ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, November 29, 2012

ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ ਹੱਥੀਂ ਲਿਖਣ ਵਾਲਾ


ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਵੱਡੀ ਗਿਣਤੀ ਵਿੱਚ ਸੁਸਾਇਟੀਆਂ, ਕਮੇਟੀਆਂ ਤੇ ਧਾਰਮਿਕ ਸੰਪ੍ਰਦਾਵਾਂ ਆਪਣੇ-ਆਪਣੇ ਵਿੱਤ ਮੁਤਾਬਕ ਅਤੇ ਸਾਧਨਾਂ ਰਾਹੀਂ ਯਤਨਸ਼ੀਲ ਹਨ। ਪ੍ਰੰਤੂ ਤ੍ਰਾਸਦੀ ਇਹ ਰਹੀ ਕਿ ਐਨਾ ਪ੍ਰਚਾਰ ਹੋਣ ਦੇ ਬਾਵਜੂਦ ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ’ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਹੈ। ਇਸ ਮਾਮਲੇ ’ਚ ਪੰਜਾਬ ਦੀ ਧਰਤੀ ਛੱਡ ਬਾਹਰਲੇ ਮੁਲਕਾਂ ’ਚ ਪਰਿਵਾਰਾਂ ਸਮੇਤ ਵਸੇ ਸਿੱਖ ਪਰਿਵਾਰ ਉੱਥੇ ਰਹਿ ਕੇ ਵੀ ਉਸ ਪ੍ਰਭਾਵ ਤੋਂ ਬਚੇ ਰਹੇ ਤੇ ਆਪਣੇ ਵਿਰਸੇ, ਵਿਰਾਸਤ ਤੇ ਧਰਮ ’ਚ ਇਨ੍ਹਾਂ ਨਾਲੋਂ ਅੱਗੇ ਰਹੇ। ਪੰਜਾਬ ਦੀ ਧਰਤੀ ਤੋਂ ਗੁਆਚ ਰਹੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਤੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਕੁਰਬਾਨੀਆਂ ਭਰੇ ਧਰਮ ਦੀ ਪਹਿਚਾਣ ਬਣਾਉਣ ਲਈ ਪਰਵਾਸੀ ਪੰਜਾਬੀ ਸਿੱਖ ਪਰਿਵਾਰਾਂ ਲਈ ਸ਼ਲਾਘਾ ਕਰਨੀ ਬਣਦੀ ਹੈ। ਇਹੋ ਜਿਹੇ ਇੱਕ ਪੂਰਨ ਗੁਰਸਿੱਖ ਭਾਈ ਜਸਵੰਤ ਸਿੰਘ ਖੋਸਾ ਵੱਲੋਂ ਕੀਤੀ ਘਾਲਣਾ ਅੱਗੇ ਹਰ ਇੱਕ ਨਾਨਕ ਨਾਮ ਲੇਵਾ ਸਿੱਖ ਦਾ ਸਿਰ ਝੁਕਦਾ ਹੈ ਤੇ ਆਪ ਮੁਹਾਰੇ ਮੂੰਹ ’ਚੋਂ ਬੋਲ ਨਿਕਲਦੇ ਹਨ ਕਿ ‘ਵਾਹ ਦਾਤਿਆ! ਤੇਰੀ ਏਨੀ ਕ੍ਰਿਪਾ’ ਭਾਈ ਜਸਵੰਤ ਸਿੰਘ ਬਾਰੇ ਪਾਠਕਾਂ ਨਾਲ ਗੱਲ ਕਰਦਿਆਂ ਮੈਂ ਪਹਿਲਾਂ ਉਨ੍ਹਾਂ ਬਾਰੇ ਇਹ ਦੱਸਣਾ ਚਾਹਾਂਗਾ ਕਿ ਇਸ ਗੁਰਸਿੱਖ ਦਾ ਜਨਮ 31 ਜੁਲਾਈ 1937 ਨੂੰ ਮਲਾਇਆ ਦੇ ਸੂਬੇ ਜੌਹਰ ਦੇ ਦੱਖਣ ’ਚ ਵਸੇ ਸ਼ਹਿਰ ਮੁਆਰ ਵਿਖੇ ਹੋਇਆ। ਆਪ ਦੇ ਪਿਤਾ ਸ. ਸੁੰਦਰ ਸਿੰਘ 1928 ਦੇ ਕਰੀਬ ਰੋਜੀ ਰੋਟੀ ਲਈ ਮਲਾਇਆ ਦੇ ਸੂਬੇ ਜੌਹਰ ’ਚ ਮੁਆਰ ਵਿਖੇ ਵੱਸ ਗਏ । ਉਨ੍ਹਾਂ ਨੇ ਇੱਥੇ ਰਹਿੰਦਿਆਂ ਸੂਬੇ ਦੀ ਰਾਇਲ ਪੁਲੀਸ ’ਚ ਲੰਬਾ ਸਮਾਂ ਨੌਕਰੀ ਕੀਤੀ। ਪੰਜਾਬ ’ਚ ਇਨ੍ਹਾਂ
ਦਾ ਪਿੰਡ ਤੂੰਬੜਭੰਨ ਨੇੜੇ ਮੁੱਦਕੀ ਜਿਲ੍ਹਾ ਫਿਰੋਜ਼ਪੁਰ ਹੈ। ਭਾਈ ਜਸਵੰਤ ਸਿੰਘ ਖੋਸਾ ਦੀ ਮਾਤਾ ਕਰਤਾਰ ਕੌਰ ਅੱਜ-ਕੱਲ੍ਹ ਇਸੇ ਪਿੰਡ ਵਿੱਚ ਹੀ ਰਹਿ ਰਹੇ ਹਨ। ਵਿਸ਼ੇਸ਼ ਮਿਲਣੀ ਦੌਰਾਨ ਜਾਣ ਕੇ ਖੁਸ਼ੀ ਹੋਈ ਕਿ ਇਸ ਗੁਰਸਿੱਖ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ ਕਲਮ ਸਿਆਹੀ ਨਾਲ ਸੁੰਦਰ ਲਿਖਾਈ ’ਚ ਹੱਥੀਂ ਲਿਖੀਆਂ ਹਨ। 1992 ਤੋਂ ਆਰੰਭ ਕੀਤੀ ਇਸ ਮਹਾਨ ਸੇਵਾ ਨਾਲ ਹੱਥੀਂ ਲਿਖੀ ਪਹਿਲੀ ਬੀੜ ਆਪ ਜੀ ਨੇ ਸੋਧ ਉਪਰੰਤ ਹੈਵੀਲੁੱਕ ਗੁਰੂਦੁਆਰਾ ਸਿੰਘ ਸਭਾ ਇੰਗਲੈਂਡ ਨੂੰ ਭੇਟ ਕੀਤੀ। ਦੂਸਰੀ ਹੱਥ ਲਿਖਤ ਬੀੜ ਇਸ ਸਿੰਘ ਨੇ 2004 ਵਿੱਚ ਸ੍ਰੀ ਅਕਾਲ ਤਖਤ ਸਾਹਿਬ ’ਤੇ ਭੇਟ ਕੀਤੀ ਜੋ ਕਿ ਅੱਜ- ਕੱਲ੍ਹ ਦਰਬਾਰ ਸਾਹਿਬ ਵਿਖੇ ਹਰ ਕੀ ਪੌੜੀ ’ਤੇ ਪ੍ਰਕਾਸ਼ ਹੈ। ਇਸ ਬਾਰੇ ਭਾਈ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਰੂਪ ਦੇ ਆਦਿ ਤੋਂ ਅੰਤ ਤੱਕ 1430 ਪੰਨੇ ਹਨ। ਲਿਖਣ ਸ਼ੈਲੀ ਕਸ਼ਮੀਰੀ ਹੈ। ਹਰ ਪੰਨੇ ’ਤੇ 19 ਸਤਰਾਂ ਹਨ । ਹਰ ਸਤਰ ’ਚ ਦਮਦਮੀ ਬੀੜ ਅਨੁਸਾਰ ਅੱਖਰ ਲਿਖੇ ਗਏ ਹਨ।
ਭਾਵੇਂ ਵਿਗਿਆਨਕ ਤਰੱਕੀ ਦਾ ਸੂਰਜ ਸਿਖਰ ’ਤੇ ਜਗਮਗਾ ਰਿਹਾ ਹੈ। ਇਸ ਦੇ ਬਾਵਜੂਦ ਧਰਮ ’ਚ ਆਸਥਾ ਰੱਖਣ ਵਾਲੇ ਅਜਿਹੇ ਸਿੱਖਾਂ ਦੀ ਕਾਰਜਸ਼ੈਲੀ ਵਿਗਿਆਨ ਨੂੰ ਅਚੰਭੇ ’ਚ ਪਾ ਦਿੰਦੀ ਹੈ। ਅਜੋਕੇ ਸਮੇਂ ’ਚ ਅਣਗਿਣਤ ਚੰਗੀਆਂ ਤੋਂ ਚੰਗੀਆਂ ਪ੍ਰੈਸਾਂ ਮੌਜੂਦ ਹਨ। ਜਿਨ੍ਹਾਂ ਰਾਹੀਂ ਹਰ ਤਰ੍ਹਾਂ ਦੀਆਂ ਬੀੜਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਤੇ ਕੀਤੀਆਂ ਗਈਆਂ ਹਨ। ਪਰ ਸਿੱਖ ਧਰਮ ’ਚ ਹੱਥ ਲਿਖਤ ਬੀੜਾਂ, ਗੁਰਬਾਣੀ, ਗੁਟਕਿਆਂ ਦੀ ਮਹੱਤਤਾ ਸਦੀਆਂ ਤੋਂ ਲੈ ਕੇ ਵਿਸ਼ੇਸ਼ ਸਥਾਨ ਤੇ ਅਹਿਮੀਅਤ ਰੱਖਦੀ ਹੈ। ਅਜਿਹਾ ਵੱਡਾ ਖਜ਼ਾਨਾ 1984 ਦੇ ਦਰਬਾਰ ਸਾਹਿਬ ਤੇ ਅਟੈਕ ਸਮੇਂ ਨਸ਼ਟ ਅਤੇ ਖੁਰਦ-ਬੁਰਦ ਵੀ ਹੋਇਆ ਹੈ। 75 ਸਾਲਾ ਇਸ ਬਜ਼ੁਰਗ ਭਾਈ ਜਸਵੰਤ ਸਿੰਘ ਨੇ ਪਰਿਵਾਰਕ ਪਿਛੋਕੜ ਬਾਰੇ ਦੱਸਿਆ ਕਿ 1941 ਵਿੱਚ ਜਦੋਂ ਬ੍ਰਿਟਿਸ਼ ਸਰਕਾਰ ਤੇ ਜਪਾਨ ਦਾ ਆਪਸੀ ਟਕਰਾਰ ਵਧਿਆ ਤਾਂ ਉਨ੍ਹਾਂ ਦਿਨਾਂ ਵਿੱਚ ਜਿੰਨੇ ਸਿੱਖ ਸਿਪਾਹੀ ਮਲਾਇਆ ਵਿੱਚ ਸਨ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਪੰਜਾਬ ਭੇਜ ਦਿੱਤਾ। ਉਸੇ ਸਮੇਂ ਜਸਵੰਤ ਸਿੰਘ, ਉਨਾਂ ਦਾ ਛੋਟਾ ਭਰਾ ਇੰਦਰ ਸਿੰਘ, ਆਪਣੀ ਮਾਤਾ ਕਰਤਾਰ ਕੌਰ ਨਾਲ ਆਪਣੇ ਜੱਦੀ ਪਿੰਡ ਤੂੰਬੜਭੰਨ ਆ ਗਏ। ਇੱਥੇ ਰਹਿੰਦਿਆਂ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਨਾਨਕੇ ਪਿੰਡ ਦੀਦਾਰੇ ਵਾਲਾ ਤੋਂ ਆਰੰਭ ਕਰਕੇ ਪੰਜਵੀਂ ਸਰਦਾਰਾਂ ਵਾਲੀ, ਬਾਘਾ ਪੁਰਾਣਾ ਤੇ ਦਸਵੀਂ ਫਿਰੋਜ਼ਸ਼ਾਹ ਤੋਂ ਕੀਤੀ। ਮੈਟ੍ਰਿਕ ਕਰਨ ਉਪਰੰਤ ਉਨ੍ਹਾਂ ਸੀ.ਆਰ.ਪੀ. ਵਿੱਚ ਨੌਕਰੀ ਵੀ ਕੀਤੀ ਤੇ ਕੁਝ ਸਮਾਂ ਬਾਅਦ ਆਪਣੀ ਜਨਮ ਭੂਮੀ ਮੁਆਰ ਵਾਪਸ ਜਾ ਕੇ ਵੱਸ ਗਏ। ਉਥੇ ਰਹਿੰਦਿਆਂ ਉਨ੍ਹਾਂ ਦੀ ਸ਼ਾਦੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਡੱਲਾ ਦੀ ਬੀਬੀ ਬਲਵੰਤ ਕੌਰ ਨਾਲ ਹੋਈ। ਇਨ੍ਹਾਂ ਦੇ ਘਰ 4 ਪੁੱਤਰ ਤੇ ਇਕ ਧੀ ਨੇ ਜਨਮ ਲਿਆ। ਪਰ ਇਸ ਧਰਤੀ ’ਤੇ ਰਹਿੰਦਿਆਂ ਇਸ ਪਰਿਵਾਰ ਨੇ ਸਿੱਖੀ ਤੋਂ ਮੁੱਖ ਨਹੀਂ ਮੋੜਿਆ। ਲਿਖਣ ਦੇ ਸ਼ੌਕ ਨੂੰ ਬਰਕਰਾਰ ਰੱਖਦਿਆਂ ਇਹ ਸੇਵਾ ਨਿਰੰਤਰ ਅੱਜ ਤੱਕ ਜਾਰੀ ਰੱਖੀ। ਇਨ੍ਹਾਂ ਵੱਲੋਂ ਲਿਖੀ ਤੀਸਰੀ ਬੀੜ ਐਡਮਿੰਟਨ (ਅਲਬਰਟਾ) ਕੈਨੇਡਾ ਦੇ ਗੁਰੂਦੁਆਰਾ ਸਾਹਿਬ ਵਿਖੇ 2007 ’ਚ ਪ੍ਰਕਾਸ਼ ਕੀਤੀ ਗਈ ਤੇ ਚੌਥੀ ਬੀੜ ਕੈਲੇਫੋਰਨੀਆ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਹੈ। ਇਸ ਨਿਵੇਕਲੇ ਤੇ ਉੱਤਮ ਕਾਰਜ ਤੋਂ ਪ੍ਰਭਾਵਿਤ ਹੁੰਦੇ ਹੋਏ ਅਣਗਿਣਤ ਸੰਸਥਾਵਾਂ ਨੇ ਇਸ ਸਿੱਖ ਦਾ ਮਾਣ-ਸਨਮਾਨ ਕੀਤਾ। ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਜਦੋਂ ਮਲਾਇਆ ਦੀ ਗਿੰਨੀਜ਼ ਬੁੱਕ ਆਫ ਰਿਕਾਰਡ ’ਚ ਇਸ ਸਿੱਖ ਦਾ ਨਾਮ ਦਰਜ ਹੋਇਆ ਤੇ ਕੌਮ ਦਾ ਮਾਣ ਵਧਿਆ। ਸ਼ਾਂਤੀ, ਸਹਿਜ ਨਾਲ ਭਿੱਜੇ ਮਿਲਾਪੜੇ ਗੁਰਸਿੱਖ ਦਾ ਕਹਿਣਾ ਹੈ ਕਿ ਉਹ ਕੋਈ ਗੈਬੀ ਸ਼ਕਤੀ ਦਾ ਮਾਲਕ ਨਹੀਂ। ਪ੍ਰਮਾਤਮਾ ਉਸ ਤੋਂ ਸੇਵਾ ਲੈ ਰਿਹਾ ਹੈ ਤੇ ਉਹ ਹੁਕਮ ਅਨੁਸਾਰ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਸਿੱਖ ਜਦੋਂ ਆਪਣੇ ਕਿਸੇ ਮਿੱਤਰ ਪਿਆਰੇ ਨੂੰ ਕੋਈ ਤੋਹਫਾ ਭੇਟ ਕਰਦਾ ਹੈ ਤਾਂ ਕਿੰਨਾ ਚੰਗਾ ਹੋਵੇ ਕਿ ਉਹ ਗੁਰਬਾਣੀ ਦੇ ਗੁੱਟਕੇ ਤੇ ਲਿਟਰੇਚਰ ਭੇਟ ਕਰੇ।
ਭਾਈ ਜਸਵੰਤ ਸਿੰਘ ਖੋਸਾ ਨੂੰ ਫਰੀ ਮਾਊਂਟ ਯੂ.ਐਸ.ਏ. ਦੀ ਸੰਗਤ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਮੈਮੋਰੀਅਲ ਐਵਾਰਡ, ਦਲ ਖਾਲਸਾ ਅਮਰੀਕਾ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਮੈਮੋਰੀਅਲ ਐਵਾਰਡ ਤੇ ਅਮਰੀਕਾ ਗੁਰਦੁਆਰਾ ਕੌਂਸਲ ਵੱਲੋਂ ਭਾਈ ਗੁਰਦਾਸ ਜੀ ਐਵਾਰਡ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਅਤੇ ਲੈਜਿਸਲੇਟਿਵ ਅਸੈਂਬਲੀ ਅਲਬਰਟਾ ਵੱਲੋਂ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਿੱਖ ਕੌਮ ਦੇ ਇਸ ਲਿਖਾਰੀ ਦੀ ਹੌਸਲਾ-ਅਫਜ਼ਾਈ ਕੀਤੀ। ਮਾਣ-ਸਨਮਾਨਾਂ ਦੇ ਚਲਦਿਆਂ ਇਸ ਗੁਰਸਿੱਖ ਨੇ ਬੀਤੇ ਦਿਨੀਂ ਪੰਜਵੀਂ ਬੀੜ ਤਿਆਰ ਕਰ ਲਈ ਹੈ ਤੇ ਸੁੰਦਰ ਜਿਲਦ ਬਣਾ ਕੇ ਸੰਪੂਰਨਤਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਟ ਕਰਨ ਲਈ ਲਿਖਤੀ ਬੇਨਤੀ ਭੇਜੀ ਹੈ।
ਇਹ ਅਣਥੱਕ ਲਿਖਾਰੀ ਏਨੀ ਉਮਰ ’ਚ ਵੀ ਨੌਜਵਾਨਾਂ ਵਰਗਾ ਹੌਸਲਾ ਰੱਖਦਾ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਉਹ ਇਹ ਸੇਵਾ ਪ੍ਰਮਾਤਮਾ ਦੇ ਹੁਕਮ ਅਨੁਸਾਰ ਆਖਰੀ ਸਵਾਸਾਂ ਤੱਕ ਜਾਰੀ ਰੱਖਣਗੇ। ਅੱਜ ਤੱਕ ਇਸ ਕਾਰਜ ਵਿੱਚ ਦੁਨਿਆਵੀ ਜ਼ਿੰਮੇਵਾਰੀਆਂ ਨਾ ਅੜਿੱਕਾ ਬਣੀਆਂ ਹਨ ਤੇ ਨਾ ਬਣਨਗੀਆਂ। ਉਨ੍ਹਾਂ ਦੀ ਜੀਵਨ ਸਾਥਣ ਬੀਬੀ ਬਲਵੰਤ ਕੌਰ ਇਸ ਕਾਰਜ ’ਚ ਉਨ੍ਹਾਂ ਦੀ ਪੂਰੀ ਸਹਾਇਤਾ ਕਰਦੀ ਹੈ। ਇੱਕ ਪੰਨਾ ਸੰਪੂਰਨ ਕਰਨ ਲਈ ਇਸ ਗੁਰਸਿੱਖ ਨੂੰ 4-5 ਘੰਟੇ ਦਾ ਸਮਾਂ ਲੱਗਦਾ ਹੈ। ਸਾਨੂੰ ਵਿਦੇਸ਼ਾਂ ਦੀ ਧਰਤੀ ’ਤੇ ਵਸੇ ਇਸ ਸਿੱਖ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।


ਚਰਨਜੀਤ ਸਿੰਘ ਢਿੱਲੋਂ
ਸੰਪਰਕ: 98887-87387




Post Comment


ਗੁਰਸ਼ਾਮ ਸਿੰਘ ਚੀਮਾਂ