ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, June 17, 2012

ਸਿ਼ਵ ਕੁਮਾਰ ਬਟਾਲਵੀ


ਸਿ਼ਵ ਕੁਮਾਰ ਦਾ ਜਨਮ 23 ਜੁਲਾਈ ਸੰਨ 1936 ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਆਵਾਜ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸਿ਼ਵ ਦੀ ਆਵਾਜ ਵਿੱਚ ਵੀ ਸੀ। ਸਿ਼ਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਐਸ ਵੇਲੇ ਇਹ ਪਿੰਡ ਪਾਕਿਸਤਾਨ ਦੇ ਨਾਰੋਵਾਲ ਜਿਲ੍ਹੇ ਵਿੱਚ, ਸਿਆਲਕੋਟ ਤੋਂ 30 ਕਿਲੋਮੀਟਰ ਪੂਰਬ ਵੱਲ ਹੈ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜਿਲ੍ਹੇ ਦਾ ਇੱਕ ਪਿੰਡ ਸੀ।

ਬਦਲੀ ਹੋਣ ਕਰਕੇ, ਪਟਵਾਰੀ ਕ੍ਰਿਸ਼ਨ ਗੋਪਾਲ ਸੰਨ 1946 ਵਿੱਚ ਸਿ਼ਵ ਨੂੰ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਸਨ ਤੇ ਉਹ ਆਪਣੇ ਵੱਡੇ ਭਰਾ ਦਵਾਰਕੇ ਨਾਲ ਬੜਾ ਪਿੰਡ ਲੋਹਤੀਆਂ ਗਿਆ ਹੋਇਆ ਸੀ ਤਾਂ ਦੇਸ਼ ਦੀ ਵੰਡ ਦਾ ਐਲਾਨ ਹੋ ਗਿਆ ਤੇ ਮੁਹੱਲਾ ਦਾਰੁੱਸਲਾਮ (ਬਾਅਦ ਵਿੱਚ ਜਿਸਦਾ ਨਾਂਅ ਪ੍ਰੇਮ ਨਗਰ ਪੈ ਗਿਆ) ਵਿੱਚ ਵੱਸ ਗਿਆ। ਸੰਨ 1953 ਵਿੱਚ ਸਿ਼ਵ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕੀਤੀ। ਜਿੱਥੋਂ ਤੱਕ ਪੜ੍ਹਾਈ ਦਾ ਸਬੰਧ ਹੈ, ਸਿ਼ਵ ਕੁਮਾਰ ਇਹੀ ਇੱਕ ਸਰਟੀਫਿਕੇਟ ਪ੍ਰਾਪਤ ਕਰ ਸਕਿਆ। ਉਸ ਦੇ ਪਿਤਾ ਜੋ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਐਫ.ਐਸ.ਸੀ. ਵਿੱਚ ਦਾਖਲਾ ਲਿਆ ਅਤੇ ਬੋਰਡ ਦੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿੱਤਾ। ਫੇਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿੱਚ ਦਾਖਲ ਹੋਇਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਤੇ ਆਰਟਸ ਵਿਸਿ਼ਆਂ ਨਾਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖਲਾ ਲੈ ਲਿਆ।
ਬੈਜਨਾਥ ਵਿਖੇ ਉਸਨੂੰ ਮੈਨਾ ਨਾਂਅ ਦੀ ਇੱਕ ਕੁੜੀ ਮਿਲੀ ਜੋ ਉਸ ਨੂੰ ਚੰਗੀ ਲੱਗੀ ਪਰ ਕੁਝ ਦੇਰ ਬਾਅਦ ਹੀ ਪਤਾ ਲੱਗਾ ਕਿ ਮੈਨਾ ਦੀ ਟਾਈਫਾਈਡ ਨਾਲ ਮੌਤ ਹੋ ਗਈ ਹੈ। ਪ੍ਰੋ. ਮੋਹਨ ਸਿੰਘ ਵਾਂਗ ਸਿ਼ਵ ਵੀ ਆਪਣੇ ਪਿਆਰੇ ਦੀ ਮੌਤ ਦੇ ਸੋਗ ਅਤੇ ਹਿਜਰ ਦਾ ਸਿ਼ਕਾਰ ਹੋ ਗਿਆ। ਮੋਹਨ ਸਿੰਘ ਤਾਂ ਉਸ ਸੋਗ ‘ਤੇ ਕਾਬੂ ਪਾ ਸਕਿਆ ਸੀ ਪਰ ਸਿ਼ਵ ਦੇ ਦਿਲ ਅੰਦਰ ਇਸ ਮੌਤ ਦਾ ਗ਼ਮ, ਉਹਦੇ ਮਰਦੇ ਦਮ ਤੱਕ ਜਿੰ਼ਦਾ ਰਿਹਾ। ਉਹ ਸੋਗ ਅਤੇ ਵਿਛੋੜਾ ਉਸ ਦੇ ਕਈ ਗੀਤਾਂ ਵਿੱਚ ਝਲਕਦਾ ਹੈ।
ਸਿ਼ਵ ਜਦੋਂ ਕਾਦੀਆਂ ਵਿੱਚ ਸੀ, ਉਦੋਂ ਹੀ ਉਹ ਆਪਣੇ ਜਮਾਤੀਆਂ ਤੇ ਯਾਰਾਂ-ਦੋਸਤਾਂ ਨੂੰ ਗ਼ਜ਼ਲਾਂ ਤੇ ਗਾਣੇ ਸੁਣਾਉਣ ਲੱਗ ਪਿਆ। ਉਹਦੀ ਆਵਾਜ ਵੀ ਸੁਰੀਲੀ ਸੀ ਤੇ ਲਫਜ਼ ਵੀ, ਇਸੇ ਕਰਕੇ ਉਸਦੇ ਕਈ ਪ੍ਰਸੰ਼ਸਕ ਬਣ ਗਏ ਸਨ। ਹੁਣ ਉਸਨੇ ਫਿਲਮੀ ਅਤੇ ਲੋਕ ਗੀਤਾਂ ਦੀ ਬਜਾਏ ਆਪਣੇ ਹੀ ਗੀਤ ਜਾਂ ਕਵਿਤਾ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਛੇਤੀ ਹੀ ਬਟਾਲੇ ਦੇ ਸਾਹਿਬਕ ਖੇਤਰ ਵਿੱਚ ਛਾ ਗਿਆ। ਬਟਾਲੇ ਦੇ ਕੁਝ ਸੀਨੀਅਰ ਲੇਖਕਾਂ ਜਸਵੰਤ ਸਿੰਘ ਰਾਹੀ, ਕਰਤਾਰ ਸਿੰਘ ਬਲੱਗਣ ਅਤੇ ਬਰਕਤ ਰਾਮ ਯਮਨ ਨੇ ਸਿ਼ਵ ਬਟਾਲਵੀ ਨੂੰ ਬਟਾਲੇ ਅਤੇ ਬਟਾਲੇ ਤੋਂ ਬਾਹਰ ਕਈ ਕਵੀ ਦਰਬਾਰਾਂ ਅਤੇ ਮੁਸ਼ਾਇਰਿਆਂ ਵਿੱਚ ਪੇਸ਼ ਕੀਤਾ।

ਮੈਨਾ ਦੀ ਮੌਤ ਤੋਂ ਬਾਅਦ ਸਿ਼ਵ ਦੇ ਦਿਲ ਨੂੰ ਇੱਕ ਹੋਰ ਸੱਟ ਵੱਜੀ। ਉਹ, ਗੁਰਬਖਸ਼ ਪ੍ਰੀਤਲੜੀ ਦੀ ਕੁੜੀ ਵੱਲ ਆਕਰਸਿ਼ਤ ਹੋਇਆ ਤਾਂ ਉਹ ਮੁਲਕ ਛੱਡ ਕੇ ਅਮਰੀਕਾ ਚਲੀ ਗਈ ਤੇ ਉਥੇ ਜਾ ਕੇ ਵਿਆਹ ਕਰਵਾ ਲਿਆ। ਸਿ਼ਵ ਨੇ ‘ਸਿ਼ਕਰਾ’ ਕਵਿਤਾ ਲਿਖੀ ਜੋ ਬਹੁਤ ਹੀ ਪ੍ਰਸਿੱਧ ਹੈ

“ਮਾਏਂ ਨੀ ….. ਮਾਏਂ ਨੀ ….
ਮੈਂ ਇੱਕ ਸਿ਼ਕਰਾ ਯਾਰ ਬਣਾਇਆ
ਇੱਕ ਉਡਾਰੀ ਉਸ ਐਸੀ ਮਾਰੀ
ਉਹ ਫਿਰ ਵਤਨੀਂ ਨਾ ਆਇਆ …।”

ਪੜ੍ਹਾਈ ਕਰਵਾਉਣ ਦੀਆਂ ਸਾਰੀਆਂ ਕੋਸਿ਼ਸ਼ਾਂ ਵਿੱਚ ਨਾਕਾਮ ਰਹਿਣ ਤੋਂ ਬਾਅਦ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤ ਸਿ਼ਵ ਕੁਮਾਰ ਨੂੰ ਬਦੋ-ਬਦੀ ਪਟਵਾਰੀ ਲਵਾ ਦਿੱਤਾ ਪਰ ਇਸ ਕੰਮ ਵਿੱਚ ਉਸਨੇ ਭੋਰਾ ਵੀ ਰੁਚੀ ਨਾ ਦਿਖਾਈ। 1961 ਵਿੱਚ ਉਸਨੇ ਇਸ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ 1966 ਤੱਕ ਬੇਰੁਜਗਾਰ ਹੀ ਰਿਹਾ। ਪਿਤਾ ਕੋਲੋਂ ਕੋਈ ਖਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸਵੇਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ‘ਤੇ ਹੀ ਗੁਜਾਰਾ ਕਰਦਾ ਸੀ। ਸਿ਼ਵ ਦੇ ਆਜਾਦ ਜਿਹੇ ਸੁਭਾਅ ਕਾਰਨ, ਪਿਓ-ਪੁੱਤ ਦੀ ਘੱਟ ਹੀ ਬਣਦੀ ਸੀ। ਕਈ-ਕਈ ਦਿਨ ਉਹ ਘਰੋਂ ਛਲੇ ਜਾਂਦਾ ਤੇ ਦਿਨ ਰਾਤ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖਰ 1966 ਵਿੱਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ।

5 ਫਰਵਰੀ ਸੰਨ 1967 ਨੂੰ ਸਿ਼ਵ ਦਾ ਵਿਆਹ, ਗੁਰਦਾਸਪੁਰ ਜਿਲ੍ਹੇ ਦੇ ਹੀ ਇੱਕ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖੁਸ਼ ਅਤੇ ਹਰ ਪੱਖੋਂ ਠੀਕ ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਅਤੇ ਧੀ ਪੂਜਾ ਨੇ ਜਨਮ ਲਿਆ। ਸਿ਼ਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।

ਚੰਡੀਗੜ੍ਹ ਆ ਕੇ ਵੀ ਸਿ਼ਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਹਫਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ‘ਤੇ ਜਾਂਦਾ ਸੀ।

ਹੁਣ ਤੱਕ ਕਵਿਤਾਵਾਂ ਵਿਚਲੀ ਪੀੜਾ ਤੇ ਦੁੱਖ ਕਦੀ ਉਸਦੇ ਚਿਹਰੇ ‘ਤੇ ਨਹੀਂ ਸੀ ਝਲਕਿਆ। ਆਪਣੇ ਪ੍ਰਸ਼ੰਸਕਾਂ ਤੇ ਦੋਸਤਾਂ ਨਾਲ ਬੈਠਕਾਂ ਦੌਰਾਨ ਉਹ ਇੱਕ ਖੁਸ਼-ਦਿਲ, ਹਾਸੇ-ਠੱਠੇ ਪਰ ਤੇਜ ਦਿਮਾਗ ਵਾਲਾ ਅਤੇ ਬਹੁਤ ਹੀ ਜ਼ਹੀਨ ਵਿਅਕਤੀ ਸੀ। ਆਪਣੇ ਉਦਾਸੀ ਭਰੇ, ਬਿਰਹਾ ਤੇ ਵਿਛੋੜੇ ਦੇ ਗੀਤ ਅਤੇ ਕਵਿਤਾਵਾਂ ਬੋਲਦਿਆਂ ਉਹ ਇੱਕ-ਦਮ ਚੁਟਕਲੇ ਸੁਣਾਉਣ ਲੱਗ ਪੈਂਦਾ ਜਾਂ ਹਲਕੇ-ਫੁਲਕੇ ਵਿਸ਼ੇ ‘ਤੇ ਬੋਲਣ ਲੱਗਦਾ।

1972 ਵਿੱਚ ਸਿ਼ਵ ਬਟਾਲਵੀ ਨੇ ਇੰਗਲੈਂਡ ਦਾ ਦੌਰਾ ਕੀਤਾ। ਪੰਜਾਬੀ ਬਰਾਦਰੀ ਵਿੱਚ ਉਸਦੀ ਸ਼ਾਇਰੀ ਦੀ ਮਸ਼ਹੂਰੀ ਅਤੇ ਸ਼ੋਹਰਤ ਉਸਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਪੁੱਜ ਚੁੱਕੀ ਸੀ। ਉਥੋਂ ਦੇ ਸਥਾਨਕ ਭਾਰਤੀ ਅਖਬਾਰਾਂ ਵਿੱਚ ਸੁਰਖੀਆਂ ਅਤੇ ਫੋਟੋਆਂ ਸਹਿਤ ਸਿ਼ਵ ਦੇ ਆਗਮਨ ਦਾ ਐਲਾਨ ਕੀਤਾ ਗਿਆ।

ਸਿ਼ਵ ਦੇ ਸਨਮਾਨ ਵਿੱਚ ਹੀ ਇੱਕ ਹੋਰ ਵੱਡੀ ਇਕੱਤਰਤਾ ਰੋਚਸਟਰ (ਕੇਂਟ) ਵਿਖੇ ਕੀਤੀ ਗਈ। ਉਥੇ ਪ੍ਰਸਿੱਧ ਚਿੱਤਰਕਾਰ ਸ਼ੋਭਾ ਸਿੰਘ ਵੀ ਹਾਜਰ ਸਨ, ਜੋ ਕਾਫੀ ਦੂਰੋਂ ਆਪਣੇ ਖਰਚੇ ‘ਤੇ ਚੱਲ ਕੇ ਸਿ਼ਵ ਨੂੰ ਮਿਲਣ ਆਏ ਸਨ। ਬਟਾਲਵੀ ਦੇ ਰੁਝੇਵੇਂ ਅਤੇ ਪ੍ਰੋਗਰਾਮ, ਸਥਾਨਕ ਮੀਡੀਆ ਦੁਆਰਾ ਰਿਪੋਰਟ ਕੀਤੇ ਜਾਂਦੇ ਸਨ। ਇੰਗਲੈਂਡ ਵਿੱਚ ਬੀ.ਬੀ.ਸੀ. ਟੈਲੀਵੀਡਨ ਨੇ ਸਿ਼ਵ ਦੀ ਇੰਟਰਵਿਊ ਵੀ ਰਿਕਾਰਡ ਕੀਤੀ। ਸਮਾਗਮਾਂ ਵਿੱਚ ਜਾਂ ਕਿਸੇ ਦੇ ਘਰੇ, ਮਿਲਣ ਆਉਣ ਵਾਲਿਆਂ ਨਾਲ ਵਿਚਾਰ-ਵਟਾਂਦਰੇ ਜਾਂ ਸੇ਼ਅਰੋ-ਸ਼ਾਇਰੀ ਦੌਰਾਨ, ਦੇਰ ਰਾਤ ਜਾਂ ਸਵੇਰੇ ਦੋ-ਢਾਈ ਵਜੇ ਤੱਕ ਸਿ਼ਵ ਜਾਗਦਾ ਰਹਿੰਦਾ ਤੇ ਸ਼ਰਾਬ ਜਿਆਦਾ ਪੀਣ ਲੱਗ ਪਿਆ ਸੀ।

ਸੰਨ 1960 ਤੋਂ 1965 ਦੇ ਦਰਮਿਆਨ ਸਿ਼ਵ ਦੇ ਪੰਜ ਕਾਵਿ ਸੰਗ੍ਰਹਿ ਛਪੇ। ਸਿ਼ਵ ਦੀ ਸ਼ਾਇਰੀ ਵਿੱਚ ਬੜਾ ਪਿੰਡ ਲੋਹਤੀਆਂ, ਜਿੱਥੇ ਅੁਸਦਾ ਬਚਪਨ ਗੁਜਰਿਆ, ਵਿੱਚ ਬਿਤਾਏ ਹੋਏ ਦਿਨਾਂ ਦੀਆਂ ਯਾਦਾਂ, ਮਨ ਮੋਹ ਲੈਣ ਵਾਲੇ ਕੁਦਰਤੀ ਦ੍ਰਿਸ਼ਾਂ ਵਾਲੀ ਸੁੰਦਰਤਾ, ਦੇਸ਼ ਦੀ ਵੰਡ ਵੇਲੇ ਉਸ ਜਗ੍ਹਾ ਦਾ ਵਿਛੋੜਾ ਅਤੇ ਠੁਠ ਪੰਜਾਬੀ ਪੇਂਡੂ ਜੀਵਨ, ਬਿੰਬ ਵਿਧਾਨ ਹਨ। ਸਿ਼ਵ ਦੀ ਸ਼ਾਇਰੀ ਦੇ ਮੁੱਲ ਦਾ ਇੱਥੋਂ ਅੰਦਾਜਾ ਲੱਗ ਸਕਦਾ ਹੈ ਕਿ ਬਹੁਤ ਸਾਰੇ ਨਾਮਵਰ ਭਾਰਤੀ ਅਤੇ ਪਾਕਿਸਤਾਨੀ ਗਾਇਕਾਂ ਨੇ ਉਸਨੂੰ ਗਾਇਆ ਹੈ। ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਸਾਹਿਤ ਅਕੈਡਮੀ ਐਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਹੈ। ਸੰਨ 1965 ਵਿੱਚ ਛਪੇ ਉਸਦੇ ਕਾਵਿ-ਨਾਟਕ ਲੂਣਾ ਲਈ ਉਸਨੂੰ 1967 ਵਿੱਚ ਇਹ ਐਵਾਰਡ ਮਿਲਿਆ। ਥੋੜ੍ਹੀ ਉਮਰ ਵਿੱਚ ਹੀ ਕਵਿਤਾ ਦਾ ਲੰਮਾ ਪੈਂਡਾ ਤਹਿ ਕਰਨ ਵਾਲੇ ਇਸ ਕਵੀ ਦੀਆਂ ਲਿਖਤਾਂ ਵਿੱਚ ਬਿਰਹਾ ਅਤੇ ਅੰਤਰ-ਪੀੜਾ ਪ੍ਰਧਾਨ ਹੈ। ਸਿ਼ਵ ਬਟਾਲਵੀ ਨੇ 1957 ਤੋਂ 60 ਤੱਕ ਲਿਖੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ ‘ਪੀੜਾਂ ਦਾ ਪਰਾਗਾ’ (1960) ਤੋਂ ਲੈ ਕੇ ਤੇ “ਮੈਂ ਤੇ ਮੈਂ’ (1970) ਤੱਕ ਦਾ ਲੰਮਾ ਸਫਰ ਤਹਿ ਕੀਤਾ।

ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ ਲੂਣਾ, ਮੈਂ ਅਤੇ ਮੈਂ, ਆਰਤੀ, ਅਲਵਿਦਾ, ਬਿਰਹਾ ਤੂੰ ਸੁਲਤਾਨ ਆਦਿ ਕਾਵਿ ਸੰਗ੍ਰਹਿ ਛਪੇ ਜੋ ਸਿ਼ਵ ਦੀ ਸ਼ਾਇਰੀ ਨੂੰ ਅਮਰ ਬਣਾਉਂਦੇ ਹਨ। “ਆਟੇ ਦੀਆਂ ਚਿੜੀਆਂ” ਕਾਵਿ ਸੰਗ੍ਰਹਿ ਲਈ ਸਿ਼ਵ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ। ‘ਅਲਵਿਦਾ’ ਤੇ ‘ਬਿਰਹਾ ਤੂੰ ਸੁਲਤਾਨ’ ਕਾਵਿ ਸੰਗ੍ਰਹਿ ਸਿ਼ਵ ਦੀ ਮੌਤ ਤੋਂ ਬਾਅਦ ਛਾਪੇ ਗਏ। ਸਿ਼ਵ ਦੀ ਸ਼ਾਇਰੀ ਅਤੇ ਕਵਿਤਾਵਾਂ ਇੰਨੀਆਂ ਸੁਰੀਲੀਆਂ ਸਨ ਕਿ ਆਮ ਲੋਕਾਂ ਦੀ ਜੁਬਾਨ ‘ਤੇ ਚੜ੍ਹ ਗਈਆਂ। ਉਨ੍ਹਾਂ ਵਿੱਚ ਸਦੀਵੀਂ ਰਸ ਸੀ। ਸਿ਼ਵ ਕੁਮਾਰ ਦੀਆਂ ਚਰਚਿਤ ਹੋਈਆਂ ਕਵਿਤਾਵਾਂ ਵਿੱਚ ਪੀੜਾਂ ਦਾ ਪਰਾਗਾ, ਕੰਡਿਆਲੀ ਥੋਰ, ਤਿਤਲੀਆਂ, ਲਾਜਵੰਤੀ, ਨੂਰਾ ਆਦਿ ਹਨ। ਖੱਬੇ-ਪੱਖੀ ਅਤੇ ‘ਸੁਧਾਰ ਪੱਖੀ’ ਲੇਖਕਾਂ ਦੁਆਰਾ ਕੀਤੀ ਜਾ ਰਹੀ ਬੇਲੋੜੀ ਨੁਕਤਾਚੀਨੀ ਤੋਂ ਸਿ਼ਵ ਬਹੁਤ ਨਿਰਾਸ਼ ਸੀ। ਆਪਣੀ ਸ਼ਾਇਰੀ ਦੀ ਇਸ ਤਰ੍ਹਾਂ ਦੀ ਬੇ-ਇਨਸਾਫੀ ਵਾਲੀ ਨਿੰਦਾ ਤੋਂ ਖਫਾ ਹੋ ਕੇ ਹੁਣ ਉਸ ਨੇ ਖੁੱਲ੍ਹੇਆਮ ਬੋਲਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਵੱਲੋਂ ਉਹਦੀਆਂ ਕਵਿਤਾਵਾਂ ਅਤੇ ਆਸ਼ਾਰਾਂ ਦੀ ਨੁਕਤਾਚੀਨੀ ਨੇ ਉਹਦੇ ਦਿਲੋ-ਦਿਮਾਗ ‘ਤੇ ਬੜਾ ਅਸਰ ਕੀਤਾ।

ਹੁਣ ਸਿ਼ਵ ਦੇ ਵਿਹਾਰ ਅਤੇ ਸੁਭਾਅ ਵਿੱਚ ਕੁੜੱਤਣ ਝਲਕਣ ਲੱਗ ਪਈ ਸੀ। ਉਹਦੀ ਸਿਹਤ ਕੁਝ ਖਰਾਬ ਰਹਿਣ ਲੱਗ ਪਈ। ਸੈਕਟਰ 22 ਦੇ ਇੱਕ ਸਟੋਰ ਵਿੱਚ ਉਸਨੂੰ ਇੱਕ ਦੌਰਾ ਵੀ ਪਿਆ। ਉਹ ਬੜੀਆਂ ਆਸਾਂ ਨਾਲ ਚੰਡੀਗੜ੍ਹ ਆਇਆ ਸੀ ਪਰ ਚਾਰ ਸਾਲ ਇੱਥੇ ਰਹਿਣ ਤੋਂ ਬਾਅਦ ਜਦ ਉਹ ਵਾਪਸ ਗਿਆ ਤਾਂ ਉਹਦੇ ਅੰਦਰ ਬੜੀ ਕੜਵਾਹਟ ਅਤੇ ਨਿਰਾਸ਼ਾ ਸੀ। ਹੁਣ ਤਾਂ ਉਹ ਆਉਣ ਵਾਲੀ ਆਪਣੀ ਮੌਤ ਦੀ ਗੱਲ ਆਮ ਹੀ ਕਰਨ ਲੱਗ ਪਿਆ ਸੀ ਅਤੇ ਬਿਨ੍ਹਾਂ ਨਾਗਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਇੰਗਲੈਂਡ ਤੋਂ ਵਾਪਸ ਆ ਕੇ ਕੁਝ ਮਹੀਨਿਆਂ ਵਿੱਚ ਹੀ ਉਸਦੀ ਸਿਹਤ ਦਿਨੋ-ਦਿਨ ਵਿਗੜਨ ਲੱਗੀ। ਇੰਝ ਲੱਗਦਾ ਸੀ ਕਿ ਹੁਣ ਉਹ ਤੰਦੁਰਸਤ ਨਹੀਂ ਹੋ ਸਕੇਗਾ। ਉਤੋਂ ਉਹਦੀ ਆਰਥਿਕ ਹਾਲਤ ਵੀ ਬਹੁਤ ਪਤਲੀ ਹੋ ਚੁੱਕੀ ਸੀ। ਇਸ ਮਾੜੀ ਹਾਲਤ ਵਿੱਚ ਦੋਸਤ ਮਿੱਤਰ ਵੀ ਸਾਥ ਛੱਡ ਰਹੇ ਸਨ। ਪਰ ਕਿਸੇ ਤਰ੍ਹਾਂ ਕਰਕੇ ਪਤਨੀ ਅਰੁਣਾ ਨੇ ਸਿ਼ਵ ਨੂੰ ਚੰਡੀਗੜ੍ਹ ਦੇ 16 ਸੈਕਟਰ ਵਿਚਲੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿੱਥੇ ਕੁਝ ਦਿਨ ਉਹਦਾ ਇਲਾਜ ਚੱਲਿਆ। ਦੋ ਕੁ ਮਹੀਨੇ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਵੀ.ਜੇ. (ਗੁਰੂ ਤੇਗ ਬਹਾਦਰ) ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਹ ਹਸਪਤਾਲ ਵਿੱਚ ਨਹੀਂ ਸੀ ਮਰਨਾ ਚਾਹੁੰਦਾ। ਇਸੇ ਕਰਕੇ ਉਹ ਡਾਕਟਰਾਂ ਦੀ ਮਰਜੀ ਦੇ ਖਿਲਾਫ ਆਪਣੇ ਪਰਿਵਾਰਕ ਘਰ ਬਟਾਲੇ ਚਲਾ ਗਿਆ। ਉਸ ਤੋਂ ਪਿੱਛੋਂ ਉਸਨੂੰ ਉਹਦੇ ਸਹੁੇਰ ਪਿੰਡ ਕੀੜੀ ਮੰਗਿਆਲ ਲਿਜਾਇਆ ਗਿਆ। ਛੇ ਅਤੇ ਸੱਤ ਮਈ ਦੀ ਵਿਚਕਾਰਲੀ ਇਹ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨ੍ਹੇਰੀ ਰਾਤ ਸੀ ਜਦ 7 ਮਈ 1973 ਦੀ ਕੁੱਕੜ ਬਾਂਗ ਤੋਂ ਪਹਿਲਾਂ ਹੀ ਹਿਜਰ ਦੀ ਪਰਿਕਰਮਾ ਕਰਦਾ ਹੋਇਆ, ਭਰਿਆ-ਭਰਾਇਆ, ਸਿ਼ਵ ਕੁਮਾਰ ਬਟਾਲਵੀ ਜੋਬਨ ਰੁੱਤੇ ਹੀ ਫੁੱਲ ਜਾਂ ਤਾਰਾ ਜਾ ਬਣਿਆ।
ਡਾ. ਮਨਜੀਤ ਸਿੰਘ ਬੱਲ 
http://www.facebook.com/sanumaanpunjabihonda2
http://www.facebook.com/groups/sanumannpunjabihonda/


Post Comment


ਗੁਰਸ਼ਾਮ ਸਿੰਘ ਚੀਮਾਂ