ਪਟਿਆਲਾ, 31 ਮਾਰਚ (ਸਿੱਖ ਗਾਰਡੀਅਨ) ਕੱਲ੍ਹ ਇਥੇ ਰਣਜੀਤ ਸਿੰਘ ਨਾਂ ਦੇ ਇਕ ਨੌਜਵਾਨ ਨੇ ਦਰੱਖਤ ਨਾਲ ਫਾਂਸੀ ਦਾ ਰੱਸਾ ਲਮਕਾ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਹਰਿਆਣੇ ਦੀ ਗੂਹਲਾ-ਚੀਕਾ ਤਹਿਸੀਲ ਦੇ ਪਿੰਡ ਦਸੇਰਪੁਰ ਦਾ ਰਹਿਣ ਵਾਲਾ ਸੀ। ਮੌਕੇ ਤੋਂ ਮਿਲੇ ਖੁਦਕੁਸ਼ੀ ਨੋਟ ਵਿਚ ਇਸ ਨੌਜਵਾਨ ਨੇ ਲਿਖਿਆ ਹੈ ਕਿ ਉਸਨੇ ਫਾਂਸੀ ਇਸ ਕਰਕੇ ਲਈ ਹੈ ਕਿਉਂਕਿ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਰਕਾਰ ਵੱਲੋਂ ਫਾਂਸੀ ਦਿਤੀ ਜਾ ਰਹੀ ਹੈ। ਇਸ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਫਾਂਸੀ ਲੈਣ ਵਾਲਾ ਉਹ ਇਕੱਲਾ ਨੌਜਵਾਨ ਨਹੀਂ ਹੈ ਸਗੋਂ ਜਦ ਤਕ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਨਹੀਂ ਕੀਤਾ ਜਾਂਦਾ, 21 ਨੌਜਵਾਨ ਆਪਣੇ ਆਪ ਨੂੰ ਫਾਂਸੀ ਲਗਾਉਣਗੇ। ਇਹ ਵੀ ਪਤਾ ਲੱਗਾ ਹੈ ਕਿ ਨੌਜਵਾਨਾਂ ਦੇ ਇਕ ਗਰੁਪ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਖਾਤਰ ਉਨੀ ਦੇਰ ਤਕ ਅਜਿਹੀਆਂ ਫਾਂਸੀਆਂ ਲਗਾਉਣ ਦਾ ਫੈਸਲਾ ਕੀਤਾ ਹੈ, ਜਦ ਤਕ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਇਥੇ ਅਸੀਂ ‘ਸਿੱਖ ਗਾਰਡੀਅਨ’ ਵੱਲੋਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਨ੍ਹਾਂ ਨੌਜਵਾਨਾਂ ਦੀ ਭਾਈ ਬਲਵੰਤ ਸਿੰਘ ਰਾਜੋਆਣਾ ਪ੍ਰਤੀ ਹਮਾਇਤ ਤਾਂ ਸ਼ਲਾਘਾਯੋਗ ਹੈ ਪਰ ਇਸ ਤਰ੍ਹਾਂ ਖੁਦਕੁਸ਼ੀਆਂ ਕਰਨੀਆਂ ਵੀ ਸਿੱਖੀ ਸਿਧਾਂਤਾਂ ਅਨੁਸਾਰ ਗਲਤ ਹਨ। ਇਸ ਲਈ ਇਹ ਨੌਜਵਾਨ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹਮਾਇਤ ਜ਼ਰੂਰ ਕਰਨ ਪਰ ਅਜਿਹੇ ਕਦਮ ਨਾ ਉਠਾਉਣ, ਜਿਸ ਨਾਲ ਉਨ੍ਹਾਂ ਨੂੰ ਮਿਲਿਆ ਇਹ ਅਮੋਲਕ ਜੀਵਨ ਬੇਅਰਥ ਚਲਿਆ ਜਾਵੇ। ਇਨ੍ਹਾਂ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿਚ ਸਿੱਖੀ ਦੇ ਗੁਣ ਧਾਰਨ ਕਰਨ ਦੇ ਨਾਲ-ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਵਾਲਾ ਸਿਦਕਦਿਲੀ ਵਾਲਾ ਜਜ਼ਬਾ ਵੀ ਪੈਦਾ ਕਰਨ। ਹੋਰਨਾਂ ਨੌਜਵਾਨਾਂ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਕੇ ਜ਼ਿੰਦਗੀ ਦੀ ਅਮੁੱਲੀ ਦਾਤ ਨੂੰ ਸੰਭਾਲਣ ਦੀ ਲੋੜ ਹੈ।
http://www.facebook.com/sanumaanpunjabihonda2