ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, March 28, 2012

ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਨੂੰ ਹੋਣ ਵਾਲੀ ਫਾਂਸੀ ਉਪਰ ‘ਆਰਜ਼ੀ ਰੋਕ’ ਲੱਗਣ ਮਗਰੋਂ ਪੁਲਿਸ ਵੱਲੋਂ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ-ਜਥੇਦਾਰ ਨੇ ‘ਬਿਨਾਂ ਸ਼ਰਤ ਰਿਹਾਈ’ ਕਰਵਾਉਣ ਦਾ ਬਾਦਲ ਨੂੰ ਦਿਤਾ ‘ਆਦੇਸ਼’ ਭੁਲਾਇਆ!

ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਨੂੰ ਹੋਣ ਵਾਲੀ ਫਾਂਸੀ ਉਪਰ ‘ਆਰਜ਼ੀ ਰੋਕ’ ਲੱਗਣ ਮਗਰੋਂ ਪੁਲਿਸ ਵੱਲੋਂ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ-ਜਥੇਦਾਰ ਨੇ ‘ਬਿਨਾਂ ਸ਼ਰਤ ਰਿਹਾਈ’ ਕਰਵਾਉਣ ਦਾ ਬਾਦਲ ਨੂੰ ਦਿਤਾ ‘ਆਦੇਸ਼’ ਭੁਲਾਇਆ!


ਲੁਧਿਆਣਾ, 29 ਮਾਰਚ (ਸਿੱਖ ਗਾਰਡੀਅਨ) ਬਾਦਲਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਪਟਿਆਲਾ ਜੇਲ੍ਹ ਵਿਚ ਹੋਣ ਵਾਲੀ ਫਾਂਸੀ ਉਪਰ ਫਿਲਹਾਲ ‘ਆਰਜ਼ੀ ਰੋਕ’ ਲਗਵਾ ਦਿਤੀ ਹੈ, ਜਿਸਨੂੰ ਅਧਾਰ ਬਣਾਕੇ ਅਕਾਲ ਤਖਤ ਦੇ ਜਥੇਦਾਰ ਨੇ 29 ਮਾਰਚ ਦੇ ਪਟਿਆਲਾ ਜੇਲ੍ਹ ਵੱਲ ਹੋਣ ਵਾਲੇ ਖਾਲਸਾ ਮਾਰਚਾਂ ਨੂੰ ‘ਗ਼ੈਰ-ਪੰਥਕ’ ਕਰਾਰ ਦੇ ਦਿਤਾ ਹੈ, ਜਿਸ ਕਾਰਣ ਖਾਲਸਾ ਮਾਰਚਾਂ ਦੀ ਅਗਵਾਈ ਕਰਨ ਵਾਲੇ ਪੰਥਕ ਆਗੂਆਂ ਦੀ ਫੜੋ-ਫੜੀ ਪੁਲਿਸ ਨੇ ਸ਼ੁਰੂ ਕਰ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ, ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਪੰਥਕ ਸੇਵਾ ਲਹਿਰ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਕਈ ਹੋਰ ਪੰਥਕ ਆਗੂਆਂ ਨੂੰ ਪੰਜਾਬ ਪੁਲਿਸ ਨੇ ਨਜ਼ਰਬੰਦ ਕਰ ਦਿਤਾ ਹੈ। ਪੁਲਿਸ ਦੀ ਇਹ ਕਾਰਵਾਈ ਸਰਕਾਰ ਅਤੇ ਜਥੇਦਾਰਾਂ ਦੀ ਆਪਸੀ ਸਹਿਮਤੀ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ, ਤਾਂ ਜੋ ਅੱਜ 29 ਮਾਰਚ ਨੂੰ ਪੰਥਕ ਜਥੇਬੰਦੀਆਂ ਪਟਿਆਲਾ ਜੇਲ੍ਹ ਵੱਲ ਨੂੰ ਮਾਰਚ ਨਾ ਕਰ ਸਕਣ! ਜਥੇਦਾਰਾਂ ਦੀ ਪੁਲਿਸ ਨਾਲ ਮਿਲੀਭੁਗਤ ਬਹੁਤ ਹੀ ਸ਼ਰਮਨਾਕ ਗੱਲ ਹੈ, ਜਿਨ੍ਹਾਂ ਕੌਮ ਨੂੰ ਧੋਖਾ ਦੇ ਕੇ ਇਹ ਗ੍ਰਿਫਤਾਰੀਆਂ ਸ਼ੁਰੂ ਕਰਵਾਈਆਂ ਹਨ। ਬਾਦਲ ਦੇ ਝੋਲੀਚੁੱਕ ਇਨ੍ਹਾਂ ਜਥੇਦਾਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ 23 ਮਾਰਚ ਦੇ ਆਪਣੇ ‘ਆਦੇਸ਼’ ਵਿਚ ਬਾਦਲ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ‘ਬਿਨਾਂ ਸ਼ਰਤ ਰਿਹਾਈ’ ਕਰਵਾਉਣ ਲਈ ਕਿਹਾ ਸੀ। ਇਸ ਲਈ ਜਦੋਂ ਤਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ‘ਬਿਨਾਂ ਸ਼ਰਤ ਰਿਹਾਈ’ ਨਹੀਂ ਹੋ ਜਾਂਦੀ, ਉਨੀ ਦੇਰ ਤਕ ਸਿੱਖਾਂ ਦਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਪਿਛਲੇ ਕੁਝ ਦਿਨਾਂ ਤੋਂ ਅਕਾਲ ਤਖਤ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਪੰਥਕ ਜਥੇਬੰਦੀਆਂ ਨੂੰ ਤਾੜਨਾ ਕਰਦਾ ਆ ਰਿਹਾ ਸੀ ਕਿ ਉਹ ਕੋਈ ਵੱਖਰਾ ਪ੍ਰੋਗਰਾਮ ਨਾ ਉਲੀਕਣ। ਜਥੇਦਾਰ ਇੰਨੀ ਨੀਚ ਹਰਕਤ ਤੇ ਉਤਰ ਆਏਗਾ, ਇਸਦੀ ਪੰਥਕ ਜਥੇਬੰਦੀਆਂ ਨੂੰ ਉਮੀਦ ਨਹੀਂ ਸੀ। ਅਸੀਂ ‘ਸਿੱਖ ਗਾਰਡੀਅਨ’ ਵੱਲੋਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਨੂੰ ਅਕਾਲ ਤਖਤ ਦੇ ‘ਆਦੇਸ਼’ ਮੁਤਾਬਕ, ਜੋ ਕਿ 250 ਜਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਮਗਰੋਂ ਜਾਰੀ ਹੋਇਆ ਸੀ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ‘ਬਿਨਾਂ ਸ਼ਰਤ ਰਿਹਾਈ’ ਤਕ ਆਪਣੇ ਰੋਸ ਪ੍ਰਦਰਸ਼ਨ ਪਹਿਲਾਂ ਮਿੱਥੇ ਪ੍ਰੋਗਰਾਮ ਅਨੁਸਾਰ ਹੀ ਜਾਰੀ ਰੱਖਣੇ ਚਾਹੀਦੇ ਹਨ।



Post Comment


ਗੁਰਸ਼ਾਮ ਸਿੰਘ ਚੀਮਾਂ