ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, November 10, 2012

ਗੁਰੂ ਗ੍ਰੰਥ ਅਤੇ ਗੁਰੂ ਪੰਥ


ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਪੰਥ ਪ੍ਰਚੁਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦਿਵਸ ਵਿੱਚ ਜੋ ਇਲਾਹੀ ਕ੍ਰਿਸ਼ਮਾ ਕੀਤਾ, ਧਰਮ ਮਜ਼ਹਬ ਦੇ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ। ਪੰਜਾਬ ਤੋਂ ਦੂਰ ਦੱਖਣ ਵਿੱਚ ਨੰਦੇੜ ਨਾਮਕ ਸਥਾਨ (ਜੋ ਹੁਣ ਸਿੱਖ ਪੰਥ ਲਈ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਹੈ) ਵਿਖੇ ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਾਕਾਰ ਕਰਦਿਆਂ, ਸ਼ਖਸੀ ਗੁਰੂ ਦੀ ਪਰਪਾਟੀ ਖਤਮ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਸਦੀਵੀ ਬਖਸ਼ਿਸ਼ ਕੀਤੀ।
ਭਾਵੇਂ ਸ਼ਬਦ ਗੁਰੂ ਦਾ ਸ੍ਰੀ ਗ੍ਰੰਥ ਸਾਹਿਬ ਦੇ ਰੂਪ ਵਿਚ ਪਹਿਲਾ ਪ੍ਰਕਾਸ਼ ਪੰਚਮ ਪਾਤਸ਼ਾਹ ਨੇ ਸੰ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰ ਦਿੱਤਾ ਸੀ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਉਚਾਰੀ ਰੱਬੀ ਬਾਣੀ (59 ਸ਼ਬਦ ਤੇ 57 ਸ਼ਲੋਕ) ਸ੍ਰੀ ਦਮਦਮਾ ਸਾਹਿਬ ਵਿਖੇ  ਭਾਈ ਮਨੀ ਸਿੰਘ ਜੀ ਤੋਂ ਗ੍ਰੰਥ ਸਾਹਿਬ ਵਿਚ ਅੰਕਿਤ ਕਰਵਾ ਸਰੂਪ ਸੰਪੂਰਣ ਕਰਨ ਦੀ ਬਖਸ਼ਿਸ਼ ਕੀਤੀ। ਸਿੱਖ ਸੰਗਤਾਂ ਦੇ ਸਜੇ ਦੀਵਾਨ ਵਿਚ, ਸਰੀਰਕ ਚੋਲਾ ਤਿਆਗ ਸੱਚਖੰਡ ਪਿਆਨਾ ਕਰਨ ਦਾ ਫੈਸਲਾ ਸੁਣਾਉਂਦਿਆਂ, ‘ਗ੍ਰੰਥ ਸਾਹਿਬ’ ‘ਨੂੰ ਗੁਰਤਾ ਦੀ ਗੱਦੀ ਬਖਸ਼ ‘ਗੁਰੂ ਮਾਨਿਓ ਗ੍ਰੰਥ’ ਦਾ ਸਦੀਵੀ ਆਦੇਸ਼ ਦਿੱਤਾ, ਜਿਸ ਨੂੰ ਸਿੱਖ ਸੰਗਤਾਂ ਅਰਦਾਸ ਉਪਰੰਤ ਹਰ ਰੋਜ਼ ਦੋਹਿਰੇ ਦੇ ਰੂਪ ਵਿਚ ਇਉਂ ਦ੍ਰਿੜ੍ਹ ਕਰਦੀਆਂ ਹਨ।
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ
ਭਾਵੇਂ ਹਰ ਧਰਮ ਨੇ ਸਰੀਰ ਦੀ ਨਾਸ਼ਵਾਨਤਾ ਪ੍ਰਵਾਨੀ ਪਰ ਇਹ ਅਜੇ ਵੀ ਦੇਹਧਾਰੀਆਂ ਜਗਤ ਗੁਰੂਆਂ ਆਦਿ ਸ਼ੰਕਰਚਾਰੀਆਂ, ਨਾਥਾਂ, ਜੋਗੀਆਂ, ਕਾਜੀਆਂ, ਮੁਫਤੀਆਂ ਅਤੇ ਪਾਦਰੀਆਂ ਦਾ ਮਾਨਸਿਕ ਤੌਰ ’ਤੇ ਗੁਲਾਮ ਹੈ ਜਾਂ ਫਿਰ ਮੂਰਤੀਆਂ, ਤਸਵੀਰਾਂ ਤੇ ਬੁੱਤਾਂ ਦੀ ਪੂਜਾ ਕਰਦਾ ਹੈ। ਵੇਦ, ਸਿਮਰਤੀ, ਸ਼ਾਸ਼ਤਰ, ਕੁਰਾਨ ਸ਼ਰੀਫ, ਅੰਜੀਲ ਜਾਂ ਬਾਈਬਲ ਸਭ ਸਤਿਕਾਰਤ ਪਾਵਨ ਧਰਮ ਗ੍ਰੰਥ ਹਨ, ਲੇਕਿਨ ਇਨ੍ਹਾਂ ਨੂੰ ਅਵਤਾਰੀ ਜਾਂ ਪੈਗੰਬਰੀ ਦਰਜਾ ਪ੍ਰਾਪਤ ਨਹੀਂ ਹੈ।
ਦਸਵੇਂ ਪਾਤਸ਼ਾਹ ਨੇ ਜਦੋਂ ਸਰੀਰਕ ਚੋਲਾ ਤਿਆਗਣ ਅਤੇ ਗੁਰੂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਤ ਕਰਨ ਦਾ ਫੈਸਲਾ ਸੁਣਾਇਆ ਤਾਂ ਵੈਰਾਗੀ ਤੇ ਬਿਹਬਲ ਹੋਈ ਸੰਗਤ ਨੇ ਕਰੁਣਾਮਈ ਆਵਾਜ਼ ਵਿੱਚ ਪੁੱਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ,
ਲਖੀਏ ਤੁਮਰਾ ਦਰਸ਼ ਕਹਾਂ—।   ਕਹਹੁੰ ਤੋਹਿ ਸਮਝਾਇ   
ਹਜ਼ੂਰੀ ਅਰਸ਼ੀ ਕਵੀ ਭਾਈ ਨੰਦ ਲਾਲ ਸਿੰਘ ਜੀ ਅਨੁਸਾਰ, ਗੁਰੂ ਪਾਤਸ਼ਾਹ ਨੇ ਸਤਿਗੁਰੂ ਦਾ ਸੰਕਲਪ ਸਿਧਾਂਤ ਅਤੇ ਦਰਸ਼ਨ ਇਉਂ ਸਮਝਾਇਆ,        ਤੀਨ ਰੂਪ ਹੈ— ਮੋਹਿ ਕੇ, ਸੁਨਹੁ ਨੰਦ ਚਿੱਤ ਲਾਇ।        ਨਿਰਗੁਣ, ਸਰਗੁਣ, ਗੁਰਸ਼ਬਦ ਕਹਹੁੰ ਤੋਹਿ ਸਮਝਾਏ।
ਸਤਿਗੁਰ ਦਾ ਪ੍ਰਥਮ ਰੂਪ ਉਹੀ ਦਰਸਾਇਆ ਜਿਸ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਸੁਮੇਰ ਪ੍ਰਬਤ ’ਤੇ ਸਿੱਧਾਂ ਵੱਲੋਂ ਕੀਤੇ ਪ੍ਰਸ਼ਨ ਦੇ ਉਤਰ ਵਿੱਚ ਫਰਮਾਇਆ ਕਿ ਪਾਰਬ੍ਰਹਮ ਪ੍ਰਮੇਸ਼ਵਰ ਹੀ ਆਦਿ ਗੁਰੂ ਹੈ
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ 
ਮਿਲਿਆ ਸੋਈ ਜੀਉ    
ਗੁਰੂ ਦਸਮੇਸ਼ ਨੇ ਇਸੇ ਵਿਚਾਰ ਨੂੰ ਇਉਂ ਬਿਆਨ ਕੀਤਾ ਹੈ:-
ਏਕੁ ਰੂਪ ਤਿਹ ਗੁਣ ਤੇ ਪਰੈ। 
ਨੇਤਿ ਨੇਤਿ ਜਿਹ ਨਿਗਮ ਉਚਰੈ।
ਇਹੀ ਪ੍ਰਮਾਤਮਾ ਦਾ ਪ੍ਰਥਮ ਤੇ ਸਦੀਵੀ ਸਰੂਪ ਹੈ ਜਿਸ ਤੋਂ ਸਾਰੇ ਗੁਰੂ ਅਵਤਾਰ ਤੇ ਪੈਗੰਬਰ ਰੌਸ਼ਨੀ ਪ੍ਰਾਪਤ ਕਰਦੇ ਹਨ। ਗੁਰੂ ਪਾਤਸ਼ਾਹ ਨੇ ਦੂਜਾ ਰੂਪ ਇਉਂ ਬਿਆਨ ਕੀਤਾ
ਦੂਸਰ ਰੂਪ ਗ੍ਰੰਥ ਜੀ ਜਾਨਹੁ। ਆਪਨ ਅੰਗ ਮੇਰੇ ਕਰਿ
ਮਾਨਹੁ  ਮੇਰਾ ਰੂਪ ਗ੍ਰੰਥ ਜੀ ਜਾਨ। 
ਇਸ ਮੇਂ ਭੇਦ ਨ ਰੰਚਕ ਮਾਨ  
ਜਦੋਂ ਸਿੱਖਾਂ ਨੇ ਪੁੱਛਿਆ ਜੇ ਤੁਹਾਡੇ ਦਰਸ਼ਨਾਂ ਦੀ ਚਾਹ ਹੋਵੇ, ਤਾਂ ਗੁਰੂ ਪਾਤਸ਼ਾਹ ਨੇ ਫੁਰਮਾਇਆ,
‘ਜੋ ਸਿਖ ਗੁਰੁ ਦਰਸ਼ਨ ਕੀ ਚਾਹਿ। 
ਦਰਸ਼ਨ ਕਰੇ ਗ੍ਰੰਥ ਜੀ ਆਹਿ।’
ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ, ਤਾਂ ਗੁਰ ਫੁਰਮਾਇਆ!
‘ਜੋ ਮਮ ਸਾਥ ਚਹੇ ਕਰਿ ਬਾਤ। 
ਗ੍ਰੰਥ ਜੀ ਪੜਹਿ ਬਿਚਾਰਹਿ ਸਾਥ।’
ਜੋ ਸਿੱਖ ਅਗਵਾਈ ਜਾਂ ਆਦੇਸ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਬਾਰੇ ਫੁਰਮਾਇਆ
‘ਜੋ ਮੁਝ ਬਚਨ ਸੁਨਨ ਕੀ ਚਾਇ।
ਗ੍ਰੰਥ ਵਿਚਾਰ ਸੁਨਹੁ ਚਿਤ ਲਾਇ’
ਅਰਥਾਤ ਜੋ ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੇ ਉਹ ਗੁਰਬਾਣੀ ਦੀ ਵਿਚਾਰ ਕਰ ਅਗਵਾਈ ਪ੍ਰਾਪਤ ਕਰੇ। ਸਰਗੁਣ ਰੂਪ ਦੱਸ ਗੁਰੂ ਸਾਹਿਬਾਨ ਤੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਹਨ ਤੇ ਦਸ਼ਮ ਪਾਤਿਸ਼ਾਹ ਨੇ ਅੰਮ੍ਰਿਤ ਛਕਾਉਣ ਉਪ੍ਰੰਤ
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ ੩੩੩
ਖਾਲਸੇ ਤੇ ਬਖਸ਼ਿਸ਼ ਕਰ ਖਾਲਸੇ ਨੂੰ ਗੁਰੂ ਰੂਪ ਪ੍ਰਦਾਨ ਕਰ ਦਿੱਤਾ। ਗੁਰ ਸੰਗਤ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕਰ ਆਪਣਾ ਜਾਮਾ ਬਖਸ਼ ਇਉਂ ਫਰਮਾਇਆ:
ਵਾਹਿ ਸਮੇ ਗੁਰੁ ਬੈਨ ਸੁਨਾਯੋ। 
ਖਾਲਸ ਅਪਨੋ ਰੂਪ ਬਤਾਯੋ।
ਖਾਲਸ ਹੀ ਸੋ ਹੈ ਮਮ ਕਾਮਾ। 
ਬਖਸ਼ ਕਿਯੋ ਖਾਲਸ ਕੇ ਜਾਮਾ।੩੩
‘ਖਾਲਸਾ ਮੇਰੋ ਰੂਪ ਹੈ ਖਾਸ। 
ਖਾਲਸੇ ਮਹਿ ਹਉ ਕਰਹੁ ਨਿਵਾਸ।੩੩੩
ਹਉ ਖਾਲਸੇ ਕਾ ਖਾਲਸਾ ਮੋਰਾ 
ਓਤਿ ਪੋਤਿ ਸਾਗਰ ਬੁੰਦੇਰਾ’।
ਇਸੇ ਨੂੰ ਅੰਤਮ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਫਿਰ ਦੁਹਰਾਇਆ
‘ਤੀਸਰ ਰੂਪ ਸਿਖ ਹੈ ਮੋਰ। 
ਗੁਰਬਾਣੀ ਰਚਿ ਜਿਹ ਨਿਸ ਭੋਰ।
ਵਿਸਾਹ ਪ੍ਰੀਤਿ ਗੁਰਸ਼ਬਦ ਜੁ ਧਰੇ। 
ਗੁਰ ਕਾ ਦਰਸ਼ਨ ਨਿਤ ਉਠ ਕਰੇ।’
ਇਉ ਗੁਰੁ ਦਸ਼ਮੇਸ਼ ਨੇ ਤਿੰਨ ਪ੍ਰਕਰਮਾ ਕਰਕੇ
ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਝੁਕਾਯੋ।੩
ਗੁਰੂ ਗ੍ਰੰਥ ਕੋ ਗੁਰ ਥਾਪਿਓ, ਕੁਣਕਾ ਬਟਵਾਯੋ’।
ਭਾਈ ਦਇਆ ਸਿੰਘ ਜੀ ਪ੍ਰਥਮ ਪਿਆਰੇ ਅਨੁਸਾਰ ਗੁਰੂ ਦਸਮੇਸ਼ ਜੀ ਨੇ ਅੱਗੇ ਇਉਂ ਫੁਰਮਾਇਆ
ਸ੍ਰੀ ਅਕਾਲ ਪੁਰਖ ਕੇ ਬਚਨ ਸਿਉਂ,
ਪ੍ਰਗਟਿਓ ਪੰਥ ਮਹਾਨ।
ਗ੍ਰੰਥ ਪੰਥ ਗੁਰੂ ਮਾਨੀਏ, ਤਾਰੇ ਸਕਲ ਕੁਲਾਨ
ਇਉਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖ਼ਸ਼ ਇਕ ਅਦਭੁੱਤ ਅਤੇ ਅਲੋਕਿਕ, ਅਧਿਆਤਮਕ ਗਣਤੰਤਰ ਦੀ ਸਥਾਪਨਾ ਕਰ ਦਿੱਤੀ। ਰਾਜਨੀਤੀ ਵਿੱਚ ਤਾਂ ਵਿਅਕਤੀਗਤ ਰਾਜੇ ਦੀ ਬਜਾਏ ਲੋਕਸ਼ਾਹੀ ਆ ਗਈ ਹੈ, ਪਰ ਧਰਮ ਅਤੇ ਮਜ਼੍ਹਬ ਦੀ ਦੁਨੀਆਂ ਵਿੱਚ ਅਜੇ ਵੀ ਵਿਅਕਤੀ ਪ੍ਰਧਾਨ ਹੈ। ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਸਰੀਰਕ ਪੂਜਾ ਦੀ ਜਕੜ ਤੇ ਗੁਲਾਮੀ ਤੋਂ ਸਦਾ ਸਦਾ ਲਈ ਮੁਕਤ ਕਰ ਦਿੱਤਾ। ਗੁਰੂ ਗ੍ਰੰਥ ਅਤੇ ਪੰਥ ਦਾ ਸਮੇਲ ਹੀ ਜੋਤਿ ਅਤੇ ਜੁਗਤ ਦਾ ਮੇਲ ਹੈ।
ਗੁਰੂ ਜੋਤ ਸ਼ਬਦ ਬਾਣੀ  ਦੁਆਰਾ ਪ੍ਰਕਾਸ਼ਮਾਨ ਹੈ। ਗੁਰੂ ਗ੍ਰੰਥ ਦਸ ਗੁਰੂ ਸਾਹਿਬਾਨ ਦੀ ਜੋਤ ਹਨ,ਅਤੇ ਗੁਰਬਾਣੀ ਦੇ ਸਿਧਾਂਤ ਅਤੇ ਵਿਚਾਰ ਨੂੰ ਗੁਰਮਤਿ ਅਨੁਸਾਰ ਜਗਤ ਵਿਚ ਕਿਰਿਆਸ਼ੀਲ ਕਰਨ ਦੀ ਜੁਗਤ ਗੁਰੂ ਪੰਥ ਦੁਆਰਾ ਹੀ ਵਰਤੀ ਜਾ ਸਕਦੀ ਹੈ, ਅਥਵਾ ਗੁਰੂਪੰਥ ਨੇ ਗੁਰਸ਼ਬਦ ਦੀ ਰੌਸ਼ਨੀ ਅਤੇ ਅਗਵਾਈ ਅਧੀਨ ਕਾਰਜਸ਼ੀਲ ਹੋਣਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਾ ਫਲਸਫਾ ਜਾਂ ਵਿਚਾਰਾਂ ਦੀ ਉਡਾਰੀ ਹੀ ਨਹੀਂ ਬਲਕਿ ਧਰਮ ਮਾਰਗ ਹੈ।
ਸਰਬ ਧਰਮ ਮਹਿ ਸ੍ਰੇਸ਼ਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ
ਇਹ ਸਿਖਾਉਂਦਾ ਹੈ ਕਿ ਪਾਪ, ਜ਼ੁਲਮ ਤੇ ਬਦੀ ਤੋਂ ਡਰ ਕੇ ਸਮਾਜ ਤੋਂ ਕਿਨਾਰਾਕਸ਼ੀ ਨਹੀਂ ਕਰਨੀ ਬਲਕਿ ਪਾਪੀ ਤੇ ਜ਼ਾਲਮ ਦਾ ਸਫਲਤਾ ਨਾਲ ਮੁਕਾਬਲਾ ਕਿਵੇਂ ਕਰਨਾ ਹੈ। ਸਿੱਖੀ ਜੀਵਨ ਕਿਸੇ ਕਿਸਮ ਦਾ ਅਨਿਆਏ, ਸ਼ੋਸ਼ਣ ਜਾਂ ਬੇਇਨਸਾਫੀ ਪ੍ਰਵਾਨ ਨਹੀਂ ਕਰਦਾ ਬਲਕਿ ਹੱਕ ਸੱਚ ਇਨਸਾਫ ਲਈ ਜੱਦੋ ਜਹਿਦ ਦੀ ਪ੍ਰੇਰਣਾ ਦਿੰਦਾ ਹੈ। ਭਗਵਤ ਗੀਤਾ ਦਾ ਸਿਖਰ ਹੈ ਕਿ ਕੁਰੂਕਸ਼ੇਤਰ ਦੇ ਮੈਦਾਨ ਵਿਚ ਜਦੋਂ ਹਤਾਸ਼ ਤੇ ਨਿਰਾਸ਼ ਹੋ ਕੇ ਅਰਜਨ ਸ਼ਸ਼ਤਰ ਰੱਖ ਦਿੰਦਾ ਹੈ ਤਾਂ ਭਗਵਾਨ ਕ੍ਰਿਸ਼ਨ ਉਸ ਨੂੰ ਆਪਣਾ ਵਿਰਾਟ ਰੂਪ ਵਿਖਾ ਕੇ ਹੱਕ, ਸੱਚ ਤੇ ਇਨਸਾਫ ਲਈ ਯੱੁਧ ਕਰਨ ਲਈ ਪ੍ਰੇਰਣਾ ਦਿੰਦੇ ਹਨ ਤੇ ਅਰਜਨ ਮੁੜ ਸ਼ਸ਼ਤਰ ਗ੍ਰਹਿਣ ਕਰ ਲੈਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਿੱਖੀ ਮਾਰਗ ਅਪਨਾਉਣ ਵਾਲੇ ਹਰ ਵਿਅਕਤੀ ਨੂੰ ਮੁੱਢ ਤੋਂ ਹੀ ਮਰਨਾ ਸਵੀਕਾਰ ਕਰਨ ਦੀ ਵੰਗਾਰ ਪਾਈ ਹੈ। ਇਸ ਮਾਰਗ ’ਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਆਪ ਚਲ ਕੇ ਸਾਧਾਰਣ ਲੋਕਾਂ ਲਈ ਇਕ ਆਦਰਸ਼ ਨਿਸ਼ਚਿਤ ਕੀਤਾ। ਸਿੱਖੀ ਵਿਚ ਪ੍ਰਵੇਸ਼ ਦੀ ਸ਼ਰਤ ਰੱਖੀ।
‘ਸਿਰ ਧਰਿ ਗਲੀ ਮੋਰੀ ਆਉ’ ਤੇ ‘ਪਹਿਲਾ ਮਰਨ ਕਬੂਲ’
ਗੁਰਬਾਣੀ ਦੀ ਹਰ ਪੰਗਤੀ ਦਾ ਸੱਚ, ਪਹਿਲਾਂ ਗੁਰੂ ਪਾਤਸ਼ਾਹ ਨੇ ਜੀਵਨ ਰਾਹੀਂ ਉਜਾਗਰ ਕੀਤਾ। ਪੰਚਮ ਪਾਤਸ਼ਾਹ ਤੱਤੀਆਂ ਤਵੀਆਂ ’ਤੇ ਬੈਠ ਕੇ ਧਰਮ ਤੇ ਗੁਰਬਾਣੀ ਦੀ ਪਵਿੱਤਰਤਾ ਅਤੇ ਸ਼ੁੱਧਤਾ ਕਾਇਮ ਕਰ ਗੁਰਮਤਿ ਦਾ ਸ਼ਹੀਦੀ ਮਾਰਗ ਰੌਸ਼ਨ ਕਰ ਸ਼ਹੀਦਾਂ ਦੇ ਸਿਰਤਾਜ ਅਖਵਾਏ। ਨੌਵੇਂ ਗੁਰੂਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਧਰਮ ਅਤੇ ਉਸ ਦੇ ਚਿੰਨ੍ਹ ਤਿਲਕ ਜੰਝੂ ਦੀ ਰਾਖੀ ਕਰਦਿਆਂ ਹੋਇਆਂ ਧਰਮ ਦੀ ਆਜ਼ਾਦੀ ਦਾ ਹੱਕ ਹਰ ਮਨੁੱਖ ਲਈ ਰਾਖਵਾਂ ਕਰ ਦਿੱਤਾ।
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਹੇਤ, ਗੁਲਾਮੀ ਦੇ ਵਿਰੁੱਧ ਅਤੇ ਮਨੁੱਖੀ ਸਨਮਾਨ ਅਤੇ ਆਜ਼ਾਦੀ ਸਥਾਪਤ ਕਰਨ ਲਈ ਪਹਿਲਾਂ ਗੁਰੂ ਪਿਤਾ ਅਤੇ ਪਿੱਛੋਂ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੇ ਵਿਸ਼ਵ ਦੇ ਇਕ ਐਸੇ ਨਿਆਰੇ ਇਨਕਲਾਬ ਦੀ ਨੀਂਹ ਰੱਖ ਦਿੱਤੀ ਕਿ ਹਜ਼ਾਰਾਂ ਲੱਖਾਂ ਸਿੱਖ ਜ਼ੁਲਮ-ਜਬਰ ਦੀ ਹਨੇਰੀ ਨੂੰ ਠੱਲ੍ਹ ਪਾਉਣ, ਸੈਂਕੜੇ ਸਾਲਾਂ ਦੀ ਗੁਲਾਮੀ ਦਾ ਜੂਲਾ ਉਤਾਰਨ ਅਤੇ ਮਨੁੱਖੀ ਸਨਮਾਨ ਅਤੇ ਧਰਮ ਦੀ ਆਜ਼ਾਦੀ ਬਹਾਲ ਕਰਨ ਲਈ ਸ਼ਹੀਦੀਆਂ ਪਾ ਗਏ। ਅਸਮਾਨ ਵਿਚ ਇਤਨੇ ਸਿਤਾਰੇ ਨਹੀਂ, ਜਿਤਨੇ ਇਸ ਮਾਰਗ ਉੱਤੇ ਚਲ ਕੇ ਸਿੰਘ ਸ਼ਹੀਦ ਹੋਏ। ਸਿੱਖ ਹਰ ਰੋਜ਼ ਅਰਦਾਸ ਵਿਚ ਧਰਮ ਹੇਤ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਸਿੰਘਣੀਆਂ ਨੂੰ ਨਿੱਤ ਇਨ੍ਹਾਂ ਸ਼ਬਦਾਂ ਰਾਹੀਂ ਸ਼ਹੀਦਾਂ ਨੂੰ, ‘ਜਿਨ੍ਹਾਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ’ ਨੂੰ ਨਤ ਮਸਤਕ ਹੁੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨ ਦਾ ਸਾਗਰ ਹੈ ਅਤੇ ਇਹ ਸਮੁੱਚੀ ਮਨੁੱਖਤਾ ਲਈ ਸਰਬਸਾਂਝਾ ਹੈ ਪਰ ਹਰ ਸਿੱਖ ਲਈ ਇਹ ਜਾਗਤੁ ਜੋਤਿ ਹਾਜ਼ਰਾ ਹਜ਼ੂਰ ਸਤਿਗੁਰੂ ਹਨ। ਕੁਪ ਰੋਹੀੜੇ (ਮਲੇਰਕੋਟਲਾ) ਦੇ ਮੈਦਾਨ ਵਿਚ ਜਦੋਂ ਇਕ ਦਿਨ ਵਿਚ 30 ਹਜ਼ਾਰ ਸਿੰਘਾਂ ਸਿੰਘਣੀਆਂ ਦੇ ਖੂਨ ਦੇ ਦਰਿਆ ਵੱਗ ਤੁਰੇ ਤਾਂ ‘ਪੰਥ ਬਚਾਵਣ ਹੈ ਬਡ ਕਰਮ’ ਜਾਣ, ਹਰਨ ਹੋਣ ਲਈ ਮਜਬੂਰ ਹੋ ਕੇ ਗੁਰੀਲਾ ਢੰਗ ਨਾਲ ਜੰਗ ਲੜਨ ਦਾ ਫੈਸਲਾ ਕੀਤਾ, ਇਸ ਭੱਜ ਦੌੜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਨਹੀਂ ਸੀ ਰੱਖਿਆ ਜਾ ਸਕਦਾ ਇਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ  ਪਾਵਣ ਇਤਿਹਾਸਕ ਸਰੂਪ ਜਲ ਪ੍ਰਵਾਹ ਕਰਨ ਦਾ ਫੈਸਲਾ ਕੀਤਾ। ਪੰਥ ਦੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਨੇ ਉਸ ਸਮੇਂ ਜੋ ਅਰਦਾਸ ਕੀਤੀ, ਪਾ੍ਰਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਨੇ ਇਉਂ ਅੰਕਿਤ ਕੀਤੀ,
‘ਪੰਥ ਕੀ ਰਹੇਗੀ ਤੋ ਗਰੰਥ ਕੀ ਭੀ ਰਹੇਗੀ ਨਾਥ। 
ਪੰਥ ਨਾ ਰਹਾ ਤੋ ਤੇਰੇ ਗਰੰਥ ਕੋ ਕੌਣ ਮਾਨੇਗਾ।  
ਸਿੱਖ ਉਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਪੂਰੀ ਆਸਥਾ ਰੱਖਦਾ ਹੈ, ਥਾਂ ਥਾਂ ਮੜੀਆਂ ਮਸਾਣਾਂ, ਬੁੱਤਾਂ ਅਤੇ ਨਕਲੀ ਗੁਰੂਆਂ ਸਾਹਮਣੇ ਨਤ ਮਸਤਕ ਨਹੀਂ ਹੁੰਦਾ। ਸਿੱਖ ਜਾਗਤ ਜੋਤਿ ਦੀ ਅਰਾਧਨਾ ਕਰਦਾ ਹੈ ਅਤੇ ਗੁਰਬਾਣੀ ਅਨੁਸਾਰ ਹੀ ਜੀਵਨ ਜਿਊਂਦਾ ਹੈ। ਡਾ. ਸਰ ਮੁਹੰਮਦ ਇਕਬਾਲ ਨੇ ਵੀ ਇਸ ਸਬੰਧ ਵਿਚ ਬਹੁਤ ਸੋਹਣਾ ਕਿਹਾ ਹੈ:
ਜਿਸ ਦਰ ਪੇ ਨਾ ਹੋ ਸਜਦੇ  ਉਸੇ ਦਰ ਨਹੀ ਕਹਤੇ,
ਹਰ ਦਰ ਪੇ ਜੋ ਝੁਕ ਜਾਏ ਉਸੇ ਸਰ ਨਹੀ ਕਹਤੇ
ਦਸਮ ਪਿਤਾ ਗੁਰੂ ਗੋਬਿੰਦ ਸਾਹਿਬ ਵੱਲੋਂ ਸ੍ਰੀ ਨਾਂਦੇੜ ਸਾਹਿਬ ਵਿਖੇ ਕੀਤੇ 52 ਸਿਖਰ ਦੇ ਹੁਕਮਾਂ ਵਿਚੋਂ ਮੁੱਖ ਹੈ
‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, 
ਦੀਦਾਰ ਖਾਲਸੇ ਦਾ ਤੇ ਲੋਚਾ ਗੁਰੁ ਪੰਥ ਦੇ ਵਾਧੇ ਦੀ’।     
ਗੁਰੂ ਗ੍ਰੰਥ ਦਾ ਸਿੱਖ ਜਗਤ ਤੇ ਸ਼ਾਸਨ ਅਟੱਲ ਹੈ, ਹਾਜ਼ਰਾ ਹਜ਼ੂਰ ਤੇ ਜ਼ਾਹਿਰਾ ਜ਼ਹੂਰ ਹਨ, ਹੋਰ ਕੋਈ ਦੇਹ ਧਾਰੀ ਸਿੱਖ ਧਰਮ ਵਿਚ ਗੁਰੂ ਨਹੀਂ। ਇਤਿਹਾਸ ਵਿਚ ਜ਼ਿਕਰ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਿਵਾਸ ਅਸਥਾਨ ਬਾਬਾ ਬਕਾਲਾ ਵਿਖੇ ਨਕਲੀ ਗੁਰੂਆਂ ਨੇ 22 ਮੰਜੀਆਂ ਲਾਈਆਂ। ਜੇ ਉਹ ਨਹੀਂ ਰਹੀਆਂ ਹੁਣ ਵੀ ਲੱਗੀਆਂ ਮੰਜੀਆਂ ਨੇ ਨਹੀਂ ਰਹਿਣਾ। ਗੱਦੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਸਦੀਵੀ ਰਹੇਗੀ, ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਰਹੇਗਾ।
‘ਗੁਰੂ ਮਾਨਿਯੋ ਗ੍ਰੰਥ’ ਦਾ ਸਿਧਾਂਤ ਸਪਸ਼ਟ ਰੂਪ ਵਿਚ ਪ੍ਰਗਟ ਹੈ, ਪਰ ਗੁਰੂ ਪੰਥ ਦਾ ਸਿਧਾਂਤ ਪੂਰੀ ਤਰ੍ਹਾਂ  ਅਮਲ ਵਿਚ ਨਹੀਂ ਲਿਆਂਦਾ ਜਾ ਸਕਿਆ। ਅਠਾਰਵੀਂ ਸਦੀ ਵਿਚ ਗੁਰੂ ਪੰਥ ਦਾ ਸਿਧਾਂਤ ਅਮਲ ਵਿਚ ਆਇਆ ਅਤੇ ਗੁਰਮੱਤੇ ਦੁਆਰਾ ਪੰਥ ਦੀ ਅਗਵਾਈ ਕਰਦਾ ਰਿਹਾ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰੁਕਾਵਟ ਪੈ ਗਈ। ਵੀਹਵੀਂ ਸਦੀ ਦੇ ਆਰੰਭ ਵਿਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੁਰੂ ਪੰਥ ਨੇ ਗੁਰਮਤਿ ਰਾਹੀਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਥਾਪਤ ਕੀਤੇ। ਪਰ ਅਜ ਧੜੇਬੰਦੀ ਅਤੇ ਵੋਟ ਪ੍ਰਣਾਲੀ ਨੇ ਗੁਰੂ ਪੰਥ ਅਤੇ ਗੁਰਮਤੇ ਨੂੰ  ਗ੍ਰਹਿਣ ਲਗਾ ਦਿੱਤਾ ਹੈ। ਅੱਜ ਅਤਿ ਆਵੱਸ਼ਕ ਹੈ ਕਿ ਦੂਰਦਰਸ਼ੀ ਪੰਥਪ੍ਰਸਤ ਸਿੰਘ ਗੁਰੂ ਪੰਥ ਦੇ ਰੂਪ ਵਿਚ ਗੁਰਮਤਿ ਨੂੰ ਮੁੜ ਉਜਾਗਰ ਕਰਨ। ਸਤਿਗੁਰੂ ਪੰਥ ਦੇ ਆਪ ਸਹਾਈ ਹੋਣ ਅਤੇ ਸਿੱਖ ਨੂੰ ਸਦੀਵੀ ਯਾਦ ਰਹੇ।
‘ਸਿੱਖ ਦੀ ਹਸਤੀ ਪੰਥ ਦੇ ਨਾਲ – 
ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ’ 

ਮਨਜੀਤ ਸਿੰਘ ਕਲਕੱਤਾ

post by: gursham singh cheema 




Post Comment


ਗੁਰਸ਼ਾਮ ਸਿੰਘ ਚੀਮਾਂ