ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, June 10, 2012

ਸਭਿਆਚਾਰ ਅਸਲ ਵਿਚ ਕੀ ਹੈ ?


ਆਮ ਤੌਰ ’ਤੇ ‘ਸਭਿਆਚਾਰ’ ਦੇ ਅਰਥ ਕਿਸੇ ਕੌਮ ਦੇ ਰਹਿਣ ਸਹਿਣ ਤੋਂ ਹੀ ਲਏ ਜਾਂਦੇ ਹਨ ਜੋ ਕਿ ਠੀਕ ਨਹੀਂ ਹੈ। ਮੌਜ਼ੂਦਾ ਸਮੇਂ ਸਭਿਆਚਾਰ ਦਾ ਲਿਆ ਜਾਂਦਾ ਭਾਵ ਇਸ ਲਫ਼ਜ ਦੇ ਅਰਥਾਂ ਅਨੁਸਾਰ ਨਹੀਂ ਹੈ। ਸਭਿਆਚਾਰ ਸ਼ਬਦ ਦੋ ਸ਼ਬਦਾ ਦੇ ਮੇਲ ਤੋਂ ਬਣਿਆ ਹੈ -ਸਭਿਆ + ਆਚਾਰ = ਸਭਿਆਚਾਰ। ‘ਸਭਿਆ’ ਦਾ ਅਰਥ ਹੈ ਚੰਗਾ, ਸ਼ਿਸਟ, ਚੱਜ ਆਦਿ ਤੇ ‘ਆਚਾਰ’ ਦਾ ਅਰਥ ਹੈ ਰਹਿਣ-ਸਹਿਣ। ਇਸ ਤਰ੍ਹਾਂ ਸਭਿਆਚਾਰ ਦਾ ਅਰਥ ਹੋਇਆ ‘ਚੰਗਾ ਰਹਿਣ ਸਹਿਣ।’ ਇਸ ਤਰ੍ਹਾਂ ਸਭਿਆਚਾਰ ਦਾ ਸਹੀ ਅੰਗਰੇਜ਼ੀ ਤਰਜ਼ਮਾ ਕਲਚਰ (culutre) ਨਹੀਂ ਸਗੋਂ ਸਿਵਲਾਈਜ਼ੇਸਨ (Civilization) ਹੋਵੇਗਾ।

ਹੁਣ ਜਦੋਂ ਪੰਜਾਬੀ ਜਾਂ ਭਾਰਤੀ ‘ਸਭਿਆਚਾਰ’ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸਦਾ ਭਾਵ ਭਾਰਤੀ ਜਾਂ ਪੰਜਾਬੀ ਰਹਿਣ-ਸਹਿਣ ਤੇ ਇਸ ਨਾਲ ਸਬੰਧਿਤ ਸਾਧਨਾਂ ਤੋਂ ਹੀ ਲਿਆ ਜਾਂਦਾ ਹੈ। ਹੁਣ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਕਿਹਾ ਜਾਂਦਾ ਭਾਰਤੀ ਜਾਂ ਪੰਜਾਬੀ ‘ਸਭਿਆਚਾਰ’ ਕਿੰਨਾ ਕੁ ‘ਸਭਿਆ’ ਹੈ। ਨਾ ਤਾਂ ਪੁਰਤਾਨ ਅਤੇ ਨਾ ਹੀ ਅਜੋਕੇ ਭਾਰਤੀ ਸਮਾਜ ਨੇ ਅਜਿਹੀ ਜੀਵਨ ਜਾਂਚ ਅਖਤਿਆਰ ਕੀਤੀ ਹੈ ਜਿਸਨੂੰ ਸਭਿਅਕ ਜਾਂ ਸਭਿਆਚਾਰਕ ਕਿਹਾ ਜਾ ਸਕੇ ਤੇ ਪੰਜਾਬ ਦੇ ਇਤਿਹਾਸ ਵਿਚ ਵੀ ਸਿੱਖੀ ਜੀਵਨ ਜਾਂਚ ਤੋਂ ਬਿਨਾਂ ਹੋਰ ਕੋਈ ਵੀ ਜਿੰਦਗੀ ਦਾ ਪੱਧਰ ਸਭਿਆਚਾਰਿਕ ਅਖਵਾਉਣ ਦਾ ਹੱਕਦਾਰ ਨਹੀਂ। ਇਤਿਹਾਸ ਫਰੋਲਿਆਂ ਇਹ ਸਚਾਈ ਉਜਾਗਰ ਹੋ ਜਾਵੇਗੀ।  

ਜਦੋਂ ਗੱਲ ਸਭਿਆਚਾਰ ਦੀ ਹੁੰਦੀ ਹੈ ਤਾਂ ਇਸ ਵਿਚ ਮਨੁੱਖੀ ਜਿੰਦਗੀ ਦੇ ਸਾਰੇ ਸਭਿਆ ਪੱਖ ਆ ਜਾਂਦੇ ਹਨ, ਜਿਵੇਂ ਸਭਿਆ ਧਰਮ, ਸਭਿਆ ਸਮਾਜ, ਸਭਿਆ ਕਿਰਤ, ਸਭਿਆ ਵਿਰਸਾ, ਸਭਿਆ ਸੰਗੀਤ ਆਦਿ। ਹੁਣ ਜੇਕਰ ਕਿਸੇ ਕੌਮ ਦੀ ਮੁੱਖ ਧਾਰਾ ਕੋਲ ਉਪ੍ਰੋਕਤ ਸਭ ਕੁਝ ਮੌਜ਼ੂਦ ਹੈ ਤਾਂ ਇਹ ਉਸਦਾ ਸਭਿਆਚਾਰ ਹੈ। ਸਭਿਆ ਦੇ ਲੱਛਣ ਤੋਂ ਰਹਿਤ ਕਿਸੇ ਵੀ ਜੀਵਨ-ਧਾਰਾ ਨੂੰ ਸਭਿਅਚਾਰ ਕਹਿਣਾ ਨਿਰਸੰਦੇਹ ਇਸ ਉੱਚੇ-ਸੁੱਚੇ ਲਫ਼ਜ਼ ਦਾ ਨਿਰਾਦਰ ਹੈ ਹੋਰ ਕੁਝ ਨਹੀਂ। 

ਕਿਸੇ ਸਭਿਆ ਕੌਮ ਦਾ ਲੱਛਣ ਹੁੰਦਾ ਹੈ ਨਿਰੰਤਰ ਵਿਕਾਸ ਕਰਦੇ ਜਾਣਾ। ਇਹ ਵਿਕਾਸ ਸਰਬੱਤ ਦੇ ਭਲੇ ਦੇ ਸੰਕਲਪ ਦਾ ਇੱਕ ਹਿੱਸਾ ਵੀ ਹੈ ਬਿਨਾਂ ਵਿਕਾਸ ਤੋਂ ਮਨੁੱਖੀ ਜਿੰਦਗੀ ਦਾ ਕੋਈ ਭਲਾ ਨਹੀਂ ਹੋ ਸਕਦਾ। ਪਰ ਅੱਜ ਸਭਿਆਚਾਰ ਜਾਂ ਵਿਰਸੇ ਦੇ ਬਣੇ ਠੇਕੇਦਾਰਾਂ ਨੂੰ ਇਹ ਸਭ ਮਨਜ਼ੂਰ ਨਹੀਂ। ਉਹ ਨਹੀਂ ਚਾਹੁੰਦੇ ਕਿ ਸਮਾਜ ਵਿਕਾਸ ਕਰੇ ਕਿਉਂਕਿ ਉਹ ਵਿਚਾਰੇ ‘ਸਭਿਆਚਾਰਿਕ’ ਲੋਕ ਹਨ, ਆਪਣੇ ‘ਵਿਰਸੇ’ ਨੂੰ ‘ਪਿਆਰ’ ਕਰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅੱਜ ਦੀਆਂ ਕੁੜੀਆਂ ਦਾ ਹੱਥਾਂ ਵਾਲੀ ਮਧਾਣੀ ਤੋਂ ਖਹਿੜਾ ਕਿਉਂ ਛੁੱਟ ਗਿਆ ਹੈ, ਅੱਜ ਕੁੜੀਆਂ ਘਰ ਵਿਚ ਹੀ ਚੱਕੀ ਰਾਹੀਂ ਆਟਾ ਕਿਉਂ ਨਹੀਂ ਪੀਸਦੀਆਂ, ਅੱਜ ਕੁੜੀਆਂ ਚਰਖਾ ਕੱਤਣਾ ਕਿਉਂ ਭੁੱਲ ਗਈਆਂ ਹਨ ਆਦਿ ਆਦਿ। ਅੱਜ ਜਦੋਂ ਸਾਇੰਸ ਨੇ ਸਾਡੀ ਜਿੰਦਗੀ ਨੂੰ ਏਨਾ ਸੁਖਾਲਾ ਕਰ ਦਿਤਾ ਹੈ ਕਿ ਬਿਜਲੀ ਵਾਲੀਆਂ ਮਧਾਣੀਆਂ ਆ ਗਈਆਂ ਹਨ, ਸਾਡੀਆਂ ਬੱਚੀਆਂ ਹੱਥੀਂ ਆਟਾ ਪੀਸਣ ਦੀ ਸ਼ਜਾ ਤੋਂ ਮੁੱਕਤ ਹੋ ਗਈਆਂ ਹਨ, ਨਵੀਂ ਇੰਡਸਟਰੀ ਕਾਰਨ ਅਸੀਂ ਵਧੀਆ ਕਪੜੇ ਪਹਿਣਨ ਲੱਗ ਪਏ ਹਾਂ ਤਾਂ ਪਤਾ ਨਹੀਂ ਇਨ੍ਹਾਂ ਅਖੌਤੀ ਸਭਿਆਚਾਰਿਕ ‘ਚਿੰਤਕਾਂ’ ਦੇ ਕਿਉਂ ਪੇਟ ਦਰਦ ਕਰਨ ਲੱਗੇ ਹਨ! ਹੋਰ ਸੁਣੋ ਅੱਜ ਟਿੰਡਾਂ ਕਿਧਰੇ ਨਜ਼ਰ ਨਹੀਂ ਆਉਂਦੀਆਂ, ਲੋਕ ਬਲਦਾਂ ਨਾਲ ਵਾਹੀ ਕਰਨੋਂ ਹਟ ਕੇ ਟਰੈਕਟਰਾਂ ਨਾਲ ਵਾਹੀ ਕਿਉਂ ਕਰਨ ਲੱਗੇ ਹਨ। ਅੱਜ ਤੇਜ਼ ਰਫ਼ਤਾਰ ਦੇ ਯੁਗ ਵਿਚ ਪਤਾ ਨਹੀਂ ਕਿਉਂ ਇਹ ਲੋਕ ਗ਼ਰੀਬ ਕਿਸਾਨਾਂ ਨੂੰ ਬਿਪਤਾ ਸਹੇੜਣ ਲੱਗੇ ਹਨ ਕੀ ਸਭਿਆਚਾਰ ਦਾ ਲੱਛਣ ਆਪਣੇ ਸਮਅਰਥੀ ਸ਼ਬਦ ‘ਨਵੇਂਪਣ’ ਰਾਹੀਂ ਆਪਣੀ ਤੇ ਸਮਾਜ ਦੀ ਜਿੰਦਗੀ ਹੋਰ ਸੁਖਾਲਾ ਕਰਨਾ ਹੁੰਦਾ ਹੈ ਨਾ ਕਿ ਇਸ ਨੂੰ ਹੋਰ ਕਸ਼ਟਮਈ ਬਣਾਉਣਾ। ਅੱਜ ਕਈ ਲੋਕਾਂ ਨੂੰ ਕਾਰਾਂ ਦੀਆਂ ਛੱਤਾਂ ਉੱਤੇ ‘ਚਰਖਿਆਂ ਦੀਆਂ ਅਰਥੀਆਂ’ ਰੱਖ ਕੇ ਇਨ੍ਹਾਂ ਦੇ ‘ਬਿਬਾਨ’ ਕੱਢਦਿਆਂ ਵੇਖ ਕੇ ਸਚਮੁੱਚ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਤੇ ਬਹੁਤ ਤਰਸ ਆਉਂਦਾ ਹੈ। ਇਸ ਵੇਲਾ ਵਿਹਾ ਚੁੱਕੇ ਕੂੜੇ ਕਰਕਟ ਨੂੰ ਪੰਜਾਬ ਦੇ ਵਿਰਸੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਸ਼ਰਮ ਕਰਨੀ ਚਾਹੀਦੀ ਹੇ ਅਜਿਹੇ ਲੋਕਾਂ ਨੂੰ ਜਿਨ੍ਹਾਂ ¬ਨੂੰ ‘ਵਿਰਸਾ’ ਸ਼ਬਦ ਦਾ ਮਤਲਬ ਵੀ ਨਹੀਂ ਪਤਾ।
ਕਿਸੇ ਕੌਮ ਦਾ ਵਿਰਸਾ ਉਹੀ ਹੋ ਸਕਦਾ ਹੈ ਜਿਸਨੇ ਕਿਸੇ ਕੌਮ ਦੇ ਭਵਿਖ ਨੂੰ ਵੀ ਉਸਾਰੂ ਰੂਪ ’ਚ ਪ੍ਰਭਾਵਿਤ ਕੀਤਾ ਹੋਵੇ ਤੇ ਕੌਮ ਨੂੰ ਉਸ ’ਤੇ ਮਾਣ ਹੋਵੇ। ਜੋ ਕੌਮ ਲਈ ਭਵਿਖ ਵਿਚ ਵੀ ਚਾਣਨ ਮੁਨਾਰੇ ਵਾਂਗ ਕੰਮ ਕਰਦਾ ਰਹੇ। ਚਰਖਿਆਂ, ਟਿੰਡਾਂ ਵਾਂਗ ਇਹ ਕਦੇ ਪੁਰਾਣਾ ਨਹੀਂ ਹੁੰਦਾ ਇਸ ਨੂੰ ਖਰੀਦਿਆ ਨਹੀਂ ਜਾਂਦਾ, ਬਣਵਾਇਆ ਨਹੀਂ ਜਾਂਦਾ ਸਗੋਂ ਬਣਾਇਆ ਜਾਂਦਾ ਹੈ ਤੇ ਇਸਦੇ ਮਹਿਲ ਕਈ ਵਾਰ ਸਿੱਖਾਂ ਵਰਗੀ ਕੌਮ ਦੇ ਖ਼ੂਨ ਨਾਲ ਖੜ੍ਹੇ ਕੀਤੇ ਜਾਂਦੇ ਹਨ। ਸਿੱਖ ਵਿਰਸੇ ਨੇ ਇਕਲੇ ਭਾਰਤ ਦੇ ਹੀ ਨਹੀਂ ਪੂਰੇ ਏਸ਼ੀਆ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ ਤੇ ਕਰਦਾ ਰਹੇਗਾ। ਵਿਰਸੇ ਵਿਚ ਕਿਸੇ ਕੌਮ ਦੀਆਂ ਉਚੀਆਂ ਸੁਚੀਆਂ ਘਾਲਨਾਵਾਂ ਮੌਜ਼ੂਦ ਹੁੰਦੀਆਂ। ਹੱਕ ਸੱਚ ਲਈ ਆਪਾ ਨਿਸ਼ਾਵਰ ਕਰ ਦੇਣਾ ਸਾਡੇ ਵਿਰਸੇ ਦਾ ਅਟੁੱਟ ਹਿੱਸਾ ਰਿਹਾ ਹੈ। ਅਗਲੇ ਮਹੀਨੇ ਫ਼ਤਿਹਗੜ੍ਹ ਸਾਹਿਬ ਵਿਚ ਛੋਟੇ ਸ਼ਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਦੁਨੀਆ ਦੇ ਇਤਿਹਾਸ ਵਿਚ ਇਹ ਇਕ ਅਨੋਖਾ ਤੇ ਰੱਬੀ ਸਾਕਾ ਹੀ ਹੈ ਕਿ ਦੋ ਮਾਸੂਮ ਰੂਹਾਂ ਤੇ ਇਕ ਬਿਰਧ ਮਾਤਾ ਵੀ ਇਸ ਹੱਕ ਸੱਚ ਲਈ ਆਪਾ ਵਾਰ ਗਈਆਂ। ਇਹ ਹੈ ਸਾਡਾ ਵਿਰਸਾ ਜੋ ਦਸਮ ਪਾਤਸ਼ਾਹ ਵਲੋਂ ਇਸ਼ਾਰਾ ਕੀਤੇ ਅੱਜ ਦੇ ਉਨ੍ਹਾਂ ‘ਕਈ ਹਜ਼ਾਰ’ ਸਿੱਖਾਂ ’ਤੇ ਵੀ ਪੁਰਾ ਢੁਕਦਾ ਹੈ ਜੋ ਹਿੰਦੂਸ਼ਾਹੀ ਦੇ ਰਾਜ ਵਿਚ ਅਨੇਕਾਂ ਜ਼ੁਲਮ ਤਸ਼ੱਦਦ ਸਹਾਰਦਿਆਂ ਇਸੇ ਹੱਕ ਸੱਚ ਲਈ ਆਪਾ ਵਾਰ ਗਏ ਤੇ ਪਤਾ ਨਹੀਂ ਆਉਣ ਵਾਲਾ ਸਮਾਂ ਵੀ ਆਪਣੀ ਬੁੱਕਲ ਵਿਚ ਕੀ ਕੁਝ ਸਮੋਈ ਬੈਠਾ ਹੈ, ਕੋਈ ਕੁਝ ਨਹੀਂ ਜਾਣਦਾ, ਇਸ ਵਿਰਸੇ ਨੂੰ ਸੰਭਾਲਣ ਵਾਲੇ ਤੇ ਭੱਵਿਖ ਵਿੱਚ ਬਨਾਉਣ ਵਾਲੇ ਵੀ ਨਹੀ ਪਰ ਹੀਰ ਰਾਂਝਿਆ ਦੀਆਂ ਖਰਮਸਤੀਆਂ ਨੂੰ ਪੰਜਾਬ ਦਾ ਵਿਰਸਾ ਸਮਝਣ ਵਾਲੇ ਅਖੌਤੀ ਸਭਿਆਚਾਰਕਿ ਚਿੰਤਤ ‘ਵਿਚਾਰੇ’ ਸਾਡੇ ਇਸ ਮਹਾਨ ਵਿਰਸੇ ਨੂੰ ਕੀ ਜਾਣਨ! ਇਨ੍ਹਾ ਲੋਕਾਂ ਲਈ ਤਾਂ ਅੱਜ ਸਿਰਫ ਲੱਚਰ ਕਿਸਮ ਦਾ ਗਾਉਣ–ਵਜਾਉਣ ਹੀ ਪੰਜਾਬ ਦਾ ਸਭਿਆਚਾਰ ਬਣ ਕੇ ਰਹਿ ਗਿਆ ਹੈ ਤੇ ਇਹੋ ਕੁਝ ਵਿਰਸਾ।
ਕੁਝ ਅਖੌਤੀ ਸਭਿਆਚਾਰ ਦੇ ਹਾਮੀ ਲੋਕ ਪੁਰਾਣੀਆਂ ਪੰਜਾਬੀ ਰਸਮਾਂ ਜਿਵੇਂ ਜੰਝ ਬੰਨ੍ਹਣੀ ਤੇ ਖੋਲ੍ਹਣੀ ਅਤੇ ਜਾਗੋ ਕੱਢਣ ਨੂੰ ਵੀ ਬਹੁਤ ‘ਮਿਸ’ ਕਰ ਰਹੇ ਹਨ।ਵਿਆਹਾਂ ਸਮੇਂ ਜਾਗੋ ਤਾਂ ਹੁਣ ਵੀ ਕੱਢੀ ਜਾਂਦੀ ਹੈ ਤੇ ਪਾਠਕ ਇਸ ਵਿਚ ਪਾਈਆਂ ਜਾਂਦੀਆਂ ਲੱਚਰ ਬੋਲੀਆਂ ਨੂੰ ਸੁਣ ਕੇ ਖੁਦ ਅੰਦਾਜ਼ਾ ਲਗਾ ਲੈਣ ਕਿ ਇਹ ਰਸਮ ਕਿੰਨੀ ਕੁ ਸਭਿਆਚਾਰਿਕ ਹੈ। ਬਾਕੀ ਜੰਝ ਬੰਨ੍ਹਣੀ ਤੇ ਖੋਲ੍ਹਣੀ ਵਿਚ ਤਾਂ ਲੱਚਰਤਾ ਦੀਆਂ ਸਾਰੀਆਂ ਹੱਦਾਂ ਹੀ ਮੁੱਕ ਜਾਂਦੀਆਂ ਹਨ। ਸ਼ਰਮ ਕਰਨੀ ਚਾਹੀਦੀ ਅਜਿਹੇ ਲੋਕਾਂ ਨੂੰ ਜੋ ਇਨ੍ਹਾਂ ਨੂੰ ਆਪਣਾ ‘ਕੀਮਤੀ ਵਿਰਸਾ’ ਦੱਸਦੇ ਹਨ। ਕਾਮਰੇਡ ‘ਲੇਖਕ’ ਜਾਂ ਅਖੌਤੀ ਵਿਦਵਾਨਾਂ ਨੂੰ ਇਨ੍ਹਾਂ ਰਸਮਾਂ ਨਾਲ ਜ਼ਿਅਦਾ ਹੀ ਮੋਹ ਹੈ। 

ਅੱਜ ਮਨੁੱਖੀ ਅਜ਼ਾਦੀ ਲਈ ਮਰ ਮਿਟਣ ਵਾਲੇ ਸਿੱਖ ਸ਼ਹੀਦਾਂ ਦੀ ਇਸ ਧਰਤੀ ’ਤੇ ਜਿਥੇ ਸਿੱਖ ਸਭਿਆਚਾਰ ਦਾ ਪ੍ਰਸਾਰ ਹੋਣਾ ਚਾਹੀਦਾ ਸੀ ਉਥੇ ਅਖੌਤੀ ਪੰਜਾਬੀ ਜਾਂ ਜੱਟ ‘ਸਭਿਆਚਾਰ’ ਫ਼ੈਲਾਇਆ ਜਾ ਰਿਹਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਧਰਤੀ ਲਈ ਖੂਨ ਡੋਲ੍ਹਣ ਵਾਲਿਆ ਦੀ ਥਾਂ ਰਾਂਝਿਆਂ, ਮਜਨੂੰਆਂ, ਰਿਸ਼ਤੇਦਾਰਾਂ ਦੀਆਂ ਧੀਆਂ ਉਧਾਲਣ ਵਾਲੇ ਮਿਰਜ਼ੇ ਵਰਗੇ ਗੈਰ ਸਮਾਜਿਕ ਅਨਸਰਾਂ ਤੇ ਜੱਗੇ ਵਰਗੇ ਚੋਰਾਂ-ਡਾਕੂਆਂ ਨੂੰ ਇਥੋਂ ਦਾ ਹੀਰੋ ਬਣਾਇਆਂ ਜਾ ਰਿਹਾ ਹੈ। ਕੀ ਸੁਨੇਹਾ ਦੇਣਾ ਚਾਹੁੰਦੇ ਹਨ ਇਹ ਲੋਕ ਬਾਕੀ ਦੁਨੀਆਂ ਨੂੰ? ਕੀ ਇਸ ਨਾਲ ਪਾਟੇਲ ਵਰਗਿਆਂ ਦੀ ‘ ਸਿੱਖ ਜ਼ਰਾਇਮ ਪੇਸ਼ਾ ਲੋਕ’ ਦੀ ਧਾਰਨਾ ਨੂੰ ਹਵਾ ਨਹੀਂ ਮਿਲਦੀ? 

ਅੱਜ ਜਿਸ ਜੱਟ ਜਾਂ ਅਖੋਤੀ ਪੰਜਾਬੀ ‘ਸਭਿਆਚਾਰ’ ਨੂੰ ਫ਼ੈਲਾਇਆ ਜਾ ਰਿਹਾ ਹੈ ਉਸੇ ਜੱਟਾਂ (ਮੈਂ ਪਹਿਲਾ ਹੀ ਸਪੱਸ਼ਟ ਕਰ ਦਵਾਂ ਕਿ ਮੈਂ ਵੀ ਜੱਟ ਪਰਿਵਾਰ ਨਾਲ ਹੀ ਸਬੰਧਿਤ ਹਾਂ) ਤੇ ਪੰਜਾਬ ਦੇ ਇਤਿਹਾਸ ’ਚੋਂ ਜੇਕਰ ਸਿੱਖੀ ਨੂੰ ਕੱਢ ਦਿੱਤਾ ਜਾਵੇ ਫਿਰ ਨਾ ਤਾਂ ਜੱਟਾਂ ਪੱਲੇ ਕੁੱਝ ਬਚਦਾ ਹੈ ਤੇ ਨਾ ਹੀ ਪੰਜਾਬ ਪੱਲੇ ਜੱਟਾਂ ਅਤੇ ਪੰਜਾਬੀਆਂ ਦੀ ਬਹਾਦਰੀ ਕਿਤੇ ਖੰਭ ਲਗਾ ਕੇ ਉਡ ਜਾਵੇਗੀ ਅਤੇ ਨਾਲ ਹੀ ਉੱਡ ਜਾਵੇਗੀ ਤਥਾ ਕਥਿਤ ਭਾਰਤੀ ਸੰਸਕ੍ਰਿਤੀ ਤੇ ਗਲੋਬ ਤੋਂ ਭਾਰਤ ਦਾ ਨਕਸ਼ਾ। ਉਂਝ ਵੀ ਜਦੋਂ ਤੱਕ ਲੋਕਾਂ ’ਚੋਂ ਸਿੱਖੀ ਨਿਕਲਣੀ ਸ਼ੁਰੂ ਹੋਈ ਹੈ ਤੇ ਜੱਟਵਾਦ ਵੜਣਾ ਸ਼ੁਰੂ ਹੋਇਆ ਹੈ ਤਾਂ ਜੱਟਾਂ ਦੀ ਦੁਰਦਸ਼ਾ ਵੀ ਨਾਲ ਹੀ ਸ਼ੁਰੂ ਗਈ ਕਰਜ਼ਿਆਂ ਤੇ ਆਰਥਿਕ ਔਕੜਾਂ ਦੇ ਮਾਰੇ ਉਹ ਖੁਦਕਸ਼ੀਆਂ ਤੱਕ ਅੱਪੜ ਗਏ ਹਨ। ਸਿੱਖੀ ਦੇ ਨਾਲ ਨਾਲ ਉਨ੍ਹਾਂ ਦੀ ਬਹਾਦਰੀ ਤੇ ਅਣਖ ਵੀ ਉਡਣੀ ਸ਼ੁਰੂ ਹੋ ਗਈ। ਹੱਦ ਤਾਂ ਉਦੋਂ ਸ਼ੁਰੂ ਹੋਈ ਜਦੋਂ ਜੱਟਾਂ ਦੀਆਂ ਕੁੜੀਆਂ ਭਈਆਂ ਰਾਹੀਂ ‘ਅਗਵਾ’ ਹੋਣ ਲੱਗੀਆਂ। ਅਸਲ ਵਿਚ ਇਹ ਵਰਤਾਰਾ ਉਸ ਰਾਹ ਦਾ ਭਵਿੱਖ ਹੈ ਜਾਂ ਆਉਣ ਵਾਲੇ ਸਮੇਂ ਜਾਂ ਰਾਹ ਵੱਲ ਸਿਰਫ਼ ਇਕ ਸੰਕੇਤ ਹੀ ਕਰਦਾ ਹੈ, ਜਿਸ ਰਾਹੇ ਅੱਜ ਦੀ ਸਿੱਖ ਕਿਸਾਨੀ ਜਾਂ ਦੂਜੇ ਸ਼ਬਦਾਂ ਵਿਚ ‘ਜੱਟ’ ਤੁਰ ਪਏ ਹਨ (ਅਸਲ ਰਾਹ ਛੱਡ ਕੇ)। ਪਰ ਆਪਣੇ ਨਾਲ ਬੀਤ ਰਹੇ ਭਾਣੇ ਦੇ ਉਨ੍ਹਾਂ ਅਸਲ ਕਾਰਨਾਂ ਨੂੰ ਉਹ ਅਜੇ ਤੱਕ ਨਹੀਂ ਲੱਭ ਸਕੇ ਜਿਹੜੇ ਆਪਣੇ ਅਸਲ ਸਭਿਆਚਾਰ ਤੇ ਵਿਰਸੇ ਨੂੰ ਤਿਲਾਂਜਲੀ ਦੇਣ ਕਾਰਨ ਪੈਦਾ ਹੋਏ ਹਨ। ਉਹ ਅੱਜ ਪ੍ਰਾਪਤ ਕਰਨ ਜਾਂ ਲੈਣ ਨਾਲੋਂ ਮੰਗਣ ’ਚ ਰੁਚਿਤ ਹੋ ਗਏ ਹਨ। ਜੱਟਾਂ ਦੀ ਗੁਆਚੀ ਪੱਗ ਉਦੋਂ ਤੱਕ ਉਨ੍ਹਾਂ ਦੇ ਸਿਰ ਤੇ ਨਹੀਂ ਟਿਕ ਸਕਦੀ ਜਦ ਤੱਕ ਉਹ ਮੁੜ ਆਪਣੇ ਮੂਲ ਵੱਲ ਨਹੀਂ ਪਰਤਦੇ। ਇਹ ਪੱਗ ਉਨ੍ਹਾਂ ਨੂੰ ਜਿਸ ਰਾਹ ’ਚੋਂ ਮਿਲੀ ਸੀ ਉਸ ਰਾਹ ’ਚੋਂ ਉਹ ਭਟਕ ਗਏ ਹਨ। ਮੁੜ ਉਸੇ ਰਾਹ ਪੈਣ ਨਾਲ ਉਹ ਪੱਗ ਵੀ ਉਨ੍ਹਾਂ ਨੂੰ ਲੱਭ ਪਵੇਗੀ।...

ਪ੍ਰਦੀਪ ਸਿੰਘ ....




Post Comment


ਗੁਰਸ਼ਾਮ ਸਿੰਘ ਚੀਮਾਂ