ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, June 29, 2012

ਤਿੰਨ ਦਹਾਕਿਆਂ ਬਾਅਦ ਸੁਰਜੀਤ ਸਿੰਘ ਵਤਨ ਪਰਤਿਆ

ਅੰਮ੍ਰਿਤਸਰ/ਅਟਾਰੀ, 28 ਜੂਨ


ਜਜ਼ਬਿਆਂ ਦਾ ਹੜ੍ਹ: ਵਾਹਗਾ ਸਰਹੱਦ ’ਤੇ
ਭਾਰਤ ਦਾਖਲ ਹੋਣ ਬਾਅਦ ਸੁਰਜੀਤ ਸਿੰਘ ਤੇ
ਉਸ ਦੀ ਬੇਟੀ ਪਰਮਿੰਦਰ ਕੌਰ ਦਾ ਹੋ ਰਿਹਾ ਮਿਲਾਪ 
 
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਫਿੱਡੇ ਦਾ 69 ਸਾਲਾ ਸੁਰਜੀਤ ਸਿੰਘ 31 ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਬਿਤਾਉਣ ਮਗਰੋਂ ਅੱਜ ਵਤਨ ਪਰਤਿਆ।
ਸੁਰਜੀਤ ਸਿੰਘ ਉਰਫ ਮੱਖਣ ਸਿੰਘ ਨੂੰ 1981 ਵਿੱਚ ਫ਼ਿਰੋਜ਼ਪੁਰ ਨਾਲ ਲਗਦੀ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਜਾਸੂਸੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਪਾਕਿਸਤਾਨ ਦੀ ਤਤਕਾਲੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸਿਫ਼ਾਰਸ਼ ’ਤੇ ਉਸ ਵੇਲੇ ਦੇ ਰਾਸ਼ਟਰਪਤੀ ਇਸਹਾਕ ਖ਼ਾਨ ਨੇ ਉਸ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ। ਉਮਰ ਕੈਦ ਦੀ ਸਜ਼ਾ ਵੀ ਉਹ ਕਾਫੀ ਸਮਾਂ ਪਹਿਲਾਂ ਭੁਗਤ ਚੁੱਕਾ ਸੀ।
ਸੁਰਜੀਤ ਸਿੰਘ ਨੂੰ ਸਰਹੱਦ ’ਤੇ ਛੱਡਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਤੇ ਹੋਰ ਅਮਲਾ ਆਇਆ ਹੋਇਆ ਸੀ, ਜਿਨ੍ਹਾਂ ਪ੍ਰਧਾਨ ਮੰਤਰੀ ਦਫਤਰ ਵੱਲੋਂ ਉਸ ਨੂੰ ਮਿਠਾਈ ਦਾ ਟੋਕਰਾ ਦਿੱਤਾ। ਸੁਰਜੀਤ ਸਿੰਘ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਤੇ ਕਾਲੀ ਦਸਤਾਰ ਸਜਾਈ ਹੋਈ ਸੀ ਅਤੇ ਪੈਰਾਂ ਵਿੱਚ ਨਵੀਂ ਪੰਜਾਬੀ ਜੁੱਤੀ ਸੀ। ਸਰਹੱਦ ’ਤੇ ਉਸ ਦੀ ਬੇਟੀ ਪਰਮਿੰਦਰ ਕੌਰ ਤੇ ਬੇਟੇ ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਗਲੇ ਵਿੱਚ ਹਾਰ ਪਾ ਕੇ ਸਵਾਗਤ ਕੀਤਾ। ਉਹ ਆਪਣੇ ਪਰਿਵਾਰ ਜੀਆਂ ਨੂੰ ਮਿਲ ਕੇ ਭਾਵੁਕ ਹੋ ਗਿਆ। ਗੱਲਬਾਤ ਦੌਰਾਨ ਉਸ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਬਿਤਾਏ ਸਮੇਂ ਬਾਰੇ ਉਸ ਨੇ ਆਖਿਆ ਕਿ ਉਥੇ ਭਾਰਤੀ ਕੈਦੀਆਂ ਨਾਲ ਕੋਈ ਮਾੜਾ ਵਤੀਰਾ ਨਹੀਂ ਕੀਤਾ ਜਾਂਦਾ। ਹੁਣ ਤੱਕ ਕੋਈ ਵੀ ਭਾਰਤੀ ਕੈਦੀ ਭੁੱਖਾ-ਪਿਆਸਾ ਜਾਂ ਕੁੱਟਮਾਰ ਨਾਲ ਨਹੀਂ ਮਰਿਆ ਹੈ। ਪਿਛਲੇ ਕੁਝ ਸਮੇਂ ਵਿੱਚ ਕੁਝ ਕੈਦੀਆਂ ਦੀ ਬਿਮਾਰੀ ਕਾਰਨ ਜ਼ਰੂਰ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿੱਚ ਕੁਝ ਭਾਰਤੀ ਕੈਦੀ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਅਜਿਹੇ ਕੈਦੀਆਂ ਦਾ ਇਲਾਜ ਬਾਹਰ ਜਿਨਾਹ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ। ਇਕ ਸੁਆਲ ਦੇ ਜਵਾਬ ਵਿੱਚ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਕੋਈ ਵੀ ਭਾਰਤੀ ਜੰਗੀ ਕੈਦੀ ਨਹੀਂ ਹੈ।ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਰਬਜੀਤ ਬਾਰੇ ਉਸ ਨੇ ਦੱਸਿਆ ਕਿ ਫਾਂਸੀ ਦੀ ਸਜ਼ਾ ਦੇ ਆਦੇਸ਼ ਹੋਣ ਕਾਰਨ ਉਸ ਨੂੰ ਵੱਖਰੀ ਬੈਰਕ ਵਿੱਚ ਰੱਖਿਆ ਹੋਇਆ ਹੈ। ਉਹ ਹਫ਼ਤੇ ਵਿੱਚ ਇਕ ਵਾਰ ਉਸ ਨੂੰ ਮਿਲਦਾ ਰਿਹਾ ਹੈ ਪਰ ਅੱਜ ਵਾਪਸੀ ਸਮੇਂ ਜੇਲ੍ਹ ਪ੍ਰਸ਼ਾਸਨ ਨੇ ਉਸ ਨਾਲ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ। ਰਿਹਾਈ ਲਈ ਪੈਦਾ ਹੋਈ ਗਲਤਫਹਿਮੀ ਬਾਰੇ ਉਸ ਨੇ ਦੱਸਿਆ ਕਿ ਉਰਦੂ ਵਿੱਚ ਸੁਰਜੀਤ ਅਤੇ ਸਰਬਜੀਤ ਇਕ ਢੰਗ ਨਾਲ ਲਿਖਿਆ ਜਾਂਦਾ ਹੈ, ਜਿਸ ਕਾਰਨ ਇਹ ਭੁਲੇਖਾ ਪਿਆ। ਉਸ ਨੇ ਕਿਹਾ ਕਿ ਜੇਲ੍ਹ ਵਿੱਚ ਰਿਹਾਈ ਬਾਰੇ ਆਦੇਸ਼ ਉਸ ਦੇ ਨਾਂ ਦੇ ਹੀ ਆਏ ਸਨ, ਨਾ ਕਿ ਸਰਬਜੀਤ ਦੇ। ਭਾਰਤ ਵਿੱਚ ਸਰਬਜੀਤ ਦੀ ਰਿਹਾਈ ਨੂੰ ਮੀਡੀਆ ਵੱਲੋਂ ਹਰ ਵਾਰ ਵੱਡੇ ਪੱਧਰ ’ਤੇ ਉਭਾਰਿਆ ਜਾਂਦਾ ਹੈ, ਜਿਸ ਦਾ ਪ੍ਰਤੀਕਰਮ ਪਾਕਿਸਤਾਨ ਵਿੱਚ ਵੀ ਹੁੰਦਾ ਹੈ ਅਤੇ ਉਥੇ ਲੋਕ ਸਰਬਜੀਤ ਦੀ ਰਿਹਾਈ ਦੇ ਹੱਕ ਵਿੱਚ ਨਹੀਂ ਹਨ, ਜਿਸ ਕਾਰਨ ਉਸ ਦੀ ਰਿਹਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਆਪਣੇ ਪਾਕਿਸਤਾਨ ਜਾਣ ਦੇ ਕਾਰਨ ਨੂੰ ਬਿਆਨ ਕਰਦਿਆਂ ਸੁਰਜੀਤ ਸਿੰਘ ਨੇ ਬਿਨਾਂ ਕਿਸੇ ਝਿਜਕ ਤੋਂ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਜਾਸੂਸੀ ਕਰਨ ਲਈ ਗਿਆ ਸੀ ਅਤੇ ਖ਼ੁਫ਼ੀਆ ਏਜੰਸੀ ਵੱਲੋਂ ਭੇਜਿਆ ਗਿਆ ਸੀ। ਉਸ ਵੱਲੋਂ ਜਾਸੂਸੀ ਬਾਰੇ ਦੱਸਣ ’ਤੇ ਤੁਰੰਤ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕ ਦਿੱਤਾ ਅਤੇ ਆਪਣੇ ਨਾਲ ਲੈ ਗਏ। ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ ਸੁਰਜੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ 10-12 ਅਜਿਹੇ ਭਾਰਤੀ ਕੈਦੀ ਹਨ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਹ ਰਿਹਾਈ ਦੀ ਉਡੀਕ ਕਰ ਰਹੇ ਹਨ। ਅਟਾਰੀ ਸਰਹੱਦ ਵਿਖੇ ਪਾਕਿਸਤਾਨੀ ਅਧਿਕਾਰੀਆਂ ਨੇ ਸੁਰਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁੱਜੇ ਐਸ.ਡੀ.ਐਮ. ਮਨਮੋਹਨ ਸਿੰਘ ਕੰਗ, ਤਹਿਸੀਲਦਾਰ ਪਰਮਜੀਤ ਸਿੰਘ ਗੁਰਾਇਆ ਅਤੇ ਬੀ.ਐਸ.ਐਫ. ਦੇ ਕਮਾਂਡੈਂਟ ਸੁਮੇਤ ਸਿੰਘ ਤੇ ਸਹਾਇਕ ਕਮਾਂਡੈਂਟ ਜਸਵਿੰਦਰ ਸਿੰਘ ਕੰਗ ਦੇ ਹਵਾਲੇ ਕੀਤਾ।
ਅਟਾਰੀ: ਤਿੰਨ ਦਹਾਕਿਆਂ ਮਗਰੋਂ ਪਾਕਿਸਤਾਨੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਸੁਰਜੀਤ ਸਿੰਘ ਦੀ ਅੱਜ ਵੀ ਇਥੇ ਆਪਣੀ ਪਤਨੀ ਹਰਬੰਸ ਕੌਰ ਨਾਲ ਮੁਲਾਕਾਤ ਨਾ ਹੋ ਸਕੀ। ਪਾਕਿਸਤਾਨੀ ਹਕੂਮਤ ਨੇ ਤਾਂ ਸੁਰਜੀਤ ਸਿੰਘ ਨੂੰ ਜੇਲ੍ਹ ਵਿਚ ਬੰਦ ਕਰਕੇ ਪਰਿਵਾਰ ਤੋਂ ਦੂਰ ਕੀਤਾ ਹੀ ਸੀ ਪਰ ਆਪਣੇ ਹੀ ਦੇਸ਼ ਦੇ ਸਲਾਮਤੀ ਢਾਂਚੇ ਨੇ ਵੀ ਉਸ ਦੀ ਉਡੀਕ ਵਿਚ ਜਵਾਨੀ ਲੰਘਾ ਚੁੱਕੀ ਬੀਬੀ ਸੁਰਜੀਤ ਕੌਰ ਦੀ ਪਤੀ ਨਾਲ ਮੁਲਾਕਾਤ ਨਾ ਹੋਣ ਦਿੱਤੀ।  ਹੋਇਆ ਇੰਝ ਕਿ ਜਦੋਂ ਸਰਹੱਦ ਵਿਖੇ ਸੁਰਜੀਤ ਸਿੰਘ ਨੂੰ ਜੀ ਆਇਆਂ ਕਹਿਣ ਲਈ ਪਰਿਵਾਰ ਦੇ ਜੀਅ ਪੁੱਜੇ ਤਾਂ ਹਰੰਬਸ ਕੌਰ ਆਪਣੀ ਭੈਣ ਅਤੇ ਸੁਰਜੀਤ ਸਿੰਘ ਦੀ ਭੈਣ ਗੁਰਦੀਪ ਕੌਰ ਸਮੇਤ ਕੁਝ ਰਿਸ਼ਤੇਦਾਰਾਂ ਨਾਲ ਬੱਸ ਵਿਚ ਸਵਾਰ ਸੀ, ਜਿਸ ਨੂੰ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ. ਅਧਿਕਾਰੀਆਂ ਨੇ ਜ਼ੀਰੋ ਲਾਈਨ ਤੱਕ ਨਹੀਂ ਜਾਣ ਦਿੱਤਾ। ਇਹ ਬੱਸ ਨਵੀਂ ਬਣੀ ਆਈ.ਸੀ.ਪੀ. ਵਿਖੇ ਚਲੀ ਗਈ। ਸੁਰਜੀਤ ਸਿੰਘ ਦਾ ਪੁੱਤ ਸੀ ਤੇ ਹੋਰ ਉਸ ਨੂੰ ਜ਼ੀਰੋ ਲਾਈਨ ਵਿਖੇ ਹੀ ਮਿਲ ਗਏ ਸਨ। ਪਰ ਪਤਨੀ ਦੇ ਉਥੇ ਨਾ ਹੋਣ ਕਾਰਨ ਦੋਵਾਂ ਦੀ ਮੁਲਾਕਾਤ ਨਾ ਹੋ ਸਕੀ। ਮਗਰੋਂ ਜਦੋਂ ਦੋਵੇਂ ਆਈ.ਸੀ.ਪੀ. ਵਿਖੇ ਪੁੱਜੇ ਤਾਂ ਉਥੇ ਵੀ ਪਏ ਘੜਮੱਸ ਕਾਰਨ ਦੋਵਾਂ ਜੀਆਂ ਦੀ ਆਪਸ ਵਿਚ ਮੁਲਾਕਾਤ ਨਾ ਹੋ ਸਕੀ। ਹਰਬੰਸ ਕੌਰ ਲੰਮੇ ਸਮੇਂ ਤੋਂ ਹੱਥ ਵਿਚ ਹਾਰ ਫੜੀ ਸੁਰਜੀਤ ਸਿੰਘ ਨੂੰ ਉਡੀਕ ਰਹੀ ਸੀ। ਜਦੋਂ ਦੋਵੇਂ ਕੁਝ ਦੂਰੀ ’ਤੇ ਆਹਮੋ-ਸਾਹਮਣੇ ਸਨ ਤਾਂ ਪਏ ਘੜਮੱਸ ਕਾਰਨ ਪ੍ਰਸ਼ਾਸਨ ਅਤੇ ਬੀ.ਐਸ.ਐਫ. ਦੇ ਅਧਿਕਾਰੀ ਸੁਰਜੀਤ ਸਿੰਘ ਨੂੰ ਵਾਪਸ ਲੈ ਗਏ। ਹਰਬੰਸ ਕੌਰ ਮੁੜ ਬਾਹਰ ਆ ਕੇ ਦੂਜੇ ਗੇਟ ’ਤੇ ਉਡੀਕ ਕਰਨ ਲੱਗੀ ਪਰ ਪ੍ਰਸ਼ਾਸਨ ਦੇ ਅਧਿਕਾਰੀ ਉਸ ਨੂੰ ਇਕ ਕਾਰ ਵਿਚ ਬਿਠਾ ਕੇ ਬਾਹਰ ਲੈ ਗਏ। ਹਰਬੰਸ ਕੌਰ ਨੇ ਪ੍ਰਸ਼ਾਸਨ ਅਤੇ ਬੀ.ਐਸ.ਐਫ. ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਇਨ੍ਹਾਂ ਨੇ ਉਸ ਨੂੰ ਆਪਣੇ ਪਤੀ ਨਾਲ ਨਹੀਂ ਮਿਲਣ ਦਿੱਤਾ। ਉਹ ਨਿਰਾਸ਼ ਪਰਤ ਗਈ।  ਪਿਤਾ ਨੂੰ ਮਿਲਣ ਪੁੱਜੇ ਸੁਰਜੀਤ ਸਿੰਘ ਦੇ ਛੋਟੇ ਬੇਟੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਸ ਵੇਲੇ ਬਹੁਤ ਛੋਟਾ ਸੀ, ਜਦੋਂ ਪਿਤਾ ਘਰੋਂ ਡਿਊਟੀ ’ਤੇ ਜਾਣ ਬਾਰੇ ਦੱਸ ਕੇ ਪਾਕਿਸਤਾਨ ਚਲੇ ਗਏ ਸਨ। ਉਹ ਉਦੋਂ ਮਸਾਂ 2 ਵਰ੍ਹਿਆਂ ਦਾ ਸੀ ਅਤੇ ਹੁਣ ਪਿਤਾ ਨੂੰ ਮਿਲਣ ਵੇਲੇ ਉਹ 33 ਵਰ੍ਹਿਆਂ ਦਾ ਹੋ ਗਿਆ ਹੈ। ਉਸ ਨੇ ਆਖਿਆ ਕਿ ਪਰਿਵਾਰ ਨੂੰ ਆਸ ਸੀ ਕਿ ਸੁਰਜੀਤ ਸਿੰਘ ਇਕ ਦਿਨ ਜ਼ਰੂਰ ਪਰਤ ਆਉਣਗੇ ਅਤੇ ਉਨ੍ਹਾਂ ਦੀ ਇਹ ਇੱਛਾ ਅੱਜ ਪੂਰੀ ਹੋ ਗਈ ਹੈ। ਉਸ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਉਥੋਂ ਦੀਆਂ ਜੇਲ੍ਹਾਂ ਵਿਚ ਬੰਦ ਹੋਰ ਭਾਰਤੀ ਕੈਦੀਆਂ ਦੀ ਰਿਹਾਈ ਦੀ ਵੀ ਅਪੀਲ ਕੀਤੀ ਹੈ।   ਸੁਰਜੀਤ ਸਿੰਘ ਦੀ ਬੇਟੀ ਪਰਮਿੰਦਰ ਕੌਰ ਨੇ ਦੱਸਿਆ ਕਿ ਪਿਤਾ ਜਦੋਂ ਗਏ ਸਨ ਤਾਂ ਉਹ ਬੱਚੀ ਸੀ ਅਤੇ ਅੱਜ ਜਦੋਂ ਉਹ ਵਾਪਸ ਪਰਿਵਾਰ ਵਿਚ ਪਰਤੇ ਹਨ ਤਾਂ ਉਸੇ ਉਮਰ ਦੇ ਉਸ ਦੇ ਆਪਣੇ ਬੱਚੇ ਹਨ।


Post Comment


ਗੁਰਸ਼ਾਮ ਸਿੰਘ ਚੀਮਾਂ