ਮੇਰੇ ਮਹਿਰਮ ਦੀ ਮੌਤ ਤੋਂ ਬਾਅਦ
ਤੇਰਾ ਘਰ ਦੱਬੀ ਬੈਠੇ ਇੱਕ ਬਘਿਆੜ ਦੀ
ਨਜ਼ਰ ਪੈ ਗਈ ਮੇਰੇ ਲੜਦੇ ਪੁੱਤਰਾਂ 'ਤੇ,
ਉਸ ਕੁੱਝ ਛਲ ਕਪਟ ਨਾਲ
ਕੁੱਝ ਮੇਰੇ ਘਰ ਦੇ ਗਦਾਰਾਂ ਕਰਕੇ
ਕੁੱਝ ਮੇਰੇ ਘਰ ਦੀ ਪਾਟੋਧਾੜ ਕਰਕੇ
ਬੜੀ ਚਲਾਕੀ ਤੇ ਹੁਸਿਆਰੀ ਨਾਲ
ਉਸਨੇ ਮੇਰੇ ਘਰ ਦੀ ਤੋੜਕੇ ਕੰਧ
ਮਿਲਾ ਲਿਆ ਮੇਰਾ ਘਰ ਵੀ ਤੇਰੇ ਘਰ ਦੇ ਹੀ ਨਾਲ।
ਫੇਰ ਓਸ ਬਘਿਆੜ ਦੇ ਜੁਲਮਾਂ ਕਰਕੇ
ਜਦੋਂ ਕੀਤਾ ਗਿਆ ਉਸਦਾ ਮੁਕਾਬਲਾ
ਤਾਂ ਮੇਰੇ ਸ਼ੇਰਾਂ ਨੇ ਫੇਰ ਲਾ ਦਿੱਤੀ ਝੜੀ
ਸ਼ਹਾਦਤਾਂ ਦੀ, ਕੁਰਬਾਨੀਆਂ ਦੀ
ਅੱਸੀ ਸ਼ਹੀਦ ਹੋਏ ਸੌ ਪਿਛੇ ਮੇਰੇ ਲਾਲ
ਮੇਰੇ ਯੋਧੇ ਪੁੱਤਾਂ ਦੇ ਹਿੱਸੇ ਆਈਆਂ
ਫ਼ਾਸ਼ੀਆਂ ਕਾਲੇ ਪਾਣੀਆਂ ਦੀ ਸਜ਼ਾਵਾਂ
ਉਮਰ ਕੈਦਾਂ ਅਤੇ ਵਰਦੀਆਂ ਗੋਲੀਆਂ
ਆਖਿਰ ਮੇਰੇ ਯੋਧਿਆਂ ਉਹ ਬਘਿਆੜ ਵੀ
ਖਦੇੜ ਦਿੱਤਾ ਸਦਾ ਲਈ ਸੱਤ ਸਮੁੰਦਰੋਂ ਪਾਰ।
ਤੈਨੂੰ ਤਾਂ ਮਿਲੀ ਗਈ ਅਜ਼ਾਦੀ
ਪਰ ਮੈਨੂੰ ਦਿੱਤੀ ਗਈ ਬਰਬਾਦੀ
ਮੇਰੇ ਘਰ ਵਿਚ ਮੇਰੀ ਹੀ ਹਿੱਕ 'ਤੇ
ਇਕ ਹੋਰ ਕੰਧ ਉਸਾਰ ਦਿੱਤੀ ਗਈ
ਅੱਡ ਕੀਤਾ ਗਿਆ ਮੈਥੋਂ ਹੀ ਮੇਰਾ ਖੂਨ
ਤੇ ਰੰਗ ਦਿੱਤੀ ਗਈ ਮੇਰੀ ਹੀ ਧਰਤੀ
ਮੇਰੇ ਆਪਣੇ ਹੀ ਪੁੱਤਾਂ ਦੇ ਲਹੂ ਦੇ ਨਾਲ।
ਫੇਰ ਵੀ ਤੂੰ ਮੇਰਾ ਵਜੂਦ ਹੀ ਨਾ ਮੰਨਿਆ
ਤਾਂ ਮੇਰੇ ਵਜੂਦ ਲਈ ਮੇਰੇ ਹਮਦਰਦੀ ਜੂਝੇ
ਮੇਰੇ ਨਾਮ ਲਈ, ਵੱੱਖਰੀ ਪਹਿਚਾਣ ਲਈ
ਤਾਂ ਤੂੰ ਫੇਰ ਕਰ ਦਿੱਤੀ, ਮੇਰੀ ਵੱਢ ਕੱਟ
ਮੈਨੂੰ ਕਰ ਦਿੱਤਾ ਗਿਆ ਲੂਲਾ ਲੰਗੜਾ।
ਪਰ ਫੇਰ ਵੀ ਨਾ ਮੁਕਿਆ ਮੇਰੇ ਉਪਰ
ਤੇਰੇ ਜੁਲਮਾਂ ਦਾ, ਤੇਰੇ ਧੱਕਿਆਂ ਦਾ ਸਿਲਸਿਲਾ
ਮੇਰੇ ਹੱਕ ਮੰਗਦੇ ਪੁੱਤਾਂ ਨੂੰ ਮਿਲੀਆਂ ਗੋਲੀਆਂ
ਕਦੇ ਅੱਤਵਾਦੀ ਕਿਹਾ ਤੇ ਕਦੇ ਦਹਿਸਤਗਰਦ
ਢਾਹ ਦਿੱਤਾ ਮੇਰਾ ਸਭ ਤੋਂ ਮੁਕਦੱਸ ਅਸਥਾਨ
ਟੈਂਕਾਂ ਤੋਪਾਂ ਗੋਲਿਆਂ ਨਾਲ ਕਰ ਦਿੱਤਾ ਛੰਨਣੀ ।
ਜਦੋਂ ਮੇਰੇ ਦੋ ਸ਼ੇਰਾਂ ਫੇਰ ਲਿਆ ਬਦਲਾ
ਮੇਰੇ 'ਤੇ ਕੀਤੇ ਵਾਰਾਂ ਦਾ ਕੀਤਾ ਹਿਸਾਬ
ਤਾਂ ਤੇਰੇ ਆਪਣੇ ਘਰ ਦੇ ਬਿਲਕੁੱਲ ਅੰਦਰ
ਲੁੱਟ ਲਈ ਗਈ ਮੇਰੀ ਧੀਆਂ ਦੀ ਇੱਜਤ
ਮਾਰੇ ਗਏ ਮੇਰੇ ਹਜ਼ਾਰਾਂ ਬੇਕਸੂਰ ਪੁੱਤ
ਸਾੜੇ ਗਏ ਗਲਾਂ 'ਚ ਟਾਇਰ ਪਾ ਕੇ।
ਇਹ ਨਾ ਸੋਚ ਕਿ ਤੇਰੀ ਚਲਾਕੀ ਦਾ, ਮਕਾਰੀ ਦਾ
ਮੁਕਾਬਲਾ ਕਰਨ ਵਾਲੇ ਯੋਧੇ ਖਤਮ ਹੋ ਜਾਣਗੇ
ਆਖਰ ਫੇਰ ਉਠਣਗੇ ਮੇਰੇ ਜੁਝਾਰੂ ਜਰਨੈਲ
ਜੋ ਤੇਰੇ ਸਾਰੇ ਹਿਸਾਬ ਕਿਤਾਬ ਕਰਕੇ
ਮੈਨੂੰ ਫੇਰ ਕਰ ਦੇਣਗੇ ਸੰਪੂਰਨ।
ਜਗਸੀਰ ਸਿੰਘ ਸੰਧੂ ਬਰਨਾਲਾ
98764-16009