ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਰਸਤਾ ਸਾਫ-31 ਮਾਰਚ ਨੂੰ ਫਾਂਸੀ ਤੇ ਲਟਕਾਏ ਜਾਣ ਦੇ ਮੁੜ ਹੁਕਮ ਜਾਰੀ
ਚੰਡੀਗੜ੍ਹ, 20 ਮਾਰਚ: (ਸਿੱਖ ਗਾਰਡੀਅਨ) ਚੰਡੀਗੜ੍ਹ ਦੀ ਅਦਾਲਤ ਨੇ ਸਾਬਕਾ
ਮੁੱਖਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਭਾਈ ਬਲਵੰਤ
ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਫਾਂਸੀ ਤੇ ਪੱਕੀ ਮੋਹਰ ਲਾਉਂਦਿਆਂ
ਮੁੜ ਇਹ ਹੁਕਮ ਜਾਰੀ ਕੀਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਰ ਹਾਲਤ ਵਿਚ 31 ਮਾਰਚ
ਨੂੰ ਸਵੇਰੇ 9 ਵਜੇ ਫਾਂਸੀ ਤੇ ਲਟਕਾ ਦਿਤਾ ਜਾਵੇ। ਅਦਾਲਤ ਨੇ
ਕਿਸੇ ਹੋਰ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਚੰਡੀਗੜ੍ਹ ਅਦਾਲਤ ਦੇ ਮਾਮਲੇ ਵਿਚ ਕਿਸੇ ਹੋਰ
ਜੇਲ੍ਹ ਵਿਚ ਵੀ ਫਾਂਸੀ ਦਿਤੀ ਜਾ ਸਕਦੀ ਹੈ, ਜਿਥੇ ਮੁਜ਼ਰਮ ਬੰਦ ਹੋਵੇ।
ਇਸ ਤੋਂ ਪਹਿਲਾਂ ਪਟਿਆਲਾ ਜੇਲ੍ਹ ਨੇ ਇਹ ਕਹਿੰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ
ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਵਾਪਸ ਕਰ ਦਿਤੇ ਸਨ ਕਿ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਪੰਜਾਬ
ਦੀ ਕਿਸੇ ਜੇਲ੍ਹ ਵਿਚ ਲਾਗੂ ਨਹੀਂ ਹੋ ਸਕਦੇ। ਚੰਡੀਗੜ੍ਹ ਦੀ ਅਦਾਲਤ ਵੱਲੋਂ ਭਾਈ ਬਲਵੰਤ ਸਿੰਘ
ਰਾਜੋਆਣਾ ਦੇ ਮੁੜ ਤੋਂ ਫਾਂਸੀ ਲਈ ਹੁਕਮ ਜਾਰੀ ਹੋਣ ਨਾਲ ਹੁਣ ਇਹ ਅਟਕਲਾਂ ਖਤਮ ਹੋ ਗਈਆਂ ਹਨ ਕਿ
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿਤੀ ਜਾਵੇਗੀ ਜਾਂ ਨਹੀਂ? ਚੰਡੀਗੜ੍ਹ
ਦੀ ਅਦਾਲਤ ਵੱਲੋਂ ਸਖਤੀ ਨਾਲ ਦਿਤੇ ਗਏ ਹੁਕਮਾਂ ਕਾਰਣ ਹੁਣ ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਨੂੰ 31 ਮਾਰਚ
ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣੀ ਹੀ ਪਵੇਗੀ! ਉਧਰ ਸੁਪਰੀਮ ਕੋਰਟ ਨੇ ਭਾਈ
ਬਲਵੰਤ ਸਿੰਘ ਰਾਜੋਆਣਾ ਨਾਲ ਸਬੰਧਤ ਸਾਰਾ ਰਿਕਾਰਡ ਨਵੀਂ ਦਿੱਲੀ ਤਲਬ ਕਰ ਲਿਆ ਹੈ ਤਾਂ ਜੋ ਭਾਈ
ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਹੋ ਜਾਣ ਉਪਰੰਤ ਇਹ ਸਾਰਾ ਰਿਕਾਰਡ ਰਾਸ਼ਟਰੀ ਸੰਪਤੀ ਵਜੋਂ
ਸੰਭਾਲਕੇ ਰੱਖ ਲਿਆ ਜਾਵੇ। ਇਥੇ ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਪਹਿਲਾਂ ਹੀ
ਸਪੱਸ਼ਟ ਕਰ ਚੁੱਕੇ ਹਨ ਕਿ ਉਹ ਫਾਂਸੀ ਵਿਰੁੱਧ ਕੋਈ ਅਪੀਲ਼ ਨਹੀਂ ਕਰਨਗੇ ਸਗੋਂ ਹੱਸਕੇ ਫਾਂਸੀ
ਚੜ੍ਹ ਜਾਣਗੇ! ਚੰਡੀਗੜ੍ਹ ਦੀ ਅਦਾਲਤ ਦੇ ਨਵੇਂ ਹੁਕਮਾਂ ਮਗਰੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ
ਫਾਂਸੀ ਦਿਤੇ ਜਾਣ ਲਈ ਰਸਤਾ ਲਗਭਗ ਸਾਫ ਹੋ ਗਿਆ ਹੈ। ਸਿੱਖ ਜਥੇਬੰਦੀਆਂ ਨੂੰ ਭਾਈ ਬਲਵੰਤ ਸਿੰਘ
ਰਾਜੋਆਣਾ ਦੀ ਫਾਂਸੀ ਸਬੰਧੀ ਕੋਈ ਰਣਨੀਤੀ ਬਣਾਉਣ ਲਈ ਇਸ ਨਵੀਂ ਸਰਗਰਮੀ ਨੂੰ ਜ਼ਰੂਰ ਧਿਆਨ ਵਿਚ ਰੱਖਣਾ
ਚਾਹੀਦਾ ਹੈ।