ਨਾ ਮੈਂ ਕੋਈ ਝੂਠ ਬੋਲਿਆ……………?
ਜੇਕਰ ਹੁਣ ਪੰਜਾਬ ਹਿੰਸਾ ਦੀ ਅੱਗ ਵਿਚ ਚਲਿਆ ਗਿਆ ਤਾਂ ਅਸੀਂ ਇਤਿਹਾਸ ਦੇ ਪੰਨਿਆਂ ‘ਤੇ ਬਹੁਤ ਪਿੱਛੇ ਚਲੇ ਜਾਵਾਂਗੇ
ਪੰਜਾਬ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਨੂੰ ਲੈ ਕੇ ਬਹੁਤ ਹੀ ਨਾਜ਼ੁਕ ਹਾਲਾਤ ਪੈਦਾ ਹੋ ਗਏ ਸਨ। ਇਕ ਵਾਰ ਤਾਂ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਪੰਜਾਬ ਵਿਚ ਹੁਣੇ ਹੀ ਅੱਗ ਦੇ ਭਾਂਬੜ ਦਾਈ ਦੇਣ ਲੱਗ ਪੈਣਗੇ। ਪਰ ਪੰਜਾਬ ਵਾਸੀਆਂ ਨੇ ਪਿਛਲਾ ਲੰਬਾ ਸਮਾਂ ਅੱਤਵਾਦ ਦੇ ਕਾਲੇ ਦੌਰ ਵਿਚੋਂ ਲੰਘਾਇਆ ਹੈ। ਉਹ ਦੌਰ ਅੱਜ ਵੀ ਸਭ ਦੀਆਂ ਅੱਖਾਂ ਸਾਹਮਣੇ ਘੁੰਮਦਾ ਹੈ ਤਾਂ ਕੰਬਣੀ ਛਿੜ ਜਾਂਦੀ ਹੈ। ਇਸ ਲਈ ਪੰਜਾਬ ਦਾ ਕੋਈ ਵੀ ਵਸਨੀਕ ਪੰਜਾਬ ਦੇ ਹਾਲਾਤ ਮੁੜ ਤੋਂ ਖਰਾਬ ਨਹੀਂ ਦੇਖਣਾ ਚਾਹੁੰਦਾ। ਇਹ ਬਹੁਤ ਹੀ ਸਤੁੰਸ਼ਟੀ ਜਨਕ ਸੋਚ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਉਹ ਅਣਖੀ ਯੋਧਾ ਹੈ ਜਿਸਨੇ ਅੱਜ ਤੱਕ ਈਨ ਨਹੀਂ ਮੰਨੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਸ਼ਹੀਦਾਂ ਵਾਂਗ ਹੱਸਦਿਆਂ ਗਲ ਵਿਚ ਫਾਂਸੀ ਦਾ ਫੰਦਾ ਪਾਉਣ ਵਾਲਾ ਰਸਤਾ ਚੁਣਿਆ। ਇਹ ਲਾਸਾਨੀ ਸੋਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਹੀ ਹਾਸਲ ਹੋ ਸਕਦੀ ਹੈ। ਸਿੱਖ ਕੌਮ ਦੀ ਸਾਰੀ ਦੁਨੀਆਂ ‘ਤੇ ਹੀ ਵੱਖਰੀ ਪਛਾਣ ਹੈ। ਇਸ ਪਛਾਣ ਨੂੰ ਖਤਮ ਕਰਨ ਲਈ ਬਹੁਤ ਵਾਰ ਯਤਨ ਕੀਤੇ ਗਏ ਪਰ ਗੁਰੂ ਦੀ ਸਿੱਖੀ ਨਾ ਕਦੇ ਸਮਾਪਤ ਹੋਈ ਹੈ ਅਤੇ ਨਾ ਹੀ ਹੋਵੇਗੀ। ਦੁਨੀਆਂ ਰਹਿੰਦੀ ਤੱਕ ਬਾਜਾਂ ਵਾਲੇ ਦੇ ਸਿੰਘ ਜੈਕਾਰੇ ਬੁਲਾਉਂਦੇ ਰਹਿਣਗੇ। ਸਮੇਂ-ਸਮੇਂ ‘ਤੇ ਭਾਈ ਬਲਵੰਤ ਸਿੰਘ ਪੈਦਾ ਹੁੰਦੇ ਆਏ ਹਨ ਅਤੇ ਅੱਗੋਂ ਹੁੰਦੇ ਰਹਿਣਗੇ। ਸਿੱਖ ਕਿਉਂ ਹਰ ਵਾਰ ਇਹ ਦੁਹਰਾਉਂਦੇ ਆਏ ਹਨ ਕਿ ਉਨਾਂ ਨੂੰ ਦਿੱਲੀ ਦੀ ਸਰਕਾਰ ਤੋਂ ਕਦੇ ਇਨਸਾਫ ਹਾਸਲ ਨਹੀਂ ਹੋਇਆ। ਇਸ ਅਹਿਸਾਸ ਨੇ ਸਿੱਖਾਂ ਨੂੰ ਕਿਉਂ ਹਥਿਆਰ ਉਠਾਉਣ ਲਈ ਮਜ਼ਬੂਰ ਕੀਤਾ ਹੈ। ਇਸ ਬਾਰੇ ਕਦੇ ਕਿਸੇ ਬੁੱਧੀਜੀਵੀ ਨੇ ਨਹੀਂ ਸੋਚਿਆ ? ਦੇਸ਼ ਦੀ ਰਾਜਨੀਤੀ ਵਿਚ ਘਾਗ ਕਹਾਉਣ ਵਾਲੇ ਵੱਡੇ ਰਾਜਨੀਤਿਕ ਲੋਕਾਂ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਸਿੱਖ ਕੌਮ ਕਿਉਂ ਇਹ ਦੁਹਾਈ ਦਿੰਦੀ ਹੈ ਕਿ ੁਨਾਂ ਨੂੰ ਇਨਸਾਫ ਨਹੀਂ ਮਿਲਦਾ? ਇਹ ਬਹੁਤ ਗੰਭੀਰ ਵਿਸ਼ਾ ਹੈ। ਇਸ ਬਾਰੇ ਜੇਕਰ ਦਿੱਲੀ ਥੋੜਾ ਵੀ ਸੋਚਦੀ ਹੁੰਦੀ ਤਾਂ ਅੱਜ ਤੱਕ ਇਹ ਨੌਬਤ ਨਾ ਆਉਂਦੀ। ਦੇਸ਼ ਲਈ ਹਰ ਕੁਰਬਾਨੀ ਦੇਣ ਵਾਲੇ ਸਿੱਖ ਯੇ ਆਪਣੇ ਆਪਨੂੰ ਦਿੱਲੀ ਦੇ ਵਿਰੋਧ ‘ਚ ਖੜੇ ਨਾ ਕਰਦੇ ਸਗੋਂ ਦੇਸ਼ ਦੀ ਰਾਖੀ ਲਈ ਅੱਜ ਵੀ ਛਾਤੀ ਠੋਕ ਕੇ ਸਾਹਮਣੇ ਖੜ੍ਵਦੇ। ਪਰ ਹਰ ਪਾਸਿਓਂ ਬੇਇਨਸਾਫੀ ਨੇ ਸਿੱਖ ਕੌਮ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ। ਭਾਈ ਬਲਵੰਤ ਸਿੰਘ ਦੀ ਫਾਂਸੀ ਸਜ਼ਾ ਦੇ ਵਿਰੋਧ ‘ਚ ਪੰਜਾਬ ਵਿਚ ਉਠਿਆ ਬਬਾਲ ਕਿਉਂ ਭਿਆਨਕ ਪੱਧਰ ਤੱਕ ਪਹੁੰਚਿਆ ਇਸ ਬਾਰੇ ਵਿਚਾਰ ਚਰਚਾ ਜਰੂਰ ਹੋਣੀ ਚਾਹੀਦੀ ਹੈ। ਪੰਜਾਬ ਵਿਚ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਸਿੱਖ ਨੂੰ ਫਾਂਸੀ ਦਿਤੀ ਜਾ ਰਹੀ ਹੋਵੇ। ਇਸਤੋਂ ਪਹਿਲਾਂ ਇੰਦਰਾ ਗਾਂਧੀ ਕਤਲ ਕੇਸ ‘ਚ ਸਤਵੰਤ ਸਿੰਘ-ਕੇਹਰ ਸਿੰਘ ਉਸਤੋਂ ਬਾਅਦ ਸੁੱਖਾ ਤੇ ਜਿੰਦਾ ਨੂੰ ਫਾਂਸੀ ਦਿਤੀ ਗਈ ਪਰ ਉਸ ਸਮੇਂ ਅਜਿਹਾ ਮਾਹੌਲ ਪੈਦਾ ਨਹੀਂ ਸੀ ਹੋਇਆ ਜੋ ਹੁਣ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਨਾਉਣ ਤੇ ਹੋਇਆ ਹੈ। ਇਸਦੀ ਵਜਹ ਇਹ ਹੈ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਸੀ ਤਾਂ ਉਸਤੋਂ ਬਾਅਦ ਦਿੱਲੀ ਵਿਚ ਗਿਣੀ ਮਿਥੀ ਸਾਜਿਸ਼ ਅਧੀਨ ਸਿੱਖਾਂ ਦਾ ਕਤਲੇਆਮ ਬਹੁਤ ਭਿਆਨਕ ਢੰਗ ਨਾਲ ਕੀਤਾ ਗਿਆ। ਉਸਤੋਂ ਬਾਅਦ ਕਾਨੂੰਨ ਇਨਸਾਫ ਹਾਸਲ ਕਰਨ ਲਈ ਸਿੱਖਾਂ ਨੇ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਲੜੀ। ਪਰ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ ਵਿਚ ਕੁਝ ਹੀ ਸਮੇਂ ‘ਚ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਤਾਂ ਫਾਂਸੀ ਦੇ ਦਿਤੀ ਗਈ ਪਰ ਦਿੱਲੀ ‘ਚ ਸਿੱਖ ਕਤਲੇਆਮ ਕਰਨ ਵਾਲਿਆਂ ਵਿਰੁੱਧ ਅਨੇਕਾਂ ਸਬੂਤ ਅਤੇ ਗਵਾਹ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਇਕ ਵਿਅਕਤੀ ਨੂੰ ਵੀ ਸਜ਼ਾ ਨਹੀਂ ਦਿਤੀ ਜਾ ਸਕੀ। ਇਨਸਾਫ ਹਾਸਲ ਕਰਨ ਲਈ ਕਾਨੂੰਨੀ ਦਰਵਾਜੇ ‘ਤੇ ਖੜੇ ਪੀੜਤਾਂ ਵਿਚੋਂ ਬਹੁਤੇ ਲੋਕ ਪ੍ਰਮਾਤਮਾ ਦੇ ਘਰ ਵੀ ਜਾ ਪਹੁੰਚੇ ਹਨ ਪਰ ਹੁਣ ਤੱਕ ਇਨਸਾਫ ਨਾ ਦੀ ਚਿੜੀ ਸਿੱਖਾਂ ਦੇ ਦਰਵਾਜੇ ਵੱਲ ਉਡਾਰੀ ਨਹੀਂ ਭਰ ਸਕੀ। ਸਿੱਖਾਂ ਦੇ ਮਨ ਵਿਚ ਕਿਧਰੇ ਇਹ ਆਸ ਦੀ ਕਿਰਨ ਸੀ ਕਿ ਜਿਸ ਤਰ੍ਹਾਂ ਕਾਨੂੰਨ ਨੇ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਉਸੇ ਤਰ੍ਹਾਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਕਾਨੂੰਨ ਬਣਦੀ ਸਜ਼ਾ ਦੇਵੇਗਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿੱਖਾਂ ਦੀ ਇਹ ਆਸ ਹੁਣ ਤੱਕ ਪੂਰੀ ਨਹੀਂ ਹੋ ਸਕੀ। ਜਦੋਂ 28 ਸਾਲ ਦਾ ਸਮਾਂ ਬੀਤ ਜਾਣ ‘ਤੇ ਵੀ ਸਿੱਖਾਂ ਨੂੰ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਇਨਸਾਫ ਨਹੀਂ ਦਿਤਾ ਗਿਆ ਤਾਂ ਭਾਈ ਬਲਵੰਤ ਸਿੰਘ ਨੂੰ ਫਾਂਸੀ ਤੇ ਲਟਕਾਉਣ ਲਈ ਕਾਨੂੰਨ ਦਾ ਦੋਹਰਾ ਮਾਪਦੰਡ ਕਿਉਂ ? ਇਸੇ ਗੱਲ ਨੂੰ ਸਿੱਖਾਂ ਦੇ ਮਨ ਵਿਚ ਰੋਹ ਪੈਦਾ ਹੋਇਆ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਵਿਰੋਧ ਵਿਚ ਸਾਰਾ ਪੰਜਾਬ ਇਕ ਪਲੇਟਫਾਰਮ ‘ਤੇ ਖੜਾ ਨਜ਼ਰ ਆਇਆ। ਜਿਥੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਸਰਕਾਰ ਨੇ ਆਪਣਾ ਬਣਦਾ ਰੋਲ ਅਦਾ ਕੀਤਾ ਉਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਉਸਾਰੂ ਸੋਚ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਅੱਗੇ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਉਥੇ ਮੀਡੀਆ ਵਲੋਂ ਨਿਭਾਏ ਗਏ ਅਹਿਮ ਰੋਲ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਈ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਦੇ ਵਿਰੋਧ ਵਿਚ ਸਭ ਪਹਿਲਾਂ ਅਤੇ ਸਭ ਤੋਂ ਵੱਧ ਆਵਾਜ਼ ਬੁਲੰਦ ਕਰਕੇ ਸਮੁੱਚੇ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿਚ ਵੀ ਵੱਡੀ ਲਹਿਰ ਖੜੀ ਕਰਨ ਲਈ ਮੈਂ ਰੋਜ਼ਾਨਾ ਪੰਜਾਬੀ ਅਖਬਾਰ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਜਿਨਾਂ ਨੇ ਇਹ ਦਰਸਾ ਦਿਤਾ ਕਿ ਮੀਡੀਆ ਜੇਕਰ ਕਿਸੇ ਪੱਖ ਨੂੰ ਸਾਰਥਕ ਸੋਚ ਲੈ ਕੇ ਚੱਲੇ ਤਾਂ ਉਸਨੂੰ ਲੋਕ ਲਹਿਰ ਬਣਾਇਆ ਜਾ ਸਕਦਾ ਹੈ। ਪਹਿਰੇਦਾਰ ਵਲੋਂ ਖੜੀ ਕੀਤੀ ਲੋਕ ਲਹਿਰ ਨੇ ਤੇਜ ਹਨੇਰੀ ਦਾ ਰੂਪ ਧਾਰਨ ਕੀਤਾ ਅਤੇ ਕੇਂਦਰ ਨੂੰ ਭਾਈ ਬਲਵੰਤ ਸਿੰਘ ਦੀ ਫਾਂਸੀ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰੇਕ ਉਸਨੂੰ ਅੱਗੇ ਕਰਨਾ ਪਿਆ। ਪੰਜਾਬ ਦੇ ਗਰਮਦਲੀਆਂ ਵਲੋਂ ਦਿਤੀ ਗਈ ਪੰਜਾਬ ਬੰਦ ਦੀ ਕਾਲ ਨੇ ਇਕ ਵਾਰ ਸਭ ਕੁਝ ਹਿਲਾ ਕੇ ਰੱਖ ਦਿਤਾ ਅਤੇ ਇਹ ਪਹਿਲੀ ਵਾਰ ਹੋਇਆ ਕਿ ਸੌ ਪ੍ਰਤੀਸ਼ਤ ਪੂਰੀ ਹੜਤਾਲ ਸਫਲ ਹੋਈ ਹੋਵੇ। ਉਸ ਬੰਦ ਵਿਚ ਜਿਥੇ ਹਿੰਦੂ ਭਰਾਵਾਂ ਅਤੇ ਹੋਰ ਕਮਿਊਨਿਟੀਆਂ ਨੇ ਭਰਪੂਰ ਸਾਥ ਦੇ ਕੇ ਭਾਈ ਬਲਵੰਤ ਸਿੰਘ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਮੈਂ ਇਸਦੀ ਨਿੱਜ਼ੀ ਤੌਰ ‘ਤੇ ਸ਼ਲਾਘਾ ਕਰਦਾ ਹਾਂ। ਪਰ ਉਸਤੋਂ ਬਾਅਦ ਜਦੋਂ ਰਾਸ਼ਟਰਪਤੀ ਨੇ ਫਾਂਸੀ ਵਿਰੁੱਧ ਅਪੀਲ ਨੂੰ ਮਨਜ਼ੂਰ ਕਰਦੇ ਹੋਏ 31 ਮਾਰਚ ਨੂੰ ਦਿਤੀ ਜਾਣ ਵਾਲੀ ਫਾਂਸੀ ‘ਤੇ ਰੋਕ ਲਗਾ ਦਿਤੀ ਤਾਂ ਉਸਤੋਂ ਬਾਅਦ ਹੁਣ ਪੰਜਾਬ ਦੇ ਹਾਲਾਤ ਨੂੰ ਮੁੜ ਤੋਂ ਲਾਂਬੂ ਲਗਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ। ਗੁਰਦਾਸਪੁਰ ਵਿਚ ਜੋ ਵਾਪਰਿਆ ਮੈਂ ਉਸਨੂੰ ਇਤਿਹਾਸ ਦੇ ਕਾਲੇ ਪੰਨੇ ਵਜੋਂ ਦੇਖ ਰਿਹਾ ਹਾਂ। ਇਸੇ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਨੂੰ ਪੰਜਾਬ ਦੇ ਕੁਝ ਹੋਰਨਾ ਸ਼ਹਿਰਾਂ ਵਿਚ ਵੀ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਦੀਆਂ ਕਨਸੋਆਂ ਸਾਹਮਣੇ ਆ ਰਹੀਆਂ ਹਨ। ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾ ਸਾਂਝੀ ਵਾਲਤਾ ਦਾ ਸੁਨੇਹਾ ਦਿਤਾ ਅਤੇ ਚਾਰੇ ਵਰਨਾ ਨੂੰ ਇਕੋ ਜਿਹਾ ਰੁਤਬਾ ਪ੍ਰਦਾਨ ਕੀਤਾ। ਸਿੱਖ ਗੁਰੂਆਂ ਨੇ ਹਿੰਦੂ ਧਰਮ ਦੀ ਰਾਖੀ ਲਈ ਲਾਮਿਸਾਲ ਕੁਰਬਾਨੀਆਂ ਦਿਤੀਆਂ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਹਿੰਦੂ ਅਤੇਸਿੱਖਾਂ ਵਿਚਕਾਰ ਹਮੇਸ਼ਾ ਨੌਂਹ ਮਾਸ ਦਾ ਰਿਸ਼ਤਾ ਰਿਹਾ ਹੈ। ਜੋ ਕਦੇ ਵੀ ਇਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ। ਪਰ ਕੁਝ ਤਾਕਤਾਂ ਇਸ ਰਿਸ਼ਤੇ ਨੂੰ ਤਾਰ-ਤਾਰ ਕਰਨ ਵਿਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਪਰ ਉਨਾਂ ਨੂੰ ਕਦੇ ਵੀ ਸਫਲਤਾ ਨਹੀਂ ਮਿਲ ਸਕੀ। ਹੁਣ ਵੀ ਕੁਝ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਫਿਰਕੂ ਰੰਗਤ ਦੇ ਕੇ ਮਾਹੌਲ ਨੂੰ ਮੁੜ ਤੋਂ ਲਾਂਬੂ ਲਗਾਉਣ ਦੇ ਉਪਰਾਲੇ ਕਰ ਰਹੀਆਂ ਹਨ। ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਅਜਿਹੀਆਂ ਤਾਕਤ ਨੂੰ ਹਮੇਸ਼ਾ ਵਾਂਗ ਮੂੰਹ ਤੋੜ ਜਵਾਬ ਦਿਤਾ ਜਾਵੇ ਤਾਂ ਜੋ ਪੰਜਾਬ ਦੇ ਸ਼ਾਂਤ ਮਾਹੌਲ ਵਿਚ ਅਮਨ ਸ਼ਾਂਤੀ ਦੀ ਚੱਲ ਰਹੀ ਠੰਡੀ ਹਵਾ ਨੂੰ ਕੋਈ ਦੂਸ਼ਿਤ ਨਾ ਕਰ ਸਕੇ। ਜਿਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਅੱਗੇ ਕਰਨ ਲਈ ਸਾਰੇ ਪੰਜਾਬ ਵਾਸੀਆਂ ਨੇ ਰਲ ਕੇ ਹੰਭਲਾ ਮਾਰਿਆ ਹੈ ਇਥੇ ਹੀ ਬੱਸ ਨਹੀਂ ਹੋਣੀ ਚਾਹੀਦੀ। ਇਹ ਲੜਾਈ ਸਾਨੂੰ ਅੱਗੇ ਹੋਰ ਲੰਬੀ ਅਤੇ ਔਖੀ ਲੜਣੀ ਪਏਗੀ। ਉਹ ਸਾਰਿਆਂ ਵਲੋਂ ਮਿਲ ਕੇ ਲੜੀ ਜਾਏਗੀ ਤਾਂ ਹੀ ਸਫਲਤਾ ਹਾਸਲ ਹੋ ਸਕੇਗੀ। ਯਾਦ ਰੱਖੋ ! ਭਾਈ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਸਮਾਪਤ ਨਹੀਂ ਹੋਈ ਸਗੋਂ ਅੱਗੇ ਪਈ ਹੈ। ਪਹਿਲੀ ਲੜਾਈ ਫਾਂਸੀ ਦੀ ਸਜ਼ਾ ਨੂੰ ਅੱਗੇ ਕਰਵਾ ਕੇ ਅਸੀਂ ਜਿੱਤ ਲਈ ਹੈ ਹੁਣ ਅਗਲੀ ਲੜਾਈ ਫਾਂਸੀ ਦੀ ਸਜ਼ਾ ਰੱਦ ਕਰਵਾਉਮ ਲਈ ਲੜਣੀ ਹੋਵੇਗੀ। ਇਸ ਲਈ ਕਾਲੀਆਂ ਭੇਡਾਂ ਵਲੋਂ ਕਿਸੇ ਵੀ ਹਿੰਸਕ ਕਾਰਵਾਈ ਨੂੰ ਅੱਖੋਂ ਪਰੋਖੇ ਕਰਦੇ ਹੋਏ ਇਸ਼ੇ ਤਰ੍ਹਾਂ ਸ਼ਾਂਤਮਈ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇ ਤਾਂ ਜੋ ਅਸੀਂ ਸਫਲਤਾ ਦੇ ਝੰਡੇ ਬੁਲੰਦ ਕਰ ਸਕੀਏ। ਜੇਕਰ ਹੁਣ ਪੰਜਾਬ ਹਿੰਸਾ ਦੀ ਅੱਗ ਵਿਚ ਚਲਿਆ ਗਿਆ ( ਜਿਸਨੂੰ ਅੱਗ ਵਿਚ ਧਕੇਲਣ ਦੀ ਕਾਰਵਾਈ ਗੁਰਦਾਸਪੁਰ ਤੋਂ ਸ਼ੁਰੂ ਹੋ ਚੁੱਕੀ ਹੈ ) ਤਾਂ ਅਸੀਂ ਇਤਿਹਾਸ ਦੇ ਪੰਨਿਆਂ ‘ਤੇ ਬਹੁਤ ਪਿੱਛੇ ਚਲੇ ਜਾਵਾਂਗੇ ਅਤੇ ਮੁੜ ਪਹਿਲੀ ਕਤਾਰ ਵਿਚ ਆਉਣਾ ਅਸੰਭਵ ਹੋ ਜਾਵੇਗਾ। ਹਿੰਸਕ ਲੜਾਈ ਪਹਿਲਾਂ ਲੜ ਕੇ ਪੰਜਾਬ ਵਾਸੀਆਂ ਨੇ ਲੰਬਾ ਸਮਾਂ ਸੰਤਾਪ ਹੰਢਾਇਆ ਹੈ ਹੁਣ ਹੋਰ ਸੰਤਾਪ ਹੰਢਾਉਣ ਦੇ ਪੰਡਜਾਬ ਵਾਸੀ ਸਮਰੱਥ ਨਹੀਂ ਹਨ। ਇਸ ਲਈ ਪੰਜਾਬ ਦੇ ਸ਼ਾਂਤ ਵਾਤਾਵਰਨ ਨੂੰ ਸਮਝਦਾਰੀ ਨਾਲ ਹੀ ਸ਼ਾਂਤ ਰੱਖਿਆ ਜਾ ਸਕਦਾ ਹੈ। ਕਿਸੇ ਤਰ੍ਹਾਂ ਦੀ ਭੜਕਾਹਟ ਸਾਨੂੰ ਇਕ ਵਾਰ ਫਿਰ ਤੋਂ ਪੁਰਾਣੇ ਠੱਪੇ ਵੱਲ ਤੋਰ ਦੇਵੇਗੀ।
ਹਰਵਿੰਦਰ ਸਿੰਘ ਸੱਗੂ।
98723-27899
ਹਰਵਿੰਦਰ ਸਿੰਘ ਸੱਗੂ।
98723-27899
PUNJAB SPECTRUM