ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, March 19, 2012

ਉੁਨ੍ਹਾਂ ਕਿੱਕਰਾਂ ਨੂੰ ਲੱਗਣ ਪਤਾਸੇ ਮਾਲਵੇ ਦੇ ਲੋਕ ਗੀਤਾਂ ਵਿੱਚ ਕਿੱਕਰ

pic by: ਲਖਵੀਰ ਸਿੰਘ 
post by: ਚੀਮਾਂ 

ਰਿਗਵੇਦ ਮੁਤਾਬਕ ਪੁਰਾਤਨ ਸਮੇਂ ਵਿੱਚ ਸਤਲੁਜ ਅਤੇ ਯਮੁਨਾ ਦੇ ਵਿਚਕਾਰ ਸਰਸਵਤੀ ਦਰਿਆ ਵਗਦਾ ਸੀ ਜਿਹੜਾ ਰਾਜਸਥਾਨ ਅਤੇ ਪਾਕਿਸਤਾਨ ਤੱਕ ਦੇ ਮਾਰੂਥਲ ਨੂੰ ਸਿੰਜਦਾ ਸੀ। ਮਾਲਵੇ ਦਾ ਲੱਖੀ ਜੰਗਲ ਵੀ ਇਨ੍ਹਾਂ ਦਰਿਆਵਾਂ ਦੀ ਹੀ ਦੇਣ ਸੀ। ਸਮੇਂ ਦੇ ਗੇੜ ਨਾਲ ਅਤੇ ਦਰਿਆਵਾਂ ਦੇ ਵਹਿਣ ਬਦਲਣ ਨਾਲ ਪੁਰਾਤਨ ਸਮੇਂ ਵਿੱਚ ਉਪਜਾਊ ਮਾਲਵਾ ਮਾਰੂਥਲ ਵਿੱਚ ਤਬਦੀਲ ਹੋ ਗਿਆ ਜੋ ਸਤਲੁਜ ਅਤੇ ਘੱਗਰ ਦੇ ਵਿਚਕਾਰਲਾ ਇਲਾਕਾ ਸੀ। ਇੱਥੇ ਤੇਜ਼ ਹਨੇਰੀਆਂ ਅਤੇ ਪਾਣੀ ਦੀ ਅਣਹੋਂਦ ਕਾਰਨ ਰੇਤ ਦੇ ਟਿੱਬੇ ਬਣ ਗਏ। ਇਸ ਮਾਰੂਥਲੀ ਅਤੇ ਰੋਹੀ ਬੀਆਬਾਨ ਦਾ ਰੂਪ ਧਾਰਨ ਕਰ ਚੁੱਕੇ ਖੇਤਰ ਵਿੱਚ ਉਹੀ ਰੁੱਖ ਬਚੇ ਜਿਹੜੇ ਘੱਟ ਪਾਣੀ ਅਤੇ ਪਾਣੀ ਤੋਂ ਬਿਨਾਂ ਵੀ ਲੰਮਾ ਸਮੇਂ ਜਿਉਂਦੇ ਰਹਿ ਸਕਦੇ ਸਨ ਅਤੇ ਤੇਜ਼ ਗਰਮੀ ਅਤੇ ਸਰਦੀ ਸਹਾਰ ਸਕਦੇ ਸਨ। ਇਨ੍ਹਾਂ ਰੁੱਖਾਂ ਵਿੱਚੋਂ ਵਿਸ਼ੇਸ਼ ਤੌਰ ‘ਤੇ ਮਲ੍ਹੇ, ਕਿੱਕਰ, ਬੇਰੀਆਂ, ਰੇਰੂ, ਵਣ, ਜੰਡ, ਕਰੀਰ ਮਾਲਵੇ ਦੇ ਟਿੱਬਿਆਂ ਅਤੇ ਰੋਹੀਆਂ ਦਾ ਸ਼ਿੰਗਾਰ ਰਹੇ। ਕਿੱਕਰ ਦੀ ਮਾਲਵੇ ਵਿੱਚ ਸਰਦਾਰੀ ਰਹੀ ਹੈ। ਕਿੱਕਰ ਦਾ ਮਾਲਵੇ ਦੇ ਆਰਥਿਕ ਢਾਂਚੇ ਨਾਲ ਗੂੜ੍ਹਾ ਸਬੰਧ ਰਿਹਾ ਹੈ। ਕਿੱਕਰ ਦੀ ਲੱਕੜ ਨੇ ਮਲਵਈਆਂ ਦੇ ਰਹਿਣ-ਸਹਿਣ, ਘਰ ਬਣਾਉਣ, ਖੇਤੀ ਵਾਲਾ ਸੰਦ-ਸੰਦੇੜਾ ਬਣਾਉਣ ਵਿੱਚ ਜਿੱਥੇ ਵਡਮੁੱਲਾ ਯੋਗਦਾਨ ਪਾਇਆ ਉ¤ਥੇ ਕਿੱਕਰਾਂ ਨੇ ਮਾਰੂਥਲੀ ਮਾਲਵੇ ਵਿੱਚ ਠੰਢੀਆਂ ਛਾਵਾਂ, ਮਿੱਠੀਆਂ ਹਵਾਵਾਂ ਅਤੇ ਪੀਲੇ-ਪੀਲੇ ਖੂਬਸੂਰਤ ਫੁੱਲਾਂ ਦੀ ਅਨੋਖੀ ਮਹਿਕ ਬਿਖੇਰੀ ਜਿਸ ਦੀ ਉਦਾਹਰਣ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਪਰੋਈ ਹੋਈ ਹੈ: ਚੱਲ ਮਾਲਵੇ ਦੇਸ ਨੂੰ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ ਅਫਰੀਕਾ ਅਤੇ ਭਾਰਤ ਨੂੰ ਕਿੱਕਰ ਦਾ ਮੂਲ ਸਥਾਨ ਮੰਨਿਆ ਗਿਆ ਹੈ। ਭਾਰਤ ਵਿੱਚ ਮਾਰੂਥਲੀ ਇਲਾਕਾ ਕਿੱਕਰ ਦਾ ਮੂਲ ਸਥਾਨ ਹੈ ਅਤੇ ਮਾਲਵਾ ਵੀ ਇਸ ਮਾਰੂਥਲੀ ਇਲਾਕੇ ਦਾ ਹੀ ਇਕ ਹਿੱਸਾ ਹੈ। ਵਿਗਿਆਨਕ ਭਾਸ਼ਾ ਵਿੱਚ ਕਿੱਕਰ ਨੂੰ ਅਕੇਸ਼ੀਆ ਨੀਲਟੀਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਮੋਟੇ ਪੋਰੇ ਵਾਲਾ ਮਜ਼ਬੂਤ, ਵੱਡਾ, ਗੂੜ੍ਹੀ ਛਾਂ ਵਾਲਾ ਰੁੱਖ ਹੈ। ਇਸ ਦੇ ਪੱਤੇ ਬਹੁਤ ਹੀ ਬਰੀਕ ਲਗਪਗ ਇਕ ਇੰਚ ਵਿੱਚ 50-60 ਦੇ ਕਰੀਬ ਹੁੰਦੇ ਹਨ ਜਿਨ੍ਹਾਂ ਨੂੰ ਕਿੱਕਰ ਦੀ ਲੁੰਗ ਵੀ ਆਖਦੇ ਹਨ। ਜੋ ਬੱਕਰੀਆਂ ਅਤੇ ਊਠਾਂ ਦੀ ਮਨਭਾਉਂਦੀ ਖੁਰਾਕ ਹੈ। ਕਿੱਕਰਾਂ ਦੀਆਂ ਡਾਹਣੀਆਂ ਦੇ ਸਿਰਿਆਂ ‘ਤੇ ਛੋਲਿਆਂ ਦੇ ਦਾਣਿਆਂ ਜਿੱਡੀਆਂ ਹਰੇ ਰੰਗ ਦੀਆਂ ਡੋਡੀਆਂ ਵੀ ਲੱਗਦੀਆਂ ਹਨ। ਇਨ੍ਹਾਂ ਡੋਡੀਆਂ ਤੋਂ ਪੀਲੇ ਬਹੁਤ ਹੀ ਸੁੰਦਰ ਗੋਲਮੋਲ ਫੁੱਲ ਖਿੜਦੇ ਹਨ ਜੋ ਹਰੀ ਕਚਾਰ ਲੁੰਗ ਉਪਰ ਖਿਲ ਕੇ ਮਾਲਵੇ ਦੀਆਂ ਰੋਹੀਆਂ ਅਤੇ ਟਿੱਬਿਆਂ ਨੂੰ ਸੁੰਦਰਤਾ ਬਖ਼ਸ਼ਦੇ ਹਨ। ਮਾਲਵੇ ਦੀਆਂ ਲੋਕ ਬੋਲੀਆਂ ਵਿੱਚ ਕੋਈ ਭੈਣ ਆਪਣੇ ਵੀਰ ਦੇ ਪਿਆਰ ਨੂੰ ਕਿੱਕਰ ਦੇ ਰੁੱਖ ਰਾਹੀਂ ਪ੍ਰਗਟ ਕਰਦੀ ਇਉਂ ਆਖਦੀ ਹੈ:- ਉਨ੍ਹਾਂ ਕਿੱਕਰਾਂ ਨੂੰ ਲੱਗਣ ਪਤਾਸੇ, ਜਿੱਥੋਂ ਦੀ ਮੇਰਾ ਵੀਰ ਲੰਘ ਜੇ। ਫਲਾਂ ਦੇ ਰੂਪ ਵਿੱਚ ਕਿੱਕਰ ਨੂੰ ਤੁੱਕੇ ਲੱਗਦੇ ਹਨ ਜੋ ਲਗਪਗ 4 ਤੋਂ 6 ਇੰਚ ਲੰਬੇ ਹੁੰਦੇ ਹਨ। ਪੱਕਣ ਤੋਂ ਪਹਿਲਾਂ ਕੱਚੇ ਤੁੱਕਿਆਂ ਦਾ ਆਚਾਰ ਬਹੁਤ ਹੀ ਸਵਾਦਲਾ ਅਤੇ ਸਿਹਤ ਲਈ ਗੁਣਕਾਰੀ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਵਿਸਾਖ ਅਤੇ ਜੇਠ ਦੇ ਮਹੀਨੇ ਵਿੱਚ ਲੋਕੀਂ ਤੌੜੇ ਭਰ-ਭਰ ਕੇ ਤੁੱਕਿਆਂ ਦਾ ਆਚਾਰ ਪਾਉਂਦੇ। ਆਚਾਰ ਵਿੱਚ ਲੂਣ, ਸਾਬਤ ਲਾਲ ਮਿਰਚ, ਹਲਦੀ, ਜਵੈਣ ਅਤੇ ਸਰ੍ਹੋਂ ਦਾ ਤੇਲ ਪਾਇਆ ਜਾਂਦਾ। ਇਹ ਸਵਾਦਲਾ ਆਚਾਰ ਜਿੱਥੇ ਪੁਰਾਣੇ ਲੋਕਾਂ ਦੀ ਮਨਭਾਉਂਦੀ ਖੁਰਾਕ ਸੀ ਉ¤ਥੇ ਇਹ ਆਚਾਰ ਜੋੜਾਂ ਦੇ ਦਰਦ, ਗਠੀਏ, ਪੇਟ ਦੀਆਂ ਬਿਮਾਰੀਆਂ, ਹਾਜਮੇ ਦਰੁਸਤ ਲਈ ਅਤੇ ਬਵਾਸੀਰ ਦੀ ਬਿਮਾਰੀ ਲਈ ਵੀ ਗੁਣਕਾਰੀ ਮੰਨਿਆ ਜਾਂਦਾ ਹੈ। ਅਨੇਕਾਂ ਹੋਰ ਬਿਮਾਰੀਆਂ ਵਿੱਚ ਵੀ ਤੁੱਕਿਆਂ ਦੀ ਵਰਤੋਂ ਹੁੰਦੀ ਹੈ। ਪੁਰਾਣੇ ਬਜ਼ੁਰਗ਼ ਤੁੱਕਿਆਂ ਨੂੰ ਸੁਕਾ ਕੇ ਰਗੜ ਕੇ ਪੰਜੀਰੀ ਵਿੱਚ ਪਾ ਕੇ ਤਾਕਤ ਲਈ ਖਾਂਦੇ। ਸਾਡੇ ਸੱਭਿਆਚਾਰ ਵਿੱਚ ਕਿੱਕਰ ਦੇ ਤੁੱਕਿਆਂ ਦੀਆਂ ਬੁਝਾਰਤਾਂ ਵੀ ਮੌਜੂਦ ਹਨ:- ਆਡ ਭਰੀ ਧਰ ਕੋਨਿਆਂ, ਵਿੱਚ ਕਾਲੇ ਕਾਲੇ ਬੀ। ਜੇ ਇਹ ਬਾਤ ਬੁਝੇਂ, ਰੁਪਈਏ ਲੈ ਲਈਂ ਵੀਹ।(ਕਿੱਕਰ ਦੇ ਤੁੱਕੇ) ਕਿੱਕਰ ਦੀ ਦਾਤਣ ਬਹੁਤ ਗੁਣਕਾਰੀ ਹੁੰਦੀ ਹੈ ਜੋ ਦੰਦਾਂ ਨੂੰ ਮਜ਼ਬੂਤ, ਸਾਫ ਅਤੇ ਚਿੱਟੇ ਕਰਦੀ ਹੈ। ਕਿੱਕਰ ਦੀ ਦਾਤਣ ਗਲੇ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦੀ ਹੈ। ਸਾਡੀਆਂ ਬੁਝਾਰਤਾਂ ਦੱਸਦੀਆਂ ਹਨ ਕਿ ਫੁੱਲਾਂ ਨਾਲੋਂ ਕਿੱਕਰ ਦਾ ਫਲ ਪਹਿਲਾਂ ਝੜ ਜਾਂਦਾ ਹੈ:- ਆਉ ਜੀ ਚੂਪੋ ਗੰਨਾ, ਬੈਠੋ ਬ੍ਰਿਛ ਦੀ ਛਾਂ। ਫੁੱਲਾਂ ਨਾਲੋਂ ਫਲ ਪਹਿਲਾਂ ਝੜਦੇ, ਦੱਸੋ ਬ੍ਰਿਛ ਦਾ ਨਾਂ (ਕਿੱਕਰ) ਕਿੱਕਰ ਦਾ ਮਾਲਵੇ ਦੇ ਆਰਥਿਕ ਢਾਂਚੇ ਨਾਲ ਗੂੜ੍ਹਾ ਸਬੰਧ ਰਿਹਾ ਹੈ। ਕਿੱਕਰ ਦੀ ਲੱਕੜ ਦੇ ਮੰਜੇ, ਬਾਹੀਆਂ, ਸੇਰਵੇ, ਦਰਵਾਜ਼ੇ, ਅਲਮਾਰੀਆਂ, ਤਖ਼ਤਪੋਸ਼, ਸੰਦੂਕ, ਪੇਟੀਆਂ, ਖੇਤਾਂ ਵਿੱਚ ਕੰਮ ਕਰਨ ਲਈ ਸੁਹਾਗਾ ਹਲ, ਗੱਡੇ ਦਾ ਅਲਾਰੀਆ, ਸਦਵਾਈ, ਠੋਡ, ਨਾਭ, ਗੱਡੇ ਦੇ ਪਈਏ ਆਦਿ ਬਣਦੇ। ਕਿੱਕਰ ਦੇ ਸੰਦੂਕ ਦੀ ਉਦਾਹਰਣ ਸਾਡੀਆਂ ਲੋਕ ਬੋਲੀਆਂ ਵਿੱਚੋਂ ਇੰਜ ਮਿਲਦੀ ਹੈ:- ਛੇਤੀ ਛੇਤੀ ਵਧ ਕਿੱਕਰੇ, ਅਸੀਂ ਸੱਸ ਦਾ ਸੰਦੂਕ ਬਣਾਉਣਾ। ਮਾਰੂਥਲੀ ਇਲਾਕੇ ਵਿੱਚ ਤੇਜ਼ ਧੁੱਪਾਂ ਪੈਣ ਕਾਰਨ ਅਤੇ ਮੀਂਹਾਂ ਦੀ ਘਾਟ ਹੋਣ ਕਰਕੇ ਕਿੱਕਰਾਂ ਦੇ ਤਣਿਆਂ ਅਤੇ ਡਾਹਣਿਆਂ ਦਾ ਛਿੱਲੜ ਗੂੜ੍ਹੇ ਕਾਲੇ ਰੰਗ ਦਾ ਹੋ ਜਾਂਦਾ ਹੈ। ਪੁਰਾਤਨ ਸਮਿਆਂ ਵਿੱਚ ਇਸ ਕਾਲੇ ਛਿੱਲੜ ਨੂੰ ਪਾਣੀ ਵਿੱਚ ਉਬਾਲ ਕੇ ਸੂਤ, ਚਮੜਾ ਅਤੇ ਕੱਪੜਾ ਰੰਗਿਆ ਜਾਂਦਾ ਰਿਹਾ ਹੈ। ਜੇਕਰ ਕੋਈ ਘੱਟ ਸੋਹਣਾ ਜਾਂ ਕਾਲੇ ਰੰਗ ਦਾ ਮੁੰਡਾ ਬਹੁਤ ਸੁੰਦਰ ਮੁਟਿਆਰ ਨਾਲ ਵਿਆਹਿਆ ਜਾਂਦਾ ਹੈ ਤਾਂ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਲੋਕ ਬੋਲੀਆਂ ਇਸ ਸਬੰਧ ਨੂੰ ਇੰਜ ਬਿਆਨਦੀਆਂ ਹਨ- ਜੱਟ ਰੋਹੀ ਦੀ ਕਿੱਕਰ ਦਾ ਜਾਤੂ, ਵਿਆਹ ਕੇ ਲੈ ਗਿਆ ਤੂਤ ਦੀ ਛਟੀ। ਆਪਣੇ ਕਾਲੇ ਰੰਗ ਦੇ ਸੁਹਾਗ ਪ੍ਰਤੀ ਸੁਨੱਖੀ ਮੁਟਿਆਰ ਵੀ ਆਪਣੀਆਂ ਸਹੇਲੀਆਂ ਕੋਲ ਕਿੱਕਰ ਦੇ ਕਾਲੇਪਣ ਦੀ ਉਦਾਹਰਣ ਦੇ ਕੇ ਆਪਣੇ ਬਾਪੂ ਪ੍ਰਤੀ ਇਹ ਕਹੇ ਬਿਨਾਂ ਨਹੀਂ ਰਹਿ ਸਕਦੀ:- ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ। 

ਪੰਜਾਬੀਓ ਜੋਇਨ ਕਰੋ ਸਾਡਾ ਫੇਸਬੁੱਕ ਪੇਜ


Post Comment


ਗੁਰਸ਼ਾਮ ਸਿੰਘ ਚੀਮਾਂ