ਖੂਹ ਜਿਸ ਵਿੱਚੋਂ ਗੁਰੂ ਜੀ ਨੇ ਪਾਣੀ ਪੀਤਾ |
ਐਮਨਾਆਬਾਦ ਨਿਵਾਸੀ ਘਟੌੜਾ ਜਾਤ ਦਾ ਇੱਕ ਤਰਖਾਣ ਸੀ। ਸਤਿਗੁਰ ਨਾਨਕ ਦੇਵ ਜੀ ਜਦ
ਐਮਨਾਆਬਾਦ ਆਏ ਤਾਂ ਇਸ ਦੇ ਘਰ ਹੀ ਠਹਿਰੇ। ਇਥੇ ਹੀ ਮਹਾਰਾਜ ਨੇ ''ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ॥''ਤਿਲੰਗ ਰਾਗ ਵਿੱਚ ਸ਼ਬਦ ਉਚਾਰਿਆ।
ਮਲਿਕ ਭਾਗੋ ਨਾਮੀ ਇਕ ਬੰਦਾ ਜੋ ਐਮਨਾਆਬਾਦ ਦੇ ਹਾਕਿਮ ਦਾ ਅਹਿਲਕਾਰ ਸੀ, ਇਕ ਵਾਰ ਉਸਨੇ ਬ੍ਰਹਮਭੋਜ ਕੀਤਾ। ਉਸ ਨੇ ਗੁਰੂ ਜੀ ਨੂੰ ਵੀ ਬੁਲਾਇਆ ਤੇ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਇਸ ਉਤੇ ਉਸ ਨੂੰ ਗੁੱਸਾ ਆ ਗਿਆ। ਉਸ ਨੇ ਹੁਕਮ ਨਾਲ ਗੁਰੂ ਜੀ ਨੂੰ ਤਲਬ ਕੀਤਾ। ਗੁਰੂ ਸਾਹਿਬ ਨੇ ਭਰੀ ਕਚਿਹਰੀ ਵਿੱਚ ਉਹਦੇ ਮਾਹਲ ਪੂੜਿਆਂ ਨੂੰ ਆਪਦੇ ਇਕ ਹੱਥ ਵਿੱਚ ਤੇ ਦੂਜੇ ਹੱਥ ਵਿੱਚ ਲਾਲੋ ਤਰਖਾਣ ਦੀ ਸੁੱਕੀ ਰੋਟੀ ਨੂੰ ਨਿਚੋੜਿਆ ਤਾਂ ਮਲਿਕ ਭਾਗੋ ਦੇ ਮਾਹਲ ਪੂੜਿਆਂ ਵਿਚੋਂ ਖੂਨ ਟਪਕਣ ਲੱਗ ਪਿਆ ਤੇ ਭਾਈ ਲਾਲੋ ਜੀ ਸੁੱਕੀ ਰੋਟੀ ਵਿੱਚੋਂ ਦੁੱਧ ਸਿੰਮਣ ਲੱਗ ਪਿਆ। ਆਪ ਜੀ ਨੇ ਫਰਮਾਇਆ ਤੇਰੀ ਕਮਾਈ ਅੰਦਰ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ ਜਦਕਿ ਇਸ ਤਰਖਾਣ ਦੀ ਰੋਟੀ ਵਿੱਚ ਇਸਦੀ ਹਲਾਲ ਦੀ ਮਿਹਨਤ ਦਾ ਦੁੱਧ ਹੈ। ਇਹ ਹੀ ਵਜ੍ਹਾ ਹੈ ਕਿ ਜੋ ਮੈ ਤੇਰੇ ਮਾਲ ਪੂੜਿਆਂ ਨੂੰ ਠੁਕਰਾ ਕੇ ਮਿਹਨਤ ਦੇ ਸੁੱਕੇ ਟੁੱਕਰ ਚੰਗੇ ਜਾਣੇ। ਭਾਈ ਲਾਲੋ ਦੇ ਘਰ ਜਿੱਥੇ ਗੁਰੂ ਸਾਹਿਬ ਠਹਿਰੇ, ਉਥੇ ਗੁਰਦੁਆਰਾ ਬਣਾ ਦਿੱਤਾ ਗਿਆ। ਇਸ ਨੂੰ ਗੁਰਦੁਆਰਾ ਭਾਈ ਲਾਲੋ ਜੀ ਖੂਹੀ ਆਖਿਆ ਜਾਂਦਾ ਹੈ। ਉਹ ਖੂਹ ਜਿਸ ਵਿੱਚੋਂ ਗੁਰੂ ਜੀ ਨੇ ਪਾਣੀ ਪੀਤਾ, ਉਹ ਅੱਜ ਵੀ ਮੋਜੂਦ ਹੈ।