ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, March 21, 2012

ਪੰਜਾਬ ਦੀ ਜਾਨ ਵੱਸਦੀ ਹੈ ਪਿੰਡਾਂ ’ਚ

post by: ਚੀਮਾਂ 
pic by: ਬਲਵਿੰਦਰ ਸਿੰਘ
ਕਦੇ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਜਾਨ ਪਿੰਡਾਂ ਵਿੱਚ ਵੱਸਦੀ ਹੈ। ਪਿੰਡ ਹੀ ਪੰਜਾਬ ਦੀ ਤਰੱਕੀ ਦਾ ਆਧਾਰ ਹਨ। ਇੱਕ ਸਮਾਂ ਜਦੋਂ ਪਿੰਡ ਆਪਣੀ ਸਾਦਗੀ, ਮਿਹਨਤ, ਤਾਕਤ ਲਈ ਮਸ਼ਹੂਰ ਸਨ ਤੇ ਪਿੰਡਾਂ ਵਿੱਚ ਨਸ਼ਾ ਰਹਿਤ ਜਵਾਨੀ ਬੜਕਾਂ ਮਾਰਦੀ ਸੀ। 80-90 ਸਾਲ ਦੇ ਬਜ਼ੁਰਗ ਵੀ ਦ੍ਰਿੜ੍ਹਤਾ ਨਾਲ ਜਿਊਂਦੇ ਸਨ। ਪਿੰਡਾਂ ਵਿੱਚ ਪਰਸਪਰ ਏਕਤਾ ਸੀ, ਲੋਕ ਇੱਕ ਦੂਜੇ ਦੇ ਦੁੱਖਾਂ-ਸੁੱਖਾਂ ਵਿੱਚ ਸ਼ਰੀਕ ਹੁੰਦੇ ਸਨ। ਇਹੀ ਕਾਰਨ ਸੀ ਕਿ ਉਦੋਂ ਲੋਕ ਸੁਖੀ ਤੇ ਅਮਨ-ਚੈਨ ਨਾਲ ਜਿਊਂਦੇ ਸਨ, ਪਰ ਸਮੇਂ ਦੇ ਨਾਲ-ਨਾਲ ਧਾਰਨਾ ਬਿਲਕੁਲ ਬਦਲ ਚੁੱਕੀ ਹੈ।
ਕਿਸੇ ਵੱਡੇ ਘਰ ਦਾ ਮੁੰਡਾ ਬੁਲੇਟ ਮੋਟਰਸਾਈਕਲ ਜਾਂ ਮਹਿੰਗਾ ਮੋਬਾਈਲ ਲੈਣ ਨੂੰ ਆਪਣੀ ਸ਼ਾਨ ਸਮਝਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕਾਕਿਆਂ ਦੀ ਪੜ੍ਹਾਈ ਵੀ ਨਾਂਹ-ਪੱਖੀ ਹੁੰਦੀ ਹੈ। ਇਹ ਪੜ੍ਹਾਈ ਦੀ ਜਗ੍ਹਾ ‘ਤੇ ਕਾਲਜਾਂ ਵਿੱਚ ਐਸ਼ਪ੍ਰਸਤੀ, ਅਵਾਰਾਗਰਦੀ ਕਰਦੇ ਹਨ। ਇਹ ਪੜ੍ਹਾਈ ਕੇਵਲ ਟਾਈਮ ਪਾਸ ਹੀ ਸਮਝਦੇ ਹਨ। ਇਨ੍ਹਾਂ ਨੂੰ ਪਤਾ ਹੀ ਹੁੰਦਾ ਹੈ ਕਿ ਬਾਪੂ ਦੀ ਜ਼ਮੀਨ, ਜਾਇਦਾਦ ਇਨ੍ਹਾਂ ਦਾ ਜੀਵਨ ਬਿਤਾਉਣ ਵਾਸਤੇ ਕਾਫੀ ਹੈ। ਪਿੰਡਾਂ ਵਿੱਚ ਜੱਟਾਂ ਦੇ ਮੁੰਡਿਆਂ ਵਿੱਚ ਕੰਮ ਕਰਨ ਦੀ ਪ੍ਰਵਿਰਤੀ ਲਗਾਤਾਰ ਘਟ ਰਹੀ ਹੈ। ਹੁਣ ਤਾਂ ਕੰਮ ਦਾ ਭਾਰ ਕੇਵਲ ਦਿਹਾੜੀਆਂ, ਸੀਰੀਆਂ ਉਪਰ ਹੀ ਰਹਿ ਗਿਆ ਹੈ। ਪੱਛਮੀ ਸਭਿਅਤਾ ਦਾ ਪ੍ਰਭਾਵ ਪੈਣ ਕਾਰਨ, ਇਹ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਜੇਕਰ ਇਹ ਮੁੰਡੇ ਥੋੜ੍ਹੇ ਸਮੇਂ ਲਈ ਖੇਤ ਵੀ ਜਾਂਦੇ ਹਨ ਤਾਂ ਲੋਕ ਦਿਖਾਵੇ ਲਈ ਇਹ ਗੇੜਾ ਮਾਰਨ ਵੀ ਮੋਟਰਸਾਈਕਲ ਉਪਰ ਹੀ ਜਾਂਦੇ ਹਨ। ਪਿੰਡਾਂ ਵਿੱਚ ਸ਼ਰਾਬ, ਭੁੱਕੀ, ਪੋਸਤ, ਡੋਡੇ, ਜਰਦਾ, ਬੀੜੀਆਂ ਦਾ ਸੇਵਨ ਲਗਾਤਾਰ ਵਧ ਰਿਹਾ ਹੈ। ਪਿੰਡਾਂ ਦੀ ਜਵਾਨੀ ਇਨ੍ਹਾਂ ਨਸ਼ਿਆਂ ਵਿੱਚ ਰੁਲ ਗਈ ਹੈ। ਪਿੰਡਾਂ ਵਿੱਚ ਨਸ਼ੇ ਦੀ ਵਧਦੀ ਵਰਤੋਂ ਕਾਰਨ ਖਿਡਾਰੀ ਵੀ ਇਸ ਦੇ ਪ੍ਰਭਾਵ ਹੇਠ ਆ ਗਏ ਹਨ। ਜੱਟਾਂ ਦੇ ਮੁੰਡੇ ਸ਼ਰਾਬ ਦੀ ਵਰਤੋਂ ਸ਼ੌਕ ਵਜੋਂ ਜ਼ਿਆਦਾ ਕਰਦੇ ਸਨ। ਇਨ੍ਹਾਂ ਨਸ਼ਿਆਂ ਕਾਰਨ ਘਰਾਂ ਦੇ ਘਰ ਉੱਜੜ ਗਏ ਹਨ, ਜ਼ਮੀਨਾਂ ਵਿਕ ਰਹੀਆਂ ਹਨ। ਪਿੰਡਾਂ ਵਿੱਚ ਲੋਕ ਨਸ਼ਾ ਕਰ ਕੇ ਲੜਾਈਆਂ ਕਰਦੇ ਹਨ। ਸੋ, ਇਹ ਨਸ਼ੇ ਸਮਾਜ ਦੇ ਮੱਥੇ ਉਪਰ ਕਲੰਕ ਹਨ।
ਪਹਿਲਾਂ ਪਿੰਡਾਂ ਦੇ ਲੋਕ ਆਪਣੇ ਖੁੱਲ੍ਹੇ ਖਾਣ-ਪੀਣ ਲਈ ਜਾਣੇ ਜਾਂਦੇ ਸਨ। ਕਦੇ ਪਿੰਡਾਂ ਵਿੱਚ ਕਿਹਾ ਜਾਂਦਾ ਸੀ ਕਿ ਫਲਾਣੇ ਸੁਕਾ ਬੁੜਾ ਅੱਸੀ ਜੋੜੇ ਲੱਡੂਆਂ ਦੇ ਖਾ ਗਿਆ ਜਾਂ ਇੱਕ ਗੁੜ ਦੀ ਭੇਲੀ ਖਾ ਗਿਆ। ਕਿਤੇ ਪਹਿਲਾਂ ਵਾਲੀਆਂ ਖੁਰਾਕਾਂ ਜਿਵੇਂ ਖਿਚੜੀ ਵਿੱਚ ਸੱਜਰੇ ਦੁੱਧ ਦੀਆਂ ਧਾਰਾਂ ਮਾਰ ਕੇ ਤਿਉੜ ਬਣਾਉਣਾ ਤੇ ਕਿਤੇ ਸੱਜਰ ਸੂਹੀ ਮੈਂਸ ਦੇ ਦੁੱਧ ਦੀ ਬਾਉਲੀ ਵਿੱਚ ਸੇਵੀਆਂ ਰਿੰਨ ਕੇ ਖਾਣਾ, ਇਹ ਖੁਰਾਕਾਂ ਤਾਂ ਸੱਤਰ ਸਾਲ ਦੇ ਬੁੜ੍ਹੇ ਨੂੰ ਵੀ ਬੜਕਾਂ ਮਾਰਨ ਲਾ ਦਿੰਦੀਆਂ ਸਨ। ਖੁਰਾਕ ਦੇ ਸਿਰ ‘ਤੇ ਹੀ ਪਹਿਲਾਂ ਇੱਕ ਨੌਜਵਾਨ ਇੱਕ ਦਿਨ ਅੰਦਰ ਚਾਰ ਘੁਮਾਂ ਕਣਕ ਦੀ ਵਾਢੀ ਕਰ ਦਿੰਦਾ ਸੀ। ਜੱਟਾਂ ਦੇ ਸ਼ੌਕੀਨ ਮੁੰਡੇ ਦੁੱਧ, ਘਿਉ, ਮੱਖਣ ਰੱਜ ਕੇ ਖਾਂਦੇ ਸਨ, ਤਾਹੀਂ ਤਾਂ ਇਹ ਕਿਹਾ ਜਾਂਦਾ ਸੀ ‘ਦੁੱਧ, ਮੱਖਣਾਂ ਨਾਲ ਪਲਿਆ ਮੁੰਡਾ ਜੱਟਾਂ ਦਾ’ । ਪਰ ਸਮੇਂ ਦੀ ਤਾਕਤ ਦੇਖੋ, ਨਾ ਤਾਂ ਲੋਕਾਂ ਦੀਆਂ ਪਹਿਲਾਂ ਵਾਲੀਆਂ ਖੁਰਾਕਾਂ ਰਹੀਆਂ ਤੇ ਨਾ ਹੀ ਓਨਾ ਜ਼ੋਰ। ਹੁਣ ਤਾਂ ਦੁੱਧ, ਮੱਖਣਾਂ ਦੀ ਥਾਂ ਜੱਟਾਂ ਦੇ ਮੁੰਡੇ ਚਟਪਟੇ ਖਾਣੇ, ਕੋਲਡ-ਡਰਿੰਕਸ, ਬਰਗਰ-ਪੀਜ਼ਿਆਂ ਦੀ ਵਰਤੋਂ ਕਰਦੇ ਹਨ। ਹੁਣ ਜੱਟਾਂ ਦਾ ਮੁੰਡਾ ਸਿਰ ‘ਤੇ ਚਰ੍ਹੀ ਦੀ ਭਰੀ ਵੀ ਨਹੀਂ ਚੁੱਕ ਸਕਦਾ, ਚਾਰ ਘੁਮਾਂ ਕਣਕ ਦੀ ਵਾਢੀ ਕਰਨਾ ਤਾਂ ਦੂਰ ਦੀ ਗੱਲ ਹੈ।
ਪਿੰਡਾਂ ਵਿੱਚ ਮੇਲਿਆਂ ਦੀ ਪ੍ਰਵਿਰਤੀ ਲਗਾਤਾਰ ਘੱਟ ਰਹੀ ਹੈ। ਲੋਕ ਪਹਿਲਾਂ, ਦਸ ਦਿਨ ਪਹਿਲਾਂ ਮੇਲੇ ਦੀਆਂ ਤਿਆਰੀਆਂ ਕਰਨ ਲੱਗ ਪੈਂਦੇ ਸਨ। ਉਹ ਮੇਲਾ ਦੇਖਣ ਲਈ ਪੈਸੇ-ਪੈਸੇ ਨਾਲ ਰੁਪਏ ਇਕੱਠੇ ਕਰਦੇ ਸਨ, ਲੋਕ ਕਈ-ਕਈ ਜਣਿਆਂ ਦੀ ਟੋਲੀ ਬਣਾ ਕੇ ਮੇਲੇ ਦੇਖਣ ਲਈ ਜਾਂਦੇ ਸਨ। ਉਸ ਸਮੇਂ ਲੰਮੇ ਕਮੀਜ਼, ਧਰਤੀ ਹੂੰਝਦਾ ਚਾਦਰਾ, ਪੈਰੀਂ ਕੱਢਵੀਂ ਜੁੱਤੀ ਤੇ ਫਰਲੇ ਵਾਲੀ ਪੱਗ ਇਨ੍ਹਾਂ ਦੀ ਸ਼ਾਨ ਨੂੰ ਚਾਰ-ਚੰਨ ਲਗਾ ਦਿੰਦੀ ਸੀ। ਉਸ ਸਮੇਂ ਕਿਹਾ ਜਾਂਦਾ ਸੀ ਕਿ ਸੰਮਾਂ ਵਾਲੀ ਡਾਂਗ ਤੇ ਫਰਲੇ ਵਾਲੀ ਪੱਗ ਜੱਟ ਦੀ ਨਿਸ਼ਾਨੀ ਹੁੰਦੀ ਹੈ। ਜੇ ਕਿਤੇ ਮੇਲੇ ਵਿੱਚ ਪਿੰਡ ਦਾ ਭਲਵਾਨ ਘੁਲਦਾ ਹੁੰਦਾ ਤਾਂ ਇਨ੍ਹਾਂ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਸੀ। ਨਾ ਤਾਂ ਪਹਿਲਾਂ ਵਰਗੇ ਮੇਲੇ ਰਹੇ ਹਨ ਨਾ ਹੀ ਇਨ੍ਹਾਂ ਨੂੰ ਦੇਖਣ ਵਾਲੇ ਲੋਕ।
ਪਸ਼ੂ ਪਾਲਣ ਦਾ ਸ਼ੌਕ ਵੀ ਪਿੰਡਾਂ ਦੇ ਲੋਕਾਂ ਵਿੱਚੋਂ ਜਾਂਦਾ ਹੀ ਰਿਹਾ ਹੈ। ਲੋਕ ਪਹਿਲਾਂ ਪਸ਼ੂਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਹੀ ਪਾਲਦੇ ਸਨ। ਵਿਹੜੇ ਵਿੱਚ ਖੜੀਆਂ ਸੱਤ-ਅੱਠ ਲਵੇਰੀਆਂ ਕਿਸੇ ਵੱਡੇ ਘਰ ਦੀ ਸ਼ਾਨ ਹੁੰਦੀਆਂ ਸਨ। ਲੋਕ ਦੁੱਧ ਦੀ ਪ੍ਰਾਪਤੀ ਲਈ ਇਨ੍ਹਾਂ ਨੂੰ ਛੋਲੇ, ਬਾਜਰਾ, ਵੜੇਵੇਂ, ਦਾਣਾ, ਲੇਟੀ ਚਾਰਦੇ ਸਨ ਤੇ ਇਨ੍ਹਾਂ ਦੀ ਪੂਰੀ ਸੇਵਾ ਕਰਦੇ ਸਨ। ਮੱਝਾਂ ਕਾਲੀਆਂ ਤੇ ਇੰਨੀਆਂ ਰਾਜ਼ੀ ਹੁੰਦੀਆਂ ਸਨ ਕਿ ਪਿੰਡੇ ਤੋਂ ਮੱਖੀ ਤਿਲਕਦੀ ਹੁੰਦੀ ਸੀ। ਦੂਸਰੇ ਤਿੱਖੇ ਨੈਣ-ਨਕਸ਼ ਤੇ ਨਗੌਰ ਵਾਲੇ ਬਲਦ ਪਿੰਡਾਂ ਵਿੱਚ ਕਾਫੀ ਮਸ਼ਹੂਰ ਸਨ। ਹਾਲੀ ਇਨ੍ਹਾਂ ਬਲਦਾਂ ਨਾਲ ਸ਼ੌਕ ਨਾਲ ਵਾਹੀ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਘੋੜੇ-ਘੋੜੀਆਂ ਪਾਲਣ ਦਾ ਸ਼ੌਕ ਵੀ ਲਗਭਗ ਖਤਮ ਹੋ ਗਿਆ ਹੈ। ਹੁਣ ਤਾਂ ਪਿੰਡਾਂ ਦੇ ਲੋਕਾਂ ਵਿੱਚ ਪਸ਼ੂਆਂ ਪ੍ਰਤੀ ਦਿਲਚਸਪੀ ਬਿਲਕੁਲ ਨਹੀਂ ਰਹੀ ਹੈ। ਹੁਣ ਲੋਕਾਂ ਵਿੱਚ ਕੁੱਤੇ ਪਾਲਣ, ਬਿੱਲੀ ਪਾਲਣਾ ਜਿਹੇ ਪੱਛਮੀ ਸ਼ੌਕ ਪੈਦਾ ਹੋ ਚੁੱਕੇ ਹਨ।
ਪਿੰਡਾਂ ਵਿੱਚ ਰਾਜਨੀਤੀ ਦਾ ਬੁਰਾ ਹਾਲ ਹੋ ਚੁੱਕਿਆ ਹੈ। ਲੋਕਾਂ ਨੂੰ ਜੇ ਕੋਈ ਅਹੁਦਾ ਮਿਲ ਜਾਵੇ ਤਾਂ ਇਹ ਉਸ ਉਪਰ ਆਪਣਾ ਜੱਦੀ ਅਧਿਕਾਰ ਸਮਝਦੇ ਹਨ। ਇਹ ਅਹੁਦਾ ਲੈਣ ਲਈ ਇੱਕ ਪੀੜ੍ਹੀ ਤੋਂ ਬਾਅਦ ਲਗਾਤਾਰ ਦੂਜੀ ਪੀੜ੍ਹੀ ਤਿਆਰ ਹੋ ਜਾਂਦੀ ਹੈ, ਜਿਵੇਂ ਕਿਸੇ ਨੇ ਪਹਿਲਾਂ ਇਸ ਰਾਜਨੀਤੀ ‘ਚੋਂ ਕੁਝ ਕਮਾਇਆ ਹੋਵੇ। ਪਿੰਡਾਂ ਵਿੱਚ ਵੋਟਾਂ ਸਮੇਂ ਸ਼ਰਾਬ, ਭੁੱਕੀ ਦੀ ਵਰਤੋਂ ਖੁੱਲ੍ਹੇ ਤੌਰ ‘ਤੇ ਹੁੰਦੀ ਹੈ। ਲੋਕ ਆਪਣੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਵੋਟਾਂ ਨਹੀਂ ਪਾਉਂਦੇ, ਬਲਕਿ ਆਪਣੀ ਪਾਰਟੀ ਪੱਧਰ ਦੇਖ ਕੇ ਵੋਟਾਂ ਪਾਉਂਦੇ ਹਨ। ਪਿੰਡਾਂ ਵਿੱਚ ਵੋਟਾਂ ਸਮੇਂ ਲੜਾਈਆਂ ਆਮ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਪਿੰਡਾਂ ਨਾਲ ਸਬੰਧਤ ਹਰੇਕ ਚੀਜ਼, ਮੇਲਿਆਂ, ਤਿਉਹਾਰਾਂ, ਸ਼ੌਕ, ਰਸਮ-ਰਿਵਾਜ਼ਾਂ ਦਾ ਮੁਹਾਂਦਰਾ ਬਿਲਕੁਲ ਬਦਲ ਚੁੱਕਿਆ ਹੈ। ਲੋਕ ਆਪਣੇ ਪੁਰਾਣੇ ਵਿਰਸੇ ਨੂੰ ਭੁੱਲ ਕੇ ਪੱਛਮੀ ਹੋਣ ਦੀ ਹੋੜ ਵਿੱਚ ਲੱਗੇ ਹਨ। ਉਹ ਬੀਤ ਚੁੱਕਿਆ ਸਮਾਂ ਸ਼ਾਇਦ ਹੀ ਵਾਪਸ ਆਵੇ।
ਪੰਜਾਬੀਓ ਸਾਡਾ ਪੰਜਾਬੀ ਪੇਜ ਲਾਇਕ ਕਰਨਾ ਨਾ ਭੁਲਣਾ


Post Comment


ਗੁਰਸ਼ਾਮ ਸਿੰਘ ਚੀਮਾਂ