ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਭਾਈ
ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਫਾਂਸੀ ਦੀ ਸਜ਼ਾ ਮਗਰੋਂ ਲੁਧਿਆਣਾ ਜ਼ਿਲ੍ਹੇ ਦੇ ਸੈਂਕੜੇ
ਪਿੰਡਾਂ ਵਿਚ ਜਿਥੇ ਹਜ਼ਾਰਾਂ ਸਿੱਖ ਨੌਜਵਾਨ ਮੋਟਰਸਾਇਕਲਾਂ/ ਸਕੂਟਰਾਂ ਤੇ ਖਾਲਸਾਈ ਝੰਡੇ ਲਗਾਕੇ
ਤੇ ਖਾਲਸਾਈ ਦਸਤਾਰਾਂ ਸਜਾਕੇ ਵੱਡੇ-ਵੱਡੇ ਮਾਰਚ ਕੱਢ ਰਹੇ ਹਨ, ਉਥੇ ਇਹ ਨਾਅਰਾ ਵੀ ਪਿੰਡਾਂ ਵਿਚ ਸ਼ਰੇਆਮ
ਗੂੰਜ ਰਿਹਾ ਹੈ ਕਿ “ਰਾਜੋਆਣਾ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕਕੇ”! ਦਿਲਚਸਪ ਗੱਲ ਇਹ ਹੈ ਕਿ ਇਹ ਨਾਅਰਾ ਲਾਉਣ
ਵਾਲੇ ਵਧੇਰੇ ਨੌਜਵਾਨ 15 ਤੋਂ 25 ਸਾਲ ਦੀ ਉਮਰ ਦੇ ਹਨ, ਜੋ ਕਿ ਵਧੇਰੇ ਕੇਸਾਂ ਤੋਂ ਰਹਿਤ ਹਨ। ‘ਸਿੱਖ ਗਾਰਡੀਅਨ’ ਦੀ ਟੀਮ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ
ਗੱਲਬਾਤ ਕਰਨ ਤੇ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਸਾਰੇ ਨੌਜਵਾਨ ਚਾਹੁੰਦੇ ਹਨ ਕਿ ਭਾਈ
ਬਲਵੰਤ ਸਿੰਘ ਰਾਜੋਆਣਾ ਨੂੰ ਕਿਸੇ ਵੀ ਹਾਲਤ ਵਿਚ ਫਾਂਸੀ ਨਹੀਂ ਹੋਣੀ ਚਾਹੀਦੀ, ਸਗੋਂ ਉਹ ਸਾਡੀ ਕੌਮ ਦਾ ਹੀਰੋ ਹੈ, ਇਸ ਲਈ ਉਸਦੀ ਤੁਰੰਤ ਰਿਹਾਈ ਹੋਣੀ ਚਾਹੀਦੀ
ਹੈ। ਕੇਸ ਕੱਟੇ ਵਾਲੇ ਵਧੇਰੇ ਨੌਜਵਾਨਾਂ ਦਾ ਇਹੀ ਕਹਿਣਾ ਹੈ ਕਿ ਉਹ ਭਾਵੇਂ ਧਰਮ ਤੋਂ ਪਤਿਤ ਹਨ ਪਰ
ਲੋੜ ਪੈਣ ਤੇ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਵਾਂਗ ਕੌਮ ਤੋਂ ਆਪਾ ਵਾਰਨ ਲਈ ਵੀ ਤਿਆਰ ਬਰ ਤਿਆਰ
ਹਨ। ਇਨ੍ਹਾਂ ਨੌਜਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਸਰਕਾਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ
ਚੜ੍ਹਾਉਣ ਦਾ ਫੈਸਲਾ ਕਰਕੇ ਸਿੱਖਾਂ ਨਾਲ ਧੱਕਾ ਕਰ ਰਹੀ ਹੈ, ਜਦਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਚੋਂ ਕਿਸੇ
ਦੀ ਅੱਜ ਤਕ ਗ੍ਰਿਫਤਾਰੀ ਤਕ ਵੀ ਨਹੀਂ ਹੋ ਸਕੀ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਭਾਈ ਬਲਵੰਤ
ਸਿੰਘ ਰਾਜੋਆਣਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ ਤੇ ਸਾਰੇ ਨੌਜਵਾਨ ਉਨ੍ਹਾਂ ਦੇ ਹਰ ਬੋਲ ਤੇ
ਫੁੱਲ ਚੜ੍ਹਾਉਣ ਲਈ ਤਿਆਰ-ਬਰ ਤਿਆਰ ਖੜ੍ਹੇ ਹਨ। ‘ਸਿੱਖ ਗਾਰਡੀਅਨ’ ਦੀ ਟੀਮ ਵੱਲੋਂ “ਰਾਜੋਆਣਾ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕਕੇ” ਦਾ ਨਾਅਰਾ ਲਾਉਣ ਵਾਲੇ ਇਨ੍ਹਾਂ ਨੌਜਵਾਨਾਂ
ਨੂੰ ਵੀ ਪੂਰਨ ਸਿੱਖੀ ਸਰੂਪ ਧਾਰਨ ਕਰਨ ਦੀ ਬੇਨਤੀ ਕਰਨ ਤੇ ਕਈ ਨੌਜਵਾਨਾਂ ਨੇ ਕਿਹਾ ਕਿ ਉਹ ਹੁਣ
ਕੇਸ ਜ਼ਰੂਰ ਰੱਖ ਲੈਣਗੇ। ਭਾਈ ਬਲਵੰਤ ਸਿੰਘ ਰਾਜੋਆਣਾ, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ
ਮਗਰੋਂ ਸਿੱਖ ਨੌਜਵਾਨਾਂ ਵਿਚ ਖਾਲਸਾਈ ਜਜ਼ਬਾ ਪ੍ਰਚੰਡ ਕਰਨ ਵਾਲੀ ਪਹਿਲੀ ਸ਼ਖਸੀਅਤ ਹੈ, ਜਿਸਨੇ ਏਨੇ ਵੱਡੇ ਪੱਧਰ ਤੇ ਪੰਜਾਬ ਵਿਚ
ਖਾਲਸਾਈ ਲਹਿਰ ਦਾ ਆਗਾਜ਼ ਕਰ ਦਿਤਾ ਹੈ। ਵਾਹਿਗੁਰੂ ਕਿਰਪਾ ਕਰੇ, ਸਿੱਖੀ ਦੀ ਇਹ ਲਹਿਰ ਹੋਰ ਵੱਧੇ-ਫੁੱਲੇ ਤੇ
ਸਿੱਖ ਨੌਜਵਾਨਾਂ ਨੂੰ ਖਾਲਸਾਈ ਸਰੂਪ ਤੇ ਸਿਦਕ ਨਾਲ ਲਬਰੇਜ਼ ਕਰ ਦੇਵੇ!