ਮਹਾਰਾਣੀ ਜਿੰਦਾਂ ਨੂੰ ਦਰਸਾਉਂਦਾ ਇਕ ਕੰਧ-ਚਿੱਤਰ। |
ਸ੍ਰੀ ਅੰਮ੍ਰਿਤਸਰ ਨੇੜੇ ਰਾਜਾਸਾਂਸੀ ਦਾ ਪਿੰਡ ਇਤਿਹਾਸਕ ਪੱਖ ਤੋਂ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਇਹ ਵਿਸ਼ੇਸ਼ਤਾ 19ਵੀਂ ਸਦੀ ਦੇ ਪੰਜਾਬ ਦੇ ਪ੍ਰਸੰਗ ਵਿਚ ਹੋਰ ਵੀ ਉਘੜਵੀਂ ਹੋ ਜਾਂਦੀ ਹੈ। ਇਥੋਂ ਦੇ ਸੰਧਾਵਾਲੀਏ ਸਰਦਾਰ 19ਵੀਂ ਸਦੀ ਦੇ ਪੰਜਾਬ ਦੇ ਪ੍ਰਮੁੱਖ ਖਾਨਦਾਨਾਂ ਵਿਚੋਂ ਸਨ। ਉਹ ਨਾ ਕੇਵਲ ਵੱਡੇ ਜਗੀਰਦਾਰ ਹੀ ਸਨ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਹੋਣ ਸਦਕਾ ਉਨ੍ਹਾਂ ਦਾ ਰਾਜਸੀ ਖੇਤਰ ਵਿਚ ਪ੍ਰਭਾਵ ਅਤੇ ਪ੍ਰਤਾਪ ਕਿਸੇ ਤੋਂ ੪ ਘੱਟ ਨਹੀਂ ਸੀ।
ਇਸ ਪਰਿਵਾਰ ਵਿਚੋਂ ਸ: ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਅੰਗਰੇਜ਼ਾਂ ਦੀਆਂ ਸਿੱਖ ਰਾਜ ਵਿਰੋਧੀ ਸਾਜ਼ਿਸ਼ਾਂ ਕਾਰਨ ਇੰਗਲੈਂਡ ਜਾ ਕੇ ਰਹਿਣਾ ਪਿਆ ਸੀ, ਮੁੜ ਲਾਹੌਰ ਦੀ ਰਾਜਗੱਦੀ ਉੱਤੇ ਬਿਠਾਉਣ ਦੇ ਨਿਰੰਤਰ ਉਪਰਾਲੇ ਕੀਤੇ ਸਨ। ਉਸ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਫਰਾਂਸ ਅਧੀਨ ਆਉਂਦੇ ਭਾਰਤ ਦੇ ਇਲਾਕੇ ਪਾਂਡੀਚਰੀ ਜਾ ਸ਼ਰਨ ਲਈ ਸੀ। ਉਹ 1884 ਵਿਚ ਮਹਾਰਾਜਾ ਦਲੀਪ ਸਿੰਘ ਕੋਲ ਇੰਗਲੈਂਡ ਜਾ ਪਹੁੰਚਿਆ ਅਤੇ ਮਹਾਰਾਜੇ ਨੂੰ, ਜਿਸ ਨੇ ਇਸਾਈ ਧਰਮ ਅਪਣਾ ਲਿਆ ਸੀ, ਮੁੜ ਸਿੱਖ ਧਰਮ ਗ੍ਰਹਿਣ ਕਰਵਾਇਆ। ਸ: ਠਾਕਰ ਸਿੰਘ ਦੇ ਪ੍ਰਭਾਵ ਅਧੀਨ ਹੀ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ ਸੀ।
ਇਸ ਕਾਰਜ ਵਿਚ ਸ: ਠਾਕਰ ਸਿੰਘ ਸੰਧਾਵਾਲੀਏ ਦੇ ਨਾਲ ਰਾਜਾਸਾਂਸੀ ਦੇ ਦੇਸਾ ਸਿੰਘ ਦਾ ਪੁੱਤਰ ਜਵਾਲਾ ਸਿੰਘ ਵੀ ਇੰਗਲੈਂਡ ਪਹੁੰਚਿਆ ਸੀ। 1887 ਵਿਚ ਠਾਕਰ ਸਿੰਘ ਦੀ ਪਾਂਡੀਚਰੀ ਵਿਖੇ ਮੌਤ ਹੋ ਗਈ ਤਾਂ ਸਰਦਾਰ ਦੀਆਂ ਅਸਥੀਆਂ ਨੂੰ ਉਸ ਦੇ ਜੱਦੀ ਪਿੰਡ ਰਾਜਾਸਾਂਸੀ ਲਿਆਉਣ ਦਾ ਕਾਰਜ ਜਵਾਲਾ ਸਿੰਘ ਨੇ ਕੀਤਾ ਸੀ।
ਰਾਜਾਸਾਂਸੀ ਦੇ ਇਕ ਸੁਨਿਆਰੇ ਪਰਿਵਾਰ ਦੇ ਪੋਹਲੋ ਮੱਲ ਦਾ ਵੀ ਸ: ਠਾਕਰ ਸਿੰਘ ਸੰਧਾਵਾਲੀਏ ਨਾਲ ਸਬੰਧ ਸੀ। ਜਦੋਂ ਸਰਦਾਰ ਦੀ ਜਾਇਦਾਦ ਅੰਗਰੇਜ਼ ਸਰਕਾਰ ਨੇ ਆਪਣੀ ਨਿਗਰਾਨੀ ਹੇਠ ਲੈ ਲਈ ਤਾਂ ਪੋਹਲੋ ਮੱਲ ਸਰਦਾਰ ਦਾ ਮੁਖਤਾਰ-ਕਾਰ ਜਾਂ ਅਟਾਰਨੀ ਦਾ ਕੰਮ ਕਰਦਾ ਸੀ। ਉਸ ਨੇ ਪਾਂਡੀਚਰੀ ਵਿਚ ਰਹਿੰਦੇ ਸਰਦਾਰ ਨਾਲ ਨਿਰੰਤਰ ਸੰਪਰਕ ਰੱਖਿਆ ਹੋਇਆ ਸੀ ਅਤੇ ਇਸੇ ਲਈ ਅੰਗਰੇਜ਼ਾਂ ਨੇ ਉਸ ਨੂੰ ਕੁਝ ਸਮੇਂ ਲਈ ਅਲਾਹਾਬਾਦ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਸੀ।
ਰਾਜਾਸਾਂਸੀ ਦੇ ਕੰਧ-ਚਿੱਤਰ, ਜੋ ਹੁਣ ਨਸ਼ਟ ਹੋ ਚੁੱਕੇ ਹਨ, ਇਸ ਪਿੰਡ ਦੇ ਇਤਿਹਾਸਕ ਮਹੱਤਵ ਦੇ ਗਵਾਹ ਸਨ। ਸੰਧਾਵਾਲੀਏ ਸਰਦਾਰਾਂ ਦੀ ਪੁਰਾਣੀ ਹਵੇਲੀ, ਜੋ ਮੌਲਿਕ ਰੂਪ ਵਿਚ ਸਾਰੀ ਦੀ ਸਾਰੀ ਕੰਧ-ਚਿੱਤਰਾਂ ਨਾਲ ਸ਼ਿੰਗਾਰੀ ਹੋਈ ਸੀ, ਹੁਣ ਢਹਿ-ਢੇਰੀ ਹੋ ਗਈ ਹੈ। ਲੇਖਕ ਨੇ 1971 ਵਿਚ ਇਥੇ 20 ਕੰਧ-ਚਿੱਤਰ ਚੰਗੀ ਹਾਲਤ ਵਿਚ ਸੁਰੱਖਿਅਤ ਦੇਖੇ ਸਨ। ਇਨ੍ਹਾਂ ਵਿਚ ਸਿੱਖ ਗੁਰੂਆਂ, ਹਿੰਦੂ ਦੇਵੀ-ਦੇਵਤਿਆਂ, ਰਾਜੇ-ਰਾਣੀਆਂ, ਸਿੱਖ ਦਰਬਾਰੀਆਂ ਅਤੇ ਜਗੀਰਦਾਰਾਂ ਦੇ ਕੰਧ-ਚਿੱਤਰ ਉਲੀਕੇ ਹੋਏ ਸਨ। ਇਕ ਕਮਰੇ ਦੀ ਛੱਤ ਨੂੰ ਲੱਕੜੀ ਦੇ ਕਲਾਤਮਿਕ ਕੰਮ ਨਾਲ ਸ਼ਿੰਗਾਰਿਆ ਗਿਆ ਸੀ। ਇਕ ਹੋਰ ਕਮਰੇ ਵਿਚ ਸ਼ੀਸ਼ੇ ਦੇ ਟੁਕੜੇ ਜੜ ਕੇ ਸਜਾਵਟੀ ਕੰਮ ਕੀਤਾ ਗਿਆ ਸੀ, ਜੋ ਸ਼ੀਸ਼ ਮਹਿਲ ਦਾ ਪ੍ਰਭਾਵ ਦਿੰਦਾ ਸੀ। ਇਥੇ ਪ੍ਰਕਾਸ਼ਿਤ ਕੀਤਾ ਇਕ ਸੁੰਦਰ ਨਾਰੀ ਨੂੰ ਦਰਸਾਉਂਦਾ ਕੰਧ-ਚਿੱਤਰ, ਸਥਾਨਕ ਪ੍ਰੰਪਰਾ ਅਨੁਸਾਰ, ਮਹਾਰਾਣੀ ਜਿੰਦਾਂ ਦਾ ਹੈ, ਜਿਸ ਦੀ ਆਕ੍ਰਿਤੀ ਨੂੰ ਹਰ ਪੱਖੋਂ ਇਕ ਮਹਾਰਾਣੀ ਦੇ ਰੂਪ ਵਿਚ ਸ਼ਿੰਗਾਰਿਆ ਗਿਆ ਹੈ। ਲੇਖਕ ਨੇ ਰਾਜਾਸਾਂਸੀ ਵਿਖੇ ਗੁਰਦੁਆਰਾ ਬਾਬਾ ਬੀਰ ਸਿੰਘ ਦੀਆਂ ਕੰਧਾਂ ਉੱਤੇ ਵੀ ਚਿੱਤਰ ਬਣੇ ਦੇਖੇ ਸਨ।
ਡਾ: ਕੰਵਰਜੀਤ ਸਿੰਘ ਕੰਗ
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com