਗੁਰਦੁਆਰਾ ਸਾਹਿਬ ਦੀ ਮੁਰੰਮਤ ਦੀ ਸਖਤ ਲੋੜ ਹੈ।

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। 



Post Comment


ਗੁਰਸ਼ਾਮ ਸਿੰਘ ਚੀਮਾਂ