ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, November 7, 2012

ਪੰਜਾਬੀ ਨੌਜੁਆਨੀ ਵਿੱਚ ਆਮ ਜਾਣਕਾਰੀ ਦੀ ਘਾਟ - ਬਣਦੀ ਮੁਸੀਬਤ ਦਾ ਕਾਰਨ##


ਰੂਪਨਗਰ ਦੇ ਨਵੇਂ ਬੱਸ ਅੱਡੇ 'ਤੇ ਇਕ ਨਿੱਜੀ ਬੱਸ ਖੜ੍ਹੀ ਸੀ। ਮੈਂ ਆਪਣੇ ਇਕ ਮਿੱਤਰ ਯੁਗੇਸ਼ ਉਦਾਸ ਨਾਲ ਨੰਗਲ ਪਰਤ ਰਿਹਾ ਸਾਂ। ਚਾਣਚੱਕ ਮੈਂ ਨੋਟ ਕੀਤਾ ਕਿ ਸਾਡੇ ਲਾਗੇ ਬੈਠੇ ਇਕ ਵਿਦਿਆਰਥੀ ਨੂੰ ਘਬਰਾਹਟ ਹੋ ਰਹੀ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰਦਾ, ਉਹ ਵਿਦਿਆਰਥੀ ਬੋਲਿਆ, 'ਸਰ! ਪਾਣੀ ਹੈ?'
ਮੇਰੇ ਮਿੱਤਰ ਨੇ ਫਟਾਫਟ ਬੈਗ 'ਚੋਂ ਲੱਸੀ ਦਾ ਪੈਕੇਟ ਕੱਢਿਆ। ਵਿਦਿਆਰਥੀ ਨੂੰ ਲੱਸੀ ਪੀ ਕੇ ਸਕੂਨ ਮਿਲਿਆ। ਮੈਨੂੰ ਇਹ ਜਾਣ ਕੇ ਬੜਾ ਹੀ ਦੁੱਖ ਹੋਇਆ ਕਿ ਇਹ ਵਿਦਿਆਰਥੀ ਘਰੋਂ ਨਾਸ਼ਤਾ ਕੀਤੇ ਬਿਨਾਂ ਕਾਲਜ ਆ ਗਿਆ।
ਪ੍ਰੋ: ਗਲ ਗੂਠਾ ਦੀ 'ਧੱਕਾ ਪ੍ਰੇਰਨਾ' ਕਾਰਨ ਕਾਲਜ 'ਚ ਲੱਗੇ ਖੂਨਦਾਨ ਕੈਂਪ 'ਚ ਖੂਨ ਦੇਣ ਲਈ ਤਿਆਰ ਹੋ ਗਿਆ। ਕਾਲਜ ਦੇ ਪ੍ਰਬੰਧਕਾਂ ਨੇ ਰਿਫਰੈਸ਼ਮੈਂਟ (ਖਾਣੇ) 'ਚ ਇਕ ਪੈੱਨ ਅਤੇ ਇਕ ਸਮੋਸਾ ਦਿੱਤਾ।
ਮੇਰੇ 'ਤੇ ਇਸ ਘਟਨਾ ਦਾ ਬੜਾ ਡੂੰਘਾ ਅਸਰ ਹੋਇਆ। ਮੈਂ ਰਾਤੀਂ 9 ਵਜੇ ਉਸ ਵਿਦਿਆਰਥੀ ਨੂੰ ਫੋਨ ਕੀਤਾ ਅਤੇ ਉਸ ਦੀ ਸਿਹਤ ਬਾਰੇ ਪੁੱਛਿਆ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਹਰ ਖੂਨਦਾਨੀ ਦੇ ਖਾਣੇ ਲਈ 25 ਰੁਪਏ ਖਰਚ ਕੀਤੇ ਜਾਂਦੇ ਹਨ।
ਅਸਲ 'ਚ ਦੁਖੀ ਤਾਂ ਮੈਨੂੰ ਇਸ ਗੱਲ ਨੇ ਕੀਤਾ ਕਿ ਇਕ ਬੀ. ਟੈੱਕ ਦੇ ਵਿਦਿਆਰਥੀ ਨੂੰ ਏਨੀ ਗੱਲ ਵੀ ਪਤਾ ਨਹੀਂ ਕਿ ਭੁੱਖੇ ਢਿੱਡ ਖੂਨਦਾਨ ਨਹੀਂ ਕਰਨਾ। ਜੇ ਤੁਹਾਡੀ ਆਗਿਆ ਹੋਵੇ ਤਾਂ ਪੀ. ਐਚ. ਡੀ. ਕਰੀ ਬੈਠੇ ਪ੍ਰੋਫੈਸਰ ਗਲ਼ ਗੂਠਾ ਨੂੰ ਵੀ ਬਾਇੱਜ਼ਤ ਬਰੀ ਕਰ ਦੇਈਏ?
ਮੈਂ ਅਜਿਹੀਆਂ ਬਹੁਤ ਵਿਦਿਆਰਥਣਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਪੋਸਟ-ਗ੍ਰੈਜੂਏਸ਼ਨ ਤਾਂ ਕਰ ਲਈ ਪਰ ਉਨ੍ਹਾਂ ਤੋਂ ਬੈਂਕ, ਡਾਕਘਰ ਅਤੇ ਹੋਰ ਸਰਕਾਰੀ ਦਫ਼ਤਰਾਂ ਦੇ ਬੜੇ ਸਾਦੇ ਫਾਰਮ ਵੀ ਨਹੀਂ ਭਰੇ ਜਾਂਦੇ। 
ਸਪੀਡ ਪੋਸਟ ਤੇ ਰਜਿਸਟਰੀ ਕਰਵਾਉਣ ਗਏ ਚੰਗੇ-ਭਲੇ ਬੰਦੇ ਆਮ ਜਾਣਕਾਰੀ ਦੀ ਘਾਟ ਕਾਰਨ ਗਵਾਚੇ-ਗਵਾਚੇ ਫਿਰਦੇ ਹਨ। ਨਿੱਜੀਕਰਨ ਦੇ ਦੌਰ ਨੇ ਦੇਸ਼ ਦੀਆਂ ਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਦੋ ਤੋਹਫ਼ੇ ਦਿੱਤੇ ਹਨ (1) ਗਲੇ 'ਚ ਟਾਈ (2) ਹੱਥ 'ਚ ਕਾਲਾ ਬੈਗ।

ਪਿਛਲੇ ਦਸਾਂ ਵਰ੍ਹਿਆਂ 'ਚ ਤੁਸੀਂ ਵੀ ਨੋਟ ਕੀਤਾ ਹੋਵੇਗਾ ਕਿ ਤੁਸੀਂ ਕਿਸੇ ਟਾਈ ਵਾਲੀ ਕੁੜੀ ਜਾਂ ਮੁੰਡੇ ਦੇ ਸੰਪਰਕ 'ਚ ਆ ਗਏ ਹੋ। ਇਹ 'ਬੀਬੇ ਰਾਣੇ' ਅਤੇ 'ਬੀਬੀਆਂ ਰਾਣੀਆਂ' ਦਾ ਸਬੰਧ ਨਿੱਜੀ ਬੈਂਕਾਂ, ਬੀਮਾ ਕੰਪਨੀਆਂ ਅਤੇ ਕਈ ਤਰ੍ਹਾਂ ਦਾ ਸਾਮਾਨ ਵੇਚਣ ਵਾਲੇ ਅਦਾਰਿਆਂ ਨਾਲ ਹੈ।
ਘੈਂਟ-ਘੈਂਟ ਬੰਦੇ ਕੁੜੀਆਂ ਤੇ ਮੁੰਡਿਆਂ ਦੇ ਸੋਹਣੇ ਚਿਹਰੇ ਦੇਖੀ ਜਾਂਦੇ ਹਨ ਅਤੇ ਗੱਲਾਂ ਸੁਣੀ ਜਾਂਦੇ ਹਨ। ਏ. ਸੀ. ਦਫ਼ਤਰ 'ਚ ਕੌਫੀ ਪੀਂਦਿਆਂ, ਹਿੜ-ਹਿੜ ਕਰਦੇ-ਕਰਦੇ ਹੱਥ ਵਢਾਈ ਜਾਂਦੇ ਹਨ। ਦਸਤਾਵੇਜ਼ਾਂ ਨੂੰ ਘੋਖੇ ਬਿਨਾਂ ਘੁੱਗੀਆਂ ਮਾਰੀ ਜਾਂਦੇ ਹਨ।
ਤੁਸੀਂ ਕਹਿੰਦੇ ਹੋ ਕਿ ਪੈਸਿਆਂ ਦੀ ਐਫ. ਡੀ. ਕਰ ਦਿਓ, ਅਗਲੇ ਬੀਮਾ ਕਰੀ ਜਾਂਦੇ ਨੇ। ਤੁਹਾਡੇ ਪੈਸੇ ਸ਼ੇਅਰ ਬਾਜ਼ਾਰ 'ਚ ਲਾਈ ਜਾਂਦੇ ਨੇ। ਦੋ-ਤਿੰਨ ਵਰ੍ਹੇ ਮਗਰੋਂ ਤੁਸੀਂ ਪਿੱਟਦੇ ਹੋ, ਰੁੱਸਦੇ ਹੋ, ਰੌਲਾ ਪਾਉਂਦੇ ਹੋ, ਪ੍ਰੈੱਸ ਤੇ ਥਾਣੇ ਵਾਲਿਆਂ ਕੋਲ ਜਾਂਦੇ ਹੋ। 

ਥੱਕ-ਹਾਰ ਕੇ ਤੁਸੀਂ ਚੁੱਪ-ਚਾਪ ਬੈਠ ਜਾਂਦੇ ਹੋ, ਕਿਉਂਕਿ ਹੱਥ ਵਢਾ ਲਏ ਹੁੰਦੇ ਹਨ। ਤੁਸੀਂ ਟਾਈ ਵਾਲੀ ਤਿਤਲੀ ਨੂੰ ਲੱਭਦੇ ਹੋ। ਉਹ ਲੱਭਦੀ ਹੀ ਨਹੀਂ। ਉਹ ਕਿਸੇ ਹੋਰ ਕੰਪਨੀ 'ਚ ਜਾਂ ਚੁੱਕੀ ਹੁੰਦੀ ਹੈ।

ਮੋਬਾਈਲ ਤੇ ਇੰਟਰਨੈੱਟ ਦਾ ਲਾਭ ਠੱਗ ਕਿਉਂ ਨਾ ਲੈਣ। ਪਿੰਡ 'ਚ ਚੰਗਾ-ਭਲਾ ਬੈਠਾ ਬੰਦਾ ਇਕ ਐਸ. ਐਮ. ਐਸ. ਪੜ੍ਹ ਕੇ ਪੁੱਠੀਆਂ ਛਾਲਾਂ ਮਾਰਨ ਲੱਗ ਪੈਂਦਾ ਹੈ।
ਉਹ ਇਸ ਗੱਲ 'ਤੇ ਯਕੀਨ ਕਰ ਲੈਂਦਾ ਹੈ ਕਿ ਉਸ ਦੀ ਲੰਦਨ 'ਚ 50000 ਪੌਂਡ ਦੀ ਲਾਟਰੀ ਨਿਕਲ ਆਈ ਹੈ। ਬੰਦਾ ਇਹ ਵੀ ਨਹੀਂ ਸੋਚਦਾ ਕਿ ਉਸ ਦੀ ਲਾਟਰੀ ਲੰਦਨ ਕਿਵੇਂ ਨਿਕਲ ਸਕਦੀ ਹੈ? ਜਾਅਲਸਾਜ਼ਾਂ ਨੇ ਸਬਜ਼ਬਾਗ ਦਿਖਾ ਕੇ ਪੈਸੇ ਠੱਗਣੇ ਹੁੰਦੇ ਹਨ।

ਸੱਸੀ ਦੇ ਥਲਾਂ 'ਚ ਰੁਲਣ ਦੀ ਗੱਲ ਸਮਝ ਆਉਂਦੀ ਹੈ। ਸੋਹਣੀ ਦੇ ਝਨਾਂ 'ਚ ਰੁੜ੍ਹਨ ਦੀ ਗੱਲ ਸਮਝ ਆਉਂਦੀ ਹੈ। ਮੇਰਾ ਭਾਵੇਂ ਸਿਰ ਕਲਮ ਕਰ ਦਿਓ ਮੇਰੀ ਵੋਟ ਲੈਲਾ ਮਜਨੂੰ ਨਾਲ ਹੈ। ਮੈਨੂੰ ਪਿਆਰ ਮੁਹੱਬਤ ਕਰਨ ਵਾਲੇ ਚੰਗੇ ਲਗਦੇ ਹਨ ਪਰ ਕਿਸੇ ਸੋਹਣੀ ਦਾ ਸੁਹੱਪਣ 'ਨੈੱਟ' 'ਤੇ ਰੁਲਦਾ ਫਿਰੇ ਇਹ ਠੀਕ ਨਹੀਂ। 
ਸੋਹਣੀਆਂ 'ਸੁਪਾਰੀ ਕਿਲਰ' ਬਣਨ ਇਹ ਵੀ ਠੀਕ ਨਹੀਂ। ਮੁਹੱਬਤ 'ਚ ਆਮ ਜਾਣਕਾਰੀ ਅਤੇ ਸਿਆਣਪ ਦੇ ਸੁਮੇਲ ਨਾਲ ਚੱਲਣ ਦੀ ਲੋੜ ਹੈ। ਸੋਹਣਿਓ! ਆਓ ਇਕੱਠੇ ਚੜ੍ਹੀਏ ਚਾਹਤ ਦੀ ਪੌੜੀ 'ਚਾਣਕਿਆ' ਦੀ ਬਾਂਹ ਫੜ ਕੇ।

ਪਰਿਵਾਰ ਸਮੇਤ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ 'ਗਰੇਵਾਲ ਟਰੈਵਲਰਜ਼' ਦੀਆਂ ਸੇਵਾਵਾਂ 24 ਘੰਟੇ ਹਾਜ਼ਰ ਨੇ। ਸਿਰਫ 25 ਲੱਖ ਰੁਪਏ ਲੈ ਕੇ ਮਿਲੋ ਜੀ। 
ਪਾਸਪੋਰਟ ਨੂੰ ਫੂਕੋ ਪਰ੍ਹਾਂ, ਕੋਈ ਲੋੜ ਈ ਨੀ ਜੀ। ਭਾਖੜਾ ਡੈਮ ਦੀਆਂ ਸੁਰੰਗਾਂ ਰਾਹੀਂ ਅਸੀਂ ਪਹਿਲਾਂ ਬੜੇ ਗਰੁੱਪ ਲੰਘਾਏ ਨੇ। ਸੁਰੰਗਾਂ ਤੋਂ ਬਾਅਦ ਹਿਮਾਚਲ ਰਾਹੀਂ ਚੈਨਾ (ਚਾਈਨਾ) ਬਾਰਡਰ ਪਾਰ ਕਰਾ ਕੇ ਰਸ਼ੀਆ। ਫਿਰ ਨਿੱਜੀ ਸ਼ਿਪ ਰਾਹੀਂ ਕੈਨੇਡਾ। ਪੀ. ਆਰ. ਦੀ ਗਾਰੰਟੀ।
ਕੈਨੇਡਾ ਸਰਕਾਰ ਤਾਂ 'ਰੈੱਡ ਕਾਰਪੈੱਟ' ਵਿਛਾ ਕੇ ਸਾਡੇ ਬੰਦੇ ਉਡੀਕਦੀ ਹੀ ਰਹਿੰਦੇ ਐ। ਫੂਕਣੀ ਐ ਝੋਟੇ ਦੇ ਸਿਰ ਵਰਗੀ ਜ਼ਮੀਨ। ਪੈਲੀ ਵੇਚੋ ਪਰ੍ਹਾਂ। ਰਹੀ ਗੱਲ ਬੁੜੇ ਬੁੜੀ ਦੀ, ਹੁਣ ਤਾਂ ਸੁਖ ਨਾਲ ਬਥੇਰੇ ਬਿਰਧ ਆਸ਼ਰਮ ਨੇ। ਛੇਤੀ ਕਰ ਲਓ ਪ੍ਰਬੰਧ ਪੈਸੇ ਦਾ। ਟੈਮ ਨਾਲ ਈ ਕਰ ਲਿਓ ਫੋਨ।

ਗੁਰਪ੍ਰੀਤ ਗਰੇਵਾਲ


Post Comment


ਗੁਰਸ਼ਾਮ ਸਿੰਘ ਚੀਮਾਂ