ਸੁਰਜੀਤ ਸਿੰਘ ਆਪਣੀ ਭੈਣ ਕਪੂਰੋ ਨੂੰ ਮਿਲਦਾ ਹੋਇਆ |
ਪਾਕਿਸਤਾਨ ਤੋਂ ਰਿਹਾਅ ਹੋ ਕੇ ਤਲਵੰਡੀ ਭਾਈ ਪੁੱਜੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਾਲ 1981 ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਰਿਹਾ ਪਰ ਸਰਕਾਰ ਵੱਲੋਂ ਉਸ ਦੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ। ਇਸ ਮੌਕੇ ਸੁਰਜੀਤ ਨੇ ਦੱਸਿਆ ਕਿ ਕੋਟ ਲੱਖਪਤ ਰਾਏ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਨਾਲ ਉਸ ਦੀ ਹਰੇਕ ਹਫ਼ਤੇ ਮੁਲਾਕਾਤ ਹੁੰਦੀ ਸੀ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਜੇਲ੍ਹ ’ਚ ਠੀਕ ਹੈ ਪਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦੀ ਲਾਹਰਵਾਹੀ ਕਾਰਨ ਬੇਗੁਨਾਹ ਲੋਕ ਜੇਲ੍ਹਾਂ ਵਿੱਚ ਸੜ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਵੱਲੋਂ ਕੀਤੇ ਗਏ ਸਵਾਗਤ ਨੇ ਉਸ ਦੀ ਜਿੰਦਗੀ ਦੇ ਉਹ ਅਹਿਮ ਪਲ ਵੀ ਮੋੜ ਦਿੱਤੇ ਜੋ ਉਸ ਵੱਲੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬਤੀਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ਵਿੱਚ 22 ਭਾਰਤੀ ਕੈਦੀ ਬੰਦ ਹਨ ਜਿਨ੍ਹਾਂ ਵਿੱਚੋਂ 10 ਕੈਦੀ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਹਨ।
ਉਧਰ ਤਲਵੰਡੀ ਭਾਈ-ਮੁੱਦਕੀ ਰੋਡ ’ਤੇ ਪੈਂਦੇ ਪਿੰਡ ਫਿੱਡੇ ਵਿੱਚ ਜਸ਼ਨਾਂ ਦਾ ਮਾਹੌਲ ਸੀ ਤੇ ਇਸ ਪਿੰਡ ਵਿੱਚ ਵਸਦੇ ਸੁਰਜੀਤ ਸਿੰਘ ਦੇ ਪਰਿਵਾਰ ਸਮੇਤ ਇਲਾਕੇ ਦੇ ਦਰਜਨ ਦੇ ਕਰੀਬ ਪਿੰਡ ਵਾਸੀਆਂ ਵੱਲੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਇਸ ਮੌਕੇ ਸੁਰਜੀਤ ਸਿੰਘ ਦੀ ਪਤਨੀ ਹਰਬੰਸ ਕੌਰ, ਪੁੱਤਰ ਕੁਲਵਿੰਦਰ ਸਿੰਘ ਸਮੇਤ ਧੀਆਂ, ਨੂੰਹਾਂ ਤੇ ਜਵਾਈ ਆਉਣ ਵਾਲਿਆਂ ਦਾ ਮੂੰਹ ਮਿੱਠਾ ਕਰਵਾ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਪਿੰਡ ਮਨਸੂਰਦੇਵਾ ਜੋ ਪਾਕਿਸਤਾਨ ਤੋਂ ਰਿਹਾਅ ਹੋ ਕੇ ਭਾਰਤ ਪੁੱਜਾ ਸੀ, ਨੇ ਹੀ ਉਨ੍ਹਾਂ ਨੂੰ ਸੁਰਜੀਤ ਸਿੰਘ ਦੇ ਜਿੰਦਾ ਹੋਣ ਦੀ ਖ਼ਬਰ ਦਿੱਤੀ ਸੀ ਜਿਸ ਤੋਂ ਉਨ੍ਹਾਂ ਨੂੰ ਆਸ ਬੱਝੀ ਕਿ ਇੱਕ ਦਿਨ ਸੁਰਜੀਤ ਵੀ ਭਾਰਤ ਪਰਤੇਗਾ। ਫ਼ਿਰੋਜ਼ਪੁਰ ਤੋਂ 36 ਕਿਲੋਮੀਟਰ ਦੂਰ ਤਲਵੰਡੀ ਭਾਈ-ਮੁੱਦਕੀ ਸੜਕ ’ਤੇ ਵਸਦੇ ਪਿੰਡ ਫਿੱਡੇ ਦੇ ਵਸਨੀਕ ਸੁਰਜੀਤ ਸਿੰਘ ਦਾ ਜਨਮ ਸਾਲ 1947 ਨੂੰ ਹੋਇਆ। ਸੁਰਜੀਤ ਸਿੰਘ ਵੱਲੋਂ ਵੀ ਆਪਣਾ ਪਿਤਾ ਪੁਰਖੀ ਕਿਤਾ ਖੇਤੀਬਾੜੀ ਅਪਣਾਇਆ ਗਿਆ। ਸੁਰਜੀਤ ਸਿੰਘ ਦਾ ਵਿਆਹ ਹਰਬੰਸ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਦੋ ਲੜਕੇ ਤੇ ਦੋ ਲੜਕੀਆਂ ਨੇ ਜਨਮ ਲਿਆ। ਉਨ੍ਹਾਂ ਦੇ ਵੱਡੇ ਲੜਕੇ ਦੀ ਕਿਸੇ ਬਿਮਾਰੀ ਕਾਰਨ ਛੋਟੇ ਹੁੰਦੇ ਹੀ ਮੌਤ ਹੋ ਗਈ ਸੀ।
ਸੁਰਜੀਤ ਸਿੰਘ ਅਚਾਨਕ ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ। ਸਾਲ 1981 ਵਿੱਚ ਪਾਕਿਸਤਾਨ ਪੁਲੀਸ ਵੱਲੋਂ ਸੁਰਜੀਤ ਨੂੰ ਜਾਸੂਸੀ ਦੇ ਦੋਸ਼ ਵਿੱਚ ਹਿਰਾਸਤ ’ਚ ਲਿਆ ਗਿਆ ਤੇ ਉਸ ਖ਼ਿਲਾਫ਼ ਪਾਕਿਸਤਾਨ ਦੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਵਿੱਚ ਸੁਰਜੀਤ ਸਿੰਘ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿੱਚ ਉਮਰ ਕੈਦ ’ਚ ਤਬਦੀਲ ਕਰ ਦਿੱਤੀ ਗਈ। ਉਸ ਦੀ ਉਮਰ ਕੈਦ ਦੀ ਸਜ਼ਾ ਖਤਮ ਹੋਣ ਤੋਂ ਬਾਅਦ ਵੀ ਉਸ ਨੂੰ ਕਾਫੀ ਲੰਮੇ ਸਮੇਂ ਬਾਅਦ ਅੱਜ ਰਿਹਾਅ ਕੀਤਾ ਗਿਆ ਹੈ।
ਇਸ ਮੌਕੇ ਸੁਰਜੀਤ ਦੀ ਪਤਨੀ ਹਰਬੰਸ ਕੌਰ ਨੇ ਦੱਸਿਆ ਕਿ ਸਾਲ 2005 ਵਿੱਚ ਜ਼ੀਰਾ ਦੇ ਪਿੰਡ ਮਨਸੂਰਦੇਵਾ ਦਾ ਗੁਰਦੀਪ ਸਿੰਘ ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਤੇ ਉਸ ਨੇ ਹੀ ਸੁਰਜੀਤ ਸਿੰਘ ਦੇ ਜਿੰਦਾ ਹੋਣ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਹੱਥ ਸੁਰਜੀਤ ਸਿੰਘ ਵੱਲੋਂ ਇੱਕ ਪੱਤਰ ਭੇਜਿਆ ਗਿਆ ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ ਤੇ ਉਸ ਨੂੰ ਉਮਰ ਕੈਦ ਹੋਈ ਹੈ ਜੋ ਖਤਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਸ ਪੱਤਰ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸੁਰਜੀਤ ਦੀ ਰਿਹਾਈ ਕਰਵਾਉਣ ਦੀ ਅਪੀਲ ਕੀਤੀ ਜਿਸ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪਾਕਿਸਤਾਨ ਵਿੱਚ ਵਕੀਲ ਨਾਲ ਰਾਬਤਾ ਕਾਇਮ ਕਰਕੇ ਉਸ ਦੇ ਮੁਕੱਦਮੇ ਦੀ ਪੈਰਵਾਈ ਕੀਤੀ ਤੇ ਉਸ ਦੀ ਰਿਹਾਈ ਸੰਭਵ ਹੋ ਸਕੀ।
ਪਿੰਡ ਫਿੱਡੇ ਪਹੁੰਚੇ ਸੁਰਜੀਤ ਸਿੰਘ ਦਾ ਸਵਾਗਤ ਕਰਦੀ ਹੋਈ ਉਸਦੀ ਸਾਲੀ |
ਫਿਰੋਜ਼ਪੁਰ ਦੇ ਪਿੰਡ ਫਿੱਡੇ ਵਿੱਚ ਵੀਰਵਾਰ ਨੂੰ ਸਰਜੀਤ ਸਿੰਘ ਦੇ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਪਿੰਡ ਦੇ lok |