-ਹਰਲਾਜ ਸਿੰਘ ਬਹਾਦਰਪੁਰ
ਜਦੋਂ ਪੰਜਾਬ ਦੀ ਧਰਤੀ ਨੂੰ
ਬੇਗੁਨਾਹਾਂ ਦੇ ਖੂਨ ਨਾਲ ਰੰਗਿਆ ਜਾ ਰਿਹਾ ਸੀ, ਉਸ ਸਮੇਂ ਪੰਜਾਬ ਦੀਆਂ
ਸਮੂਹ ਸਿਆਸੀ ਧਿਰਾਂ ਆਪਣੀ ਮੰਦ-ਭਾਵੀ ਚੁੱਪ ਰਾਹੀਂ ਇਸਦੀ ਹਮਾਇਤ ਕਰ ਰਹੀਆਂ ਸਨ। ਸ਼੍ਰੋਮਣੀ
ਕਮੇਟੀ ਅਤੇ ਤਖਤ ਸਾਹਿਬਾਨਾਂ ਤੋਂ ਵੀ ਕੋਈ ਅਵਾਜ ਨਹੀਂ ਸੀ ਉੱਠ ਰਹੀ। ਇਸ ਮੱਕਾਰੀ ਚੁੱਪ ਨੂੰ ਵੇਖ
ਕੇ ਬੇਦੋਸ਼ੇ ਨੌਜਵਾਨਾਂ ਦੇ ਕਾਤਲ ਆਪਣੀ ਪਿੱਠ ਥਪਥਪਾ ਰਹੇ ਸਨ ਕਿ ਅਸੀਂ ਪੰਜਾਬ ਵਿੱਚ ਸ਼ਾਂਤੀ
ਵਰਤਾ ਦਿੱਤੀ ਹੈ। ਅਸਲ ਵਿੱਚ ਇੱਥੇ ਸ਼ਾਂਤੀ ਨਹੀਂ ਸੀ, ਇੱਥੇ
ਤਾਂ ਬੇਗੁਨਾਹਾਂ ਉੱਤੇ ਹੋ ਰਹੇ ਜੁਲਮ ਦੀ ਬਹੁਤ ਵੱਡੀ ਕੁਰਲਾਹਟ ਪਈ ਹੋਈ ਸੀ । ਪਰ ਸਭ ਨੇ ਇਸ
ਕੁਰਲਾਹਟ ਨੂੰ ਅਣਸੁਣਿਆ ਕੀਤਾ ਹੋਇਆ ਸੀ। ਗੁਰੂ ਕੇ ਸਿੱਖ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਉਸਦੇ
ਸਾਥੀਆਂ ਨੇ ਇਸ ਹੋ ਰਹੀ ਕੁਰਲਾਹਟ ਨੂੰ ਸੁਣ ਕੇ ਇਸਨੂੰ ਸ਼ਾਂਤ ਕਰਨ ਲਈ ਕਮਰਕੱਸੇ ਕੀਤੇ। ਆਪਣੀ
ਜਾਨ ਦੀ ਪਰਵਾਹ ਨਾ ਕਰਦਿਆਂ 31 ਅਗਸਤ 1995 ਨੂੰ ਬੇਗੁਨਾਹਾਂ ਦੇ ਕਾਤਲ ਬੇਅੰਤ ਸਿੰਘ ਨੂੰ ਸੋਧ ਕੇ ਸੱਚੀ ਸ਼ਾਂਤੀ ਵਰਤਾ
ਦਿੱਤੀ। ਜਦੋਂ ਹੁਣ ਸ਼ਾਂਤੀ ਦੇ ਮਸੀਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ
ਨੂੰ ਫਾਂਸੀ ਦਿੱਤੇ ਜਾਣ ਦੀ ਗੱਲ ਸੁਣੀ ਤਾਂ ਜਿੱਥੇ ਭ੍ਰਿਸ਼ਟ ਹਿੰਦੂਸਤਾਨੀ ਨਿਆਂ ਪ੍ਰਬੰਧਾਂ ਦੀ
ਬੇਇਨਸਾਫੀ ਤੋਂ ਮਨ ਦੁਖੀ ਹੋਇਆ ਤਾਂ ਉੱਥੇ ਇੱਕ ਹੌਂਸਲਾ ਵੀ ਮਿਲਿਆ ਕਿ ਸਿੱਖ ਇਤਿਹਾਸ ਵਿੱਚ ਇੱਕ
ਸ਼ਹੀਦੀ ਹੋਰ ਸ਼ਾਮਿਲ ਹੋਣ ਜਾ ਰਹੀ ਹੈ, ਭਾਈ ਬਲਵੰਤ ਸਿੰਘ ਰਾਜੋਆਣਾ
ਦੀ ਫਾਂਸੀ ਹਿੰਦੂਸਤਾਨੀ ਨਿਆਂਕਰਤਾਵਾਂ ਦੇ ਮੂੰਹ ਉੱਤੇ ਚਪੇੜ ਸਾਬਿਤ ਹੋਵੇਗੀ ਕਿਉਂਕਿ ਵੀਰ ਬਲਵੰਤ
ਸਿੰਘ ਨੇ ਹਿੰਦੂਸਤਾਨੀ ਨਿਆਂ ਵਿੱਚ ਵਿਸ਼ਵਾਸ਼ ਨਾ ਕਰਦਿਆਂ ਕੋਈ ਅਪੀਲ ਵਗੈਰਾ ਕਰਨ ਦੀ ਥਾਂ ਸਿੱਖੀ
ਸਿੱਦਕ ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹੀਦ ਹੋਣਾ ਚੰਗਾ
ਸਮਝਿਆ ਹੈ। ਭਾਈ ਬਲਵੰਤ ਸਿੰਘ ਦੀ ਸ਼ਹੀਦੀ ਨਾਲ ਸਿੱਖ ਕੌਮ ਦੀ ਅਮੀਰੀ ਵਿੱਚ ਹੋਰ ਵਾਧਾ ਹੋਵੇਗਾ
ਕਿਉਂਕਿ ਸ਼ਹੀਦ ਹੀ ਕੌਮ ਦਾ ਸ਼ਰਮਾਇਆ ਹੁੰਦੇ ਹਨ। ਕੌਮ ਦੀ ਅਮੀਰੀ ਦਾ ਪਤਾ ਵੀ ਕੌਮ ਦੇ ਖਜਾਨੇ
ਵਿੱਚ ਪਏ ਕੌਮੀ ਧਨ (ਸ਼ਹੀਦਾਂ) ਦੀ ਗਿਣਤੀ ਤੋਂ ਹੀ ਲਗਾਇਆ ਜਾਂਦਾ ਹੈ। ਹੱਕ ਸੱਚ ਦੇ ਪਹਿਰੇਦਾਰ, ਮਜਲੂਮਾਂ
ਦੇ ਹਮਦਰਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਧੱਕੇ, ਝੂਠ, ਅਨਿਆਂ
ਅਤੇ ਜਬਰਾਂ ਦੇ ਵਿਰੁੱਧ ਅਵਾਜ ਬੁਲੰਦ ਕਰਦਿਆਂ ਸਿੱਖ ਕੌਮ ਦੀ ਸਥਾਪਨਾ ਕੀਤੀ ਸੀ। ਦੂਜੀ ਤੀਜੀ ਅਤੇ
ਚੌਥੀ ਪਾਤਸ਼ਾਹੀ ਨੇ ਵੀ ਇਸੇ ਸੱਚ ਨੂੰ ਪ੍ਰਚਾਰਿਆ ਅਤੇ ਦ੍ਰਿੜ ਕਰਵਾਇਆ। ਪੰਜਵੇਂ ਪਾਤਸ਼ਾਹ ਜੀ ਨੇ
ਸਿੱਖ ਕੌਮ ਨੂੰ ਹੋਰ ਅਮੀਰੀ ਬਖਸ਼ਣ ਹਿੱਤ ਅਕਾਲ ਪੁਰਖ ਦੀ ਸੱਚੀ ਦਰਗਾਹ ਦੇ ਧਰਮੀ ਬੈਂਕ ਵਿੱਚ
ਖਾਤਾ ਖੋਲਦਿਆਂ ਆਪਣੀ ਸ਼ਹੀਦੀ ਦੇ ਕੇ ਸਿੱਖ ਕੌਮ ਦੇ ਖਾਤੇ ਵਿੱਚ ਸ਼ਹੀਦੀ ਧਨ ਜਮ੍ਹਾਂ ਕਰਵਾਇਆ।
ਛੇਵੇਂ, ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਨੇ ਵੀ ਇਸੇ
ਅਵਾਜ ਨੂੰ ਹੋਰ ਬੁਲੰਦ ਕੀਤਾ। ਨੌਵੇਂ ਪਾਤਸ਼ਾਹ ਨੇ ਆਪਣੇ ਤਿੰਨ ਪਿਆਰੇ ਗੁਰਸਿੱਖਾਂ ਨੂੰ ਨਾਲ ਲੈ
ਕੇ ਚਾਰ ਸ਼ਹੀਦੀਆਂ ਇਸ ਖਾਤੇ ਵਿੱਚ ਹੋਰ ਜਮ੍ਹਾਂ ਕਰਵਾ ਦਿੱਤੀਆਂ। ਇਸ ਤੋਂ ਬਾਅਦ ਦਸਵੇਂ ਪਾਤਸ਼ਾਹ
ਨੇ ਤਾਂ ਸਿੱਖ ਕੌਮ ਨੂੰ ਸ਼ਹੀਦੀ ਦੀ ਪਿਉਂਦ ਹੀ ਚੜ੍ਹਾ ਦਿੱਤੀ। ਜਿਸ ਸਦਕਾ ਗੁਰੂ ਨਾਨਕ ਜੀ ਦੀ
ਸਾਜੀ ਸਿੱਖ ਕੌਮ, ਸਿੱਖ ਸ਼ਹੀਦਾਂ ਦੀ ਕੌਮ ਖਾਲਸਾ ਪੰਥ ਦੇ ਰੂਪ
ਵਿੱਚ ਸਥਾਪਿਤ ਹੋ ਗਈ। ਸਿੱਖ ਸ਼ਹੀਦਾਂ ਦੀ ਕੌਮ ਵਿੱਚ ਹੋਏ ਸ਼ਹੀਦਾਂ ਦੀ ਗਿਣਤੀ ਕਰਨੀ ਤਾਂ ਸੰਭਵ
ਨਹੀਂ ਹੈ, ਪਰ ਇੰਨਾਂ ਜਰੂਰ ਕਿਹਾ ਜਾ ਸਕਦਾ ਹੈ ਕਿ ਸਮੇਂ
ਅਨੁਸਾਰ ਦੁਨੀਆਂ ਵਿੱਚੋਂ ਸਭ ਤੋਂ ਛੋਟੀ ਉਮਰ ਦੀ ਕੌਮ, ਸ਼ਹੀਦੀਆਂ
ਪੱਖੋਂ ਸਾਰੀ ਦੁਨੀਆਂ ਵਿੱਚ ਸਭ ਤੋਂ ਵੱਧ ਅਮੀਰ ਹੈ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਸ਼ਾਹ
ਵੱਲੋਂ ਖੋਲ੍ਹੇ ਗਏ ਸ਼ਹੀਦੀ ਦੇ ਖਾਤੇ ਵਿੱਚ ਲਗਾਤਾਰ ਸ਼ਹੀਦੀਆਂ ਜਮ੍ਹਾਂ ਹੁੰਦੀਆਂ ਰਹੀਆਂ ਜੋ ਅੱਜ
ਵੀ ਹੋ ਰਹੀਆਂ ਹਨ ਅਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ। ਸਤਗੁਰਾਂ ਦਾ ਫੁਰਮਾਣ
ਹੈ :- ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ
॥ ਸਿਰੁ ਦੀਜੈ ਕਾਣਿ ਨਾ ਕੀਜੈ ॥ (ਪੰਨਾ ਨੰ: ੧੪੧੨)
ਉਪਰੋਕਤ
ਗੁਰਵਚਨਾਂ ਉੱਤੇ ਸਿੱਖੀ ਪਰੰਪਰਾ ਅਨੁਸਾਰ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਮਜਲੂਮਾਂ ਦੇ ਹਮਦਰਦ, ਧੱਕੇ, ਝੂਠ, ਅਨਿਆਂ
ਅਤੇ ਜਾਲਮਾਂ ਨੂੰ ਟੱਕਰ ਦੇਣ ਵਾਲੇ ਯੋਧੇ ਭਾਈ ਦਿਲਾਵਰ ਸਿੰਘ ਵਰਗੇ ਅਨੇਕਾਂ ਸਿੰਘ ਸ਼ਹੀਦੀਆਂ ਪਾ
ਚੁੱਕੇ ਹਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘ ਸਿੱਖੀ ਸਿੱਦਕ ਤੇ ਪੂਰਨੇ ਪਾਉਂਦੇ ਹੋਏ
ਆਪਣਾ ਸ਼ੀਸ਼ ਤਲੀ ਤੇ ਰੱਖ ਕੇ ਸੱਚ ਦੇ ਮਾਰਗ ਉੱਤੇ ਤੁਰੇ ਹੋਏ ਹਨ। ਪ੍ਰਮਾਤਮਾ ਉਨ੍ਹਾਂ ਨੂੰ
ਅੰਤਿਮ ਸਮੇਂ ਤੱਕ ਚੜ੍ਹਦੀਕਲਾ ਬਖਸ਼ੇ ਅਤੇ ਉਨ੍ਹਾਂ ਦੀ ਸੱਚੀ ਸ਼ਹਾਦਤ ਨੂੰ ਪ੍ਰਵਾਨ ਕਰੇ। ਭਾਈ
ਬਲਵੰਤ ਸਿੰਘ ਰਾਜੋਆਣਾ ਦੇ ਸਿੱਖੀ ਸਿੱਦਕ ਅਤੇ ਕੁਰਬਾਨੀ ਅੱਗੇ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ
ਅਤੇ ਨਾਲ ਖੁਸੀ ਵੀ ਹੁੰਦੀ ਹੈ ਕਿ ਸਿੱਖ ਕੌਮ ਕੋਲ ਅੱਜ ਵੀ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ
ਝਾਕਣ ਵਾਲੇ ਸੂਰਮੇ ਮੌਜੂਦ ਹਨ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਜਿੱਥੇ ਸਿੱਖ ਕੌਮ ਵਿੱਚ ਧੱਕੇ, ਝੂਠ, ਅਨਿਆਂ
ਅਤੇ ਜਾਲਮਾਂ ਵਿਰੁੱਧ ਸ਼ੀਸ਼ ਤਲੀ ਤੇ ਰੱਖ ਕੇ ਸੱਚੇ ਪ੍ਰੇਮ ਦੀ ਗਲੀ ਵਿੱਚ ਕੁੱਦਣ ਵਾਲੇ
ਸੂਰਵੀਰਾਂ ਦਾ ਘਾਟਾ ਨਹੀਂ ਉੱਥੇ ਅਨਿਆਂ, ਧੱਕਾ ਕਰਨ ਅਤੇ ਸ਼ਹੀਦਾਂ
ਦੀ ਕੁਰਬਾਨੀ ਦਾ ਮੁੱਲ ਵੱਟਣ ਵਾਲੇ ਅਖੌਤੀ ਸਿੱਖ ਆਗੂਆਂ ਜੋ ਕੌਮ ਨੂੰ ਹਨੇਰੀ ਗਲੀ ਵੱਲ ਧੱਕ ਰਹੇ
ਹਨ ਦੀ ਕਤਾਰ ਵੀ ਛੋਟੀ ਨਹੀਂ ਹੈ। ਅਜਿਹੇ ਗੱਦਾਰ ਆਗੂਆਂ ਦੀ ਪਹਿਚਾਣ ਕਰਨੀ ਵੀ ਮੁਸ਼ਕਿਲ ਹੋ
ਜਾਂਦੀ ਹੈ ਕਿਉਂਕਿ ਅਜਿਹੇ ਲੋਕ ਜਿੱਥੇ ਸਿੱਖੀ ਭੇਖ ਵਿੱਚ ਹੁੰਦੇ ਹਨ, ਉੱਥੇ
ਇਹ ਸਿੱਖੀ ਦੇ ਬਾਹਰਲੇ ਵਿਰੋਧੀਆਂ (ਜੋ ਨੰਗੇ ਚਿੱਟੇ ਹਨ) ਨੂੰ ਵੱਡੇ ਦੁਸ਼ਮਣ ਪ੍ਰਚਾਰ-ਪ੍ਰਚਾਰ ਕੇ
ਅਤੇ ਆਪਣੇ ਆਪ ਨੂੰ ਸਿੱਖਾਂ ਦੇ ਹਮਦਰਦ ਸਿੱਧ ਕਰਨ ਲਈ ਇੰਨਾ ਸ਼ੋਰ ਮਚਾ ਦਿੰਦੇ ਹਨ ਕਿ ਛੇਤੀ
ਕੀਤਿਆਂ ਪਤਾ ਹੀ ਨਹੀਂ ਲੱਗਦਾ ਕਿ ਸਿੱਖਾਂ ਦਾ ਅਸਲ ਦੁਸ਼ਮਣ ਕੌਣ ਹੈ। ਇਹੀ ਕਾਰਣ ਹੈ ਕਿ ਸਿੱਖ
ਕੌਮ ਸਿਧਾਂਤਾਂ ਅਤੇ ਸ਼ਹੀਦੀਆਂ ਪੱਖੋਂ ਸਾਰੀ ਦੁਨੀਆਂ ਤੋਂ ਅਮੀਰ ਹੁੰਦੀ ਹੋਈ ਵੀ ਲਵਾਰਸਾਂ ਵਾਂਗ
ਦਿਨ ਕੱਟੀਆਂ ਕਰ ਰਹੀ ਹੈ । ਕੋਈ ਹਜਾਰਾਂ ਬੇਦੋਸ਼ੇ ਸਿੱਖਾਂ ਨੂੰ ਮਾਰ ਦੇਵੇ ਉਹ ਹਿੰਦੂਸਤਾਨ ਦਾ
ਦੇਸ਼ ਭਗਤ, ਉਸਨੂੰ ਕੋਈ ਸਜ਼ਾ ਨਹੀਂ । ਕੋਈ ਇੱਕ ਸਿੱਖ
ਇਨਸਾਫ ਨਾ ਮਿਲਣ ਤੇ ਹਜ਼ਾਰਾਂ ਬੇਗੁਨਾਹਾਂ ਦੇ ਕਾਤਲ ਨੂੰ ਮਾਰ ਦੇਵੇ ਤਾਂ ਪੂਰੀ ਸਿੱਖ ਕੌਮ
ਅੱਤਵਾਦੀ ਅਤੇ ਉਸ ਸਿੱਖ ਨੂੰ ਸਜਾਏ ਮੌਤ। ਇਹ ਉਸ ਸਿੱਖ ਕੌਮ ਦਾ ਹਾਲ ਹੈ ਜਿਸਦੇ ਆਗੂਆਂ ਨੇ
ਹਿੰਦੂਸਤਾਨ ਤੇ ਹਮਲਾ ਕਰਨ ਆਏ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ, ਜਿਸਨੇ
ਹਿੰਦੂਸਤਾਨ ਦੇ ਧਰਮ ਨੂੰ ਖਤਮ ਹੋਣ ਤੋਂ ਬਚਾਉਣ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਸ਼ੀਸ਼
ਭੇਂਟ ਕੀਤੇ, ਜਿਸਨੇ ਹਿੰਦੂਸਤਾਨ ਨੂੰ ਅਜ਼ਾਦ ਕਰਵਾਉਣ ਲਈ 2% ਤੋਂ
ਵੀ ਘੱਟ ਹੁੰਦਿਆਂ 85 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਕੀਤੀਆਂ। ਜੇ
ਅੱਜ ਵੀ ਸਿੱਖ ਕੌਮ ਦਾ ਇਹ ਹਾਲ ਹੈ ਤਾਂ ਸਪੱਸ਼ਟ ਹੈ ਕਿ ਇਸ ਕੌਮ ਦੇ ਅਜੋਕੇ ਲੀਡਰ ਗੱਦਾਰ ਹਨ।
ਜਿੰਨ੍ਹਾਂ ਸਦਕਾ ਹੀਰਿਆਂ ਦੀ ਕੌਮ ਕੌਡੀਆਂ ਵਾਂਗ ਰੁਲ ਰਹੀ ਹੈ। ਗੱਦਾਰਾਂ ਦੀਆਂ ਗੱਦਾਰੀਆਂ ਕਾਰਨ
ਅੱਜ ਸਿੱਖਾਂ ਦੀ ਕੀਮਤ ਅਵਾਰਾ ਕੁੱਤਿਆਂ ਜਿੰਨ੍ਹੀ ਵੀ ਨਹੀਂ ਹੈ। ਅਵਾਰਾ ਕੁੱਤਿਆਂ ਨੂੰ ਮਾਰਨ ਤੇ
ਵੀ ਇਸ ਦੇਸ਼ ਵਿੱਚ ਪਾਬੰਦੀ ਲੱਗੀ ਹੋਈ ਹੈ। ਬੇਸ਼ੱਕ ਇਹਨਾਂ ਅਵਾਰਾ ਕੁੱਤਿਆਂ ਨੇ ਹਜਾਰਾਂ ਦੀ
ਗਿਣਤੀ ਵਿੱਚ ਮਨੁੱਖੀ ਜਾਨਾਂ ਵੀ ਲੈ ਲਈਆਂ ਹਨ, ਫਿਰ ਵੀ ਇਹਨਾਂ ਨੂੰ ਮਾਰਨ
ਦੀ ਮਨਾਹੀ ਹੈ। ਪਰ ਸਿੱਖਾਂ ਨੂੰ ਇਸ ਦੇਸ਼ ਵਿੱਚ ਕੋਈ ਵੀ, ਕਦੋਂ
ਵੀ, ਕਿਤੇ ਵੀ ਜਿਵੇਂ ਮਰਜ਼ੀ ਮਾਰੇ ਕੋਈ ਰੋਕ ਨਹੀਂ।
ਜੇ ਕਿਸੇ ਸਿੱਖ ਨੂੰ ਮਾਰਿਆ ਨਾ ਜਾ ਸਕੇ ਤਾਂ ਉਸਨੂੰ ਅੱਤਵਾਦੀ ਪ੍ਰਚਾਰ ਕੇ ਇਸ ਦੇਸ਼ ਦੀ ਪੁਲਿਸ
ਮਾਰ ਦੇਵੇਗੀ। ਜੇਕਰ ਉਹ ਪੁਲਿਸ ਤੋਂ ਵੀ ਨਾ ਮਰੇ ਤਾਂ ਉਸਨੂੰ ਕਾਨੂੰਨ ਦੇ ਹਵਾਲੇ ਕਰ ਦਿਓ, ਇਸ
ਦੇਸ਼ ਦਾ ਕਾਨੂੰਨ ਉਸਨੂੰ ਫਾਂਸੀ ਤੇ ਲਟਕਾ ਦੇਵੇਗਾ। ਅਕਾਲ ਪੁਰਖ ਦੀ ਕ੍ਰਿਪਾ ਸਦਕਾ ਇੰਨਾ ਧੱਕਾ
ਹੁੰਦੇ ਹੋਏ ਵੀ ਸਿੱਖ ਕੌਮ ਨੇ ਆਪਣੀ ਹੋਂਦ ਬਚਾਈ ਹੋਈ ਹੈ ਅਤੇ ਆਪਣੇ ਕਿਸੇ ਬਾਹਰੀ ਦੁਸ਼ਮਣ ਦੀ
ਸਿੱਖ ਕੌਮ ਪਹਿਚਾਣ ਨਹੀਂ ਭੁੱਲੀ ਚਾਹੇ ਉਹ ਪੁਰਾਤਨ ਸਮਿਆਂ ਦਾ ਮੱਸਾ ਰੰਘੜ ਹੋਵੇ ਚਾਹੇ ਅਜੋਕੇ ਸਮੇਂ
ਦੀ ਇੰਦਰਾ ਗਾਂਧੀ, ਜਨਰਲ ਵੈਦਿਆ ਜਾਂ ਬੇਅੰਤ ਸਿੰਘ ਹੋਵੇ। ਸਿੰਘ
ਸਮੇਂ ਨਾਲ ਸਭ ਨੂੰ ਪਹਿਚਾਣਕੇ ਮਿਲਦੇ ਰਹੇ ਹਨ, ਪਰ ਦੁੱਖ ਦੀ ਗੱਲ ਹੈ ਕਿ
ਸਿੱਖ ਕੌਮ ਆਪਣੇ ਅੰਦਰ ਬੈਠੇ ਅਸਲੀ ਦੁਸ਼ਮਣ ਨੂੰ ਪਹਿਚਾਣ ਨਹੀਂ ਸਕੀ, ਜੇ
ਸਾਡੇ ਪੰਜਾਬ ਦੇ ਗੱਦਾਰ ਅਖੌਤੀ ਸਿੱਖ ਆਗੂ ਵਿਕੇ ਨਾ ਹੁੰਦੇ ਤਾਂ ਇੰਦਰਾ ਗਾਂਧੀ ਦੀ ਕੀ ਮਜਾਲ ਸੀ ਕਿ
ਉਹ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੰਦੀ, ਕੀ ਤਾਕਤ ਸੀ ਬੇਅੰਤ ਸਿੰਘ
ਦੀ ਕਿ ਉਹ ਸਾਡੇ ਸਿੱਖ ਨੌਜੁਆਨਾਂ ਦੇ ਖੂਨ ਦੀ ਹੌਲੀ ਖੇਡਦਾ, ਇਹ
ਸਭ ਕੁੱਝ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦੀ ਸਹਿਮਤੀ ਨਾਲ ਹੋਇਆ ਸੀ ਅਤੇ ਅੱਜ ਵੀ ਹੋ ਰਿਹਾ ਹੈ।
ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਗੱਦਾਰੀਆਂ ਦੀ ਜਿੰਨੀ ਕੁ ਜਾਣਕਾਰੀ ਮੈਨੂੰ
ਅਖਬਾਰਾਂ ਰਸਾਲਿਆਂ ਵਿੱਚੋਂ ਪ੍ਰਾਪਤ ਹੋਈ ਹੈ, ਉਸਨੂੰ ਲਿਖਣ ਦੀ ਕੋਸ਼ਿਸ਼
ਕਰ ਰਿਹਾ ਹਾਂ। ਜੋ ਕਈਆਂ ਨੂੰ ਚੰਗੀਆਂ ਤੇ ਕਈਆਂ ਨੂੰ ਮੰਦੀਆਂ ਵੀ ਲੱਗਣਗੀਆਂ । ਪਹਿਲੀ ਵਾਰ ਬਾਦਲ
ਨੇ 1971-72 ਵਿੱਚ ਨਕਸਲੀ ਲਹਿਰ ਦੇ
ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ
ਸਾਰੇ ਹੀ ਪੰਜਾਬ ਦੇ ਪੁੱਤਰ ਸਨ। ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ
ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ
ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ । 13 ਅਪ੍ਰੈਲ
1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ
ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ
ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ । ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ
ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ
ਹਿੱਸਾ ਸੀ। ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਦਰਬਾਰ
ਸਾਹਿਬ ਉੱਪਰ ਹਮਲਾ ਕਰਵਾਇਆ। ਬਾਦਲ ਦਲ ਦਰਬਾਰ ਸਾਹਿਬ ਤੇ ਛੇਤੀ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ
ਚਿੱਠੀਆਂ ਲਿਖਦਾ ਰਿਹਾ ਹੈ। ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ
ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਇਸੇ ਲਈ 1997 ਵਿੱਚ ਸਰਕਾਰ ਬਣਨ ਤੇ ਬਾਦਲ ਨੇ ਰਮੇਸ਼ਇੰਦਰ ਨੂੰ ਆਪਣਾ ਨਿੱਜੀ ਸਕੱਤਰ
ਬਣਾਇਆ । ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ
ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ
ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਬਣਾਇਆ ਅਤੇ 30-1-2012 ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇਜਹਾਰ
ਆਲਮ ਦੀ ਪਤਨੀ ਫਰਜਾਨਾ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦਿੱਤੀ, ਕਾਂਗਰਸ
ਨੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ, ਬਾਦਲ
ਪੰਜਾਬ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਟਿਕਟਾਂ ਤੇ ਉੱਚੇ ਅਹੁਦੇ ਦੇ ਰਿਹਾ ਹੈ, ਕਾਂਗਰਸ
ਤਾਂ ਸਿੱੱਖਾਂ ਦੀ ਦੁਸ਼ਮਣ ਹੈ ਹੀ, ਫਿਰ ਇੱਥੇ ਬਾਦਲ ਨੂੰ ਕੀ
ਕਿਹਾ ਜਾਵੇ ?
ਪੱਛਮੀ
ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ
ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ
ਘਾਣ ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ
ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ ।
ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ ਖਰਚਕੇ ਪੰਜਾਬ ਦੇ ਲੰਬੀ ਹਲਕੇ
ਵਿੱਚ ਲਾਇਆ। ਮਈ 1984 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਮੁੱਚੇ ਸਿੱਖ
ਪੰਥ ਵਿੱਚ ਏਕਤਾ ਕਰਵਾਉਣ ਲਈ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ
ਵਿੱਚ ਆਪਣੇ ਪਾਲਤੂਆਂ ਨੂੰ ਨਾਲ ਲਿਜਾਕੇ ਜਥੇਦਾਰ ਨੂੰ ਧਮਕਾਇਆ । ਬਾਦਲ ਦੇ ਗੁੰਡਿਆਂ ਨੇ ਜਥੇਦਾਰ
ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ। ਆਰ.ਐਸ.ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ
ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ.ਐਸ.ਐਸ. ਵਿਰੁੱਧ
ਰੋਸ ਫੈਲਦਾ ਰਹਿੰਦਾ ਹੈ । ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ ‘ਚ ਬਾਦਲ ਦਾ ਬਿਆਨ ਸੀ ਕਿ
ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ ।
ਜਥੇਦਾਰਾਂ ਉੱਪਰ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਸਬੰਧ ਵਿੱਚ ਬਾਦਲ ਦੇ ਗੁਲਾਮ
ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨ ਨੂੰ 22 ਫਰਵਰੀ 2003 ਨੂੰ ਮੰਗ ਪੱਤਰ ਦੇਣ ਗਏ ਖਾਲਸਾ ਪੰਚਾਇਤ ਦੇ ਆਗੂਆਂ ਨੂੰ
ਸ਼੍ਰੋ:ਗੁ:ਪ੍ਰ:ਕਮੇਟੀ ਦੀ ਟਾਸਕ ਨੇ ਫੋਰਸ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਕੁੱਟਿਆ ਤੇ ਉਨ੍ਹਾਂ
ਦੀਆਂ ਪੱਗਾਂ ਲਾਹੀਆਂ । ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ
ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ
ਵਿੱਚ ਇੱਕ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਇਸ ਰੋਸ ਮਾਰਚ ਵਿੱਚ ਮੋਹਰੀ
ਰੋਲ ਨਿਭਾਉਣ ਵਾਲੇ ਸ਼੍ਰੋਮਣੀ ਤੱਤ ਖਾਲਸਾ ਜਥੇਬੰਦੀ ਦੇ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ
ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ
ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ ਅਤੇ ਡੇਰੇ ਬਣਾਉਣ ਲਈ ਉਸਨੂੰ
ਜਮੀਨ ਵੀ ਲੈ ਕੇ ਦਿੱਤੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ
ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ
ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ
ਵਿੱਚ ਜਾਂਦਾ ਹੈ। ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ ਅਤੇ ਮਾਤਾ
ਦੀਆਂ ਭੇਟਾਂ ਗਾਉਂਦੀ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ
ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ
ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ
ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ । ਇਸੇ ਸਾਧ ਦੇ ਨਮਿੱਤ
ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ
ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ। ਹੁਣ ਫੇਰ 16 ਮਾਰਚ
ਨੂੰ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਮਰਯਾਦਾ ਨੂੰ ਲਿਤਾੜਦਿਆਂ ਪ੍ਰਕਾਸ ਸਿੰਘ ਬਾਦਲ ਨੇ ਕੁਰਸੀ
ਤੇ ਬੈਠ ਕੇ ਲੰਗਰ ਛਕਿਆ, ਡੇਰਿਆਂ ਵਿੱਚ ਜਾ ਕੇ ਗੋਡੇ
ਰਗੜਨ ਵਾਲੇ ਇਸ ਸਖਸ਼ ਦੇ ਗੁਰੂ ਘਰ ਵਿੱਚ ਆ ਕੇ ਗੋਡੇ ਕਿਉਂ ਮੁੜਨੋਂ ਹਟ ਜਾਂਦੇ ਹਨ? ਸਿੱਖ
ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਇਸ਼ਾਰੇ ਤੇ ਬਾਦਲ
ਨੇ ਆਪਣੇ ਵਫਾਦਾਰ ਮੁਲਾਜਮਾਂ (ਜਥੇਦਾਰਾਂ) ਤੋਂ 2010
ਵਿੱਚ
ਖਤਮ ਕਰਵਾਇਆ। ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ
ਕੀਤੀਆਂ ਸਨ ਫਿਰ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ, ਪਰ
ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ
ਕੇ ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਪ੍ਰਕਾਸ਼ਿਤ
ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ)
ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ
ਮਰਯਾਦਾ ਵੀ ਚਲਾਈਆਂ ਹੋਈਆਂ ਹਨ। ਸ਼੍ਰੋ:ਗੁ:ਪ੍ਰ:ਕਮੇਟੀ ਤੇ ਲੰਮੇ ਸਮੇਂ ਤੋਂ ਕਾਬਜ ਚੱਲੇ ਆ ਰਹੇ
ਗੱਦਾਰ ਬਾਦਲ ਨੇ ਜਿੱਥੇ ਗੁਰੂ ਘਰਾਂ ਦੀ ਵੱਡੀ ਪੱਧਰ ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ
ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ ਤੇ ਸਿੱਖੀ ਜਜਬੇ ਨੂੰ
99% ਖਤਮ ਕਰਕੇ ਰੱਖ ਦਿੱਤਾ ਹੈ । ਹੁਣ ਆਪਣੀ ਮੌਤ
ਨੂੰ ਨੇੜੇ ਵੇਖਦਿਆਂ ਪੰਜਾਬ ਅਤੇ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਮੁੜ ਆਰ.ਐਸ.ਐਸ.(ਬੀ.ਜੇ.ਪੀ.) ਤੇ
ਮਹੰਤਾਂ (ਸੰਤ ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ । ਬਾਦਲ ਨੇ ਪੰਜਾਬ ਵਿੱਚ
ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ
ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ
ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ । ਜਿਹੜਾ ਪੰਜਾਬ ਕਦੇ ਅਬਦਾਲੀਆਂ ਤੇ ਅੰਗਰੇਜਾਂ ਦੇ ਦੰਦ ਖੱਟੇ
ਕਰਦਾ ਹੁੰਦਾ ਸੀ, ਹੁਣ ਉਹ ਪੰਜਾਬ ਹਰ ਪੱਖ ਤੋਂ ਖਤਮ ਹੋ ਰਿਹਾ ਹੈ, ਬਾਦਲ
ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ। ਬਾਦਲ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ
ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ , ਜਿਹੜੇ ਪੰਜਾਬੀ ਸਿਰਾਂ ਦੇ
ਮੁੱਲ ਪੈਣ ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ
ਅਤੇ ਕੇਸ ਖਤਮ ਕੀਤੇ । ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ
ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ
ਘਸੀਟਿਆ ਜਾ ਰਿਹਾ ਹੈ । ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ
ਦਾ ਪ੍ਰਤੀਕ ਹਨ । ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ
ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਤ੍ਰਿਆ ਚਰਿਤ੍ਰਾਂ ਬਾਰੇ
ਸੱਚ ਬੋਲਣ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਬਾਦਲ ਨੇ ਅਖੌਤੀ ਪੰਥ ਵਿੱਚੋਂ ਛਿਕਵਾਇਆ । ਅਕਾਲ ਤਖਤ
ਵੱਲੋ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤ੍ਰਿਯਾ
ਚਰਿਤ੍ਰਾਂ ਰਾਹੀਂ ਇਸਤਰੀਆਂ ਨੂੰ ਬਦਚਲਣ ਪੇਸ਼ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਦੀ ਅਸ਼ਲੀਲ ਕਵਿਤਾ
ਨੂੰ ਪ੍ਰਕਾਸ਼ ਕਰਨ ਵਾਲੇ ਪੁਜਾਰੀਆਂ ਨੂੰ ਬਾਦਲ ਸਤਿਕਾਰ ਦਿੰਦਾ ਹੈ ਕਿਉਂਕਿ ਇਹ ਜਥੇਦਾਰ (ਜਥੇਦਾਰ
ਬਲਵੰਤ ਸਿੰਘ ਨੰਦਗੜ੍ਹ ਨੂੰ ਛੱਡ ਕੇ) ਬਾਦਲ ਦੇ ਵਫਾਦਾਰ ਮੁਲਾਜਮ ਹਨ। ਬਾਦਲ ਦੀ ਹਰ ਸਿੱਖ ਵਿਰੋਧੀ
ਘਟਨਾ ਇੰਨਾ ਨੂੰ ਸਿੱਖੀ ਉੱਤੇ ਕੀਤਾ ਪਰਉਪਕਾਰ ਨਜ਼ਰ ਆਉਂਦੀ ਹੈ, ਇਸੇ
ਲਈ ਹੀ ਇੰਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਗੱਦਾਰ ਹੋਣ ਦੇ ਬਾਵਜੂਦ ਵੀ ਪੰਥ ਰਤਨ ਫਖਰ ਏ ਕੌਮ
ਦੇ ਖਿਤਾਬ ਨਾਲ ਸਨਮਾਨਿਤ ਕੀਤਾ ਸੀ। ਅੱਜ ਦੇ ਸਮੇਂ ਵਿੱਚ ਅਕਾਲ ਤਖਤ ਸਾਹਿਬ ਤੋਂ ਸਿੱਖੀ ਦੇ ਭਲੇ
ਦੀ ਆਸ ਨਹੀਂ ਕੀਤੀ ਜਾ ਸਕਦੀ । ਕਿਉਂਕਿ ਤਖਤਾਂ ਦੇ ਜਥੇਦਾਰ ਬਾਦਲ ਦੇ ਮੁਲਾਜਮ ਹਨ, ਬਾਦਲ
ਸਿੱਖ ਵਿਰੋਧੀ ਤਾਕਤਾਂ ਨੂੰ ਵਿਕਿਆ ਹੋਇਆ ਹੈ । ਜਿਸ ਕਾਰਣ ਅੱਜ ਅਕਾਲ ਤਖਤ ਸਿੱਖ ਵਿਰੋਧੀ ਤਾਕਤਾਂ
ਦੇ ਕਬਜ਼ੇ ਵਿੱਚ ਹੈ । ਦੇਸ਼ ਵਿਦੇਸ਼ ਦੇ ਸਿੱਖ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ
ਖਤਮ ਕਰਨ ਦੀ ਮੰਗ ਕਰ ਰਹੇ ਹਨ । ਬਾਦਲ ਦਵਿੰਦਰਪਾਲ ਸਿੰਘ ਨੂੰ ਸਖਤ ਸਜਾ ਦੇਣ ਦੀ ਮੰਗ ਕਰ ਰਿਹਾ
ਹੈ । ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ
ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ । ਸਿੰਘਾਂ ਨੂੰ
ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ
ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ
ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ । ਘੱਟ ਗਿਣਤੀ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਭਗਵੇਂ
ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ ਹੈ। ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ
ਵਿੱਚ ਬਾਦਲ ਵਿਸ਼ੇਸ਼ ਤੌਰ ਤੇ ਜਾ ਕੇ ਸ਼ਾਮਿਲ ਹੋਇਆ। ਨਵੰਬਰ 1984 ਵਿੱਚ ਦਿੱਲੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਇਸ
ਦਾ ਇੰਨਸਾਫ ਤਾਂ ਕਿਸੇ ਨੂੰ ਕੀ ਮਿਲਣਾ ਹੈ। ਪਰ ਹਰ ਸਾਲ ਇੱਕ ਨੰਵਬਰ ਨੂੰ ਉਨ੍ਹਾਂ ਜਖਮਾਂ ਦੀ ਯਾਦ
ਤਾਂ ਸਤਾਉਂਦੀ ਹੀ ਹੈ। ਇਸ ਦਿਨ ਪੀੜਤ ਕੁਰਲਾ ਰਹੇ ਹੁੰਦੇ ਹਨ। ਬਾਦਲ ਨੇ ਕਬੱਡੀ ਕੱਪ ਦੇ ਨਾਮ
ਉੱਤੇ ਜਸ਼ਨ ਮਨਾਉਣ ਲਈ ਨਵੰਬਰ ਮਹੀਨੇ ਨੂੰ ਹੀ ਚੁਣਿਆ, ਜਦੋਂ
ਦਿੱਲੀ ਵਿੱਚ ਪੀੜਤ ਵਿਧਵਾਵਾਂ ਰੋ ਰਹੀਆਂ ਸਨ ਤਾਂ ਬਾਦਲ 1-11-2011 ਨੂੰ ਬਠਿੰਡੇ ਵਿੱਚ ਜਸ਼ਨ ਮਨਾਉਂਦਿਆਂ ਪਰਿਵਾਰ
ਸਮੇਤ ਅੱਧ ਨੰਗੀਆਂ ਕੁੜੀਆਂ ਦਾ ਨਾਚ ਵੇਖ ਰਿਹਾ ਸੀ। ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ
ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰਕੂ ਯਾਤਰਾ ਦਾ 13-11-2011
ਪੰਜਾਬ
ਵਿੱਚ ਪਹੁੰਚਣ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਵਿਤੋਂ ਬਾਹਰ ਹੋ ਕੇ ਸਵਾਗਤ ਕੀਤਾ।
ਪਿਛਲੇ ਸਾਲ 25 ਨਵੰਬਰ ਨੂੰ ਖਾਲਸਾ ਵਿਰਾਸਤ ਕੰਪਲੈਕਸ ਦੇ
ਉਦਘਾਟਨ ਮੌਕੇ ਸਟੇਜ ਤੋਂ ਜਿਸ ਪਖੰਡੀ ਆਸਾ ਰਾਮ ਨੇ ਸਿੱਖਾਂ ਤੇ ਪੰਜਾਬ ਦਾ ਮਜਾਕ ਉਡਾਇਆ, ਉਸੇ
ਪਖੰਡੀ ਨੂੰ ਬਾਦਲ ਨੇ ਵਾਰ-ਵਾਰ ਬਾਪੂ ਆਸਾ ਰਾਮ ਕਹਿ ਕੇ ਪੁਕਾਰਿਆ, ਕਿਉਂਕਿ
ਬਾਦਲ ਆਸਾ ਰਾਮ ਦਾ ਹੀ ਪੁੱਤ ਹੈ । ਬਾਦਲ ਨੇ ਸਿੱਖ ਕੀਰਤਨੀਆਂ ਅਤੇ ਢਾਡੀਆਂ ਨੂੰ ਪਛਾੜ ਕੇ ਫਿਲਮੀ
ਕਲਾਕਰਾਂ ਤੋਂ ਕੀਰਤਨ ਕਰਵਾਇਆ। ਖਾਲਸਾ ਵਿਰਾਸਤੀ ਕੰਪਲੈਕਸ ਵਿੱਚੋਂ ਸਿੱਖੀ ਦੇ ਨਿਸ਼ਾਨ ਖੰਡੇ ਨੂੰ
ਹਟਾਇਆ ਅਤੇ ਇਸ ਵਿੱਚ ਗੁੱਗੇ ਦਾ ਚਿੱਤਰ ਸਥਾਪਿਤ ਕੀਤਾ। ਹੁਣ 14-3-2012 ਨੂੰ ਘੱਟ ਗਿਣਤੀਆਂ ਦੇ ਕਾਤਲਾਂ ਨਰਿੰਦਰ ਮੋਦੀ, ਲਾਲ
ਕ੍ਰਿਸ਼ਨ ਅਡਵਾਨੀ ਵਰਗਿਆਂ ਦੀ ਹਾਜਰੀ ਵਿੱਚ ਸੌਂਹ ਚੁੱਕ ਅਤੇ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ
ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਕੇ ਇੱਕ ਬਾਰ ਫਿਰ ਦੱਸ ਦਿੱਤਾ ਕਿ ਮੈਂ ਵੀ ਘੱਟ ਗਿਣਤੀਆਂ
ਦਾ ਕਾਤਲ ਹਾਂ। ਪਰ ਸਾਡੀਆਂ ਅੱਖਾਂ ਫੇਰ ਵੀ ਨਹੀਂ ਖੁੱਲਦੀਆਂ। ਜੇ ਪ੍ਰਕਾਸ਼ ਸਿੰਘ ਬਾਦਲ ਅਤੇ
ਤਖਤਾਂ ਦੇ ਜਥੇਦਾਰਾਂ (ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਛੱਡ ਕੇ) ਵੱਲੋਂ ਸ਼ਰੇਆਮ ਕੀਤੀਆਂ ਜਾ
ਰਹੀਆਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਵੇਖਦਿਆਂ ਵੀ ਜੇ ਸਿੱਖ ਕੌਮ ਇਨ੍ਹਾਂ ਨੂੰ ਫੇਰ ਵੀ ਪੰਥਕ
ਮੰਨੀ ਜਾਵੇ ਇਸ ਵਿੱਚ ਕਿਸੇ ਨੂੰ ਕੀ ਦੋਸ਼ ਹੈ । ਬਾਬਾ ਬਲਜੀਤ ਸਿੰਘ ਦਾਦੂਵਾਲ ਦਾ 18 ਮਾਰਚ
ਨੂੰ ਲੱਗਿਆ ਬਿਆਨ ਕਿ ਲੋੜ ਪੈਣ ਤੇ ਮੁੱਖ ਮੰਤਰੀ ਬਾਦਲ ਵੀ ਬਣ ਸਕਦੇ ਹਨ ਜਲਾਦ, ਜੋ
ਭਾਈ ਰਾਜੋਆਣਾ ਨੂੰ ਫਾਂਸੀ ਦੇਣ ਲਈ ਤਖਤਾ ਖਿੱਚ ਸਕਦੇ ਹਨ, ਬਹੁਤ
ਹੀ ਸ਼ਲਾਘਾਯੋਗ ਸੀ, ਪਰ 19 ਮਾਰਚ
ਦੇ ਅਖਬਾਰ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਸੀ ਬਾਦਲ ਸਰਕਾਰ ਆਪਣੀ ਨੀਤੀ ਸਪੱਸ਼ਟ
ਕਰੇ ਕਿ ਉਹ ਕਾਤਲਾਂ ਨਾਲ ਖੜੀ ਹੈ ਜਾਂ ਸਿੱਖ ਕੌਮ ਨਾਲ ਖੜੀ ਹੈ। ਕੀ ਸਾਨੂੰ ਅਜੇ ਤੱਕ ਬਾਦਲ ਦੀ
ਨੀਤੀ ਸਪੱਸ਼ਟ ਨਹੀਂ ਹੋਈ ? ਹੁਣ ਤਾਂ ਸਾਨੂੰ ਸਿੱਖ
ਕਹਾਉਣ ਵਾਲਿਆਂ ਨੂੰ ਆਪਣੀ ਨੀਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਸਾਨੂੰ ਪਰਕਾਸ਼ ਸਿੰਘ ਬਾਦਲ ਅਜੇ
ਵੀ ਸਿੱਖੀ ਦਾ ਦੁਸ਼ਮਣ ਕਿਉਂ ਨਜ਼ਰ ਨਹੀਂ ਆ ਰਿਹਾ ? ਇਸ ਦੇਸ਼ ਵਿੱਚ ਵੱਧ ਗਿਣਤੀ
ਦੇ ਲੋਕ (ਹਿੰਦੂ) ਦੇਸ਼ ਦੀ ਰਾਜਧਾਨੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਸ਼ਰੇਆਮ ਦਿਨ ਦਿਹਾੜੇ
ਸਿੱਖਾਂ ਦਾ ਕਤਲੇਆਮ ਕਰ ਦੇਣ, ਗੁਜਰਾਤ ਵਿੱਚ ਸ਼ਰੇਆਮ
ਮੁਸਲਮਾਨਾਂ ਦਾ ਕਤਲੇਆਮ ਕਰ ਦੇਣ, ਮਾਲੇਗਾਉਂ ਵਿੱਚ ਅਤੇ
ਸਮਝੌਤਾ ਐਕਸਪ੍ਰੈਸ ਗੱਡੀ ਵਿੱਚ ਬੰਬ ਧਮਾਕੇ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਬੇਦੋਸ਼ਿਆਂ ਨੂੰ
ਮਾਰ ਦੇਣ ਤਾਂ ਕੋਈ ਸਜ਼ਾ ਨਹੀਂ, ਸਾਹਮਣੇ ਪਏ ਸਬੂਤ ਵੀ ਨਜ਼ਰ
ਨਹੀਂ ਆਉਂਦੇ ਪਰ ਜੇ ਸਿੱਖਾਂ ਤੇ ਮੁਸਲਮਾਨਾਂ ਨੂੰ ਸਜ਼ਾ ਦੇਣੀ ਹੋਵੇ ਤਾਂ ਬਿਨ੍ਹਾਂ ਸਬੂਤਾਂ ਤੋਂ
ਵੀ ਸਜ਼ਾ ਦਿੱਤੀ ਜਾ ਸਕਦੀ ਹੈ, ਕਿਉਂਕਿ ਇਸ ਦੇਸ਼ ਦੇ
ਕਾਨੂੰਨ ਵੀ ਘੱਟ ਗਿਣਤੀਆਂ ਲਈ ਵੱਖਰੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਿੱਖਾਂ ਨਾਲ ਜੋ
ਮਰਜ਼ੀ ਕਰੋ ਇੱਥੇ ਕਿਹੜਾ ਕਿਸੇ ਨੇ ਬੋਲਣਾ ਹੈ, ਜਿੰਨ੍ਹਾਂ ਨੇ ਬੋਲਣਾ ਸੀ
ਉਹ ਤਾਂ ਖੁਦ ਕਾਤਲਾਂ ਨਾਲ ਡੱਟ ਕੇ ਖੜ੍ਹੇ ਹੋਏ ਹਨ । 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ, ਦਿੱਲੀ
ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਕਿਸੇ
ਦੋਸ਼ੀ ਨੂੰ ਸਜ਼ਾ ਨਹੀਂ। ਜੇ ਇਸ ਦੇ ਰੋਸ ਵਿੱਚ ਸਿੱਖਾਂ ਨੇ ਹਥਿਆਰ ਚੁੱਕ ਕੇ ਰੋਸ ਪ੍ਰਗਟ ਕੀਤਾ
ਤਾਂ ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ
ਗਿਆ, ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਜੇਲ੍ਹਾਂ ਵਿੱਚ
ਸੜ ਰਹੇ ਹਨ, ਫਾਂਸੀਆਂ ਦੇ ਰੱਸੇ ਗਲਾਂ ਵਿੱਚ ਪਾ ਚੁੱਕੇ ਹਨ
ਅਤੇ ਹੋਰ ਸਿੰਘ ਫਾਂਸੀਆਂ ਦੀ ਉਡੀਕ ਵਿੱਚ ਬੈਠੇ ਹਨ, ਕੀ ਕਦੇ ਦੇਸ਼ ਦੇ ਨਿਆਂ
ਕਰਤੇ ਸੋਚਣਗੇ ਕਿ ਭਾਈ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਯੋਧੇ ਇਸ ਦੇਸ਼ ਦੇ ਕਾਨੂੰਨ ਵਿੱਚ
ਵਿਸ਼ਵਾਸ ਕਿਉਂ ਨਹੀਂ ਰੱਖਦੇ, ਉਹ ਹਿੰਦੂਸਤਾਨ ਤੋਂ
ਅਜ਼ਾਦੀ ਕਿਉਂ ਮੰਗਦੇ ਹਨ? ਦੇਸ਼ ਦੇ ਨਿਆਂ ਕਰਤਿਆਂ
ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਯੋਧੇ ਕੋਮਲ ਦਿਲ ਅਤੇ ਇਨਸਾਫ ਪਸੰਦ ਲੋਕ ਹਨ, ਇਹ
ਲੋਕ ਆਪਣੇ ਗੁਰੂਆਂ ਦੇ ਬਚਨਾਂ :- ਭੈ ਕਾਹੁ ਕਉ ਦੇਤ ਨਹਿ, ਨਹਿ
ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ (ਪੰਨਾਂ ਨੰ: ੧੪੨੭) ਤੇ ਪਹਿਰਾ
ਦਿੰਦੇ ਹੋਏ ਬੇਇਨਸਾਫੀ ਵਿਰੁੱਧ ਲੜ ਕੇ ਸ਼ਹੀਦ ਹੋਣ ਨੂੰ ਚੰਗਾ ਸਮਝਦੇ ਹਨ, ਜਦੋਂ
ਔਰੰਗਜੇਬ ਹਿੰਦੂਸਤਾਨ ਦੀ ਧਰਤੀ ਤੋਂ ਹਿੰਦੂਆਂ ਨੂੰ ਖਤਮ ਕਰਨਾ ਚਾਹੁੰਦਾ ਸੀ ਤਾਂ ਉਸ ਵੇਲੇ ਗੁਰੂ
ਤੇਗ ਬਹਾਦਰ ਸਾਹਿਬ ਜੀ ਨੂੰ ਕੀ ਬਿਪਤਾ ਪਈ ਸੀ ਕਿ ਉਹ ਆਪਣੀ ਜਾਨ ਦਿੰਦੇ, ਬੱਸ
ਇੱਕੋ ਬਿਪਤਾ ਸੀ ਕਿ ਗੁਰੂ ਜੀ ਇੰਨਸਾਫ ਪਸੰਦ ਸਨ, ਇਸ ਲਈ ਉਹਨਾਂ ਨੇ
ਬੇਇਨਸਾਫੀ, ਧੱਕੇ ਵਿਰੁੱਧ ਆਪਣੇ ਪਿਆਰੇ ਗੁਰਸਿੱਖਾਂ ਸਮੇਤ
ਆਪਣਾ ਸ਼ੀਸ਼ ਵੀ ਵਾਰ ਦਿੱਤਾ, ਇਹੀ ਕੁੱਝ ਅੱਜ ਤੱਕ ਹੁੰਦਾ
ਆ ਰਿਹਾ ਹੈ। ਹਿੰਦੂਸਤਾਨ ਦੇ ਨਿਆਂਕਰਤਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੀ ਸਿੱਖ ਕੌਮ ਕਿਸੇ
ਹੋਰ ਨਾਲ ਹੁੰਦੀ ਬੇਇਨਸਾਫੀ ਦੇ ਵਿਰੁੱਧ ਆਪਣੀਆਂ ਜਾਨਾਂ ਵਾਰ ਦਿੰਦੀ ਹੈ ਉਹ ਆਪਣੇ ਨਾਲ ਹੁੰਦੀ
ਬੇਇਨਸਾਫੀ ਨੂੰ ਕਿਵੇਂ ਬਰਦਾਸ਼ਤ ਕਰੇਗੀ। ਇਹੀ ਕਾਰਨ ਹੈ ਕਿ ਭਾਈ ਬੇਅੰਤ ਸਿੰਘ, ਭਾਈ
ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ
ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ
ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਅਨੇਕਾਂ
ਸਿੰਘਾਂ ਨੇ ਆਪਣੀ ਸੁੱਖਾਂ ਭਰੀ ਜਿੰਦਗੀ ਨੂੰ ਤਿਆਗ ਕੇ ਮੌਤ ਨੂੰ ਗਲੇ ਲਗਾਇਆ ਹੈ । ਧੱਕਾ, ਜੁਲਮ
ਅਤੇ ਅਨਿਆਂ ਕਰਨ ਵਾਲੇ ਅੱਤਵਾਦੀਆਂ ਨੂੰ ਬਣਦੀ ਸਜ਼ਾ ਦੇ ਕੇ ਅਮਨ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼
ਕੀਤੀ ਹੈ ਅਜਿਹੇ ਇਨਸਾਫ ਪਸੰਦ ਲੋਕ ਤਾਂ ਇਸ ਦੇਸ਼ ਵਿੱਚ ਨਿਆਂ ਦੀ ਕੁਰਸੀ ਤੇ ਬੈਠੇ ਹੋਏ ਜੱਜ
ਹੋਣੇ ਚਾਹੀਂਦੇ ਹਨ। ਕਿਉਂਕਿ ਇਹ ਲੋਕ ਪਵਿੱਤਰ ਆਤਮਾ ਤੇ ਉੱਚੇ ਆਚਰਣ ਦੇ ਮਾਲਕ ਹੁੰਦੇ ਹਨ ਅਜਿਹੀ
ਸਵੱਛ ਭਾਵਨਾ ਵਾਲੇ ਲੋਕ ਹੀ ਕਿਸੇ ਨੂੰ ਸਹੀ ਇਨਸਾਫ ਦੇਣ ਦਾ ਦਮ ਰੱਖਦੇ ਹਨ। ਬੇਸ਼ੱਕ ਅਜਿਹੇ ਨਿਆਂ
ਪਸੰਦਾਂ ਲਈ ਇਸ ਭਰਿਸ਼ਟ ਦੇਸ਼ ਵਿੱਚ ਕੋਈ ਥਾਂ ਨਹੀਂ ਹੈ ਪਰ ਫਿਰ ਵੀ ਅਕਾਲ ਪੁਰਖ ਦੀ ਕ੍ਰਿਪਾ ਨਾਲ
ਬਿਨ੍ਹਾਂ ਜੱਜ ਹੁੰਦਿਆਂ ਵੀ ਇਹ ਇਨਸਾਫ ਦਾਤੇ ਆਪਣੀ ਜਿੰਦਗੀ ਨੂੰ ਜੋਖਮ ਵਿੱਚ ਪਾਕੇ ਨਿਆਸਰੇ
ਲੋਕਾਂ ਨੂੰ ਇਨਸਾਫ ਦੇ ਹੀ ਜਾਂਦੇ ਹਨ, ਕਿਉਂਕਿ ਦੇਸ਼ ਦਾ ਕਿਹੜਾ
ਜੱਜ ਸੀ ਜੋ ਇੰਦਰਾ ਗਾਂਧੀ, ਜਨਰਲ ਵੈਦਿਆ, ਬੇਅੰਤ
ਸਿੰਘ ਵਰਗੇ ਅਨੇਕਾਂ ਹੋਰ ਜਾਲਮਾਂ ਨੂੰ ਮੌਤ ਦੀ ਸਜ਼ਾ ਸੁਣਾ ਸਕਦਾ, ਪਰ
ਇੰਨ੍ਹਾਂ ਸੂਰਵੀਰਾਂ ਨੇ ਇੰਨਾਂ ਜਾਲਮਾਂ ਨੂੰ ਬਣਦੀ ਸਜ਼ਾ ਭੁਗਤਾ ਦਿੱਤੀ । ਸਿੱਖ ਕੌਮ ਨੂੰ ਇੰਨਾਂ
ਸੂਰਵੀਰਾਂ ਤੇ ਮਾਣ ਰਹੇਗਾ ।
ਭਾਈ
ਬਲਵੰਤ ਸਿੰਘ ਰਾਜੋਆਣਾ ਵੱਲੋਂ ਭੈਣ ਕਮਲ ਨੂੰ ਲਿਖੀ ਚਿੱਠੀ ਜੋ 18 ਮਾਰਚ
ਦੇ ਪਹਿਰੇਦਾਰ ਅਖਬਾਰ ਵਿੱਚ ਛਪੀ ਹੋਈ ਹੈ, ਇਸ ਵਿੱਚ ਇੱਕ ਅਦਾਲਤੀ
ਬੋਰਡ ਦੀ ਫੋਟੋ ਵੀ ਦਿਖਾਈ ਦੇ ਰਹੀ ਹੈ ਜਿਸ ਉੱਤੇ ਲਿਖਿਆ ਹੈ ਕਿ ਇਹ ਰਸਤਾ ਆਮ ਨਹੀਂ ਹੈ, ਫੋਟੋ
ਖਿੱਚਣ ਵੇਲੇ ਤਾਂ ਫੋਟੋ ਖਿੱਚਣ ਵਾਲੇ ਵੀਰ ਦਾ ਇਸ ਬੋਰਡ ਵੱਲ ਕੋਈ ਧਿਆਨ ਨਹੀਂ ਹੋਣਾ । ਪਰ ਅੱਜ
ਇਹ ਬੋਰਡ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਿੱਖੀ ਸਿੱਦਕ ਅਤੇ ਦ੍ਰਿੜਤਾ ਨਾਲ ਅਪਣਾਏ ਗਏ
ਸ਼ਹੀਦੀ ਰਸਤੇ ਦੀ ਗਵਾਹੀ ਭਰਦਾ ਪ੍ਰਤੀਤ ਹੁੰਦਾ ਹੈ ਕਿ ਸੱਚਮੁੱਚ ਹੀ ਇਹ ਰਸਤਾ ਆਮ ਨਹੀਂ ਹੈ ।
ਵੀਰ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਅੱਗੇ ਸੀਸ ਝੁਕਾਉਂਦਾ ਹੋਇਆ ਅਕਾਲ ਪੁਰਖ ਅੱਗੇ ਅਰਦਾਸ
ਕਰਦਾ ਹਾਂ ਕਿ ਵੀਰ ਦੀ ਸ਼ਹੀਦੀ ਜੋ ਸਿੱਖ ਕੌਮ ਲਈ ਹੈ, ਇਹ
ਸਿੱਖ ਕੌਮ ਦੀ ਅਮਾਨਤ ਹੀ ਰਹੇ, ਕੋਈ ਸਿਆਸੀ ਪਾਰਟੀ, ਕੋਈ
ਸੰਸਥਾ ਜਾਂ ਕੋਈ ਡੇਰੇਦਾਰ ਇਸ ਸੱਚੀ ਸੁੱਚੀ ਸ਼ਹੀਦੀ ਦੀ ਦੁਰਵਰਤੋਂ ਕਰਕੇ ਇਸਦਾ ਮੁੱਲ ਨਾ ਵੱਟ
ਸਕੇ ।
***
Post Comment