Hari Singh Nalwa (1791-1837) |
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧਤਾ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ:
1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।
2) ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।
ਜਨਮ
ਇਸ ਮਹਾਨ ਜਰਨੈਲ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਇਹ ਹੋਣਹਾਰ ਬਾਲਕ ਅਜੇ ਸੱਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਇਸ ਕਰਕੇ ਇਸ ਦੇ ਬਚਪਨ ਦੇ ਦਿਨ ਇਸ ਦੇ ਮਾਮੇ ਦੇ ਘਰ ਗੁਜ਼ਰੇ। ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਿਆ। ਪਰਮਾਤਮਾ ਵੱਲੋਂ ਹੀ ਉਨ੍ਹਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਪ੍ਰਵੀਣਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਫ਼ਾਰਸੀ ਅਤੇ ਗੁਰਮੁਖੀ ਦੀ ਲਿਖਤ-ਪੜ੍ਹਤ ਵਿਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ।
ਬਸੰਤੀ ਦਰਬਾਰ ਵਿਚ ਚੋਣ
ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਹ ਮੁਕਾਬਲਾ ਸਾਲ ਵਿਚ ਇਕ ਵਾਰੀ ਹੁੰਦਾ ਸੀ ਤਾਂ ਕਿ ਨੌਜਵਾਨਾਂ ਦੇ ਹੌਸਲੇ ਬੁਲੰਦ ਹੋ ਸਕਣ। ਈਸਵੀ ਸੰਨ 1805 ਵਿਚ ਇਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਾਇਆ ਸੀ। ਇਸ ਵਿਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ।
ਸਰਦਾਰੀ ਦਾ ਸਮਾਂ
ਇਸੇ ਤਰ੍ਹਾਂ 1807 ਈਸਵੀ ਵਿਚ ਕਸੂਰ ਦੀ ਫ਼ਤਹਿ ਸਮੇਂ ਸਰਦਾਰ ਹਰੀ ਸਿੰਘ ਨੇ ਮਹਾਨ ਬੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ। ਮਹਾਰਾਜਾ ਨੇ 1810 ਵਿਚ ਮੁਲਤਾਨ ਉਂਤੇ ਚੜ੍ਹਾਈ ਕਰਨ ਲਈ ਖ਼ਾਲਸਾ ਫੌਜ ਨੂੰ ਹੁਕਮ ਦਿੱਤਾ। ਅੱਗੋਂ ਉਥੋਂ ਦਾ ਨਵਾਬ ਮਜੱਫਰ ਖ਼ਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲ੍ਹੇ ਦੇ ਭਰੋਸੇ ਤੇ ਖ਼ਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰ-ਏ-ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲ੍ਹੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ....
ਮੰਗ ਕੀਤੀ। ਇਸ ਸਮੇਂ ਸ. ਹਰੀ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ। ਇਹ ਮਹਾਨ ਅਤੇ ਭਿਆਨਕ ਕੰਮ ਸ. ਹਰੀ ਸਿੰਘ ਅਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨਿਡਰਤਾ ਤੇ ਦਲੇਰੀ ਨਾਲ ਸਿਰੇ ਚਾੜ੍ਹਿਆ। ਇਸ ਜੰਗ ਵਿਚ ਸ. ਹਰੀ ਸਿੰਘ ਨੇ ਜ਼ਖ਼ਮੀ ਹੁੰਦਿਆਂ ਵੀ ਹੌਸਲਾ ਨਾ ਹਾਰਿਆ।
ਇਸ ਤੋਂ ਛੁੱਟ 1818 ਈਸਵੀ ਵਿਚ ਮੁਲਤਾਨ ਦੀ ਅਖ਼ੀਰਲੀ ਫ਼ਤਹਿ ਅਤੇ ਫਿਰ ਕਸ਼ਮੀਰ ਜਿੱਤਣ ਵਿਚ ਆਪ ਨੇ ਵੱਡੇ ਕਾਰਨਾਮੇ ਕੀਤੇ। ਕਸ਼ਮੀਰ ਦੇ ਵਿਗੜ ਚੁਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਲਈ ਆਪ ਦੀ ਡਿਊਟੀ ਲਾਈ ਗਈ ਸੀ। ਆਪ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਆਪ ਨੇ ਹੀ ਵੱਡੀਆਂ ਘਾਲਾਂ ਘਾਲ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿਚ ਮਿਲਾ ਕੇ ਲਾਹੇਵੰਦ ਸੂਬਾ ਬਣਾ ਲਿਆ। ਆਪ ਦੇ ਰਾਜ ਪ੍ਰਬੰਧ ਤੇ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰ ਖ਼ਾਲਸਾ ਰਾਜ ਵਿਚ ਕੇਵਲ ਆਪ ਜੀ ਨੂੰ ਹੀ ਮਿਲਿਆ।
ਇਕ ਵਾਰੀ ਸ. ਹਰੀ ਸਿੰਘ ਮੁਜੱਫਰਾਬਾਦ ਦੇ ਰਾਹ ਕਸ਼ਮੀਰ ਤੋਂ ਆਉਂਦੇ ਹੋਏ ਮਾਂਗਲੀ ਦੇ ਨੇੜੇ ਪਹੁੰਚੇ। ਉਨ੍ਹਾਂ ਦਾ ਰਾਹ ਮਾਂਗਲੀ ਦੇ ਦਰ੍ਹਾ ਹਜ਼ਾਰੇ ਦੇ ਭਾਰੀ ਲਸ਼ਕਰ ਨੇ ਰੋਕ ਲਿਆ। ਇਹ ਸਰਦਾਰ ਦਾ ਸਾਮਾਨ ਲੁੱਟਣਾ ਚਾਹੁੰਦੇ ਸਨ। ਸਰਦਾਰ ਨੇ ਇਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੇ ਰਾਹ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਦਿਨ ਰੱਬ ਦਾ ਭਾਣਾ ਐਸਾ ਵਰਤਿਆ ਕਿ ਮੀਂਹ ਪੈਣ ਲੱਗ ਪਿਆ। ਜਦ ਮੀਂਹ ਹਟਿਆ ਤਾਂ ਲੋਕਾਂ ਨੇ ਆਪਣੇ ਕੋਠਿਆਂ ਦੀਆਂ ਛੱਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁੱਛਣ ਤੇ ਪਤਾ ਲੱਗਾ ਕਿ ਇਹ ਲੋਕ ਛੱਤਾਂ ਇਸ ਲਈ ਕੁੱਟ ਰਹੇ ਹਨ ਕਿ ਇਥੇ ਦੀ ਮਿੱਟੀ ਨੂੰ ਕੁੱਟਣ-ਮਿੱਟੀ ਆਖਦੇ ਹਨ, ਜੇ ਇਸ ਨੂੰ ਕੁੱਟਿਆ ਨਾ ਜਾਵੇ ਤਾਂ ਠੀਕ ਨਹੀਂ ਬੈਠਦੀ। ਇਧਰ ਸਰਦਾਰ ਨੇ ਵੀ ਭਾਂਪ ਲਿਆ ਕਿ ਇਹ ਲੋਕ ਵੀ ਇਸੇ ਮਿੱਟੀ ਦੇ ਬਣੇ ਹੋਏ ਹਨ, ਕੁੱਟ ਖਾਣ ਤੋਂ ਬਿਨਾਂ ਰਸਤਾ ਨਹੀਂ ਦੇਣਗੇ। ਇਸ ਲਈ ਖ਼ਾਲਸੇ ਨੇ ਚੜ੍ਹਾਈ ਕੀਤੀ ਅਤੇ ਤੀਹ ਹਜ਼ਾਰ ਫੌਜ ਉਤੇ ਕੇਵਲ ਸੱਤ-ਹਜ਼ਾਰ ਸਿੰਘਾਂ ਨੇ ਫ਼ਤਹਿ ਪਾਈ।
ਇਸ ਤੋਂ ਇਲਾਵਾ ਨੁਸ਼ਹਿਰੇ ਤੇ ਜਹਾਂਗੀਰ ਦੀ ਜੰਗ ਵਿਚ ਬੜੀ ਨਿਡਰਤਾ ਤੇ ਜੰਗੀ ਹੁਨਰ ਨਾਲ ਸ. ਹਰੀ ਸਿੰਘ ਨੇ ਫ਼ਤਹਿ ਪਾਈ। ਇਸ ਦੇ ਬਾਰੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ। ਸੰਨ 1834 ਈ. ਵਿਚ ਸ਼ੇਰ-ਏ-ਪੰਜਾਬ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਫੈਸਲਾ ਕੀਤਾ ਕਿ ਪਿਸ਼ਾਵਰ ਤੇ ਸਰਹੱਦੀ ਸੂਬੇ ਜਿੰਨੀ ਦੇਰ ਤਕ ਖ਼ਾਲਸਾ ਰਾਜ ਵਿਚ ਨਹੀਂ ਮਿਲ ਜਾਂਦੇ ਓਨੀ ਦੇਰ ਤਕ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਧਾਵਿਆਂ ਤੋਂ ਛੁਟਕਾਰਾ ਨਹੀਂ ਦਿਵਾਇਆ ਜਾ ਸਕਦਾ। ਭਾਵ ਸੂਬਾ ਪਿਸ਼ਾਵਰ ਨੂੰ ਅਫਗਾਨਿਸਤਾਨ ਨਾਲੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਵੇ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ਤੇ ਹੱਲਾ ਬੋਲਣ ਲਈ ਆਖਿਆ। 27 ਅਪ੍ਰੈਲ ਸੰਨ 1834 ਈ. ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਰਾਹੀਂ ਖ਼ਾਲਸਾ ਫੌਜ ਪਾਰ ਕਰਵਾਈ। ਓਧਰ ਪਿਸ਼ਾਵਰ ਦੇ ਹਾਕਮਾਂ ਨੇ ਵੀ ਤੁਰਤ-ਫੁਰਤ ਖ਼ਾਲਸਾ ਫੌਜ ਨੂੰ ਰੋਕਣ ਲਈ ਚਮਕਨੀ ਦੀ ਹੱਦ ਤੇ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪਿਸ਼ਾਵਰ ਦੇ ਰਾਹ ਨੂੰ ਕਾਬੂ ਵਿਚ ਕਰ ਲਿਆ।
ਜਦੋਂ ਖ਼ਾਲਸਾ ਫੌਜ ਉਨ੍ਹਾਂ ਦੇ ਮੋਰਚਿਆਂ ਤੇ ਪਹੁੰਚਣ ਵਾਲੀ ਸੀ ਤਾਂ ਅੱਗੋਂ ਧੂੰਆਂਧਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ। ਤੋਪਾਂ ਦੀ ਗੋਲਾਬਾਰੀ ਨਾਲ ਆਕਾਸ਼ ਕੰਬ ਉਠਿਆ। ਇਸੇ ਸਮੇਂ ਹਾਜੀ ਖਾਨ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ ਹਸਨਵਾਲੀਏ ਦੀ ਤਲਵਾਰ ਨਾਲ ਸਖ਼ਤ ਫੱਟੜ ਹੋ ਗਿਆ। ਅਫ਼ਗਾਨ ਦਲੇਰੀ ਨਾਲ ਲੜੇ ਪਰ ਖ਼ਾਲਸੇ ਦੇ ਜ਼ੋਰ ਅੱਗੇ ਟਿਕ ਨਾ ਸਕੇ। ਮਈ 1834 ਈਸਵੀ ਨੂੰ ਬਾਅਦ ਦੁਪਹਿਰ ਤਕ ਜਿੱਤ ਦਾ ਬਿਗਲ ਵੱਜ ਚੁਕਾ ਸੀ ਅਤੇ ਪਿਸ਼ਾਵਰ ਉਂਤੇ ਸਿੰਘਾਂ ਦਾ ਅਧਿਕਾਰ ਹੋ ਗਿਆ। ਹੁਣ ਸਾਰਾ ਸਰਹੱਦੀ ਇਲਾਕਾ ਖ਼ਾਲਸੇ ਦੇ ਅਧੀਨ ਹੋ ਗਿਆ ਸੀ। ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੁੜ ਗਿਆ। ਖ਼ਾਲਸੇ ਦੇ ਇਸ ਮਹਾਨ ਕਰਤਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਂ ਦਿੱਤਾ ਹੈ। ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿਚ ਪਿਸ਼ਾਵਰ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ, ਕਿਉਂਕਿ ਉਨ੍ਹਾਂ ਨੇ ਬਾਰਕਜਈਆਂ ਹੱਥੋਂ ਛੁਟਕਾਰਾ ਪਾਇਆ ਸੀ।
ਪਿਸ਼ਾਵਰ ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਉਪਰ ਔਰੰਗਜ਼ੇਬ ਨੇ ਜੋ ਪ੍ਰਤੀ ਸਿਰ ਇਕ ਦੀਨਾਰ (ਚਾਰ ਮਾਸੇ ਦਾ ਸੋਨੇ ਦਾ ਸਿੱਕਾ) ਜਜ਼ੀਆ ਲਾਇਆ ਹੋਇਆ ਸੀ, ਪੂਰੀ ਤਰ੍ਹਾਂ ਹਟਾ ਦਿੱਤਾ। ਇਸ ਤਰ੍ਹਾਂ ਇਸ ਬਿਖੜੇ ਇਲਾਕੇ ਦਾ ਫੌਜੀ ਮੁਲਕੀ ਰਾਜ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਇਸ ਵਧੀਆ ਰਾਜ ਪ੍ਰਬੰਧ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦੇ ਸੂਬੇ ਵਿਚ ਵੀ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ। ਇਹ ਵਡਿਆਈ ਸ. ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਮਿਲੀ।
ਕਿਲਾ ਜਮਰੌਦ
S. Hari Singh Nalwa heads into Jamraud with his victorious army |
ਸਰਦਾਰ ਹਰੀ ਸਿੰਘ ਨੂੰ ਥੋੜ੍ਹੀ ਵਿਹਲ ਮਿਲੀ ਤਾਂ ਪਿਸ਼ਾਵਰ ਤੋਂ ਕਾਬਲ ਦੇ ਰਾਹ ਦੱਰ੍ਹਾ ਖ਼ੈਬਰ ਦੀਆਂ ਪਹਾੜੀਆਂ ਕੋਲ ਜਮਰੌਦ ਨਾਂ ਦੀ ਧਰਤੀ ਤੇ ਮਜ਼ਬੂਤ ਕਿਲ੍ਹਾ ਉਸਾਰਿਆ, ਜਿਸ ਦਾ ਨਾਂ ਫ਼ਤਹਿਗੜ੍ਹ ਰੱਖਿਆ। ਇਸ ਕਿਲ੍ਹੇ ਦੀ ਉਸਾਰੀ ਨਾਲ ਅਫਗਾਨਿਸਤਾਨ ਦੀ ਹਕੂਮਤ ਦਾ ਤਖ਼ਤਾ ਹਿੱਲ ਗਿਆ। ਹੁਣ ਖ਼ਾਲਸੇ ਦਾ ਅਗਲਾ ਕਦਮ ਕਾਬਲ ਨੂੰ ਫ਼ਤਹਿ ਕਰਨ ਦਾ ਸੀ। ਅਫਗਾਨਾਂ ਨੂੰ ਕਿਲ੍ਹੇ ਦੀ ਉਸਾਰੀ ਨਾਲ ਬੜੀ ਘਬਰਾਹਟ ਹੋਣ ਲੱਗੀ। ਇਸ ਘਬਰਾਹਟ ਕਰਕੇ ਹੀ ਉਨ੍ਹਾਂ ਨੇ ਤੀਹ ਹਜ਼ਾਰ ਅਫਗਾਨੀ ਫੌਜ, ਚਾਲੀ ਤੋਪਾਂ ਅਤੇ ਹੋਰ ਫੌਜ ਆਪਣੇ ਜਰਨੈਲ ਮੁਹੰਮਦ ਅਕਬਰ ਖਾਨ ਦੀ ਦੇਖ-ਰੇਖ ਵਿਚ ਇਕੱਤਰ ਕਰ ਕੇ ਕਿਲ੍ਹਾ ਜਮਰੌਦ ਜਿੱਤਣ ਲਈ ਚੜ੍ਹਾਈ ਕਰ ਦਿੱਤੀ। ਇਸ ਤੋਂ ਇਲਾਵਾ ਦੋ ਹਜ਼ਾਰ ਫੌਜ, ਛੇ ਤੋਪਾਂ ਅਤੇ ਦਸ ਹਜ਼ਾਰ ਹਾਜੀ ਖ਼ਾਨ ਕਾਕੜ ਅਤੇ ਸੱਯਦ ਬਾਬਾ ਜਾਨ ਦੀ ਅਗਵਾਈ ਵਿਚ ਕਿਲ੍ਹਾ ਸ਼ੰਕਰਗੜ੍ਹ ਤੇ ਮਿਚਨੀ ਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ।
ਇਧਰ ਸਰਦਾਰ ਹਰੀ ਸਿੰਘ ਨਲਵਾ ਇਨ੍ਹਾਂ ਦਿਨਾਂ ਵਿਚ ਸਖ਼ਤ ਬੀਮਾਰ ਪਿਆ ਸੀ। ਪਿਸ਼ਾਵਰ ਦੀ ਖ਼ਾਲਸਾ ਫੌਜ ਦਾ ਬਹੁਤ ਸਾਰਾ ਹਿੱਸਾ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਤੇ ਲਾਹੌਰ ਗਿਆ ਹੋਇਆ ਸੀ। ਇਸ ਸਮੇਂ ਕਿਲ੍ਹਾ ਜਮਰੌਦ ਵਿਚ ਸਰਦਾਰ ਮਹਾਂ ਸਿੰਘ ਮੀਰਪੁਰੀਏ ਦੇ ਪਾਸ 800 ਪੈਦਲ, 200 ਸਵਾਰ, 80 ਤੋਪਖਾਨੇ ਦੇ ਗੋਲੰਦਾਜ, 10 ਵੱਡੀਆਂ ਤੋਪਾਂ ਅਤੇ 12 ਹਲਕੀਆਂ ਪਹਾੜੀ ਤੋਪਾਂ ਸਨ। ਅਫ਼ਗਾਨੀ ਫੌਜ ਨੇ 21 ਅਪ੍ਰੈਲ 1837 ਦੀ ਸਵੇਰ ਨੂੰ ਕਿਲ੍ਹਾ ਜਮਰੌਦ ਤੇ ਹੱਲਾ ਬੋਲ ਦਿੱਤਾ। ਸਰਦਾਰ ਮਹਾਂ ਸਿੰਘ ਨੇ ਅਫਗਾਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਕਾਫ਼ੀ ਦੇਰ ਤਕ ਰੋਕੀ ਰੱਖਿਆ। ਅਗਲੇ ਪਹੁ-ਫ਼ੁਟਾਲੇ ਦੇ ਨਾਲ ਹੀ ਅਕਬਰ ਖਾਨ ਨੇ ਫਿਰ ਹੱਲਾ ਬੋਲ ਦਿੱਤਾ। ਖ਼ਾਲਸੇ ਨੇ ਸਾਰਾ ਦਿਨ ਅਫ਼ਗਾਨਾਂ ਦੀ ਪੇਸ਼ ਨਾ ਜਾਣ ਦਿੱਤੀ ਪਰ ਗਿਣਤੀ ਜ਼ਿਆਦਾ ਹੋਣ ਕਰਕੇ ਸ਼ਾਮ ਤਕ ਵੈਰੀ ਦੀਆਂ ਭਾਰੀਆਂ ਤੋਪਾਂ ਨੇ ਕਿਲ੍ਹੇ ਦੇ ਦਰਵਾਜ਼ੇ ਦੀ ਲਾਗਲੀ ਬਾਹੀ ਵਿਚ ਕਾਫ਼ੀ ਦਰਾੜ ਪਾ ਦਿੱਤੀ। ਪਰ ਖ਼ਾਲਸੇ ਦੇ ਡਰ ਤੋਂ ਕਿਲ੍ਹੇ ਦੇ ਅੰਦਰ ਵੜਨ ਦਾ ਫਿਰ ਵੀ ਕਿਸੇ ਨੇ ਹੀਆ ਨਾ ਕੀਤਾ। ਅਫ਼ਗਾਨਾਂ ਨੇ ਇਹ ਸਮਝਿਆ ਕਿ ਹੁਣ ਤਾਂ ਸਵੇਰ ਹੁੰਦਿਆਂ ਕਿਲ੍ਹੇ ਤੇ ਕਬਜ਼ਾ ਕਰ ਹੀ ਲਿਆ ਜਾਵੇਗਾ। ਇਸ ਕਰਕੇ ਅਫ਼ਗਾਨ ਖਾਣ-ਪਾਨ ਵਿਚ ਰੁੱਝ ਗਏ।
A rare photograph of the Jamraud Fort near the Khyber Pass |
ਓਧਰ ਸ. ਮਹਾਂ ਸਿੰਘ ਨੇ ਕਿਲ੍ਹੇ ਦੇ ਸਰਦਾਰਾਂ ਨੂੰ ਇਕੱਠਾ ਕਰ ਕੇ ਜੋਸ਼ ਭਰੇ ਰੰਗ ਵਿਚ ਦੋ ਮੰਗਾਂ ਦੀ ਪੇਸ਼ਕਸ਼ ਕੀਤੀ। ਪਹਿਲੀ ਇਹ ਕਿ ਕਿਲ੍ਹੇ ਵਿਚ ਪਈ ਤਰੇੜ ਨੂੰ ਰੇਤ ਨਾਲ ਭਰੀਆਂ ਬੋਰੀਆਂ ਨਾਲ ਪੂਰਿਆ ਜਾਵੇ ਅਤੇ ਦੂਜੀ ਇਹ ਕਿ ਦੋ ਐਸੇ ਕੌਮੀ ਜਜ਼ਬੇ ਵਾਲੇ ਨੌਜਵਾਨ ਨਿਤਰਨ ਜਿਹੜੇ ਰਾਤੋ-ਰਾਤ ਜਾ ਕੇ ਸ. ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਪਹੁੰਚ ਕੇ ਸਾਰਾ ਹਾਲ ਦੱਸ ਦੇਣ। ਪਹਿਲੀ ਮੰਗ ਤੇ ਲਗਭਗ ਇਕ ਸੌ ਨੌਜਵਾਨ ਨਿੱਤਰਿਆ ਅਤੇ ਦੂਜੀ ਮੰਗ ਤੇ ਜਦ ਬੀਬੀ ਹਰਸ਼ਰਨ ਕੌਰ ਨੇ ਪਿਸ਼ਾਵਰ ਜਾਣ ਲਈ ਹਠ ਕੀਤਾ ਤਦ ਇਹ ਕੰਮ ਬੀਬੀ ਨੂੰ ਹੀ ਸੌਂਪਿਆ ਗਿਆ। ਇਧਰ ਨੌਜਵਾਨਾਂ ਨੇ ਦਰਾੜ ਦਾ ਕੰਮ ਪੂਰਾ ਕਰ ਵਿਖਾਇਆ। ਓਧਰ ਸਰਦਾਰ ਨਲਵੇ ਨੂੰ ਜੋ ਚਿੱਠੀ ਭੇਜੀ ਗਈ ਉਸ ਦਾ ਇਕ-ਇਕ ਅੱਖਰ ਕੌਮੀ ਪਿਆਰ ਵਿਚ ਰੰਗਿਆ ਗਿਆ ਸੀ। ਇਹ ਸ਼ਬਦ ਇਸ ਪ੍ਰਕਾਰ ਸਨ-
"ਜੀਅ ਨਹੀਂ ਸੀ ਚਾਹੁੰਦਾ ਕਿ ਆਪ ਜੀ ਨੂੰ ਬੀਮਾਰੀ ਦੀ ਹਾਲਤ ਵਿਚ ਇਸ ਮੁਸ਼ਕਿਲ ਵਿਚ ਆਪਣੇ ਨਾਲ ਰਲਾਇਆ ਜਾਵੇ। ਪਰ ਅਸੀਂ ਇਸ ਗੱਲ ਤੋਂ ਜਾਣੂ ਹਾਂ ਕਿ ਪਿਸ਼ਾਵਰ ਵਿਚ ਫੌਜ ਬਹੁਤ ਘੱਟ ਹੈ। ਲਾਹੌਰ ਤੋਂ ਫੌਜ ਪਹੁੰਚ ਨਹੀਂ ਸਕਦੀ। ਇਸੇ ਲਈ ਕਿਲ੍ਹੇ ਦੇ ਖ਼ਾਲਸੇ ਦੀ ਇੱਛਾ ਹੈ ਕਿ ਆਪ ਜੀ ਨੂੰ ਵਰਤਮਾਨ ਸਮੇਂ ਤੋਂ ਜਾਣੂ ਕਰਵਾਇਆ ਜਾਵੇ। ਫ਼ਤਹਿਗੜ੍ਹ ਦੀ ਬਾਹਰਲੀ ਫਸੀਲ ਦਾ ਕੁਝ ਹਿੱਸਾ ਡਿੱਗ ਗਿਆ ਸੀ ਪਰ ਖ਼ਾਲਸਾ ਇਸ ਵਕਤ ਬੜੀ ਹਿੰਮਤ ਨਾਲ ਰੇਤ ਭਰੀਆਂ ਬੋਰੀਆਂ ਨਾਲ ਦਰਾੜ ਨੂੰ ਪੂਰ ਰਿਹਾ ਹੈ। ਆਸ ਹੈ ਕਿ ਰਾਤੋ-ਰਾਤ ਠੀਕ ਕਰ ਲਿਆ ਜਾਵੇਗਾ। ਅੱਜ ਉਸ ਸਮੇਂ ਸਤਿਗੁਰੂ ਨੇ ਖ਼ਾਲਸੇ ਦੀ ਪੈਜ ਰੱਖ ਲਈ ਕਿ ਵੈਰੀ ਫਸੀਲ ਦੇ ਡਿੱਗਦਿਆਂ ਸਾਰ ਹੀ ਕਿਲ੍ਹੇ ਤੇ ਧਾਵਾ ਕਰਨ ਦਾ ਹੀਆ ਨਾ ਕਰ ਸਕੇ। ਨਹੀਂ ਤਾਂ ਇਹ ਅੰਤਿਮ ਸੰਦੇਸ਼ ਆਪ ਜੀ ਦੀ ਸੇਵਾ ਵਿਚ ਭੇਟਾ ਨਾ ਹੋ ਸਕਦਾ। ਪ੍ਰਤੀਤ ਹੋ ਰਿਹਾ ਹੈ ਕਿ ਸਵੇਰ ਸਾਰ ਅਫਗਾਨਾਂ ਨੇ ਕਿਲ੍ਹੇ ਤੇ ਹਮਲਾ ਕਰਨਾ ਹੈ। ਆਪ ਜੀ ਦਾ ਪਿਆਰਾ ਫਤਹਿਗੜ੍ਹ ਧਰਤੀ ਨਾਲ ਮਿਲਾ ਦਿੱਤਾ ਜਾਵੇਗਾ। ਪਰ ਆਪ ਇਹ ਗੱਲ ਸੁਣ ਕੇ ਪ੍ਰਸੰਨ ਵੀ ਹੋਵੋਗੇ ਕਿ ਆਪ ਨੇ ਜਿਨ੍ਹਾਂ ਜਵਾਨਾਂ ਉਂਪਰ ਭਰੋਸਾ ਕਰ ਕੇ ਇਸ ਕਿਲ੍ਹੇ ਦੀ ਇੱਜ਼ਤ ਉਨ੍ਹਾਂ ਦੇ ਹੱਥ ਸੌਂਪੀ ਸੀ, ਉਨ੍ਹਾਂ ਵਿਚੋਂ ਇਕ ਵੀ ਐਸਾ ਨਹੀਂ ਜਿਸ ਨੇ ਕੌਮ ਦੀ ਇੱਜ਼ਤ ਦੇ ਟਾਕਰੇ ਲਈ ਆਪਣੀ ਜਾਨ ਨੂੰ ਵਧੇਰੇ ਪਿਆਰਾ ਸਮਝਿਆ ਹੋਵੇ। ਇਸ ਸਮੇਂ ਫੱਟੜਾਂ ਅਤੇ ਬੀਮਾਰਾਂ ਤੋਂ ਛੁੱਟ ਸੱਤ ਸੌ ਦੇ ਕਰੀਬ ਖ਼ਾਲਸਾ ਫੌਜ ਮੌਜੂਦ ਹੈ। ਇਨ੍ਹਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪ੍ਰਣ ਕੀਤਾ ਹੈ ਕਿ "ਜਦ ਤਕ ਸਾਡੀਆਂ ਰਗਾਂ ਵਿਚ ਲਹੂ ਦਾ ਛੇਕੜਲਾ ਤੁਬਕਾ ਬਾਕੀ ਹੈ, ਖ਼ਾਲਸਾਈ ਝੰਡੇ ਦੀ ਕੋਈ ਵੀ ਬੇਅਦਬੀ ਨਹੀਂ ਕਰ ਸਕੇਗਾ।" ਇਸ ਤੋਂ ਪਿੱਛੋਂ ਸ਼ਾਇਦ ਸਾਡੇ ਵੱਲੋਂ ਆਪ ਜੀ ਨੂੰ ਕੋਈ ਖ਼ਤ ਨਹੀਂ ਪਹੁੰਚ ਸਕੇਗਾ। ਹੁਣ ਕਿਲ੍ਹੇ ਦੇ ਸਰਬੱਤ ਖ਼ਾਲਸੇ ਵੱਲੋਂ ਸਤਿਕਾਰ ਭਰੇ ਦਿਲ ਨਾਲ ਅੰਤਿਮ "ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥" ਪ੍ਰਵਾਨ ਹੋਵੇ।
Sardar Hari Singh Nalua at Jamraud |
17 ਵਿਸਾਖ ਆਪ ਜੀ ਦਾ ਨਿਵਾਜਿਆ
1894 ਬਿ: ਮਹਾਂ ਸਿੰਘ ਅਤੇ ਫ਼ਤਹਿਗੜ੍ਹ ਦਾ ਸਰਬੱਤ ਖ਼ਾਲਸਾ
ਇਹ ਖ਼ਤ 30 ਅਪ੍ਰੈਲ ਨੂੰ ਅਜੇ ਕੁਝ ਰਾਤ ਬਾਕੀ ਸੀ ਕਿ ਸ. ਹਰੀ ਸਿੰਘ ਨਲਵੇ ਤਕ ਪਹੁੰਚਾ ਦਿੱਤਾ ਗਿਆ। ਖ਼ਤ ਪੜ੍ਹਦਿਆਂ ਹੀ ਸ. ਹਰੀ ਸਿੰਘ ਦੇ ਦਿਲ ਵਿਚ ਦੇਸ਼ ਪਿਆਰ ਦੀ ਜਵਾਲਾ ਭੜਕ ਉਂਠੀ। ਉਹ ਜਲਦੀ ਨਾਲ ਉਂਠੇ ਅਤੇ ਖ਼ਤ ਨੂੰ ਦੁਬਾਰਾ ਗਹੁ ਨਾਲ ਪੜ੍ਹਿਆ। ਹੁਣ ਉਨ੍ਹਾਂ ਦੇ ਸਾਹਮਣੇ ਦੋ ਰਸਤੇ ਸਨ, ਇਕ ਬੀਮਾਰੀ ਤੋਂ ਆਪਣੇ ਸਰੀਰ ਦੀ ਰੱਖਿਆ ਅਤੇ ਦੂਜਾ, ਖ਼ਾਲਸਾ ਰਾਜ ਦੀ ਸ਼ਾਨ ਨੂੰ ਬਚਾਉਣਾ। ਉਨ੍ਹਾਂ ਨੇ ਖ਼ਾਲਸਾ ਰਾਜ ਲਈ ਕੁਰਬਾਨੀ ਨੂੰ ਜ਼ਿਆਦਾ ਜ਼ਰੂਰੀ ਸਮਝਿਆ। ਉਨ੍ਹਾਂ ਨੇ ਉਸੇ ਵੇਲੇ ਪਿਸ਼ਾਵਰ ਵਿਚ ਬਾਕੀ ਰਹੀ ਫੌਜ ਨੂੰ ਤਿਆਰ ਕਰਕੇ ਜਮਰੌਦੀ ਰਣ-ਭੂਮੀ ਵੱਲ ਕੂਚ ਕਰ ਦਿੱਤਾ। ਤੁਰਨ ਤੋਂ ਪਹਿਲਾਂ ਸਰਦਾਰ ਨੇ ਸ. ਮਹਾਂ ਸਿੰਘ ਦਾ ਅਸਲ ਖ਼ਤ ਅਤੇ ਆਪਣਾ ਪੱਤਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ ਤੇਜ਼ ਰਫਤਾਰ ਸਾਂਢਨੀ ਸਵਾਰ ਦੇ ਹੱਥ ਭੇਜ ਦਿੱਤਾ, ਜਿਸ ਵਿਚ ਛੇਤੀ ਤੋਂ ਛੇਤੀ ਖ਼ਾਲਸਾ ਫੌਜ ਭੇਜਣ ਦੀ ਮੰਗ ਕੀਤੀ।
ਹੁਣ ਛੇ ਹਜ਼ਾਰ ਪੈਦਲ, ਇੱਕ ਹਜ਼ਾਰ ਸਵਾਰ, 18 ਤੋਪਾਂ ਅਤੇ ਕੁਝ ਖੁੱਲ੍ਹੇ ਸਵਾਰ ਲੈ ਕੇ ਸਰਦਾਰ ਹਰੀ ਸਿੰਘ ਨੇ 30 ਅਪ੍ਰੈਲ ਨੂੰ ਜਮਰੌਦ ਦੇ ਜੰਗੀ ਮੈਦਾਨ ਵਿਚ ਪਹੁੰਚ ਕੇ ਅਫ਼ਗਾਨਾਂ ਉਂਪਰ ਹਮਲਾ ਕਰ ਦਿੱਤਾ। ਅਫ਼ਗਾਨ ਇਸ ਗੱਲ ਤੋਂ ਅਵੇਸਲੇ ਸਨ ਕਿ ਇਸ ਹਮਲੇ ਵਿਚ ਨਲਵਾ ਵੀ ਹੈ। ਪਹਿਲਾਂ ਤਾਂ ਉਹ ਇਸ ਹਮਲੇ ਨੂੰ ਜੋਸ਼ ਨਾਲ ਰੋਕਦੇ ਰਹੇ। ਪਰ ਜਦੋਂ ਸ. ਹਰੀ ਸਿੰਘ ਨਲਵੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੌਸਲੇ ਟੁੱਟ ਗਏ। ਅਫਗਾਨਾਂ ਨੂੰ ਭਾਜੜ ਪੈ ਗਈ। ਹਰੇਕ ਅਫਗਾਨ ਨੇ ਇਕ ਦੂਜੇ ਤੋਂ ਅੱਗੇ ਨਿਕਲ ਕੇ ਦੱਰ੍ਹਾ ਖੈਬਰ ਵਿਚ ਲੁਕ ਜਾਣ ਵਿਚ ਹੀ ਸਮਝਦਾਰੀ ਸਮਝੀ। ਇਸ ਤਰ੍ਹਾਂ ਅਫ਼ਗਾਨਾਂ ਪਾਸੋਂ ਸ. ਹਰੀ ਸਿੰਘ ਨਲਵੇ ਨੇ 14 ਤੋਪਾਂ ਵੀ ਖੋਹ ਲਈਆਂ, ਜਿਨ੍ਹਾਂ ਵਿਚ ਤੋਪ ਕੋਹ ਸ਼ਕਨ ਵੀ ਸੀ ਜਿਸ ਨੂੰ ਪਹਾੜ ਤੋੜ ਤੋਪ ਵੀ ਕਿਹਾ ਜਾਂਦਾ ਸੀ। ਜਦੋਂ ਸਾਰੇ ਅਫਗਾਨ ਦੌੜ ਕੇ ਛਿਪ ਗਏ ਤਾਂ ਸ. ਹਰੀ ਸਿੰਘ ਨਲਵੇ ਨੇ ਸੋਚਿਆ ਕਿ ਹੁਣ ਖ਼ਾਲਸਾ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ਵਿਚ ਲਿਜਾ ਕੇ ਆਰਾਮ ਦਿਵਾਇਆ ਜਾਏ। ਪਰ ਸ. ਨਿਧਾਨ ਸਿੰਘ ਪੰਜ ਹੱਥਾ, ਜਿੱਤ ਦੇ ਜੋਸ਼ ਵਿਚ ਵੈਰੀਆਂ ਦੇ ਸਿਰ ਹੋਇਆ ਦੱਰ੍ਹੇ ਦੇ ਅੰਦਰ ਚਲਾ ਗਿਆ। ਜਦੋਂ ਸ. ਹਰੀ ਸਿੰਘ ਨੇ ਸ. ਨਿਧਾਨ ਸਿੰਘ ਨੂੰ ਗੁਫ਼ਾ ਦੇ ਅੰਦਰ ਜਾਂਦੇ ਵੇਖਿਆ ਤਾਂ ਝੱਟ ਉਸ ਨੂੰ ਬੁਲਾਉਣ ਲਈ ਗੁਫ਼ਾ ਵੱਲ ਵਧਿਆ। ਲਾਲ ਚਟਾਨ ਦੇ ਅੰਦਰ ਛੁਪੇ ਹੋਏ ਅਫਗਾਨਾਂ ਨੇ ਤਾੜ ਰੱਖੀ ਕਿ ਜਿਉਂ ਹੀ ਕੋਈ ਅੰਦਰ ਦਾਖਲ ਹੋਏ ਤਾਂ ਦਬੋਚ ਲਿਆ ਜਾਵੇ। ਸ. ਹਰੀ ਸਿੰਘ ਨਲਵੇ ਦਾ ਬਾਡੀਗਾਰਡ ਸਰਦਾਰ ਅਜਾਇਬ ਸਿੰਘ ਗੁਫ਼ਾ ਵੱਲ ਵਧਿਆ ਤਾਂ ਗੁਫ਼ਾ ਵਿਚ ਛੁਪੇ ਅਫਗਾਨ ਨੇ ਅਜਾਇਬ ਸਿੰਘ ਦੇ ਗੋਲੀ ਮਾਰੀ। ਬਾਡੀਗਾਰਡ ਉਥੇ ਹੀ ਢੇਰੀ ਹੋ ਗਿਆ। ਇਸੇ ਸਮੇਂ ਸ. ਹਰੀ ਸਿੰਘ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਗੁਫ਼ਾ ਵਿਚੋਂ ਹੋਰ ਗੋਲੀਆਂ ਚੱਲੀਆਂ ਜਿਸ ਵਿਚੋਂ ਦੋ ਗੋਲੀਆਂ ਨਲਵੇ ਦੇ ਲੱਗੀਆਂ। ਇੰਨੇ ਨੂੰ ਬਾਕੀ ਸਵਾਰ ਵੀ ਉਥੇ ਪਹੁੰਚੇ ਅਤੇ ਵੈਰੀਆਂ ਨੂੰ ਚੁਣ-ਚੁਣ ਮਾਰਿਆ ਪਰ ਜਿਹੜਾ ਭਾਣਾ ਵਰਤਣਾ ਸੀ, ਵਰਤ ਚੁਕਾ ਸੀ।
ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਣ ਦੇ ਬਾਵਜੂਦ ਬੜੇ ਹੌਸਲੇ ਨਾਲ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਮੋੜ ਲਈਆਂ ਅਤੇ ਸਿੱਧੇ ਕਿਲ੍ਹੇ ਵਿਚ ਪਹੁੰਚ ਗਏ। ਸਰਦਾਰ ਮਹਾਂ ਸਿੰਘ ਨੇ ਧਿਆਨ ਪੂਰਬਕ ਨਲਵੇ ਨੂੰ ਘੋੜੇ ਤੋਂ ਉਤਾਰਿਆ। ਫੱਟਾਂ ਵਿਚੋਂ ਲਹੂ ਦੇ ਫੁਹਾਰੇ ਚੱਲਦੇ ਵੇਖ ਕੇ ਸ. ਮਹਾਂ ਸਿੰਘ ਦੇ ਹੱਥਾਂ ਦੇ ਤੋਤੇ ਉਂਡ ਗਏ। ਪਰ ਹੌਸਲਾ ਨਾ ਛੱਡਦੇ ਹੋਏ, ਬੜੇ ਚਤੁਰ ਫੱਟ-ਬੰਨ੍ਹ ਕੋਲੋਂ ਫੱਟ ਸਾਫ਼ ਕਰਵਾ ਕੇ ਬੰਨ੍ਹਾ ਦਿੱਤੇ। ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ, ਇਨ੍ਹਾਂ ਕਾਲੇ ਪਰਬਤਾਂ ਵਿਚ ਖ਼ਾਲਸਾਈ ਝੰਡੇ ਦੀ ਇੱਜ਼ਤ-ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤਕ ਡਟੇ ਰਹਿਣ ਦੀ ਪ੍ਰੇਰਨਾ ਕੀਤੀ। ਇਹ ਵੀ ਆਖਿਆ ਕਿ ਮੇਰੀ ਮੌਤ ਦੀ ਖ਼ਬਰ ਗੁਪਤ ਰੱਖਣੀ, ਇਸ ਨਾਲ ਖ਼ਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ। ਅੱਗੇ ਹੋਰ ਵੀ ਕਈ ਕੁਝ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ ਅਤੇ ਭੌਰ ਉਡਾਰੀ ਮਾਰ ਗਿਆ। ਇਹ ਸਮਾਂ 30 ਅਪ੍ਰੈਲ 1837 ਦੀ ਰਾਤ ਦਾ ਸੀ। ਸ. ਮਹਾਂ ਸਿੰਘ ਨੇ ਸਰਦਾਰ ਨਲਵਾ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ।