ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, June 7, 2012

8 ਜੂਨ 1984: ਦਿਲ-ਦੁਖਾਵੀਆਂ ਖਬਰਾਂ


ਜਸਪਾਲ ਸਿੰਘ ਸਿੱਧੂ

ਸੰਤਾਪ ਦੇ ਦਿਨ… 6, 8 ਜੂਨ (1984) ਸ਼ੁੱਕਰਵਾਰ ਨੂੰ ਦਫ਼ਤਰ ਵਿਚ ਆ ਕੇ ਬਾਵਾ ਬਜ਼ੁਰਗ ਕਹਿਣ ਲੱਗਿਆ ‘ਇਉਂ ਲਗਦੈ ਅਕਾਸ਼ਬਾਣੀ ਜਲੰਧਰ ਰਾਹੀਂ ਦਰਬਾਰ ਸਾਹਿਬ ਦਾ ਅੰਮ੍ਰਿਤ ਵੇਲੇ ਦਾ ਸ਼ਬਦ ਕੀਰਤਨ ਅੱਜ ਰਿਲੇਅ ਕੀਤਾ ਗਿਐ। ਇਹ ਪਹਿਲੀ ਵਾਰ ਹੋਇਐ ਤੇ ਅਨਾਊਂਸਰ ਨੇ ਦੱਸਿਐ ਕਿ ਅਕਾਸ਼ਬਾਣੀ ਤੋਂ ਰੋਜ਼ਾਨਾ ਸ਼ਬਦ ਕੀਰਤਨ ਦੇ ਪ੍ਰੋਗਰਾਮ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਿੱਧਾ ਰਿਲੇਅ ਹੋਇਆ ਕਰੇਗਾ’। ਮੈਨੂੰ ਯਾਦ ਆ ਰਿਹਾ ਸੀ ਕਿ ਅਕਾਲੀ ਦਲ ਦੇ ਮੋਰਚੇ ਦੀ ਮੰਗਾਂ ਵਿਚੋਂ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਸੀ। ਕਈ ਸਾਲ ਪਹਿਲਾਂ ਤੋਂ ਹੀ ਇਹ ਮੰਗ ਸਿੱਖ ਭਾਈਚਾਰੇ ਵੱਲੋਂ ਕਿਸੇ ਨਾ ਕਿਸੇ ਪਲੇਟਫਾਰਮ ‘ਤੇ ਖੜ੍ਹੀ ਕੀਤੀ ਜਾ ਰਹੀ ਸੀ। ਇਥੋਂ ਤੱਕ ਕਿ ਖਬਰਾਂ ਵਿਚ ਆਉਣ ਲਈ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਅਕਾਸ਼ਬਾਣੀ ਦੇ ਰਿਲੇਅ ਨੈਟਵਰਕ ਦਾ ਮਾਡਲ ਤਿਆਰ ਕਰਕੇ ਦਰਬਾਰ ਸਾਹਿਬ ਵਿਚ ਸਥਾਪਤ ਕਰਨ ਦਾ ‘ਸ਼ੋਸ਼ਾ’ ਕੀਤਾ ਸੀ ਅਤੇ ਪੁਲਿਸ ਨੇ ਚੌਹਾਨ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਦਰਅਸਲ ਅਕਾਲੀ ਦਲ ਦੀਆਂ 40-50 ਮੰਗਾਂ ਵਾਲੇ ਚਾਰਟ ਵਿਚ ਅਜਿਹੀਆਂ ਹੀ ਬਹੁਤ ਛੋਟੀਆਂ ਛੋਟੀਆਂ ਮੰਗਾਂ ਸਨ, ਜਿਨ੍ਹਾਂ ਦੇ ਮੰਨਣ ਨਾਲ ਕੇਂਦਰੀ ਸਰਕਾਰ ਦਾ ਕੋਈ ਸਿਆਸੀ ਜਾਂ ਹੋਰ ਨੁਕਸਾਨ ਨਹੀਂ ਹੋ ਸਕਦਾ ਸੀ ਅਤੇ ਨਾ ਹੀ ਕਿਸੇ ਹੋਰ ਫਿਰਕੇ ‘ਤੇ ਹੀ ਇਨ੍ਹਾਂ ਦਾ ਕੋਈ ਗਲਤ ਅਸਰ ਪੈਂਦਾ ਸੀ। ਇਨ੍ਹਾਂ ਮੰਗਾਂ ਨੂੰ ਮੰਨਣ ਨਾਲ ਸਿੱਖ ਭਾਈਚਾਰੇ ਲਈ ਕੋਈ ਵੱਡੀ ਲਿਹਾਜ਼ਦਾਰੀ ਨਹੀਂ ਬਣਦੀ ਸੀ। ਪਰ ਦਿੱਲੀ ਦਰਬਾਰ ਦੇ ਪ੍ਰਬੰਧਕੀ ਢਾਂਚੇ ਨੇ, ਪ੍ਰਿੰਟਿੰਗ ਪ੍ਰੈਸ ਦੇ ਵੱਡੇ ਪਾਲਤੂ ਹਿੱਸੇ ਦੀ ਮਦਦ ਨਾਲ, ਅਕਾਲੀ ਮੰਗਾਂ ਦਾ ਮੌਜੂ ਉਡਾਇਆ ਸੀ ਅਤੇ ਬਹੁਤੇ ਅਖ਼ਬਾਰ ਅਕਾਲੀਆਂ ਦੇ ਮੰਗ ਪੱਤਰ ਨੂੰ ਇਉਂ ਪੇਸ਼ ਕਰਦੇ ਰਹੇ ਕਿ ਆਏ ਦਿਨ ਅਕਾਲੀਆਂ ਦੀਆਂ ਮੰਗਾਂ ਤਾਂ ‘ਲੰਗੂਰ ਦੀ ਪੂਛ’ ਵਾਂਗੂ ਵਧਦੀਆਂ ਹੀ ਜਾਂਦੀਆਂ ਹਨ। ਅਸਲ ਵਿਚ ਦਿੱਲੀ ਦਰਬਾਰ ਦੀ ਇਹ ਸਾਰੀ ਮੁਹਿੰਮ ਹਿੰਦੂ ਵੋਟ ਬੈਂਕ ਨੂੰ ਪੱਕਾ ਕਰਨ ਵੱਲ ਸੇਧਤ ਸੀ। ਅਜਿਹੀ ਯਾਦਾਂ ਦੀ ਲੜੀ ਵਿਚ ਖੋਏ ਮੈਨੂੰ ਇਹ ਵੀ ਚੇਤਾ ਆਇਆ ਕਿ ਇਹ ਮੰਗ ਤਾਂ ਪਿਛਲੇ ਸਾਲ, 1983 ਦੇ ਮੁੱਢ ਵਿਚ ਹੀ ਇੰਦਰਾ ਗਾਂਧੀ ਨੇ ਮੰਨ ਲਈ ਸੀ। ਪਰ ਲਾਗੂ ਨਹੀਂ ਸੀ ਕੀਤੀ। ਅੱਜ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਦਾ ਕਿਵੇਂ ਅਚਾਨਕ ਖਿਆਲ ਆ ਗਿਆ? ਮੇਰੇ ਇਸ ਸਵਾਲ ਦਾ ਜਵਾਬ ਦਿੰਦਿਆਂ ਬਾਵਾ ਬਜ਼ੁਰਗ ਕਹਿਣ ਲੱਗਿਆ, ‘ਗੁਰਬਾਣੀ ਦਾ ਰਿਲੇਅ ਹੁਣ ਸਿੱਖਾਂ ਦੇ ਜ਼ਖ਼ਮੀ ਜਜ਼ਬਾਤਾਂ ਨੂੰ ਸ਼ਾਂਤ ਕਰਨ ਲਈ ਸ਼ੁਰੂ ਕਰ ਦਿੱਤਾ (ਪਰ) ਐਨੀ ਤਬਾਹੀ ਤੋਂ ਬਾਅਦ ਹੁਣ ਪੰਜਾਬ ਨੇ ਛੇਤੀ ਕੀਤਿਆਂ ਸ਼ਾਂਤ ਨਹੀਂ ਹੋਣਾ’!

ਇਸ ਤੋਂ ਬਾਅਦ ਬਜ਼ੁਰਗ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੂੰ ਕੋਸਣਾ ਸ਼ੁਰੂ ਕਰ ਦਿਤਾ, ਜਿਸ ਨੇ ਕੱਲ੍ਹ ਦੂਰਦਰਸ਼ਨ ‘ਤੇ ਆ ਕੇ ਸਿੱਖ ਸੰਗਤਾਂ ਨੂੰ ਇਹ ਯਕੀਨ ਦੁਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ’ਕੋਠਾ ਸਾਹਿਬ (ਅਕਾਲ ਤਖਤ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸੁਖਆਸਣ ਦੀ ਜਗ੍ਹਾ) ਠੀਕ ਠਾਕ ਹੈ’। ਜਥੇਦਾਰ ਦੀ ਇਹ ਝਾਕੀ ਦੂਰਦਰਸ਼ਨ ਤੋਂ ਵਾਰ ਵਾਰ ਦਿਖਾਈ ਗਈ ਸੀ। ਬਜ਼ੁਰਗ ਬਾਵੇ ਨੇ ਚਿਹਰੇ ‘ਤੇ ਗੁੱਸੇ ਤੇ ਹਿਕਾਰਤ ਦੇ ਰਲੇ-ਮਿਲੇ ਭਾਵ ਲਿਆਉਂਦਿਆਂ ਕਿਹਾ, ‘ਜਥੇਦਾਰ ਫੌਜ ਤੋਂ ਡਰ ਗਿਆ…. ਜਾਨ ਬਚਾਉਣ ਲਈ ਉਸ ਨੇ ਕਿੰਨਾ ਵੱਡਾ ਕੁਫ਼ਰ ਤੋਲਿਆ….।’ ਉਹ ਗਿਆਨੀ ਕ੍ਰਿਪਾਲ ਸਿੰਘ ਅਤੇ ਭਾਈ ਮਨੀ ਸਿੰਘ ਦਾ ਆਪਸ ਵਿਚ ਮੁਕਾਬਲਾ ਕਰਦਿਆਂ ਕਹਿਣ ਲੱਗਿਆ, ‘ਭਾਈ ਮਨੀ ਸਿੰਘ ਨੇ ਤਾਂ ਗੁਰੂ-ਕਾਲ ਤੋਂ ਬਾਅਦ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਹੁੰਦਿਆਂ ਬੰਦ ਬੰਦ ਕਟਵਾ ਲਏ ਸਨ..। ਰਤਾ ਵੀ ਡੋਲਿਆ ਨਹੀਂ ਸੀ…। ਇਸ ਗਿਆਨੀ ਨੇ ਤਾਂ ਅਕਾਲ ਤਖਤ ਦਾ ਜਥੇਦਾਰ ਹੁੰਦਿਆਂ ਸਾਰੀ ਕੌਮ ਦੀ ਹੇਠੀ ਕਰਵਾ ਦਿਤੀ…. ਤਵਾਰੀਖ਼ ਵਿਚ ਇਸ ਦਾ ਨਾਂਅ ਵੱਡੇ ਗੱਦਾਰਾਂ ਅਤੇ ਬੁਜ਼ਦਿਲਾਂ ਵਿਚ ਸ਼ਾਮਲ ਹੋ ਜਾਵੇਗਾ।’

ਜਦੋਂ ਬਜ਼ੁਰਗ ਗਿਆਨੀ ਕ੍ਰਿਪਾਲ ਸਿੰਘ ਬਾਰੇ ਇਉਂ ਗੁੱਸਾ ਕੱਢ ਰਿਹਾ ਸੀ ਤਾਂ ਮੈਨੂੰ ਉਸ ਨਾਲ ਜੁੜੀ ਕੁਝ ਮਹੀਨੇ ਪਹਿਲਾਂ ਵਾਲੀ ਇਕ ਘਟਨਾ ਯਾਦ ਆ ਰਹੀ ਸੀ। 1983 ਸਾਲ ਦੇ ਪਿਛਲੇ ਮਹੀਨਿਆਂ ਵਿਚ ਦੋਨਾਂ ਸੰਤਾਂ- ਸੰਤ ਲੌਂਗੋਵਾਲ ਅਤੇ ਸੰਤ ਭਿੰਡਰਾਂਵਲਿਆਂ- ਵਿਚਕਾਰ ਆਪਸੀ ਤਲਖ਼ੀ ਅਤੇ ਮਤਭੇਦ ਬਹੁਤ ਵਧ ਗਏ ਸਨ। ਇਥੋਂ ਤੱਕ ਕਿ ਉਨ੍ਹਾਂ ਨੇ ਆਪਸ ਵਿਚ ਬੋਲਣਾ ਵੀ ਬੰਦ ਕਰ ਦਿੱਤਾ ਸੀ। ਹਰ ਰੋਜ਼ ਇਹ ਗੱਲ ਜ਼ੋਰ ਫੜ ਰਹੀ ਸੀ ਕਿ ਜਥੇਦਾਰ ਕ੍ਰਿਪਾਲ ਸਿੰਘ, ਜਿਹੜਾ ਸੰਤ ਲੌਂਗੋਵਾਲ ਨਾਲ ਜੁੜਿਆ ਹੋਇਆ ਸੀ, ਕਿਸੇ ਦਿਨ ਵੀ ਸੰਤ ਭਿੰਡਰਾਂਵਾਲਿਆਂ ਵਿਰੁੱਧ ਹੁਕਮਨਾਮਾ ਜਾਰੀ ਕਰਕੇ, ਉਸ ਦੀਆਂ ਅਤੇ ਉਸ ਦੇ ਜਥੇ ਦੇ ਹਥਿਆਰਬੰਦ ਮੈਂਬਰਾਂ ਦੀਆਂ ਕਾਰਵਾਈਆਂ ਅਤੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਵਿਚਰਣ ਦੇ ਤੌਰ ਤਰੀਕਿਆਂ ‘ਤੇ ਪਾਬੰਦੀ ਲਗਾ ਦੇਵਾਂਗਾ। ਇਸ ਤਰ੍ਹਾਂ ਸੰਤ ਭਿੰਡਰਾਂਵਾਲੇ ਅਤੇ ਗਿਆਨੀ ਕ੍ਰਿਪਾਲ ਸਿੰਘ ਦੀ ਆਪਸੀ ਵਿਰੋਧਤਾ ਬਾਰੇ Ḕਖੰਭਾਂ ਦੀਆਂ ਡਾਰਾਂ’ ਬਣਦੀਆਂ ਰਹਿੰਦੀਆਂ। ਅਜਿਹੀਆਂ ਗੱਲਾਂ ਬਾਤਾਂ ਦੇ ਚਲਦਿਆਂ ਪੰਜੇ ਸਿੱਘ ਸਾਹਿਬਨ ਵਿਚੋਂ ਕਿਸੇ ਇਕ ਨੇ ਸੰਤ ਭਿੰਡਰਾਂਵਾਲਿਆਂ ਨਾਲ ਮੁਲਾਕਾਤ ਕੀਤੀ। ਮੈਂ ਉਸ ਮੁਲਾਕਾਤ ਦੀ ਖ਼ਬਰ ਟੈਲੀਫੋਨ ‘ਤੇ ਯੂ ਐਨ ਆਈ ਦੇ ਚੰਡੀਗੜ੍ਹ ਦਫ਼ਤਰ ਵਿਚ ਲਿਖਵਾ ਦਿੱਤੀ। ਦੂਜੇ ਪਾਸੇ, ਖ਼ਬਰ ਲਿਖਣ ਵਾਲੇ ਦੇ ਦਿਮਾਗ ਵਿਚ ਸ਼ਾਇਦ ਜਥੇਦਾਰ ਕ੍ਰਿਪਾਲ ਸਿੰਘ ਦਾ ਨਾਮ ਫਸਿਆ ਪਿਆ ਸੀ, ਕਿਉਂਕਿ ਜਥੇਦਾਰ ਦਾ ਨਾਮ ਤਾਂ ਅਖ਼ਬਾਰਾਂ ਵਿਚ ਆਮ ਆਉਂਦਾ ਰਹਿੰਦਾ ਸੀ। ਦੂਸਰੇ ਦਿਨ, ਸਟਾਪ ਪ੍ਰੈਸ (ਛਪਦੇ ਛਪਦੇ) ਪੰਜਾਬੀ ਅਜੀਤ ਅਖ਼ਬਾਰ ਦੇ ਪਹਿਲੇ ਸਫ਼ੇ ‘ਤੇ ਹਾਸ਼ੀਏ ਵਾਲੀ ਖਾਲੀ ਥਾਂ ‘ਤੇ ਹੱਥ ਲਿਖੇ ਮੋਟੇ ਮੋਟੇ ਅੱਖਰਾਂ ਦੀ ਇਕ ਲਾਈਨਨੁਮਾ ਖ਼ਬਰ ਸੀ, ‘ਸੰਤ ਭਿੰਡਰਾਂਵਾਲਿਆਂ ਅਤੇ ਅਕਾਲ ਤਖਤ ਦੇ ਜਥੇਦਾਰ ਕ੍ਰਿਪਾਲ ਸਿੰਘ ਦੀ ਆਪਸ ਵਿਚ ਮੁਲਾਕਾਤ ਹੋਈ (ਯੂ ਐਨ ਆਈ)’।

ਦੂਜੇ ਦਿਨ, ਸਵੇਰੇ ਹੀ ਮੈਨੂੰ ਸੰਤ ਜਰਨੈਲ ਸਿੰਘ ਦੇ ਪੀ ਏ ਭਾਈ ਰਛਪਾਲ ਸਿੰਘ ਦਾ ਫ਼ੋਨ ਆਇਆ ਕਿ, ਸੰਤ ਤੁਹਾਨੂੰ ਯਾਦ ਕਰਦੇ ਹਨ… ਜਲਦੀ ਆਓ। ਮੈਂ ਕਈ ਤਰ੍ਹਾਂ ਦੇ ਕਿਆਫ਼ੇ ਲਾਉਂਦਾ, ਦਰਬਾਰ ਸਾਹਿਬ ਪਹੁੰਚ ਗਿਆ। ਅੰਦਰ ਵੜ੍ਹਦਿਆਂ ਹੀ ਸੰਤ ਦੇ ਨੇੜੇ ਦੇ ਕਈ ਬੰਦਿਆਂ ਨੇ ਮੈਨੂੰ ਕਿਹਾ, ‘ਇਹ ਕੀ ਲਿਖ ਦਿੱਤਾ ਵੇ… ਸੰਤ ਤਾਂ ਜਥੇਦਾਰ ਕ੍ਰਿਪਾਲ ਸਿੰਘ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ… ਤੁਸੀਂ ਉਨ੍ਹਾਂ ਦੀ ਮੁਲਾਕਾਤ ਕਰਵਾ ਦਿੱਤੀ। ਸੰਤ ਅੱਜ ਬਹੁਤ ਗੁੱਸੇ ਨੇ…।’

ਮੈਂ ਸੰਤ ਜਰਨੈਲ ਸਿੰਘ ਦੀ ਉਡੀਕ ਵਿਚ ਗੁਰੂ ਰਾਮਦਾਸ ਸਰਾਂ ਦੇ ਗੇਟ ‘ਤੇ ਖੜ੍ਹਾ ਸਾਂ ਅਤੇ ਸੰਤ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਆਪਣੇ ਹਥਿਆਰਬੰਦ ਜੱਥੇ ਨਾਲ ਵਾਪਸ ਸਰਾਂ ਵੱਲ ਨੂੰ ਆ ਰਹੇ ਸਨ। ਆਉਂਦੇ ਹੀ ਮੈਨੂੰ ਕਹਿਣ ਲੱਗੇ, ‘ਭਾਈਆ ਇਹ ਤੂੰ ਕੀ ਲਿਖ ਦਿੱਤਾ… ਮੈਂ ਤਾਂ ਜਥੇਦਾਰ ਨਾਲ ਕਲਾਮ ਨਹੀਂ ਕਰਦਾ… ਮੁਲਾਕਾਤ ਦੀ ਗੱਲ ਦੂਰ ਦੀ ਏæææ।’

ਮੈਂ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਚੰਡੀਗੜ੍ਹ ਦਫ਼ਤਰ ਵਿਚ ਸਬ ਐਡੀਟਰ ਨੇ ਗਲਤ ਨਾਮ ਟਾਈਪ ਕਰ ਦਿੱਤਾ। ਪਰ ਸੰਤ ਮੇਰੇ ਮੋਢਿਆਂ ‘ਤੇ ਹੱਥ ਰੱਖ ਕੇ, ਮੈਨੂੰ ਨਾਲ ਹੀ ਪੌੜੀਆਂ ਵੱਲ ਲੈ ਗਏ ਅਤੇ ਕਹਿ ਰਹੇ ਸਨ, ‘ਭਾਈਆ ਅਸੀਂ ਤਾਂ ਤੈਨੂੰ ਭਰਾ ਬਣਾਇਆ ਪਰ ਤੂੰ ਇਹ ਕੀ ਲਿਖੀ ਜਾਂਦੈਂ… ।’ ਉਪਰ ਕਮਰੇ ਵਿਚ ਗਏ ਤਾਂ ਸੇਵਾਦਾਰ ਮੇਰੇ ਵਾਸਤੇ ਦੁੱਧ ਦਾ ਬਾਟਾ ਲੈ ਕੇ ਆ ਗਿਆ ਸੀ। ਕੁਝ ਕੁ ਦਿਨਾਂ ਬਾਅਦ (15 ਦਸੰਬਰ, 1983) ਬੱਬਰਾਂ ਦੇ ਛੇ ਕੁ ਹਥਿਆਰਬੰਦ ਬੰਦਿਆਂ ਵੱਲੋਂ ਸੰਤ ਜਰਨੈਲ ਸਿੰਘ ਨੂੰ ਅਲਾਟ ਕੀਤੇ ਸਰਾਂ ਦੇ ਕਮਰਿਆਂ ‘ਤੇ ਕਬਜ਼ਾ ਕਰ ਲੈਣ ਬਾਅਦ, ਭਿੰਡਰਾਂਵਾਲੇ ਆਪਣੇ ਜਥੇ ਸਮੇਤ, ਸਰਾਂ ਨੂੰ ਛੱਡ ਕੇ ਅਕਾਲ ਤਖਤ ਅੰਦਰ ਚਲੇ ਗਏ ਅਤੇ ਉਥੇ ਡੇਰਾ ਜਮਾ ਲਏ ਸਨ। ਉਨ੍ਹਾਂ ਦਿਨਾਂ ਵਿਚ ‘ਸੰਤ ਜਰਨੈਲ ਸਿੰਘ ਬੱਬਰਾਂ ਤੋਂ ਡਰ ਗਿਆ’ ਦੀ ਤਰਜ਼ ‘ਤੇ ਸੰਤ ਲੌਂਗੋਵਾਲ ਦੇ ਬੰਦੇ ਭੰਡੀ ਪ੍ਰਚਾਰ ਖੂਬ ਕਰਿਆ ਕਰਦੇ ਸਨ ਅਤੇ ਮੇਰਾ ਯਕੀਨ ਬੱਝਦਾ ਜਾ ਰਿਹਾ ਸੀ ਕਿ ਹੁਣ ਜਥੇਦਾਰ ਕ੍ਰਿਪਾਲ ਸਿੰਘ ਜ਼ਰੂਰ ਸੰਤ ਜਰਨੈਲ ਸਿੰਘ ਵਿਰੁੱਧ ਹੁਕਮਨਾਮਾ ਜਾਰੀ ਕਰਕੇ, ਉਸ ਨੂੰ ਅਕਾਲ ਤਖਤ ਬਿਲਡਿੰਗ ਖਾਲੀ ਕਰਨ ਲਈ ਮਜ਼ਬੂਰ ਕਰੇਗਾ। ਸ਼ਾਇਦ, ਗੁਰਚਰਨ ਸਿੰਘ ਟੌਹੜਾ ਨੇ ਜਥੇਦਾਰ ਨੂੰ ਅਜਿਹਾ ਕਦਮ ਪੁੱਟਣ ਤੋਂ ਰੋਕੀ ਰੱਖਿਆ ਸੀ।

ਹਿੰਦੂਆਂ ਨੇ ਖੁਸ਼ੀਆਂ ਮਨਾਈਆਂ

ਅਜਿਹੀਆ ਯਾਦਾਂ ਵਿਚ ਡੁੱਬਿਆ ਹੋਇਆ ਮੈਂ ਦਿਨ ਵੇਲੇ ਕਰਫਿਊ ਵਿਚ ਢਿੱਲ ਸਮੇਂ ਪੈਦਲ ਹੀ ਹਾਲ ਬਾਜ਼ਾਰ ਕੋਤਵਾਲੀ ਵੱਲ ਨਿਕਲ ਗਿਆ। ਹਾਲ ਬਾਜ਼ਾਰ ਵਿਚ ਸੜਕ ‘ਤੇ ਸਫੈਦੀ ਨਾਲ ਕਈ ਹਿੰਦੂ ਨੌਜਵਾਨਾਂ ਨੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ, ‘Welcome to Indian Army’ (ਭਾਰਤੀ ਫੌਜ ਨੂੰ ਜੀ ਆਇਆਂ)। ਕੋਤਵਾਲੀ ਦੇ ਅਹਾਤੇ ਵਿਚ ਮੈਨੂੰ ਪੱਤਰਕਾਰ ਮਹਿੰਦਰ ਸਿੰਘ ਅਤੇ ਪੀ ਪੀ ਐੱਸ ਗਿੱਲ ਵੀ ਮਿਲ ਗਏ। ਉਨ੍ਹਾਂ ਨੇ ਮੈਨੂੰ ਦੱਸਿਆ ਕਿ Ḕਜਨੂੰਨੀ ਹਿੰਦੂ ਬਹੁਤ ਖੁਸ਼ੀਆਂ ਮਨਾ ਰਹੇ ਹਨ। ਲੋਕਾਂ ਨੂੰ ਲੱਡੂ, ਪੂੜੀਆਂ ਅਤੇ ਕੜਾਹ ਵਰਤਾ ਰਹੇ ਨੇ।’

ਮਹਿੰਦਰ ਸਿੰਘ ਕਹਿਣ ਲੱਗਿਆ ‘ਕੱਲ੍ਹ ਕਈ ਜਨੂੰਨੀ ਲੋਕ ਫੌਜੀਆਂ ਦੇ ਗਲ਼ਾਂ ਵਿਚ ਹਾਰ ਵੀ ਪਾ ਰਹੇ ਸਨ, ਕਈ ਤਾਂ ਖੁਸ਼ੀ ਵਿਚ ਖੀਵੇ ਹੋਏ ਫੌਜੀਆਂ ਦੇ ਰੋਕਦਿਆਂ ਰੋਕਦਿਆਂ ਘੰਟਾ ਘਰ ਵੱਲ ਦੌੜੇ ਆ ਰਹੇ ਸਨ, ਜਿਥੇ ਸੰਤ ਭਿੰਡਰਾਂਵਲੇ ਦੀ ਮ੍ਰਿਤਕ ਦੇਹ ਰੱਖੀ ਸੀ।’ ਫਿਰ ਪੰਜਾਬ ਸੀ ਆਈ ਡੀ ਪੁਲਿਸ ਦੇ ਸਬ ਇੰਸਪੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਫੌਜ ਦੇ ਕਮਾਂਡਰ ਦਾ ਹੁਕਮ ਹੋਇਆ ਤਾਂ ਕਿਤੇ ਜਾ ਕੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਖੜ੍ਹੇ ਫੌਜੀਆਂ ਨੇ ਮਠਿਆਈਆਂ ਅਤੇ ਗਰਮ ਖਾਣੇ ਸਵੀਕਾਰ ਕਰਨੇ ਬੰਦ ਕੀਤੇ… ਨਹੀਂ ਤਾਂ ਕਈ ਬਾਜ਼ਾਰਾਂ ਵਿਚੋਂ ਹਿੰਦੂ ਵਪਾਰੀ ਮਠਿਆਈਆਂ ਦੇ ਡੱਬੇ ਚੁੱਕੀਂ ਦਰਬਾਰ ਸਾਹਿਬ ਲਾਗੇ ਪਹੁੰਚ ਗਏ ਸਨ। ਫੌਜ ਦੇ ਵੱਡੇ ਅਫ਼ਸਰਾਂ ਨੂੰ ਲੱਗਿਆ ਜੇ ਇਨ੍ਹਾਂ ਵਪਾਰੀਆਂ ਨੂੰ ਇਹ ਖੁੱਲ੍ਹ ਦੇ ਦਿੱਤੀ ਤਾ ਫੌਜ ਦੀ ਬਦਨਾਮੀ ਹੋ ਜਾਵੇਗੀ… ਅਤੇ ਫਿਰਕੂ ਭਾਵਨਾਵਾਂ ਨੰਗਾ ਨਾਚ ਨੱਚਣਗੀਆਂ!

ਪੁਲਿਸ ਅਫ਼ਸਰ ਨੇ ਇਹ ਵੀ ਦੱਸਿਆ ਕਿ ਕਈ ਹਿੰਦੂਆਂ ਨੇ ਦਰਬਾਰ ਸਾਹਿਬ ਅੰਦਰ ਮਾਰੇ ਗਏ ਫੌਜੀ ਜਵਾਨਾਂ ਦੀਆਂ ਲਾਸ਼ਾਂ ਦੇ ਝੁਕ ਕੇ ਅਦਬ ਨਾਲ ਪੈਰ ਛੂਹਣ ਦੇ ਯਤਨ ਵੀ ਕੀਤੇ ਸਨ। ਇਸ ਤਰ੍ਹਾਂ ਦੀਆਂ ਅਨੇਕਾਂ ਹੀ ਦਿਲ-ਦੁਖਾਵੀਆਂ ਖਬਰਾਂ ਤੇ ਅਫਵਾਹਾਂ ਸੁਣਨੀਆਂ ਪੈ ਰਹੀਆਂ ਸਨ। ਇਹ ਵੀ ਪਤਾ ਲੱਗਿਆ ਕਿ ਦੂਰਦਰਸ਼ਨ ਜਲੰਧਰ ਦੇ ਨਿਊਜ਼ ਐਡੀਟਰ ਜਗਦੀਸ਼ ਚੰਦਰ ਵੈਦਿਆ ਦੀ ਟੀਮ ਨੇ ਕੰਪਲੈਕਸ ਅੰਦਰੋਂ ਕਈ ਥਾਵਾਂ ਦੇ ਸ਼ਾਟ ਲਏ ਸਨ ਅਤੇ ਉਸ ਨੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਆਦਿ ਦੀਆਂ ਮ੍ਰਿਤਕ ਦੇਹਾਂ ਦੇ ਸ਼ਾਟ ਵੀ ਲਏ ਸਨ। ਪਰ ਫੌਜ ਨੇ ਸਾਰੀਆਂ ਕੈਸਿਟਾਂ ਤੁਰੰਤ ਉਸ ਤੋਂ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ। ਮਹਿੰਦਰ ਸਿੰਘ ਦੇ ਸਬ ਇੰਸਪੈਕਟਰ ਅਜੀਤ ਸਿੰਘ ਨਾਲ ਬਹੁਤ ਨੇੜੇ ਦੇ ਸਬੰਧ ਸਨ। ਉਸ ਨੇ ਚਲਦੇ ਚਲਦੇ ਮੈਨੂੰ ਅਤੇ ਮਹਿੰਦਰ ਸਿੰਘ ਨੂੰ ਦੱਸਿਆ ਕਿ ਉਸ ਦੇ ਵੱਡੇ ਅਫ਼ਸਰ ਪੰਡਤ ਹਰਜੀਤ ਸਿੰਘ, ਐਸ ਪੀ, ਸੀ ਆਈ ਡੀ ਅਤੇ ਡੀ ਐਸ ਪੀ ਅਪਾਰ ਸਿੰਘ ਬਾਜਵਾ ਨੇ ਅੱਗੇ ਹੋ ਕੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਅੰਤਮ ਸਸਕਾਰ ਚਾਟੀਵਿੰਡ ਸਮਸ਼ਾਨਘਾਟ ਵਿਚ ਕੀਤਾ ਸੀ। ਇਹ ਅੰਮ੍ਰਿਤਸਰ ਮਿਊਂਸਪਲ ਕਾਰਪੋਰੇਸ਼ਨ ਦਾ ਸ਼ਮਸ਼ਾਨਘਾਟ ਸੀ। ਸ਼ਾਇਦ ਅਜੀਤ ਸਿੰਘ ਪਾਸੇ ਟਲ ਗਿਆ ਸੀ, ਇਸ ਕਰਕੇ ਸਸਕਾਰ ਕਰਨ ਦੀ ਰਸਮੀ ਸਰਕਾਰੀ ਕਾਰਵਾਈ ‘ਤੇ ਦਸਤਖਤ ਉਸ ਦੇ ਨਾਲ ਦੇ ਸਾਥੀ ਦਰਸ਼ਨ ਸਿੰਘ, ਜਿਸ ਨੂੰ ਮਜ਼ਾਕ ਨਾਲ ‘ਚੁੰਡੀ’ ਕਹਿੰਦੇ ਸਨ, ਨੇ ਕੀਤੇ ਸਨ। ਅਜੀਤ ਸਿੰਘ ਨੇ ਕਿਹਾ ਕਿ ਸੰਤ ਦਾ ਸਸਕਾਰ ਪੂਰੀ ਮਾਣ-ਮਰਿਆਦਾ ਨਾਲ, ਚਿੱਟੀ ਚਾਦਰ ਪਾ ਕੇ ਮੂੰਹ ਨੂੰ ਘਿਓ ਲਾ ਕੇ ਕੀਤਾ ਗਿਆ। ਪਰ ਜਨਤਾ ਪਾਰਟੀ ਦੇ ਲੀਡਰ ਕ੍ਰਿਪਾਲ ਸਿੰਘ ਨੇ ਸਿਵਲ ਅਫ਼ਸਰਾਂ ਅਤੇ ਪੁਲਿਸ ਕੋਲ ਇਹ ਮਸਲਾ ਜ਼ੋਰ ਨਾਲ ਉਠਾਇਆ ਸੀ ਕਿ ਸੰਤ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਮ੍ਰਿਤਕ ਦੇਹਾਂ ਨੂੰ ਨਗਰ ਪਾਲਿਕਾ ਦੇ ਕੂੜੇ ਵਾਲੇ ਟਰੱਕ ਵਿਚ ਰੱਖ ਕੇ ਹੀ ਕਿਉਂ ਸ਼ਮਸ਼ਾਨਘਾਟ ਲਿਜਾਇਆ ਗਿਆ? ਸਾਨੂੰ ਉਤਸੁਕਤਾ ਸੀ ਕਿ ਸੰਤ ਦੀ ਮ੍ਰਿਤਕ ਦੇਹ ਦੀ ਪਹਿਚਾਣ ਕਿਸ ਨੇ ਕੀਤੀ? ਅਜੀਤ ਸਿੰਘ ਕਹਿਣ ਲੱਗਿਆ ਕਿ ਸੰਤਾਂ ਦੇ ਵੱਡੇ ਭਰਾਤਾ ਫੌਜੀ ਹਰਚਰਨ ਸਿੰਘ ਨੂੰ ਇਸ ਵਾਸਤੇ ਲਿਆਂਦਾ ਗਿਆ ਸੀ। ਉਸ ਨੇ ਖੁਦ ਮ੍ਰਿਤਕ ਦੇਹ ਪਹਿਚਾਣੀ ਹੈ।

ਲਾਸ਼ਾਂ ਦੀ ਘੋਰ ਬੇਅਦਬੀ

ਫਿਰ, ਅਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸੀ ਆਈ ਡੀ ਰਿਪੋਰਟ ਮੁਤਾਬਕ ਅੱਜ ਦੁਪਹਿਰ ਤੱਕ (8 ਜੂਨ ਸ਼ੁੱਕਰਵਾਰ) ਚਾਟੀਵਿੰਡ ਸ਼ਮਸ਼ਾਨਘਾਟ ਵਿਚ 525 ਲਾਸ਼ਾਂ ਦਾ ਸਸਕਾਰ ਹੋ ਚੁੱਕਿਆ ਹੈ। ਪਹਿਲਾਂ ਪੱਤਰਕਾਰ ਹਰਵੀਰ ਭੰਵਰ ਨੇ ਵੀ ਸਾਨੂੰ ਪੁਤਲੀਘਰ ਕੋਲ ਸਥਾਨਕ ਇਸਲਾਮਾਬਾਦ ਕਾਲੋਨੀ ਦੇ ਰਹਿਣ ਵਾਲੇ ਹਿੰਦੂ ਫੋਟੋਗ੍ਰਾਫਰ ਦੇ ਹਵਾਲੇ ਨਾਲ ਦੱਸਿਆ ਸੀ ਕਿ ਗਰਮੀ ਨਾਲ ਲਾਸ਼ਾਂ ਬਹੁਤ ਖ਼ਰਾਬ ਹੋ ਚੁੱਕੀਆਂ ਸਨ। ਉਸ ਫੋਟੋਗ੍ਰਾਫਰ ਨੇ ਦਿੱਲੀ ਤੋਂ ਆਏ ਫੌਜ ਦੇ ਫੋਟੋਗ੍ਰਾਫਰ ਨਾਲ ਕੰਪਲੈਕਸ ਅੰਦਰੋਂ ਲਾਸ਼ਾਂ ਦੀਆਂ ਫੋਟੋਆਂ ਖਿੱਚੀਆਂ ਸਨ। ਲਾਸ਼ਾਂ ਵਿਚੋਂ ਬਦਬੂ ਆ ਰਹੀ ਸੀ… ਜਮਾਂਦਾਰਾਂ ਅਤੇ ਸਫ਼ਾਈ ਮਜ਼ਦੂਰਾਂ ਨੂੰ ਲਾਸ਼ਾਂ ਚੁੱਕਣ ਲਈ ਫੌਜੀ ਲੈ ਕੇ ਆਏ ਸਨ। ਸ਼ਾਇਦ ਇਕ ਲਾਸ਼ ਚੁੱਕਣ ਦੇ 50 ਤੋਂ 100 ਰੁਪਏ ਤੱਕ ਦੇਣੇ ਕੀਤੇ ਸਨ। ਫੋਟੋਗ੍ਰਾਫਰ ਤੋਂ ਮਿਲੀਆਂ ਸੂਚਨਾਵਾਂ ਨੂੰ ਸਾਂਝੀਆਂ ਕਰਦਿਆਂ ਹਰਵੀਰ ਭੰਵਰ ਨੇ ਕਿਹਾ, ‘ਪਹਿਲਾਂ ਸਫ਼ਾਈ ਮਜ਼ਦੂਰਾਂ ਨੂੰ ਸ਼ਰਾਬ ਵੀ ਪਿਲਾਈ ਗਈ, ਜਮਾਂਦਾਰਾਂ ਨੂੰ ਪੂਰੀ ਖੁੱਲ੍ਹ ਸੀ ਕਿ ਉਹ ਲਾਸ਼ ਦੀ ਘੜੀ, ਸੋਨੇ ਦਾ ਕੜਾ ਅਤੇ ਜੇਬਾਂ ਵਿਚੋਂ ਨਿਕਲਦੇ ਰੁਪਏ ਪੈਸੇ ਆਪਣੇ ਕੋਲ ਹੀ ਰੱਖ ਸਕਦੇ ਸਨ ਅਤੇ ਲਾਸ਼ਾਂ ਨਗਰ ਪਾਲਿਕਾ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਅਤੇ ਟਰੈਕਟਰ ਟਰਾਲੀਆਂ ਵਿਚ ਹੀ ਢੋਈਆਂ ਜਾ ਰਹੀਆਂ ਸਨ।’

ਵਾਰ ਵਾਰ ਮੇਰੇ ਜ਼ਿਹਨ ਵਿਚ ਇਹ ਗੱਲ ਖੜ੍ਹੀ ਹੋ ਰਹੀ ਸੀ ਕਿ ਛੇ ਜੂਨ ਨੂੰ ਦੁਪਹਿਰੇ ਹੀ ਫੌਜ ਨੇ ਅਪ੍ਰੇਸ਼ਨ ਖਤਮ ਕਰ ਲਿਆ ਸੀ, ਅਤੇ ਬਾਅਦ ਵਿਚ ਦੂਜੇ ਤੀਜੇ ਦਿਨ ਵੀ ਰੈਡ ਕਰਾਸ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਕਿਉਂ ਨਹੀਂ ਜਾਣ ਦਿੱਤਾ? ਘੱਟੋ ਘੱਟ, ਰੈਡ ਕਰਾਸ ਦੇ ਵਲੰਟੀਅਰਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਤਾਂ ਭੇਜਿਆ ਜਾ ਸਕਦਾ ਸੀ। ਉਨ੍ਹਾਂ ਬਿਲਡਿੰਗਾਂ ਵਿਚ ਵੀ ਬਹੁਤ ਲੋਕ ਮਾਰੇ ਗਏ ਸਨ। ਸੈਂਕੜੇ ਜ਼ਖਮੀ ਹੋ ਗਏ ਸਨ। ਸੈਂਕੜਿਆਂ ਦੀ ਗਿਣਤੀ ਵਿਚ ਜ਼ਖਮੀਆਂ ਨੂੰ ਇਉਂ ਹੀ ਤੜਫ਼ ਤੜਫ਼ ਕੇ ਮਰਨ ਦਿੱਤਾ ਗਿਆ? ਜ਼ਖ਼ਮੀਆਂ ਦੀ ਮਲ੍ਹਮ ਪੱਟੀ ਕਰਨਾ, ਲੜਾਈ ਦੇ ਮੈਦਾਨ ਵਿਚੋਂ ਚੁੱਕ ਕੇ ਇਲਾਜ ਕਰਵਾਉਣਾ ਤਾਂ ਦੁਨੀਆ ਵਿਚ ਸਦੀਆਂ ਪੁਰਾਣੀ ਪਿਰਤ ਹੈ ਅਤੇ ਪਹਿਲੇ ਦੂਜੇ ਸੰਸਾਰ ਜੰਗ ਵੇਲੇ ਤਾਂ ਰੈਡਕਰਾਸ ਦੀ ਸੰਸਥਾ ਹੋਰ ਵੀ ਮਜ਼ਬੂਤ ਹੋ ਗਈ ਸੀ।

ਮਹਿੰਦਰ ਸਿਘ ਮੈਨੂੰ ਕਹਿਣ ਲੱਗਿਆ, ‘ਰੈਡਕਰਾਸ ਦੀ ਗੱਲ ਛੱਡ, ਜ਼ਿਲ੍ਹੇ ਦੇ ਸਿਵਲ ਪ੍ਰਬੰਧਕੀ ਢਾਂਚੇ, ਪੰਜਾਬ ਪੁਲਿਸ ਦੀ ਹੀ ਡਿਊਟੀ ਫੌਜ ਲਗਾ ਦਿੰਦੀ ਤਾਂ ਸੈਂਕੜੇ ਲੋਕ ਅੱਤ ਦੀ ਗਰਮੀ ਦੇ ਦਿਨਾਂ ਵਿਚ ਪਿਆਸ ਨਾਲ ਨਾ ਮਰਦੇ!’ ਫਿਰ ਉਸ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੁਜਾਨ ਸਿੰਘ, ਜਿਹੜਾ ਸੰਤ ਜਰਨੈਲ ਸਿੰਘ ਦੇ ਜਥੇ ਦਾ ਨਜ਼ਦੀਕੀ ਵੀ ਸੀ, ਪਾਣੀ ਖੁਣੋਂ ਤੜਫ਼ ਤੜਫ਼ ਕੇ ਮਰ ਗਿਆ ਸੀ!

ਉਥੇ ਹੀ ਚਲਦੀਆਂ ਗੱਲਾਂ ਵਿਚ ਸਾਨੂੰ ਇਹ ਵੀ ਪਤਾ ਲੱਗਿਆ ਕਿ ਮੇਜਰ ਜਨਰਲ ਜੇ ਐਸ ਜੰਮਵਾਲ, ਜਿਸ ਕੋਲ ਅੰਮ੍ਰਿਤਸਰ ਇਲਾਕੇ ਦੀ ਫੌਜੀ ਕਮਾਨ ਹੈ, ਉਸ ਦੀ ਪਤਨੀ ਹੀ ਤਾਂ ਰੈਡਕਰਾਸ ਸੁਸਾਇਟੀ ਦੀ ਚੇਅਰਪਰਸਨ ਹੈ। ਇਸ ਤਰ੍ਹਾਂ, ਰੈਡਕਰਾਸ ਦੀ ਕਮਾਨ ਵੀ ਫੌਜ ਕੋਲ ਹੀ ਸੀ।

ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜੀ

ਫਿਰ ਸਾਨੂੰ ਪਤਾ ਲੱਗਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਹੜੀ ਕੱਲ ਸ਼ਾਮ ਤੱਕ (7 ਜੂਨ) ਬਿਲਕੁਲ ਸਹੀ ਸਲਾਮਤ ਸੀ, ਸਾੜ੍ਹ ਕੇ ਸੁਆਹ ਕਰ ਦਿੱਤੀ ਹੈ। ਮੈਂ ਕਈ ਵਾਰ ਦਵਿੰਦਰ ਸਿੰਘ ਦੁੱਗਲ, ਜਿਹੜੇ ਇਸ ਲਾਇਬ੍ਰੇਰੀ ਦੇ ਇੰਚਾਰਜ ਸਨ, ਨੂੰ ਮਿਲਣ ਗਿਆ ਸੀ। ਰੁਮਾਲਿਆਂ ਵਿਚ ਲਪੇਟੀਆਂ ਕਈ ਸਿੱਖ ਗੁਰੂਆਂ ਦੀਆਂ ਨਿਸ਼ਾਨੀਆਂ, ਲਿਖਤਾਂ ਅਤੇ ਹੁਕਮਨਾਮੇ ਸੈਲਫ਼ਾਂ ਵਿਚ ਪਏ ਦੇਖੇ ਸਨ। ਹੋਰ ਗੁਰੂਆਂ ਅਤੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਦੇ ਦੁਰਲੱਭ ਦਸਤਾਵੇਜ਼ ਵੀ ਬਹੁਤ ਅਹਿਤਿਆਤ ਨਾਲ ਸੰਭਾਲ ਕੇ ਰੱਖੇ ਹੋਏ ਸਨ। ਦੋ ਢਾਈ ਹਜ਼ਾਰ ਪੁਰਾਣੀਆਂ ਤਵਰੀਖੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਨ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਤ ਦਸਤਾਵੇਜ਼ ਵੀ ਸੰਭਾਲੇ ਹੋਏ ਸਨ। ਮੈਂ ਸੋਚ ਰਿਹਾ ਸਾਂ ਕਿ ਕਿੰਨਾ ਵੱਡਾ ਵਡਮੁੱਲਾ ਮਨੁੱਖੀ ਵਿਰਸਾ ਤਬਾਹ ਕਰ ਦਿੱਤਾ ਗਿਆ। ਇਸ ਦੀ ਮੁੜ ਪ੍ਰਾਪਤੀ ਕਦੇ ਨਹੀਂ ਹੋ ਸਕੇਗੀ..। ਜਿਵੇਂ ਬੰਦਾ ਮਰਿਆ ਬੱਸ ਸਦਾ ਲਈ ਖਤਮ.. ਪਰ, ਇਹ ਤਾਂ ਬੰਦਿਆਂ ਦੇ ਮਰਨ ਤੋਂ ਵੱਡੀ ਤਬਾਹੀ ਹੈ… ਬੰਦੇ ਤਾਂ ਮੁੜ ਪੈਦਾ ਹੁੰਦੇ ਰਹਿੰਦੇ ਹਨ, ਪਰ ਗਿਆਨ… ਵਿਰਸੇ ਦੀ ਸਾਂਝ ਇਉਂ ਮਨੁੱਖ ਜਾਤੀ ਦੀ ਪੈਦਾਇਸ਼ ਵਾਗੂੰ ਲੜੀ ਨਾਲ ਲੜੀ ਜੁੜਕੇ ਨਹੀਂ ਅੱਗੇ ਤੁਰਦੀ।

ਮੱਧਯੁਗੀ ਸਮੇਂ ਵਿਗ ਗਿਆਨ ਵਿਹੂਣੇ ਮਨੁੱਖਾਂ ਦੀਆਂ ਕਈ ਪੀੜ੍ਹੀਆਂ, ਕਈ ਸਦੀਆਂ ਤੱਕ, ਹਿਸਟਰੀ ਅਨੁਸਾਰ, ਕਾਲੇ ਯੁੱਗਾਂ ਦੇ ਤੌਰ ‘ਤੇ ਬੀਤ ਗਈਆਂ ਸਨ।

ਇਉਂ ਵਿਚਾਰਾਂ ਦੀ ਉਥਲ ਪੁਥਲ ਵਿਚ ਗਲਤਾਨ ਹੋਇਆ ਮੈਂ ਆਪਣੇ ਦਫ਼ਤਰ/ਘਰ ਪਹੁੰਚ ਗਿਆ ਸਾਂ। ਉਨ੍ਹਾਂ ਗਮਗੀਨ ਘੜੀਆਂ ਵਿਚ, ਦਫ਼ਤਰ ਵਿਚ ਪਈ ਇਕ ਹਿਸਟਰੀ ਦੀ ਕਿਤਾਬ ਦੇ ਪੰਨੇ ਫਰੋਲਣ ਲੱਗ ਪਿਆ। ਮੈਨੂੰ ਲੱਗਿਆ ਕਿ ਖਲੀਫਾ ਓਮਰ ਨੇ ਵੀ ਇਉਂ ਹੀ ਸੱਤਵੀਂ ਸਦੀ ਵਿਚ ਅਲੈਗਜੈਂਡਰੀਆ ਦੀ ਮਹਾਨ ਲਾਇਬ੍ਰੇਰੀ ਨੂੰ ਸਾੜ੍ਹ ਕੇ ਸੁਆਹ ਕਰਨ ਦੇ ਹੁਕਮ ਦੇ ਦਿੱਤੇ ਸਨ। ਕਈ ਸਦੀਆਂ ਵਿਚ ਸਥਾਪਤ ਕੀਤੀ ਉਸ ਲਾਇਬ੍ਰੇਰੀ ਵਿਚੋਂ ਹੱਥ ਲਿਖਤ 4 ਲੱਖ ਪੱਤਰੇ ਸਾੜ੍ਹ ਕੇ ਸੁਆਹ ਕਰ ਦਿੱਤੇ ਸਨ। ਇਕ ਦੰਦ ਕਥਾ ਅਨੁਸਾਰ ਜਦੋਂ ਮੁਸਲਮਾਨ ਹਮਲਾਵਰਾਂ ਮਿਸਰ ‘ਤੇ ਹਮਲਾ ਕੀਤਾ ਤਾਂ ਜਿੱਤ ਦੇ ਨਸ਼ੇ ਵਿਚ ਮਦਹੋਸ਼ ਇਹ ਜਰਵਾਣੇ ਕਈ ਮਹੀਨੇ ਮਨੁੱਖੀ ਗਿਆਨ ਭਰਪੂਰ ਪੱਤਰਿਆਂ ਨੂੰ ਅਗਨ ਭੇਟ ਕਰਦੇ ਰਹੇ ਸਨ। ਸ਼ਾਮ ਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਲਾਇਬ੍ਰੇਰੀ ਦੇ ਅੰਦਰ ਅੱਗ ਬੁਝ ਗਈ ਤਾਂ ਫੌਜ ਬਚਿਆ ਖੁਚਿਆ ਰਿਕਾਰਡ ਅਤੇ ਅੱਧ ਸੜੇ ਦਸਤਾਵੇਜਾਂ ਨੂੰ ਕਈ ਬੋਰੀਆਂ ਵਿਚ ਭਰ ਕੇ ਲੈ ਗਈ ਸੀ। ਆਲ ਇੰਡੀਆ ਰੇਡੀਓ ਤੋਂ ਸ਼ਾਮੀਂ ਖ਼ਬਰ ਆ ਗਈ ਸੀ ਕਿ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਕਰ ਗਏ ਹਨ। ਗਿਆਨੀ ਜ਼ੈਲ ਸਿੰਘ ਦਾ ਦੋ ਕੁ ਸਾਲ ਪਹਿਲਾਂ ਰਾਸ਼ਟਰਪਤੀ ਬਣਨ ਤੋਂ ਬਾਅਦ, ਅਸਲ ਵਿਚ ਇਹ ਪੰਜਾਬ ਦਾ ਹੀ ਪਹਿਲਾ ਦੌਰਾ ਸੀ। ਮੋਰਚੇ ਦੇ ਚਲਦਿਆਂ ਅਤੇ ਪੰਜਾਬ ਵਿਚ ਦਰਬਾਰਾ ਸਿੰਘ ਧੜੇ ਨਾਲ ਸਖਤ ਵਿਰੋਧ ਹੋਣ ਕਰਕੇ ਗਿਆਨੀ ਜ਼ੈਲ ਸਿੰਘ ਦਾ ਪੰਜਾਬ ਆਉਣਾ ਸਿਆਸੀ ਤੌਰ ‘ਤੇ ਦਿੱਲੀ ਦਰਬਾਰ ਵੱਲੋਂ ਮੁਨਾਸਬ ਨਹੀਂ ਸਮਝਿਆ ਜਾਂਦਾ ਸੀ। ਅੱਜ ਗਿਆਨੀ ਹਿੰਦੂਸਤਾਨੀ ਫੌਜਾਂ ਦੇ ਸੁਪਰੀਮ ਕਮਾਂਡਰ ਦੇ ਰੁਤਬੇ ਨੂੰ ਮਾਣਦਿਆਂ ਫੌਜੀ ਦੀ ਪ੍ਰਾਪਤੀ ਨੂੰ ਦੇਖਣ ਆਏ ਸਨ? ਅਜਿਹੇ ਵਿਚਾਰ ਮਨ ਵਿਚ ਚੱਲ ਰਹੇ ਸਨ ਜਦੋਂ ਬਜ਼ੁਰਗ ਬਾਵੇ ਨੇ ਆ ਕੇ ਦੱਸਿਆ ਕਿ ਗਿਆਨੀ ਜ਼ੈਲ ਸਿੰਘ ਜੁੱਤੇ ਸਮੇਤ ਸਿਰ ‘ਤੇ ਛਤਰੀ ਲੈ ਕੇ ਦਰਬਾਰ ਸਾਹਿਬ ਅੰਦਰ ਚਲਾ ਗਿਆ ਸੀ। ਪਰ ਬਾਅਦ, ਦੇਰ ਰਾਤ ਪਤਾ ਚੱਲਿਆ ਕਿ ਫੌਜ ਨੇ ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਦੇ ਹੈਡਗ੍ਰੰਥੀ ਗਿਆਨੀ ਸਾਹਿਬ ਸਿੰਘ ਅਤੇ ਹਜ਼ੂਰੀ ਗ੍ਰੰਥੀ ਪੂਰਨ ਸਿੰਘ ਬਗੈਰਾ ਨੂੰ ਘਰੋਂ ਲੈਆਂਦਾ ਸੀ। ਫਿਰ ਦੋਨੋਂ ਗ੍ਰੰਥੀ ਰਾਸ਼ਟਰਪਤੀ ਨਾਲ ਦਰਬਾਰ ਸਾਹਿਬ ਦੇ ਅੰਦਰ ਗਏ। ਗਿਆਨੀ ਜ਼ੈਲ ਸਿੰਘ ਨੇ ਮੱਥਾ ਟੇਕਿਆ। ਗਿਆਨੀ ਸਾਹਿਬ ਸਿੰਘ ਰਾਸ਼ਟਰਪਤੀ ਨੂੰ ਲਗਾਤਾਰ ਪਰਕਰਮਾ ਨਾਲ ਲਗਦੀਆਂ ਇਮਾਰਤਾਂ ਦੀ ਹੋਈ ਤਬਾਹੀ ਦਿਖਾ ਰਹੇ ਸਨ। ਅਜਿਹੀ ਸੂਚਨਾ ਵੀ ਮਿਲੀ ਕਿ ਗਿਆਨੀ ਜ਼ੈਲ ਸਿੰਘ ਟੈਂਕਾਂ ਦੇ ਗੋਲਿਆਂ ਨਾਲ ਹੋਈ ਅਕਾਲ ਤਖਤ ਅਤੇ ਹੋਰ ਬਿਲਡਿੰਗਾਂ ਦੀ ਤਬਾਹੀ ਦੇਖ ਕੇ ਰੋਇਆ। ਪਰ ਅਕਾਲ ਤਖਤ ਦੇ ਸਾਹਮਣੇ ਦੀਵਾਰਾਂ ਅਤੇ ਗੁੰਬਦਾਂ ਦੇ ਢਹਿਣ ਨਾਲ ਬਹੁਤ ਮਲਵਾ ਖਿਲਰਿਆ ਪਿਆ ਸੀ। ਅਜੇ ਅੰਦਰ ਸ਼ਾਇਦ ਲਾਸ਼ਾਂ ਵੀ ਪਈਆਂ ਸਨ, ਇਸ ਕਰਕੇ ਰਾਸ਼ਟਰਪਤੀ ਅਕਾਲ ਤਖਤ ਦੀ ਤਰਫ਼ ਗਿਆ ਹੀ ਨਹੀਂ। ਗਿਆਨੀ ਨਾਲ ਉਸਦਾ ਪ੍ਰੈਸ ਸਕੱਤਰ ਤਰਲੋਚਨ ਸਿੰਘ ਵੀ ਸੀ। ਪਤਾ ਚੱਲਿਆ ਜਦੋਂ ਰਾਸ਼ਟਰਪਤੀ ਪਰਕਰਮਾ ਵਿਚ ਆਏ ਲਾਮ ਲਸ਼ਕਰ ਨਾਲ ਜਾ ਰਿਹਾ ਸੀ ਤਾਂ ਬ੍ਰਹਮ ਬੂਟਾ ਅਖਾੜੇ ਦੀ ਤਰਫ਼ ਤੋਂ ਉਸੇ ਵੱਲ ਗੋਲੀਆਂ ਵੀ ਵਰਸਾਈਆਂ ਗਈਆਂ। ਗਿਆਨੀ ਜ਼ੈਲ ਸਿੰਘ ਤਾਂ ਬਚ ਗਏ ਪਰ ਗੋਲੀ ਉਸ ਨਾਲ ਜਾਂਦੇ ਇਕ ਕਰਨਲ ਨੂੰ ਲੱਗੀ। ਸਿੱਖ ਭਾਈਚਾਰੇ ਵਿਚ ਗਿਆਨੀ ਜ਼ੈਲ ਸਿੰਘ ਵੱਲੋਂ ਫੌਜੀ ਐਕਸ਼ਨ ਤੋਂ ਦੁਖੀ ਹੋਣ ਦੇ ਚਰਚੇ ਚੱਲ ਪਏ ਸਨ।

…… ਚਲਦਾ


Post Comment


ਗੁਰਸ਼ਾਮ ਸਿੰਘ ਚੀਮਾਂ