ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, March 24, 2012

ਵਜ਼ੀਰ ਖਾਂ ਤੇ ਬੇਅੰਤ ਸਿਹੁੰ ਨੂੰ ਸੋਧੇ ਜਾਣ ਵਿਚ ਸਮਾਨਤਾ-ਬਲਵੰਤ ਸਿੰਘ ਤੇ ਦਿਲਾਵਰ ਸਿੰਘ ਅਜੋਕੇ ਸਮੇਂ ਦੇ ਬਾਜ਼ ਸਿੰਘ ਤੇ ਫਤਹਿ ਸਿੰਘ


ਵਜ਼ੀਰ ਖਾਂ ਤੇ ਬੇਅੰਤ ਸਿਹੁੰ ਨੂੰ ਸੋਧੇ ਜਾਣ ਵਿਚ ਸਮਾਨਤਾ-ਬਲਵੰਤ ਸਿੰਘ ਤੇ ਦਿਲਾਵਰ ਸਿੰਘ ਅਜੋਕੇ ਸਮੇਂ ਦੇ ਬਾਜ਼ ਸਿੰਘ ਤੇ ਫਤਹਿ ਸਿੰਘ

-ਮਹਿੰਦਰ ਸਿੰਘ ਚਚਰਾੜੀ ਮੋਬਾ: 98148-90308
31 ਅਗਸਤ 1995 ਨੂੰ ਪੰਜਾਬ ਸਕੱਤਰੇਤ ਵਿਚ ਲੋਕਰਾਜੀ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਕੇ ਮੁੱਖਮੰਤਰੀ ਬਣੇ ਬੇਅੰਤ ਸਿਹੁੰ ਦਾ ਮਾਰਿਆ ਜਾਣਾ ਸਿੱਖ ਇਤਿਹਾਸ ਦੀ ਇਕ ਸੁਨਹਿਰੀ ਘਟਨਾ ਸੀ। ਸਿੱਖ ਇਤਿਹਾਸ ਵਿਚ ਅਜਿਹੀ ਵੱਡੀ ਘਟਨਾ 285 ਸਾਲ ਬਾਅਦ ਵਾਪਰੀ ਸੀ, ਜਦੋਂਕਿ ਕੋਈ ਸੂਬੇ ਦਾ ਸੂਬੇਦਾਰ ਸਿੱਖਾਂ ਵੱਲੋਂ ਸੋਧਿਆ ਗਿਆ ਸੀ। ਇਸ ਤੋਂ ਪਹਿਲਾਂ ਸਰਹਿੰਦ ਸੂਬੇ (ਉਸ ਵੇਲੇ ਅਜੋਕੇ ਪੰਜਾਬ ਦਾ ਵਧੇਰੇ ਹਿੱਸਾ ਸਰਹਿੰਦ ਸੂਬੇ ਦੇ ਅਧੀਨ ਸੀ) ਦੇ ਸੂਬੇਦਾਰ ਵਜ਼ੀਰ ਖਾਂ ਨੂੰ ਸਿੰਘਾਂ ਨੇ ਚੱਪੜਚਿੜੀ ਦੇ ਮੈਦਾਨ ਵਿਚ 1710 ਈ. ਵਿਚ ਸੋਧਾ ਲਾਇਆ ਸੀ। ਵਜ਼ੀਰ ਖਾਂ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਉਪਰ ਅਸਹਿ ਤੇ ਅਕਹਿ ਜ਼ੁਲਮ ਢਾਹੇ ਸਨ। ਅਨੰਦਪੁਰ ਸਾਹਿਬ ਵਿਚ ਗੁਰੂ ਸਾਹਿਬ ਨੂੰ ਘੇਰਾ ਪਾਉਣ ਤੋਂ ਲੈ ਕੇ ਚਮਕੌਰ ਦੀ ਗੜ੍ਹੀ, ਮਾਛੀਵਾੜੇ ਦੇ ਸੱਥਰਾਂ ਤੋਂ ਹੁੰਦੇ ਹੋਏ ਮੁਕਤਸਰ ਦੀ ਜੰਗ ਤਕ ਦਾ ਸਾਰਾ ਸਿੱਖ ਵਿਰੋਧੀ ਵਰਤਾਰਾ ਇਸ ਪਾਪੀ ਵਜ਼ੀਰ ਖਾਂ ਦੀ ਹੀ ਦੇਣ ਸੀ। ਇਸਨੇ ਤਾਂ ਜ਼ੁਲਮਾਂ ਦੀ ਇੰਨੀ ਇੰਤਹਾ ਕਰ ਦਿਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤਾ ਸੀ। ਉਸ ਵੇਲੇ ਇਤਿਹਾਸ ਨੇ ਇਸਨੂੰ ਆਪਣੇ ਕੀਤੇ ਦਾ ਫਲ ਭੁਗਤਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ਼ ਸਿੰਘ ਤੇ ਭਾਈ ਫਤਿਹ ਸਿੰਘ ਤੋਂ ਇਹ ਸੇਵਾ ਲਈ ਸੀ। ਜਦੋਂ ਨੰਦੇੜ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹਾਸਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਜੇਤੂ ਮੁਹਿੰਮ ਲੈ ਕੇ 12 ਮਈ 1710 ਈ. ਨੂੰ ਚੱਪੜਚਿੜੀ ਦੇ ਮੈਦਾਨ ਵਿਚ ਪੁੱਜਾ ਤਾਂ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਵੀ ਆਪਣੀ ਫੌਜ ਲੈ ਕੇ ਉਥੇ ਪਹੁੰਚ ਗਿਆ। ਦੋਨਾਂ ਦੇ ਟਾਕਰੇ ਵਿਚ ਭਾਈ ਬਾਜ਼ ਸਿੰਘ ਤੇ ਭਾਈ ਫਤਹਿ ਸਿੰਘ ਨੇ ਕਿਰਪਾਨ ਦਾ ਵਾਰ ਕਰਕੇ ਵਜ਼ੀਰ ਖਾਂ ਨੂੰ ਘੋੜੇ ਸਮੇਤ ਹੇਠਾਂ ਸੁੱਟ ਲਿਆ ਤੇ ਮਗਰੋਂ ਘੋੜੇ ਪਿਛੇ ਬੰਨ੍ਹ ਕੇ ਅਜਿਹਾ ਘੜੀਸਿਆ ਕਿ ਉਸਦੀ ਮੌਤ ਹੋ ਗਈ।
ਇਸੇ ਤਰ੍ਹਾਂ ਸੰਨ 1995 ਵਿਚ ਬੇਅੰਤ ਸਿਹੁੰ ਦਿੱਲੀ ਹਕੂਮਤ ਦੇ ਥਾਪੜੇ ਨਾਲ ਬਣਿਆ ਪੰਜਾਬ ਦਾ ਮੁੱਖਮੰਤਰੀ ਸੀ, ਜੋ ਕਿ ਸਿੱਖਾਂ ਵੱਲੋਂ 1992 ਦੀਆਂ ਚੋਣਾਂ ਦਾ ਬਾਈਕਾਟ ਕਰਨ ਮਗਰੋਂ ਇਸ ਕੁਰਸੀ ਤੇ ਬਿਰਾਜਮਾਨ ਹੋਇਆ ਸੀ। ਉਸਨੇ ਦਿੱਲੀ ਦਰਬਾਰ ਦੇ ਇਸ਼ਾਰੇ ਤੇ ਸਿੱਖਾਂ ਤੇ ਅਸਹਿ ਤੇ ਅਕਹਿ ਜ਼ੁਲਮ ਢਾਹੇ ਤੇ ਹਜ਼ਾਰਾਂ ਸਿੱਖਾਂ ਦਾ ਖੂਨ ਡੋਲ੍ਹਕੇ ‘ਸ਼ਾਂਤੀ ਦਾ ਮਸੀਹਾ’ ਬਣ ਬੈਠਾ ਤੇ ਆਪਣੇ ਆਪ ਨੂੰ ਗੁਰੂਆਂ, ਪੀਰਾਂ, ਭਗਤਾਂ ਦਾ ਅਵਤਾਰ ਸਦਵਾਉਣ ਲੱਗ ਪਿਆ। ਬੇਅੰਤ ਸਿਹੁੰ ਨੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤਕ ਸਿੱਖਾਂ ਦਾ ਵੱਡੀ ਪੱਧਰ ਤੇ ਘਾਣ ਕੀਤਾ ਸੀ। ਉਸਦੇ ਇਨ੍ਹਾਂ ਜ਼ੁਲਮਾਂ ਦੀ ਦਾਸਤਾਨ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਦਿਲਾਵਰ ਸਿੰਘ ਨੂੰ ਅਣਖ-ਇੱਜ਼ਤ ਦਾ ਥਾਪੜਾ ਬਖਸ਼ਿਆ ਤੇ ਇਨ੍ਹਾਂ ਦੋਨਾਂ ਵੀਰਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਕਰਦਿਆਂ ਇਸਨੂੰ ਸੋਧਣ ਦਾ ਫੈਸਲਾ ਕੀਤਾ। ਬੇਅੰਤ ਸਿਹੁੰ ਨੂੰ ਸੋਧਣ ਲਈ ਇਨ੍ਹਾਂ ਦੋਨਾਂ ਵੀਰਾਂ ਨੂੰ ਲੋੜੀਂਦੇ ਅਸਲੇ ਦੀ ਲੋੜ ਸੀ, ਜਿਸਦੀ ਘਾਟ ਪੂਰੀ ਕੀਤੀ ਭਾਈ ਜਗਤਾਰ ਸਿੰਘ ਹਵਾਰਾ ਨੇ! ਬੇਅੰਤ ਸਿਹੁੰ ਦੀ ਹਾਈ-ਪ੍ਰੋਫਾਇਲ ਸਕਿਉਰਿਟੀ ਹੋਣ ਕਰਕੇ ਇਹ ਕੰਮ ‘ਮਨੁੱਖੀ ਬੰਬ’ ਨਾਲ ਹੀ ਸਿਰੇ ਚੜ੍ਹ ਸਕਦਾ ਸੀ। ਇਸ ਲਈ ਬੇਅੰਤ ਸਿਹੁੰ ਨੂੰ ਸੋਧਣ ਲਈ ‘ਮਨੁੱਖੀ ਬੰਬ’ ਦੀ ਸਕੀਮ ਵਰਤੀ ਗਈ। ‘ਮਨੱਖੀ ਬੰਬ’ ਬਣਨ ਲਈ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਟਾਸ ਪਾਇਆ ਗਿਆ, ਜੋ ਕਿ ਭਾਈ ਦਿਲਾਵਰ ਸਿੰਘ ਦੇ ਨਾਮ ਦਾ ਨਿਕਲਿਆ। ਭਾਵੇਂ ‘ਮਨੁੱਖੀ ਬੰਬ’ ਰਾਹੀਂ ਹੋਣ ਵਾਲਾ ਇਹ ਕੰਮ ਇਕੱਲੇ ਭਾਈ ਦਿਲਾਵਰ ਸਿੰਘ ਦਾ ਹੀ ਸੀ ਪਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵੀ ਉਸਦੇ ਨਾਲ ਹੀ ਸਕੱਤਰੇਤ ਜਾਣ ਦਾ ਫੈਸਲਾ ਕੀਤਾ। 31 ਅਗਸਤ 1995 ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਇਹ ਦੋਨੋਂ ਸਿੰਘ ਪੰਜਾਬ ਸਕੱਤਰੇਤ ਵਿਚ ਪਹੁੰਚ ਗਏ, ਜਿਥੇ ਕਿ ਬੇਅੰਤ ਸਿਹੁੰ ਆਪਣੇ ਅਹਿਲਕਾਰਾਂ ਨਾਲ ਮੀਟਿੰਗ ਕਰ ਰਿਹਾ ਸੀ। ਇਨ੍ਹਾਂ ਵੱਲੋਂ ਬੇਅੰਤ ਸਿਹੁੰ ਉਪਰ ਕੋਈ ਲੁਕਕੇ ਵਾਰ ਨਹੀਂ ਸੀ ਕੀਤਾ ਗਿਆ, ਸਗੋਂ ਕਈ ਦਿਨ ਪਹਿਲਾਂ ਅਖਬਾਰਾਂ ਵਿਚ ਬਿਆਨ ਦੇ ਕੇ ਬੱਬਰ ਖਾਲਸਾ ਦੇ ਮੁਖੀ ਭਾਈ ਵਧਾਵਾ ਸਿੰਘ ਨੇ ਬੇਅੰਤ ਸਿਹੁੰ ਨੂੰ 31 ਅਗਸਤ 1995 ਤਕ ਸੋਧ ਦੇਣ ਦੀ ਚਿਤਾਵਨੀ ਜਾਰੀ ਕੀਤੀ ਹੋਈ ਸੀ। ਤਕਰੀਬਨ ਸਵਾ ਪੰਜ ਵਜੇ ਜਦੋਂ ਬੇਅੰਤ ਸਿਹੁੰ ਸਕੱਤਰੇਤ ਵਿਚੋਂ ਬਾਹਰ ਨਿਕਲਿਆ ਤਾਂ ਪਹਿਲਾਂ ਤੋਂ ਹੀ ਤਿਆਰ-ਬਰ-ਤਿਆਰ ਖੜ੍ਹੇ ਭਾਈ ਦਿਲਾਵਰ ਸਿੰਘ ਨੇ ਆਪਣੇ ਆਪ ਨੂੰ ਆਤਮਘਾਤੀ ਬੰਬ ਨਾਲ ਉਡਾਕੇ ਬੇਅੰਤ ਸਿਹੁੰ ਦੇ ਟੁਕੜੇ-ਟੁਕੜੇ ਕਰ ਦਿਤੇ। ਉਸ ਵੇਲੇ ਭਾਈ ਬਲਵੰਤ ਸਿੰਘ ਰਾਜੋਆਣਾ ਕੁਝ ਦੂਰੀ ਤੇ ਖੜ੍ਹਾ ਇਹ ਸਭ ਕੁਝ ਦੇਖ ਰਿਹਾ ਸੀ ਤੇ ਇਕ ਬੰਬ ਉਸ ਕੋਲ ਵੀ ਸੀ, ਜੋ ਭਾਈ ਦਿਲਾਵਰ ਸਿੰਘ ਦੇ ਉੱਕਣ ਦੀ ਹਾਲਤ ਵਿਚ ਵਰਤੋਂ ਵਿਚ ਲਿਆਂਦਾ ਜਾਣਾ ਸੀ, ਪਰ ਦਿਲਾਵਰ ਸਿੰਘ ਨੇ ਇਸ ਮਾਮਲੇ ਵਿਚ ਕੋਈ ਗਲਤੀ ਨਾ ਕੀਤੀ।
ਇਨ੍ਹਾਂ ਦੋਨਾਂ ਇਤਿਹਾਸਕ ਘਟਨਾਵਾਂ ਵਿਚ ਸਮਾਨਤਾ ਇਹ ਬਣਦੀ ਹੈ ਕਿ ਬੇਅੰਤ ਸਿਹੁੰ ਨੂੰ ਮਾਰਨ ਵੇਲੇ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਠੀਕ ਭਾਈ ਬਾਜ਼ ਸਿੰਘ ਤੇ ਭਾਈ ਫਤਿਹ ਸਿੰਘ ਵਾਲੀ ਪੁਜ਼ੀਸ਼ਨ ਵਿਚ ਸਨ, ਜਿਨ੍ਹਾਂ ਨੇ 1710 ਈ. ਵਿਚ ਵਜ਼ੀਰ ਖਾਂ ਨੂੰ ਮਾਰਿਆ ਸੀ। ਵਜ਼ੀਰ ਖਾਂ ਦੇ ਮਾਰੇ ਜਾਣ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ਼ ਸਿੰਘ ਨੂੰ ਉਸਦੀ ਇਸ ਸੂਰਬੀਰਤਾ ਬਦਲੇ ਸਰਹਿੰਦ ਦਾ ਗਵਰਨਰ ਨਿਯੁਕਤ ਕਰ ਦਿਤਾ ਸੀ, ਜਿਵੇਂ ਕਿ ਹੁਣ ਕੁਝ ਪੰਥਕ ਹਲਕਿਆਂ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਉਣ ਦੀ ਗੱਲ ਉਭਰੀ ਹੈ। ਵਜ਼ੀਰ ਖਾਂ ਦੇ ਮਾਰੇ ਜਾਣ ਮਗਰੋਂ ਸਿੱਖਾਂ ਨੇ ਸਰਹਿੰਦ ਰਿਆਸਤ ਤੇ ਕਾਬਜ਼ ਹੋ ਕੇ ਸਿੱਖ ਰਾਜ ਦੇ ਉਵੇਂ ਝੰਡੇ ਝੁਲਾਏ, ਜਿਵੇਂ ਕਿ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਜਜ਼ਬੇ ਕਾਰਣ ਸਮੁੱਚੇ ਸਿੱਖ ਜਗਤ ਵਿਚ ਖਾਲਸਾਈ ਰਾਜ ਦੇ ਝੰਡੇ ਝੁਲ ਰਹੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸੰਨ 1710 ਵਾਲਾ ਖਾਲਸਾਈ ਜਜ਼ਬਾ ਮੁੜ ਤੋਂ ਪੰਥ ਵਿਚ ਪੈਦਾ ਕਰ ਦਿਤਾ ਹੈ ਤੇ ਆਜ਼ਾਦ ਖਾਲਸਾ ਰਾਜ ਦੀ ਸਥਾਪਤੀ ਦੀ ਲਹਿਰ ਨੂੰ ਮਜ਼ਬੂਤ ਅਧਾਰ ਬਖਸ਼ਿਆ ਹੈ। ਇਹ ਹੁਣ ਖਾਲਸਾ ਪੰਥ ਦਾ ਫਰਜ਼ ਬਣਦਾ ਹੈ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਇਸ ਜਜ਼ਬੇ ਨੂੰ ਖਾਲਿਸਤਾਨ ਦੀ ਮੰਜ਼ਿਲ ਤਕ ਪੁਚਾਉਣ ਲਈ ਉਸਦਾ ਹਮਸਫਰ ਬਣਕੇ ਤੁਰੇ। ਸਿੱਖ ਇਤਿਹਾਸ ਦੀਆਂ ਇਹ ਦੋਨੋਂ ਘਟਨਾਵਾਂ ਸਿੱਖਾਂ ਨੂੰ ਨਰੋਆ ਅਧਾਰ ਬਖਸ਼ਣ ਵਾਲੀਆਂ ਸੁਨਹਿਰੀ ਘਟਨਾਵਾਂ ਹਨ।
***


Post Comment


ਗੁਰਸ਼ਾਮ ਸਿੰਘ ਚੀਮਾਂ