ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, June 7, 2012

7 ਜੂਨ: ਫੌਜ ਦੀ ਵਹਿਸ਼ਤ ਤੇ ਦਹਿਸ਼ਤ ਦੇ ਪਰਛਾਵੇਂ


ਜੂਨ 7 (1984) ਵੀਰਵਾਰ : ਛੇ ਸੱਤ ਜੂਨ ਦੀ ਵਿਚਕਾਰਲੀ ਰਾਤ ਨੂੰ ਸਾਰੇ ਸ਼ਹਿਰ ਵਿਚ ਇਹ ਖ਼ਬਰ ਫੈਲ ਗਈ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਰਹੇ। ਹੁਣ ਫੌਜ ਦਾ ਅਕਾਲ ਤਖਤ ‘ਤੇ ਕਬਜ਼ਾ ਸੀ। ਅਕਾਲ ਤਖਤ ਦੇ ਅੰਦਰ ਭੋਰੇ ਦੀ ਵੀ ਫੌਜੀਆਂ ਨੇ ਛਾਣ ਬੀਣ ਕਰ ਦਿੱਤੀ ਸੀ। ਬੀ ਬੀ ਸੀ ਨੇ ਸੰਤ ਨੂੰ ਫੌਜ ਵੱਲੋਂ ਮਾਰੇ ਜਾਣ ਦੀ ਖ਼ਬਰ ਦੇ ਦਿੱਤੀ ਸੀ। ਅੱਜ ਸਵੇਰੇ, ਸਰਕਾਰੀ ਪੱਧਰ ‘ਤੇ ਆਲ ਇੰਡੀਆ ਰੇਡੀਓ ਨੇ ਐਲਾਨ ਕਰ ਦਿੱਤਾ ਸੀ ਕਿ ਸੰਤ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਇਕ ਇਮਾਰਤ ਵਿਚੋਂ ਮਿਲ ਗਈ ਹੈ ਅਤੇ ਅਕਾਲ ਤਖਤ ਦੇ ਭੋਰੇ ਵਿਚੋਂ ਮੇਜਰ ਜਨਰਲ ਸੁਬੇਗ ਸਿੰਘ ਦਾ ‘ਸ਼ਵ’ ਵੀ ਮਿਲ ਗਿਆ ਹੈ। ਜਨਰਲ ਸੁਬੇਗ ਸਿੰਘ ਦਾ ਨਾਂ ਭਾਰਤੀ ਉਪ ਮਹਾਂਦੀਪ ਦੀ ਇਕ ਸਿਆਸੀ ਉਥਲ ਪੁਥਲ ਨਾਲ ਜੁੜਿਆ ਹੋਇਆ ਸੀ। 1971-72 ਵਿਚ ਪੂਰਬੀ ਪਾਕਿਸਤਾਨ ਵਿਚ ਬੰਗਾਲੀਆਂ ਵਲੋਂ ਇਸਲਾਮਾਬਾਦ (ਪੱਛਮੀ ਪਾਕਿਸਤਾਨ) ਦੀ ਸਿਆਸੀ ਧੌਂਸ ਵਿਰੁੱਧ ਜਦੋਂ ਬਗਾਵਤ ਕੀਤੀ ਸੀ ਤਾਂ ਇਸ ਦੁਸ਼ਮਣ ਗਵਾਂਢੀ ਦੇਸ਼ ਦੀ ਅੰਦਰੂਨੀ ਗੜਬੜ ਦਾ ਫਾਇਦਾ ਉਠਾਉਂਦਿਆਂ ਹਿੰਦੁਸਤਾਨੀ ਹੁਕਮਰਾਨਾਂ ਨੇ ਬੰਗਲਾ ਬਗਾਵਤ ਨੂੰ ਹੱਲਾ-ਸ਼ੇਰੀ ਦਿਤੀ। ਪਹਿਲਾਂ ਅੰਦਰੂਨੀ ਛੁਪਵੀਂ ਫੌਜੀ ਮਦਦ ਦਿੱਤੀ ਅਤੇ ਬਾਗੀ ਬੰਗਾਲੀਆਂ ਦੀ ਪਕਿਸਤਾਨੀ ਫੌਜਾਂ ਵਿਰੁੱਧ ਲੜਨ ਲਈ ‘ਮੁਕਤੀ ਵਹਿਨੀ’ ਨਾਂ ਦੀ ਲੋਕ ਫੌਜ ਖੜ੍ਹੀ ਕੀਤੀ ਅਤੇ ਉਨ੍ਹਾਂ ਦੀ ਟ੍ਰੇਨਿੰਗ ਅਤੇ ਯੁੱਧ ਰਣਨੀਤੀ ਦੇ ਇੰਚਾਰਜ ਜਨਰਲ ਸੁਬੇਗ ਸਿੰਘ ਹੁੰਦੇ ਸਨ।

ਅਕਾਲ ਤਖਤ ਅੰਦਰੋਂ ਫੌਜ ਦਾ ਮੁਕਾਬਲਾ ਕਰਨ ਵਾਲੇ ਜੁਝਾਰੂਆਂ ਦੀ ਇਖਲਾਕੀ ਅਤੇ ਆਤਮਿਕ ਬੁਲੰਦੀ, ਉਨ੍ਹਾਂ ਵਲੋਂ ਹੱਕ ਸੱਚ ਲਈ ਲੜੇ ਜਾ ਰਹੇ ਨਿਰਸਵਾਰਥ ਧਰਮ ਯੁੱਧ ਕਰਕੇ, ਸਿਖਰਾਂ ਛੂਹ ਰਹੀ ਸੀ ਪਰ ਜਨਰਲ ਸੁਬੇਗ ਸਿੰਘ ਵਲੋਂ ਤਿਆਰ ਕੀਤੀ ਮਿਲਟਰੀ ਰਣਨੀਤੀ ਨੇ ਉਸ ਬੁਲੰਦੀ ਨੂੰ ਹੋਰ ਲਿਸ਼ਕਾ ਦਿਤਾ ਸੀ ਅਤੇ ਅਕਾਲ ਤਖਤ ਉਤੇ ਹੋਏ ਘਮਸਾਨ ਦੇ ਯੁੱਧ ਦੇ ਆਖ਼ਰੀ ਪੜ੍ਹਾਅ ‘ਤੇ 12-14 ਘੰਟੇ ਲੰਬੀ ਇਤਿਹਾਸਕ ਮੁਠਭੇੜ ਵਿਚ ਅੰਦਰੋਂ 100 ਦੇ ਲਗਭਗ ਜੁਝਾਰੂਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਘੇਰਾ ਪਾਈ ਬੈਠੀ ਫੌਜ ਨੂੰ ਲੋਹੇ ਦੇ ਚਣੇ ਚਵਾਏ।

ਸਿੱਖ ਭਾਈਚਾਰੇ ਨੂੰ ਸੰਤ ਜਰਨੈਲ ਸਿੰਘ ਦੇ ਮਾਰੇ ਜਾਣ ਦੀ ਖ਼ਬਰ ਅਸਮਾਨ ਤੋਂ ਪੱਥਰ ਡਿੱਗਣ ਵਾਂਗ ਲੱਗੀ। ‘ਬਾਵਾ’ ਬਜ਼ੁਰਗ ਦਫ਼ਤਰ ਵਿਚ ਬੈਠਾ ਪਰਲ ਪਰਲ ਹੰਝੂ ਵਹਾ ਰਿਹਾ ਸੀ ਤੇ ਅਖ਼ੀਰ ਵਿਚ ਲੰਾ ਹੌਕਾ ਲੈਂਦਿਆਂ ਉਸ ਨੇ ਕਿਹਾ, ‘ਦੂਜਾ ਬੰਦਾ ਬਹਾਦਰ ਅੱਜ ਦਿੱਲੀ ਦਰਬਾਰ ਨੇ ਕਤਲ ਕਰ ਦਿੱਤਾ।’ ਫਿਰ ਉਹ ਚੁੱਪ ਹੋ ਗਿਆ ਅਤੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਖ ਵੇਖਣ ਲੱਗਿਆ। ਮੈਂ ਸਮਝ ਗਿਆ ਕਿ ਉਹ ਪੁੱਛ ਰਿਹਾ ਸੀ ਕਿ, ਹੁਣ ਸਿੱਖ ਭਾਈਚਾਰੇ ਦਾ ਹਿੰਦੁਸਤਾਨ ਵਿਚ ਕੀ ਬਣੇਗਾ? ਕੌਣ ਵਾਂਗਡੋਰ ਸੰਭਾਲੇਗਾ?

ਫਿਰ ਇਕ ਹੋਰ ਸਿੱਖ ਗਵਾਂਢੀ ਦਫ਼ਤਰ ਵਿਚ ਆ ਗਿਆ। ਉਹ ਬਹੁਤ ਹੀ ਮਾਯੂਸ ਦਿਖਾਈ ਦੇ ਰਿਹਾ ਸੀ। ਆਉਂਦੇ ਹੀ ਉਸ ਨੇ ਸਾਨੂੰ ਦੋਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਿੱਖਾਂ ਦੀ ਅਸਲ ਹਾਰ ਅੱਜ ਹੋਈ ਹੈ’। ਇਸ ਟਰਾਂਸਪੋਰਟਰ ਸਿੱਖ ਦਾ ਕਾਰੋਬਾਰ ਪੰਜਾਬ ਤੋਂ ਬਾਹਰ ਸੀ। ਉਹ ਕਹਿਣ ਲੱਗਿਆ, ‘ਸਿੱਖਾਂ ਨੂੰ ਹੁਣ ਪੰਜਾਬ ਤੋਂ ਬਾਹਰ ਕਿਸੇ ਨੇ ਜਿਊਣ ਨਹੀਂ ਦੇਣਾ। ਹੁਣ ਤਾਂ ਉਨ੍ਹਾਂ ਦੀਆਂ ਪੱਗਾਂ ਲਾਹ ਲਈਆਂ ਜਾਣਗੀਆਂ ਹਿੰਦੂ ਲੀਡਰ ਤਾਂ ਪਹਿਲਾਂ ਹੀ ਬਹੁਤ ਤਅੱਸਬੀ ਨੇ, ਪੂਰੇ ਕੱਟੜ ਨੇ, ਅਤੇ ਸੰਤ ਜਰਨੈਲ ਸਿੰਘ ਦੇ ਮਾਰੇ ਜਾਣ ਤੋਂ ਤਾਂ ਉਹ ਹੋਰ ਭੁੜਕ ਉਠਣਗੇ।’ ਇਸ ਤਰ੍ਹਾਂ ਭਾਵੁਕ ਤੌਰ ‘ਤੇ ਵਲੂੰਧਰਿਆ ਉਹ ਟਰਾਂਸਪੋਰਟਰ ਸਿੱਖ ਭਾਈਚਾਰੇ ਦੇ ਭਵਿੱਖ ਬਾਰੇ ਤੌਖਲੇ ਜ਼ਾਹਰ ਕਰ ਰਿਹਾ ਸੀ। ਅੱਜ ਕਰਫਿਊ ਵਿਚ ਲੰਬੀ ਢਿੱਲ ਸੀ। ਬ੍ਰਹਮ ਚਿਲਾਨੀ ਅਤੇ ਮੈਂ ਤਿਆਰ ਹੋ ਕੇ ਦਫ਼ਤਰ/ਘਰ ਤੋਂ ਬਾਹਰ ਨਿਕਲ ਗਏ। ਮੈਂ ਸਿੱਧਾ ਟ੍ਰਿਬਿਊਨ ਦੇ ਰਿਪੋਰਟ ਪੀ ਪੀ ਐਸ ਗਿੱਲ ਦੇ ਘਰ ਚਲਿਆ ਗਿਆ, ਜਿਹੜਾ ਫੌਜੀ ਛਾਊਣੀ ਦੀ ਬਾਹੀ ਨਾਲ ਬਣੀਆਂ ਸਰਕਾਰੀ ਕੋਠੀਆਂ ਵਿਚ ਰਹਿ ਰਿਹਾ ਸੀ ਅਤੇ
ਬ੍ਰਹਮ ਚਿਲਾਨੀ ਦਰਬਾਰ ਸਾਹਿਬ ਵੱਲ ਨੂੰ ਇਕੱਲਾ ਹੀ ਚੱਲ ਪਿਆ। ਫਿਰ ਗਿੱਲ ਦੇ ਘਰ ਐਸ ਈ ਬਾਜਵਾ ਅਤੇ ਇਕ ਹੋਰ ਅਫ਼ਸਰ ਆ ਜੁੜੇ। ਉਥੇ ਮੈਨੂੰ ਪਤਾ ਲੱਗਿਆ ਕਿ ਫੌਜੀ ਅਪ੍ਰੇਸ਼ਨ ਤਾਂ ਕੱਲ੍ਹ ਛੇ ਜੂਨ ਨੂੰ ਹੀ 11-12 ਵਜੇ ਦਿਨੇ ਖਤਮ ਹੋ ਗਿਆ ਸੀ। ਅਸੀਂ ਸਾਰੇ ਗਿੱਲ ਦੇ ਡਰਾਇੰਗ ਰੂਮ ਵਿਚ ਗਮਗ਼ੀਨ ਬੈਠੇ ਸਾਂ। ਨਿੱਕੇ ਨਿੱਕੇ ਟੁਕੜਿਆਂ ਵਿਚ ਸੂਚਨਾਵਾਂ ਨਿਕਲਦੀਆਂ ਰਹਿਣੀਆਂ। ਪਤਾ ਲੱਗਿਆ ਕਿ ਸੰਤ ਭਿੰਡਰਾਂਵਾਲੇ ਅਕਾਲ ਤਖਤ ਦੇ ਅੰਦਰੋਂ ਮੀਰੀ ਪੀਰੀ ਦੇ ਦੋਨੇ ਨਿਸ਼ਾਨ ਸਾਹਿਬ ਵੱਲ ਨਿਕਲੇ। ਸੰਤ ਜਰਨੈਲ ਸਿੰਘ ਨਾਲ ਭਾਈ ਅਮਰੀਕ ਸਿੰਘ, ਉਨ੍ਹਾਂ ਦੇ ਗੜ੍ਹਵਈ ਗੁਰਮੁਖ ਸਿੰਘ ਅਤੇ ਹੋਰ ਕਈ ਸਿੰਘ ਸਨ। ਇਹ ਕੋਈ 10-11 ਵਜੇ ਦਿਨ ਦਾ ਸਮਾਂ ਹੋਵੇਗਾ। ਅਕਾਲ ਤਖਤ ਵੱਲ ਟੈਂਕਾਂ ਅਤੇ ਮਸ਼ੀਨਗੰਨਾਂ ਦੀ ਲਗਾਤਾਰ ਗੋਲਾਬਾਰੀ ਹੋ ਰਹੀ ਸੀ। ਨਿਕਦਲੇ ਹੀ ਸੰਤ ਕਿਸੇ ਗੋਲੇ ਦੀ ਮਾਰ ਹੇਠ ਆ ਗਏ। ਇਉਂ ਹੀ ਭਾਈ ਅਮਰੀਕ ਸਿੰਘ ਨੂੰ ਉਥੇ ਹੀ ਗੋਲੀ ਵੱਜੀ। ਕਿਸੇ ਨੇ ਦੱਸਿਆ ਕਿ ਸ਼ਾਇਦ ਰਛਪਾਲ ਸਿੰਘ ਵੀ ਮਾਰਿਆ ਗਿਆ।

ਫਿਰ ਅਸੀਂ ਯਾਦ ਕਰਦੇ ਰਹੇ ਕਿ ਵਿਜੈਤਾ ਟੈਂਕ ਤਾਂ 5-6 ਜੂਨ ਵਿਚਲੀ ਰਾਤ ਨੂੰ ਹੀ ਪਰਿਕਰਮਾ ਵਿਚ ਵਾੜ੍ਹ ਦਿੱਤੇ ਗਏ ਸਨ, ਜਿਥੋਂ ਅਕਾਲ ਤਖਤ ‘ਤੇ ਲਗਤਾਰ ਗੋਲਾਬਾਰੀ ਹੋ ਰਹੀ ਸੀ ਅਤੇ ਉਤਲੀਆਂ ਤਿੰਨ ਛੱਤਾਂ ਤਾਂ ਉਂਜ ਹੀ ਤੋੜ ਭੰਨ ਦਿੱਤੀਆਂ ਸਨ। ਫਿਰ ਗੋਲਿਆਂ ਦੀ ਮਾਰ ਥੱਲੇ ਤਹਿਖਾਨੇ ਵਿਚ ਵੀ ਪੈਣ ਲੱਗੀ ਤਾਂ ਸੰਤ ਜਰਨੈਲ ਸਿੰਘ ਨੇ ਆਪਣੇ ਨੇੜੇ ਦੇ ਸਿੰਘਾਂ ਨੂੰ ਕਿਹਾ, ‘ਹੁਣ ਸ਼ਹੀਦੀ ਦਾ ਸਮਾਂ ਆ ਗਿਆ’। ਬਾਜਵਾ ਨੇ ਦੱਸਿਆ ਕਿ ‘ਬੱਸ, ਸੰਤ ਇਕਦਮ ਅਕਾਲ ਤਖਤ ਤੋਂ ਬਾਹਰ ਆ ਕੇ ਸ਼ਹੀਦੀ ਪਾ ਗਏ… ਮਗਰੇ ਹੀ ਭਾਈ ਅਮਰੀਕ ਸਿੰਘ ਅਤੇ ਹੋਰ ਸਿੰਘ ਸ਼ਹੀਦ ਹੋ ਗਏ।’

ਉਤਸੁਕਤਾ ਨਾਲ ਮੈਂ ਪੁੱਛਿਆ, ਸੰਤ ਦੀ ‘ਡੈੱਡ ਬਾਡੀ’ ਕਿਥੇ ਰੱਖੀ ਹੈ? ਬਾਜਵਾ ਨੇ ਦੱਸਿਆ, ‘ਸੰਤਾਂ ਦੀ ਲਾਸ਼ ਘੰਟਾ ਘਰ ਚੌਂਕ ਵਿਚ ਰੱਖੀ ਪਈ ਹੈ’। ਫਿਰ ਉਸ ਨੇ ਇਕ ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਅਫ਼ਸਰ ਦੇ ਹਵਾਲੇ ਨਾਲ ਦੱਸਿਆ ਕਿ ਡਿਫੈਂਸ ਮਨਿਸਟਰ ਕੇ ਪੀ ਸਿੰਘ ਦੀਓ ਦਿੱਲੀ ਤੋਂ ਅੰਮ੍ਰਿਤਸਰ ਆ ਰਿਹਾ ਹੈ। ਭਾਰਤੀ ਫੌਜ ਦੀ ਇਹ ‘ਪ੍ਰਾਪਤੀ’ ਉਸ ਨੂੰ ਦਿਖਾਈ ਜਾਵੇਗੀ। ਪਤਾ ਲੱਗਿਆ ਕਿ ਜਨਰਲ ਸੁਬੇਗ ਸਿੰਘ ਦੀ ਮੌਤ ਤਾਂ ਗੋਲੀ ਲੱਗਣ ਨਾਲ ਸੰਤ ਜਰਨੈਲ ਸਿੰਘ ਤੋਂ ਪਹਿਲਾਂ ਹੀ ਤਹਿਖਾਨੇ ਵਿਚ ਹੋ ਗਈ ਸੀ। ਸਾਡੇ ਵਿਚੋਂ ਕਿਸੇ ਨੇ ਕਿਹਾ, ‘ਉਹ ਫੌਜੀ ਜਰਨੈਲ ਸੀ, ਲੜਦਾ ਲੜਦਾ ਸ਼ਹੀਦ ਹੋ ਗਿਆ ਹੋਵੇਗਾ’।

ਅਸੀਂ ਸਾਰੇ ਬਿਖਰਨ ਹੀ ਲੱਗੇ ਸਾਂ ਕਿ ਇਕ ਜੂਨੀਅਰ ਇੰਜੀਨੀਅਰ ਨੇ ਬਾਜਵਾ ਨੂੰ ਆ ਕੇ ਦੱਸਿਆ ਕਿ ਪੁਤਲੀਘਰ ਨੇੜੇ ਵਾਲੀ ਬਸਤੀ ਵਿਚੋਂ ਮਜ਼ਦੂਰ ਇਕੱਠੇ ਕਰਕੇ ਫੌਜੀ ਟਰੱਕਾਂ ਰਾਹੀਂ ਲਿਜਾਏ ਜਾ ਰਹੇ ਹਨ। ‘ਸਾਡੇ ਸਰਕਾਰੀ ਕਾਲੋਨੀ ਦੇ ਸਵੀਪਰ, ਜਮਾਂਦਾਰ ਵੀ ਇਕੱਠੇ ਕਰ ਲਏ ਹਨ।’

ਅਸੀਂ ਗਿੱਲ ਦੀ ਕੋਠੀ ਵਿਚੋਂ ਨਿਕਲਦੇ ਲਾਅਨ ਵਿਚ ਆ ਕੇ ਅੰਦਾਜ਼ੇ ਲਾ ਰਹੇ ਸਾਂ ਕਿ ਦਰਬਾਰ ਸਾਹਿਬ ਦੀ ਅੰਦਰੋਂ ਹੁਣ ਸਫ਼ਾਈ ਕਰਵਾਈ ਜਾ ਰਹੀ ਹੋਵੇਗੀ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੋਵੇਗਾ। ਫਿਰ ਸਾਨੂੰ ਪਤਾ ਲੱਗਿਆ ਕਿ ਸਾਡੇ ਨੇੜੇ ਹੀ ਛਾਉਣੀ ਵਿਚਲੇ ਸਕੂਲ ਦੀ ਇਮਾਰਤ ਨੂੰ ਆਸੇ ਪਾਸਿਓਂ ਕੰਡਿਆਲੀ ਤਾਰ ਲਗਾ ਕੇ ਫੌਜ ਨੇ ਆਰਜ਼ੀ ਜੇਲ੍ਹ ਬਣਾ ਲਈ ਹੈ, ਜਿਥੇ ਦਰਬਾਰ ਸਾਹਿਬ ਅੰਦਰਲੀਆਂ ਸਰਾਵਾਂ ਵਿਚੋਂ ਸੰਤ ਲੌਂਗੋਵਾਲ ਅਤੇ ਜਥੇਦਾਰ ਟੌਹੜਾ ਨਾਲ ਫੜੇ ਅਕਾਲੀਆਂ ਅਤੇ ਹੋਰ ਸਿੱਖਾਂ ਨੂੰ ਅੰਦਰ ਡੱਕਿਆ ਹੋਇਆ ਹੈ। ਸਰਕਾਰੀ ਕਾਲੋਨੀ ਦੇ ਨਾਲ ਇਸ ਆਰਜ਼ੀ ਜੇਲ੍ਹ ਵੱਲ ਜਾਂਦੀ ਸੜਕ ‘ਤੇ ਕੱਲ੍ਹ (ਛੇ ਜੂਨ) ਤੋਂ ਫੜੇ ਸਿੱਖਾਂ ਨਾਲ ਭਰੀਆਂ ਫੌਜੀ ਗੱਡੀਆਂ ਜਾ ਰਹੀਆਂ ਸਨ। ਇਸ ਕਾਲੋਨੀ ਵਿਚ ਵਸਦੇ ਕਈ ਸਰਕਾਰੀ ਅਫ਼ਸਰਾਂ ਦਾ ਅੰਦਾਜ਼ਾ ਸੀ ਕਿ ਸੈਂਕੜੇ ਸਿੱਖ ਜੰਗੀ ਕੈਦੀ ਬਣਾ ਕੇ ਇਸ ਆਰਜ਼ੀ ਜੇਲ੍ਹੇ ਵਿਚ ਡੱਕ ਦਿੱਤੇ ਸਨ।

ਗਿੱਲ ਦੀ ਕੋਠੀ ਦੇ ਲਾਅਨ ਵਿਚ ਅਸੀਂ ਖੜ੍ਹੇ ਹੀ ਸਾਂ ਕਿ ਇਕ ਫੌਜੀ ਜੀਪ ਉਥੇ ਆ ਰੁਕੀ। ਉਸ ਵਿਚੋਂ ਫੌਜ ਵੱਲੋਂ ਅੰਮ੍ਰਿਤਸਰ ਪ੍ਰੈਸ (ਅਖ਼ਬਾਰ ਨਵੀਸਾਂ) ਨਾਲ ਸੰਪਰਕ ਰੱਖਣ ਵਾਲਾ ਫੌਜੀ ਵਰਦੀ ਵਿਚ ਕਰਨਲ ਸ਼ਰਮਾ ਨਿਕਲ ਆਇਆ ਅਤੇ ਉਸ ਨੇ ਬ੍ਰਹਮ ਚਿਲਾਨੀ ਨੂੰ ਬਾਂਹ ਤੋਂ ਫੜ੍ਹਿਆ ਹੋਇਆ ਸੀ। ਕਰਨਲ ਸ਼ਰਮਾ ਕਹਿਣ ਲੱਗਿਆ, ‘ਗਿੱਲ ਸਾਹਿਬ, ਆਪਣੇ ਬੰਦੇ ਨੂੰ ਸਾਂਭ ਲਵੋ.. ਇਸ ਨੇ ਤੁਹਾਡਾ ਨਾਂ ਲੈ ਦਿੱਤਾ ਤੇ ਤੁਹਾਡੇ ਕਰਕੇ ਮੈਂ ਛੱਡ ਦਿੱਤਾææ ਨਹੀਂ ਤਾਂ ਅਸੀਂ ਇਸ ਨੂੰ ਗੋਲੀ ਮਾਰਨ ਲੱਗੇ ਸੀ।ææ ਇਹ ਛਾਉਣੀ ਦੇ ਲਾਗੇ ਫੋਟੋ ਲੈਂਦਾ ਫਿਰਦਾ ਸੀ’। ਬ੍ਰਹਮ ਚਿਲਾਨੀ ਦਾ ਮੂੰਹ ਪੀਲਾ ਫੱਕ ਹੋਇਆ ਪਿਆ ਸੀ। ਉਹ ਡਡੰਬਰਿਆ ਹੋਇਆ ਅਤੇ ਖ਼ਾਮੋਸ਼ ਸੀ..। ਉਸ ਨੇ ਕਰਨਲ ਦੀ ਗੱਲਬਾਤ ਦਾ ਕੋਈ ਜਵਾਬ ਜਾਂ ਸਫ਼ਾਈ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਗਿੱਲ ਨੇ ਕਰਨਲ ਸ਼ਰਮਾ ਦਾ ਰਸਮੀ ਸ਼ੁਕਰੀਆ ਅਦਾ ਕੀਤਾ ਅਤੇ ਉਸ ਫੌਜੀ ਅਫ਼ਸਰ ਦੀ ਜੀਪ ਤੁਰੰਤ ਨੇੜੇ ਲਗਦੀ ਛਾਉਣੀ ਵੱਲ ਰਵਾਨਾ ਹੋ ਗਈ।

ਅਸੀਂ ਵੀ ਜੀਪ ਦੇ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਨਾਜ਼ੁਕ ਘੜੀਆਂ ਵਿਚ ਬ੍ਰਹਮ ਚਿਲਾਨੀ ਤੋਂ ਕੋਈ ਪੁੱਛਗਿੱਛ ਨਾ ਕੀਤੀ ਕਿ ਉਸ ਨਾਲ ਕੀ ਵਾਪਰਿਆ ਅਤੇ ਮੈਂ ਮਨ ਹੀ ਮਨ ਵਿਚ ਸੋਚ ਰਿਹਾ ਸੀ ਕਿ ‘ਸ਼ੁਕਰ ਹੈ ਇਹ ਬਚ ਗਿਆ..। ਸ਼ਾਇਦ ਇਸ ਨੇ ਆਪਣੇ ਆਪ ਨੂੰ ਵਿਦੇਸ਼ੀ ਏਜੰਸੀ ਲਈ ਕੰਮ ਕਰਦਾ ਪੱਤਰਕਾਰ ਨਹੀਂ ਦੱਸਿਆ। …ਸ਼ਾਇਦ ਜਾਣਬੁੱਝ ਕੇ ਗਿੱਲ ਦਾ ਗੈੱਸਟ ਦੱਸਿਆ ਹੋਵੇ…। ਗਿੱਲ ਦੇ ਉਪਰ ਚੰਗੇ ਸਬੰਧਾਂ ਦਾ ਇਹਨੂੰ ਫਾਇਦਾ ਮਿਲ ਗਿਆ।’

ਫਿਰ ਬ੍ਰਹਮ ਚਿਲਾਨੀ ਮੇਰੇ ਨਾਲ ਮੇਰੇ ਦਫ਼ਤਰ ਘਰ ਆ ਰਿਹਾ ਸੀ ਜਦੋਂ ਉਸ ਨੇ ਮੈਨੂੰ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਨਜ਼ਦੀਕ ਪਹੁੰਚ ਗਿਆ ਸੀ। ਉਸ ਨੇ ਇਕ ਕੂੜੇ ਵਾਲਾ ਟਰੱਕ ਲਾਸ਼ਾਂ ਨਾਲ ਭਰਿਆ ਦੇਖਿਆ, ਕਈ ਲਾਸ਼ਾਂ ਦੇ ਸਿਰਾਂ ‘ਤੇ ਵਾਲ ਲਮਕਦੇ ਸਨ ਜ਼ਰੂਰ ਦਰਬਾਰ ਸਾਹਿਬ ਅੰਦਰ ਫੌਜ ਨਾਲ ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਹੋਣਗੀਆਂ’। ਉਸਦੀ ਆਵਾਜ਼ ਵਿਚ ਉਦਾਸੀ ਤੇ ਪੀੜ ਘੁਲੀ ਹੋਈ ਸੀ।

ਫਿਰ ਮੈਨੂੰ ਖਿਆਲ ਆਇਆ ਕਿ ਮਜ਼ਦੂਰਾਂ ਅਤੇ ਜਮਾਂਦਾਰਾਂ ਨੂੰ ਲਾਸ਼ਾਂ ਚੁੱਕਣ ਲਈ ਹੀ ਫੌਜ ਉਨ੍ਹਾਂ ਨੂੰ ਸ਼ਹਿਰ ਵਿਚੋਂ ਇਕੱਠੇ ਕਰ ਰਹੀ ਸੀ। ਪੰਜਾਂ ਦਿਨਾਂ ਦਾ ਫਸਿਆ ਬ੍ਰਹਮ ਚਿਲਾਨੀ ਹੁਣ ਪੰਜਾਬ ਵਿਚੋਂ ਬਾਹਰ ਦੌੜਨ ਲਈ ਬਹੁਤ ਵਿਆਕੁਲ ਸੀ। ਉਸ ਨੇ ਅੰਮ੍ਰਿਤਸਰ ਵਿਚ ਬੈਠ ਕੇ ਬਹੁਤ ਕੁਝ ਦੇਖ ਸੁਣ ਲਿਆ ਸੀ। ਜਿਸ ਨੂੰ ਉਹ ਜਲਦੀ ਤੋਂ ਜਲਦੀ ਬਾਹਰੀ ਜਗਤ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਪੰਜਾਬ ਵਿਚ ਮੋਟਰ ਗੱਡੀਆਂ ਦੇ ਚੱਲਣ ‘ਤੇ ਤਿੰਨ ਜੂਨ ਤੋਂ ਹੀ ਪਾਬੰਦੀ ਲੱਗੀ ਹੋਈ ਸੀ। ਫਿਰ ਵੀ ਬ੍ਰਹਮ ਚਿਲਾਨੀ ਤੇ ਮੈਂ ਸਕੀਮਾਂ ਬਣਾਉਂਦੇ ਰਹੇ ਕਿ ਕੋਈ ਸਰਕਾਰੀ ਗੱਡੀ ਰਾਹੀਂ ਹੀ ਉਹ ਅੰਮ੍ਰਿਤਸਰ ਤੋਂ ਬਾਹਰ ਨਿਕਲ ਜਾਵੇ। ਇਸ ਸਬੰਧ ਵਿਚ ਅਸੀਂ ਐਸ ਈ ਬਾਜਵਾ ਤੋਂ ਵੀ ਮੱਦਦ ਲੈਣ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਉਮੀਦ ਸੀ ਕਿ ਬਾਹਰਲੇ ਸ਼ਹਿਰਾਂ ਵਿਚ ਇੰਨੀ ਸਖਤ ਪਾਬੰਦੀ ਨਹੀਂ ਹੋਵੇਗੀ। ਦੁਪਹਿਰ ਬਾਅਦ ਅਸੀਂ ਦਫਤਰ ਤੋਂ ਨਿਕਲ ਕੇ ਛੋਟੀਆਂ ਵੱਡੀਆਂ ਗੱਲੀਆਂ ਵਿਚੋਂ ਦੀ ਹੁੰਦੇ ਹੋਏ ਸ਼ਰੀਫ਼ਪੁਰਾ ਪਹੁੰਚ ਗਏ। ਉਥੋਂ ਅਸੀਂ ਸੜਕ ਦੇ ਦੂਜੇ ਪਾਸੇ ਪੈਂਦੇ, ਮੇਨ ਬੱਸ ਸਟੈਂਡ ਵੱਲ ਨਜ਼ਰ ਦੌੜਾਈ। ਬੱਸ ਸਟੈਂਡ ਵਿਚ ਇਕ ਪੰਜਾਬ ਰੋਡਵੇਜ਼ ਦੀ ਬੱਸ ਸਵਾਰੀਆਂ ਨਾਲ ਭਰੀ ਖੜ੍ਹੀ ਸੀ। ਕੁਝ ਲੋਕ ਉਪਰ ਛੱਤ ‘ਤੇ ਵੀ ਬੈਠੇ ਹੋਏ ਸਨ। ਅਸੀਂ ਵੀ ਬੱਸ ਸਟੈਂਡ ਵਿਚ ਪਹੁੰਚ ਗਏ। ਪਤਾ ਚੱਲਿਆ ਬੱਸ ਜਲੰਧਰ ਤੱਕ ਹੀ ਜਾਂਦੀ ਹੈ। ਅੰਦਰੋਂ ਬੱਸ ਬਿਲਕੁਲ ਤੁੰਨੀ ਪਈ ਸੀ, ਬਾਰੀਆਂ ਵਿਚ ਵੀ ਲੋਕ ਲਮਕ ਰਹੇ ਸਨ। ਬ੍ਰਹਮ ਚਿਲਾਨੀ ਵੀ ਬੱਸ ਦੀ ਛੱਤ ‘ਤੇ ਸਵਾਰੀਆਂ ਵਿਚ ਜੁੜ ਕੇ ਬੈਠ ਗਿਆ। ਉਪਰੋਂ ਅੰਦਰੋਂ ਭਰੀ ਬੱਸ ਅੱਡੇ ਵਿਚੋਂ ਨਿਕਲ ਰਹੀ ਸੀ। ਮੈਨੂੰ 1947 ਦੇ ਵੱਢਾ ਕੱਟੀ ਵੇਲੇ ਲਾਹੌਰ ਵਾਲੇ ਪਾਸਿਓਂ ਔਰਤਾਂ, ਬੁੱਢਿਆਂ ਅਤੇ ਬੱਚਿਆਂ ਨਾਲ ਭਰੀਆਂ ਆਉਂਦੀਆਂ ਰੇਲਗੱਡੀਆਂ ਬਾਰੇ ਸੁਣੇ ਦ੍ਰਿਸ਼ ਯਾਦ ਆਉਣ ਲੱਗੇ। ਸੰਤਾਲੀ ਦੀ ਵੰਡ ਤੋਂ ਪੀੜਤ ਲੋਕ ਕਈ ਸਾਲਾਂ ਤੱਕ ਇਧਰੋਂ ਉਧਰ ਹਿਜ਼ਰਤ ਕਰਨ ਵਾਲੇ ਲੋਕਾਂ ਨਾਲ ਭਰੀਆਂ ਰੇਲਗੱਡੀਆਂ ਦੀਆਂ ਗੱਲਾਂ ਕਰਦੇ ਰਹਿੰਦੇ ਸਨ।

ਮੈਨੂੰ ਲੱਗਿਆ ਕਿ ਬ੍ਰਹਮ ਚਿਲਾਨੀ ਹੁਣ ਬਚਕੇ ਨਿਕਲ ਗਿਆ ਹੈ, ਹੁਣ ਫੌਜੀ ਜਾਲ਼ ਵਿਚ ਨਹੀਂ ਫਸਦਾ। ਮੈਨੂੰ ਉਮੀਦ ਸੀ ਕਿ ਉਹ ਫੌਜੀ ਵਹਿਸ਼ਤ ਨੂੰ ਨੰਗਾ ਕਰੇਗਾ। ਮੈਂ ਵਾਪਸ ਦਫ਼ਤਰ/ਘਰ ਵਿਚ ਬੈਠਾ ਬੀ ਬੀ ਸੀ, ਵਾਇਸ ਆਫ਼ ਅਮਰੀਕਾ ਅਤੇ ਆਲ ਇੰਡੀਆ ਰੇਡੀਓ ਦੇ ਬੁਲੇਟਿਨਾਂ ਨੂੰ ਵਾਰ ਵਾਰ ਸੁਣ ਰਿਹਾ ਸਾਂ।

ਸੱਤ ਤਰੀਖ ਦੀ ਸ਼ਾਮ ਨੂੰ ਮੈਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਤਿੰਨ ਤਾਰੀਖ ਨੂੰ ਹੀ ਚਲਿਆ ਗਿਆ ਸੀ। ਗੁਰਦੇਵ ਸਿੰਘ ਫੌਜੀ ਅਪ੍ਰੇਸ਼ਨ ਦੇ ਹੱਕ ਵਿਚ ਨਹੀਂ ਸੀ ਅਤੇ ਉਸ ਦੀ ਥਾਂ ਰਮੇਸ਼ਇੰਦਰ ਸਿੰਘ ਨੂੰ ਲੈ ਆਂਦਾ ਜਿਹੜਾ ਤਾਮਿਲਨਾਡੂ ਕੇਡਰ ਦਾ ਆਈ ਏ ਐਸ ਹੈ।

ਇਹ ਵੀ ਪਤਾ ਲੱਗਿਆ ਕਿ ਫੌਜੀ ਐਕਸ਼ਨ ਜਿਹੜਾ 2-3 ਘੰਟਿਆਂ ਵਿਚ ਪੂਰਾ ਕਰਨਾ ਮਿੱਥਿਆ ਸੀ, ਉਸ ਵਿਚ 72 ਘੰਟੇ ਲੱਗ ਗਏ ਹਨ। ਅਫ਼ਸਰਾਂ ਸਮੇਤ ਸੈਂਕੜੇ ਫੌਜੀ ਮਾਰੇ ਗਏ ਹਨ। ਪਰ ਦੋਨੇ ਪਾਸੇ ਹੋਏ ਖੂਨ ਖ਼ਰਾਬੇ ਦਾ ਕੋਈ ਸਹੀ ਥਹੁ ਪਤਾ ਨਹੀਂ ਸੀ ਲੱਗ ਰਿਹਾ।

ਵੀਰਵਾਰ ਦੀ ਦੇਰ ਰਾਤ ਮੈਨੂੰ ਪਤਾ ਲੱਗਿਆ ਕਿ ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਦੇ ਮ੍ਰਿਤਕ ਸਰੀਰਾਂ ਨੂੰ ਨਗਰਪਾਲਿਕਾ ਦੇ ਚਾਟੀਵਿੰਡ ਸ਼ਮਸ਼ਾਨਘਾਟ ਵਿਚ ਅੰਤਮ ਸਸਕਾਰ ਕਰ ਦਿੱਤਾ ਗਿਆ। ਫੌਜ ਦੇ ਕਰੜੇ ਬੰਦੋਬਸਤ ਹੇਠ 400 ਤੋਂ ਵੱਧ ਮ੍ਰਿਤਕ ਦੇਹਾਂ ਸ਼ਮਸ਼ਾਨਘਾਟ ਵਿਚ ਲਿਆਂਦੀਆਂ ਗਈਆਂ ਸਨ।

sikhsangharsh

…… ਚਲਦਾ

http://www.facebook.com/groups/sanumannpunjabihonda/


Post Comment


ਗੁਰਸ਼ਾਮ ਸਿੰਘ ਚੀਮਾਂ