ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, June 20, 2012

ਧਨ - ਦੌਲਤ

ਧਨ ਦੋ ਪ੍ਰਕਾਰ ਦਾ ਹੈ : ਸੰਸਾਰ ਦਾ ਧਨ ਅਤੇ ਪ੍ਰਭੂ - ਪ੍ਰੇਮ, -ਭਗਤੀ ਜਾਂ ਨਾਮ ਉਸ ਵਾਹਿਗੁਰੂ ਦੀ ਕਮਾਈ ਦਾ ਧਨ । ਸੰਸਾਰਿਕ ਧਨ-ਦੌਲਤ ਅਤੇ ਇਸ ਤੋਂ ਮਿਲਣ ਵਾਲੇ ਸੁਖ-ਆਰਾਮ ਬਿਰਛ ਦੀ ਛਾਂ ਸਮਾਨ ਹਨ । ਸੰਸਾਰ ਦੇ ਪਦਾਰਥ ਅਸਥਿਰ, ਅਧੂਰੇ ਅਤੇ ਨਾਸ਼ਵਾਨ ਹਨ । ਇਸ ਲਈ ਇਨ੍ਹਾਂ ਵਿੱਚੋਂ ਮਿਲਣ ਵਾਲਾ ਸੁਖ ਵੀ ਅਸਥਿਰ, ਅਧੂਰਾ ਅਤੇ ਨਾਸ਼ਵਾਨ ਹੈ । ਇਨ੍ਹਾਂ ਵਿੱਚੋਂ ਨਾ ਅੱਜ ਤਕ ਕਿਸੇ ਨੂੰ ਸੱਚਾ ਸੁਖ ਮਿਲਿਆ ਹੈ ਅਤੇ ਨਾ ਮਿਲ ਹੀ ਸਕਦਾ ਹੈ । ਵਾਹਿਗੁਰੂ ਅਤੇ ਉਸ ਦਾ ਨਾਮ ਸੱਚਾ ਅਤੇ ਅਮਰ-ਅਵਿਨਾਸ਼ੀ ਹੈ । ਇਸ ਲਈ ਇਸ ਵਿੱਚੋਂ ਮਿਲਣ ਵਾਲਾ ਸੁਖ ਵੀ ਸੱਚਾ ਅਤੇ ਅਮਰ- ਅਵਿਨਾਸ਼ੀ ਹੈ।
       ਜਿਸ ਦੌਲਤ ਨੂੰ ਇਕੱਠਾ ਕਰਨ ਲਈ ਅਸੀਂ ਸਿਰ-ਧੜ ਦੀ ਬਾਜ਼ੀ ਲਾ ਦਿੰਦੇ ਹਾਂ ਅਤੇ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਅਸੂਲ ਕੁਰਬਾਨ ਕਰ ਦਿੰਦੇ ਹਾਂ, ਉਹ ਆਮ ਤੌਰ ਤੇ ਸਾਨੂੰ ਇੰਦਰੀਆਂ ਦੇ ਭੋਗਾਂ, ਵਿਸ਼ੇ-ਵਿਕਾਰਾਂ ਅਤੇ ਅਨੇਕ ਕਿਸਮ ਦੇ ਕੁਕਰਮਾਂ ਵਿੱਚ ਫਸਾ ਕੇ ਸਾਡੀ ਸਰੀਰਕ , ਮਾਨਸਿਕ ਅਤੇ ਆਤਮਿਕ ਗਿਰਾਵਟ ਦਾ ਕਾਰਨ ਬਣ ਜਾਂਦੀ ਹੈ ਅਤੇ ਸਾਡੇ ਲਈ ਨਰਕਾਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ: 

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।।     - ਆਦਿ ਗ੍ਰੰਥ , ਅੰਗ. ੪੧੭ 

ਆਪ ਸਮਝਾਉਂਦੇ ਹਨ ਕਿ ਦੁਨਿਆਵੀ ਦੌਲਤ ਪਾਪਾਂ ਬਾਝੋਂ ਇਕੱਠੀ ਨਹੀਂ ਹੁੰਦੀ ਅਤੇ ਮੌਤ ਦੇ ਸਮੇਂ ਕਿਸੇ ਦੇ ਨਾਲ ਨਹੀਂ ਜਾਂਦੀ । 
   ਜਿੰਨੇ ਵੱਧ ਭੋਗ,ਉਨੇ ਵੱਧ ਰੋਗ, ਜੀਨੇ ਵੱਧ ਰੋਗ, ਓਨਾ ਵੱਧ ਦੁੱਖ । ਰੂਹਾਨੀ ਤਰੱਕੀ ਵਿੱਚ ਮਦਦ ਦੇਣ ਵਾਲਾ ਰੁੱਖਾ ਟੁਕੜਾ ਠੱਗੀ, ਬੇਈਮਾਨੀ ਨਾਲ ਇਕੱਠੇ ਕੀਤੇ ਧਨ ਵਿੱਚੋਂ ਮਿਲਣ ਵਾਲੇ ਐਸ਼ੋ- ਇਸ਼ਰਤ ਤੋਂ ਲੱਖ ਦਰਜੇ ਚੰਗਾ ਹੈ । 
ਜਦ ਤਕ ਜੀਂਦੇ ਹਾਂ, ਸਰੀਰ ਅਤੇ ਸੰਸਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਧਨ ਦੀ ਲੋੜ ਹੈ ਪਰ ਜੇ ਰੁਪਿਆ- ਪੈਸਾ ਹੀ ਸਾਡਾ ਦੀਨ - ਈਮਾਨ ਬਣ ਜਾਵੇ ਅਤੇ ਅਸੀਂ ਠੀਕ-ਗ਼ਲਤ, ਭਲੇ-ਬੁਰੇ, ਜਾਇਜ਼- ਨਜਾਇਜ਼ ਦੀ ਪਰਵਾਹ ਕੀਤੇ ਬਿਨਾਂ ਝੂਠ,ਅਨਿਆਂ ਅਤੇ ਬੇਈਮਾਨੀ ਦੁਆਰਾ ਦੌਲਤ ਇਕੱਠੀ ਕਰਨ ਵਿਚ ਲੱਗ ਜਾਈਏ ਤਾਂ ਇਹ ਦੀਨ ਅਤੇ ਦੁਨੀਆਂ  ਦੋਹਾਂ ਦੀ ਬਰਬਾਦੀ ਦਾ ਕਾਰਨ ਬਣ ਜਾਂਦੀ ਹੈ । ਮਹਿਮੂਦ ਗਜ਼ਨਵੀ ਨੇ ਭਾਰਤ ਉੱਤੇ ਸਤਾਰਾਂ ਹਮਲੇ ਕੀਤੇ ਅਤੇ ਬੇਸ਼ੁਮਾਰ ਧਨ ਲੁੱਟ ਕੇ ਆਪਣੇ ਦੇਸ਼ ਲੈ ਗਿਆ ਪਰ ਅੰਤ ਸਮੇਂ ਇਕ ਸੂਈ ਵੀ ਉਹਦੇ ਨਾਲ ਨਾ ਗਈ । 
ਸੰਤ ਮਹਾਤਮਾਂ ਸੰਸਾਰਿਕ ਧਨ-ਦੌਲਤ ਦੇ ਵਿਰੋਧੀ ਨਹੀਂ ਹਨ । ਸੰਤ ਕਬੀਰ ਸਾਹਿਬ ਜੀ ਦੀ ਬਾਣੀ ਹੈ: 

ਸਾਈਂ ਇਤਨਾ ਦੀਜੀਏ, ਜਾ ਮੇਂ ਕੁਟੁੰਬ ਸਮਾਏ । 
ਮੈਂ ਭੀ ਭੂਖਾ ਨਾ ਰਹੂੰ, ਸਾਧੂ ਨ ਭੂਖਾ ਜਾਏ ।।              

ਇਸੇ ਤਰ੍ਹਾਂ ਧੰਨਾ ਭਗਤ ਜੀ ਆਪਣੇ ਇਕ ਸ਼ਲੋਕ ਵਿਚ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ ਕਿ ਹੇ ਕੁੱਲ-ਮਾਲਕ! ਤੂੰ ਮੇਰੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਪੂਰੀਆਂ ਕਰ ਦੇ ਤਾਂ ਜੋ ਮੈਂ ਬੇਫ਼ਿਕਰ ਹੋ ਕੇ ਤੇਰੇ ਨਾਮ ਦੀ ਕਮਾਈ ਵੱਲ ਪੂਰਾ ਧਿਆਨ ਦੇ ਸਕਾਂ । ਪਰਮਾਤਮਾ ਦੇ ਭਗਤ ਹੱਕ- ਹਲਾਲ ਦੀ ਕਮਾਈ ਤੋਂ ਕਮਾਇਆ ਹੋਇਆ ਧਨ ਵੀ ਪਰਮਾਰਥੀ ਕਾਰਜਾਂ ਉੱਤੇ ਇਸਤੇਮਾਲ ਕਰਦੇ ਹਨ । 
ਇਨਸਾਨ ਦੀਆਂ ਅਸਲ ਲੋੜਾਂ ਬਹੁਤ ਥੋੜ੍ਹੀਆਂ ਹਨ ਪਰ ਉਹ ਦੁਨਿਆਵੀ ਧਨ-ਦੌਲਤ ਦੀ ਪ੍ਰਾਪਤੀ ਲਈ ਇਸ ਹਦ ਤਕ ਸੰਸਾਰ ਵਿੱਚ ਖੋ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਨੂੰ ਵੀ ਭੁੱਲ ਜਾਂਦਾ ਹੈ । ਇਸ ਤਰ੍ਹਾਂ ਇਹ ਧਨ-ਦੌਲਤ ਵਰਦਾਨ ਸਾਬਤ ਹੋਣ ਦੀ ਥਾਂ ਇਕ ਸਰਾਪ ਬਣ ਜਾਂਦੀ ਹੈ । ਚੱਲਦੇ ਸਮੇਂ ਨਾਲ ਚੱਲਣ ਵਾਲਾ ਇੱਕੋ-ਇੱਕ ਸੱਚਾ ਧਨ ਉਸ ਵਾਹਿਗੁਰੂ ਪ੍ਰਮੇਸ਼ਰ ਦੀ ਭਗਤਿ ਜਾਂ ਨਾਮ ਦੀ ਕਮਾਈ ਹੈ । ਇਸ ਧਨ ਨੂੰ ਨਾ ਚੋਰ ਚੁਰਾ ਸਕਦਾ ਹੈ , ਨਾ ਡਾਕੂ ਲੁੱਟ ਸਕਦਾ ਹੈ ਅਤੇ ਨਾ ਅੱਗ ਸਾੜ ਸਕਦੀ ਹੈ । ਸਗੋਂ ਇਹ ਦੌਲਤ ਸਾਡੇ ਲੋਕ ਅਤੇ ਪਰਲੋਕ ਦੋਹਾਂ ਨੂੰ ਸੱਚੇ ਸੁੱਖ ਅਤੇ ਸੱਚੇ ਅਨੰਦ ਨਾਲ ਭਰਪੂਰ ਕਰਨ ਲਈ ਸੱਚਾ ਸਾਧਨ ਸਿੱਧ ਹੁੰਦੀ ਹੈ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਗੁਰਸ਼ਾਮ ਸਿੰਘ ਚੀਮਾਂ 


Post Comment


ਗੁਰਸ਼ਾਮ ਸਿੰਘ ਚੀਮਾਂ