ਘੜਾ |
ਕਿਸ ਤੱਤੀ ਨੇ ਜੁਲਮ ਕਮਾਇਆ
ਪੱਕਾ ਚੁੱਕ ਕੇ ਕੱਚਾ ਰਖਾਇਆ
ਸੋਹਣੀ ਕੱਚੇ ਘੜੇ ਉੱਤੇ ਜਾਵੇ
ਰੱਬਾ ਵੇ ਮਹਿਵਾਲ ਮਿਲਾ
ਘੜਾ ਸੋਹਣੀ ਮਹੀਵਾਲ ਦੇ ਵਸਲ ਅਤੇ ਵਿਛੋੜੇ ਦਾ ਖਾਮੋਸ਼ ਗਵਾਹ ਹੈ, ਸੋਹਣੀ ਦਾ ਜਿਸਮ ਇਸੇ ਘੜੇ ਨੇ ਆਪਣੇ ਵਾਂਗ ਪਾਣੀ ਵਿੱਚ ਵਹਿੰਦਾ ਦੇਖਿਆ। ਸੋਹਣੀ ਨੇ ਚਨਾਬ ਵਿੱਚ ਡੁੱਬਦੇ ਸਮੇਂ ਘੜੇ ਨਾਲ ਕਿੰਨਾ ਭਾਵਪੂਰਤ ਤੇ ਜਜ਼ਬਾਤੀ ਸੰਵਾਦ ਰਚਾਇਆ :
ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ
ਇਸ ਦੇ ਨਾਲ-ਨਾਲ ਪੰਜਾਬੀ ਲੋਕ ਜੀਵਨ ਅਤੇ ਲੋਕ ਸਾਹਿਤ ਦਾ ਮਹੱਤਵਪੂਰਨ ਹਿੱਸਾ ਘੜਾ ਬਣਿਆ ਹੈ। ਇਸ ਨੂੰ ਸਿਰਫ ਮੁਟਿਆਰਾਂ ਦੇ ਹੱਥਾਂ, ਸਿਰਾਂ ਦਾ ਸਿੰਗਾਰ ਬਣਨ ਦਾ ਹੀ ਮਾਣ ਨਹੀਂ ਬਲਕਿ ਮੁਟਿਆਰਾਂ ਦੀਆਂ ਸੱਧਰਾਂ, ਇੱਛਾਵਾਂ, ਜਜ਼ਬਾਤ ਸੁਣਨ, ਸਮਝਣ ਦਾ ਵੀ ਮਾਣ ਹਾਸਲ ਹੈ। ਪੁਰਾਤਨ ਪੰਜਾਬ ਦੀ ਇੱਕ ਮਹੱਤਵਪੂਰਨ ਝਾਕੀ ਖੂਹ ਨੂੰ ਜਾਂਦੀਆਂ ਲੰਮ-ਸਲੰਮੀਆਂ ਔਰਤਾਂ ਸਨ ਜਿਹੜੀਆਂ ਡੰਡੀ-ਡੰਡੀ ਚੱਲਦੀਆਂ, ਹਾਸੇ-ਮਖੌਲ ਕਰਦੀਆਂ ਪਰ ਪੂਰਾ ਧਿਆਨ ਸਿਰ ‘ਤੇ ਟਿਕਾਏ ਘੜੇ ਉੱਪਰ ਕੇਂਦਰਿਤ ਰੱਖਦੀਆਂ ਸਨ। ਆਉਂਦੇ-ਜਾਂਦੇ ਮੁਸਾਫਰਾਂ ਨੂੰ ਪਾਣੀ ਪਿਲਾਉਣ ਦਾ ਪੁੰਨ ਇਸੇ ਘੜੇ ਸਦਕਾ ਸਿਰੇ ਚੜ੍ਹਾਇਆ ਜਾਂਦਾ ਰਿਹਾ। ਕੀਮਾ-ਮਲਕੀ ਦੀ ਪੂਰੀ ਪ੍ਰੀਤ ਕਹਾਣੀ ਦਾ ਕੇਂਦਰ ਖੂਹ ‘ਤੇ ਮਲਕੀ ਵੱਲੋਂ ਕੀਮਾ ਨੂੰ ਪਾਣੀ ਪਿਲਾਉਣਾ ਹੈ। ਕਹਿਣ ਦਾ ਅਰਥ ਘੜਾ ਦਿਲਾਂ ਦੀਆਂ ਤਾਰਾਂ ਜੋੜਨ ਦਾ ਵਸੀਲਾ ਅਤੇ ਪੰਜਾਬੀ ਜਨਜੀਵਨ ਦੀ ਸਾਂਝੀ ਵਿਰਾਸਤ ਦਾ ਚਿੰਨ੍ਹ ਰਿਹਾ ਹੈ। ਲੋਕ ਕਾਵਿ ਦੇ ਵੱਖ-ਵੱਖ ਰੂਪ ਘੜੇ ਦੀ ਵਿਆਖਿਆ ਕਿਤੇ ਸਾਧਾਰਨ ਪੱਧਰ ‘ਤੇ ਕਿਤੇ ਡੂੰਘਾਈ ਵਾਲੇ ਭਾਵ ਪੇਸ਼ ਕਰਦਿਆਂ ਕਰਦੇ ਰਹੇ ਹਨ। ਲੋਕ ਗੀਤਾਂ ਵਿੱਚ ਘੜੇ ਦੀ ਗੂੰਜ ਹੈ :
ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ
ਪੰਜਾਬ ਦੇ ਪੁਰਾਤਨ ਰੀਤੀ-ਰਿਵਾਜ਼ ਨਿਭਾਉਂਦਿਆਂ ਪੇਂਡੂ ਔਰਤਾਂ ਘੜੇ ਦੀ ਵੱਖਰੇ-ਵੱਖਰੇ ਨਜ਼ਰੀਏ ਤੋਂ ਵਰਤੋਂ ਕਰਦੀਆਂ ਰਹੀਆਂ ਹਨ। ਜੇਕਰ ਇੰਝ ਆਖ ਦੇਈਏ ਕਿ ਪੰਜਾਬੀ ਬੱਚੇ ਦੇ ਜਨਮ ਤੋਂ ਮੌਤ ਤੱਕ ਘੜੇ ਦਾ ਸਾਥ ਰਹਿੰਦਾ ਹੈ ਤਾਂ ਇਹ ਸੌਲ੍ਹਾਂ ਆਨੇ ਸੱਚ ਹੈ। ਬੱਚੇ ਦੇ ਜਨਮ ਸਮੇਂ ਗਰਭਵਤੀ ਔਰਤ ਦੇ ਮੰਜੇ ਕੋਲ ਕੁੰਭ ਧਰਿਆ ਜਾਂਦਾ ਹੈ ਜਿਸ ਦਾ ਮਨੋਰਥ ਕਿਸੇ ਇਲ-ਬਲਾਅ ਤੋਂ ਬਚਾਅ ਕਰਨਾ ਹੁੰਦਾ ਹੈ, ਆਪਣੇ ਜੀਵਨ ਦੌਰਾਨ ਮੁਟਿਆਰ ਦਾ ਹੱਥ ਘੜੇ ਦੇ ਗਲਮੇ ਨੂੰ ਅਣਗਿਣਤ ਵਾਰ ਪੈਂਦਾ ਹੈ, ਕਿਸੇ ਪ੍ਰਾਣੀ ਦੀ ਮੌਤ ਸਮੇਂ ਘੜੇ ਵਿੱਚ ਪਾਣੀ ਪਾ, ਅਰਥੀ ਨਾਲ ਸਿਵਿਆਂ ਵੱਲ ਜਾਂਦਿਆਂ, ਰਸਤੇ ਵਿੱਚ ਘੜਾ ਭੰਨਿਆ ਜਾਂਦਾ ਹੈ, ਕਾਨ੍ਹੀ ਬਦਲੇ ਜਾਂਦੇ।
ਘੜੇ ਦੀ ਜਨਮ ਗਾਥਾ ਘੁਮਿਆਰ ਦੇ ਹੱਥੀਂ ਪ੍ਰਵਾਨ ਚੜ੍ਹਦੀ ਹੈ। ਮਨੁੱਖੀ ਜਿੰਦਗੀ ਦੀ ਤੁਲਨਾ ਘੜੇ ਨਾਲ ਕਰਦਿਆਂ ਭਗਤੀ ਕਾਲ ਦੇ ਕਵੀਆਂ ਨੇ ਅਤਿਅੰਤ ਰਸੀਲੇ ਸ਼ਬਦ ਦ੍ਰਿਸ਼ ਸਿਰਜੇ ਹਨ। ਘੁਮਿਆਰ ਦਾ ਪ੍ਰਤੀਕ ਪ੍ਰਮਾਤਮਾ ਵਰਤਿਆ ਜਿਸ ਦੇ ਹੱਥੋਂ ਰੰਗ-ਬਰੰਗੇ ਘੜੇ, ਘਰੋਟੀਆਂ, ਕੁੱਜੇ-ਕੁੱਜੀਆਂ ਸਿਰਜੇ ਜਾਂਦੇ। ਇਨ੍ਹਾਂ ਅੰਦਰ ਸਾਹ-ਰੂਪੀ ਪਾਣੀ ਭਰਿਆ ਜਾਂਦਾ। ਕਿਸੇ ਘੜੇ ਦਾ ਅਚਨਚੇਤ ਅੰਤ ਹੋ ਜਾਂਦਾ, ਕਿਸੇ ਦੀ ਤਰੇੜ ਵਿੱਚੋਂ ਹੌਲੀ-ਹੌਲੀ ਪਾਣੀ ਨਿਕਲਦਾ।
ਪੰਜਾਬੀ ਲੋਕ ਗੀਤਾਂ ਦੇ ਕਈ ਅੰਤਰੇ ਘੜਿਆਂ ਦੇ ਜਿਕਰ ਛੇੜਦੇ ਮੁਟਿਆਰਾਂ ਦੀਆਂ ਦਿਲੀ ਸੱਧਰਾਂ ਨੂੰ ਦ੍ਰਿਸ਼ਟੀਮਾਨ ਕਰਦੇ ਹਨ, ਕਈ ਲੋਕ ਬੋਲੀਆਂ ਵਿੱਚ ਮੁਟਿਆਰ ਦੀਆਂ ਚੂੜੀਆਂ ਦੀ ਗੂੰਜ, ਪਤਲਾ ਲੱਕ, ਪਾਣੀ ਦਾ ਛਲਕਣਾ, ਖੂਹ ਦੀ ਲੱਜ, ਡੋਲ, ਘਿਰਨੀ ਦਾ ਸਬੰਧ ਘੜੇ ਨਾਲ ਜੁੜਦਾ ਬੜੇ ਸੁੰਦਰ ਦ੍ਰਿਸ਼ ਚਿੱਤਰਦਾ ਹੈ :
ਲੱਛੀ ਕੁੜੀ ਮਹਿਰਿਆਂ ਦੀ
ਘੜਾ ਚੁੱਕਦੀ ਨਾਗ ਵਲ਼ ਪਾ ਕੇ
ਪੰਜਾਬੀ ਮੁਟਿਆਰ ਆਪਣੇ ਕੰਤ ਦੇ ਵਿਛੋੜੇ ਵਿੱਚ ਘੜੇ ਨਾਲ ਸੰਵਾਦ ਰਚਾਉਂਦੀ, ਦੁੱਖਾਂ-ਗਮਾਂ ਨੂੰ ਸਾਂਝੇ ਕਰਦੀ ਹੈ। ਕਈ ਲੋਕ ਟੱਪਿਆਂ ਵਿੱਚ ਮੁਟਿਆਰਾਂ ਦੀਆਂ ਦਿਲੀ ਇੱਛਾਵਾਂ ਘੜਿਆਂ ਦੇ ਪਾਣੀ ਵਾਂਗ ਵਹਿੰਦੀਆਂ ਦਿਸਦੀਆਂ ਹਨ :
ਘੜਾ ਖੂਹ ‘ਤੇ ਛੱਡ ਆਈ ਆਂ
ਅੱਜ ਦਿਲ ਖਫਾ ਜਿਹਾ
ਦਿਲ ਜਾਨੀ ਤੋਰ ਆਈ ਆਂ
ਕਈ ਪੰਜਾਬੀ ਮਿਥਕ ਕਥਾਵਾਂ, ਪਰੀ ਕਹਾਣੀਆਂ, ਜਨੌਰ ਕਹਾਣੀਆਂ ਵਿੱਚ ਪੰਜਾਬੀ ਲੋਕ ਮਨਾਂ ਦਾ ਚੇਤਨ, ਅਵਚੇਤਨ ਰੂਪ ਘੜਿਆਂ ਨਾਲ ਜੁੜਦਾ ਜਾਂਦਾ ਹੈ। ਸਾਗਰ ਮੰਥਨ ਦੌਰਾਨ ਦੇਵਤਿਆਂ ਅਤੇ ਦੈਤਾਂ ਵਿਚਕਾਲੇ ਸੰਘਰਸ਼ ਦਾ ਗਵਾਹ ਵੀ ਅੰਮ੍ਰਿਤ ਕਲਸ਼ ਰਿਹਾ ਜਿਸ ਨੂੰ ਪ੍ਰਾਪਤ ਕਰਨ ਦੌਰਾਨ ਉਸ ਵਿਚਲਾ ਅੰਮ੍ਰਿਤ ਰੂਪੀ ਪਾਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਡਿੱਗਿਆ ਜਿੱਥੇ ਕਈ ਤੀਰਥ ਅਸਥਾਨ ਵਸੇ ਅਤੇ ਪਵਿੱਤਰ ਨਦੀਆਂ ਵਗੀਆਂ। ਘੜੇ ਦੇ ਗਲਮੇ, ਢਿੱਡ ਅਤੇ ਥੱਲੇ ਨਾਲ ਧਰਤੀ ਦੀ ਬਣਤਰ, ਜਨਮ ਦਾ ਸਬੰਧ ਵੀ ਕਈ ਲੋਕ ਕਹਾਣੀਆਂ ਵਿੱਚ ਹੋਇਆ ਮਿਲਦਾ ਹੈ। ਇੱਕ ਪੁਰਾਤਨ ਕਥਾ ਅਨੁਸਾਰ ਕਿਸੇ ਦਾਨਵ ਨੇ ਦੁਨੀਆਂ ਦੇ ਸਾਰੇ ਮਨੁੱਖ ਘੜਿਆਂ ਵਿੱਚ ਬੰਦ ਕਰ ਲਏ ਸਨ ਜਿਨ੍ਹਾਂ ਨੂੰ ਧਰਤੀ ਉੱਪਰ ਰੇਂਗਦੇ ਕਿਰਲਿਆਂ ਨੇ ਤੋੜ ਕੇ ਛੁਡਾਇਆ ਸੀ। ਕਹਿਣ ਦਾ ਅਰਥ ਘੜਾ, ਚੱਕਰ ਦੇ ਵਿਕਾਸ ਤੋਂ ਬਾਅਦ ਮਨੁੱਖੀ ਸੱਭਿਅਤਾ ਦਾ ਅਹਿਮ ਅੰਗ ਬਣ ਕੇ ਮਨੁੱਖੀ ਲੋਕ ਮਨ ਨਾਲ ਅਠਖੇਲੀਆਂ ਕਰਦਾ ਰਿਹਾ, ਇਸ ਦਾ ਪੰਜਾਬੀ ਲੋਕ ਜੀਵਨ ਵਿੱਚ ਅਹਿਮ ਸਥਾਨ ਹੈ। ਬੇਸੱਕ ਅਜੋਕੇ ਪੰਜਾਬੀ ਘਰਾਂ ਵਿੱਚ ਇਸ ਦੀ ਹੋਂਦ ਮਿਟਦੀ ਜਾ ਰਹੀ ਹੈ ਪਰ ਲੋਕ ਹਿਰਦਿਆਂ ਨੇ ਇਸ ਨੂੰ ਸਦੀਆਂ ਤੋਂ ਕਬੂਲੀ ਰੱਖਿਆ ਹੈ। ਪੰਜਾਬੀ ਸੱਭਿਆਚਾਰਕ ਇਤਿਹਾਸ ਲੇਖਣੀ ਵਿੱਚ ਘੜਾ ਇੱਕ ਸੰਕਲਪ/ਚਿੰਨ੍ਹ/ਵਿਚਾਰ ਵਜੋਂ ਅਹਿਮ ਸਰੋਕਾਰ ਨਿਭਾਏਗਾ।
ਟਹਿਲ ਸਿੰਘ
http://www.facebook.com/sanumaanpunjabihonda2
http://www.facebook.com/groups/sanumannpunjabihonda/