ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, November 4, 2012

ਭਾਰਤ-ਚੀਨ ਜੰਗ

ਇਤਿਹਾਸ ਦਾ ਪੀਲਾ ਪੰਨਾ

ਚੀਨ ਨਾਲ 1962 ਵਿੱਚ ਹੋਈ ਜੰਗ ਦੀ ਕੌੜੀ ਯਾਦ ਭਾਰਤੀ ਲੋਕਾਂ ਦੇ ਜ਼ਿਹਨ ’ਚ ਕਿਤੇ ਡੂੰਘੀ ਵਸ ਗਈ। ਇਤਿਹਾਸਕਾਰਾਂ ਮੁਤਾਬਕ ਪੰਡਤ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਪਿੱਛੇ ਚੀਨ ਵੱਲੋਂ ਮਿਲਿਆ ਧੋਖਾ ਅਤੇ ਹਾਰ ਦਾ ਸਦਮਾ ਵੀ ਇੱਕ ਕਾਰਨ ਸੀ।
ਦੋਵੇਂ ਮੁਲਕਾਂ ਵੱਲੋਂ ਸਰਹੱਦੀ ਵਿਵਾਦ ਸੁਲਝਾਉਣ ਲਈ ਕੋਸ਼ਿਸ਼ਾਂ 1980 ਤੋਂ ਜਾਰੀ ਹਨ ਪਰ ਦਿੱਲੀ ਅਜੇ ਦੂਰ ਹੈ। ਚੀਨ ਅਕਸਰ ਦਾਅਵਾ ਕਰਦਾ ਹੈ ਕਿ ਭਾਰਤ ਅਤੇ ਭੂਟਾਨ ਤੋਂ ਇਲਾਵਾ ਇਸ ਨੇ ਬਾਕੀ ਸਾਰੇ ਮੁਲਕਾਂ ਨਾਲ ਸਰਹੱਦੀ ਵਿਵਾਦ ਸੁਲਝਾ ਲਏ ਹਨ। ਮੈਕਮੋਹਨ ਰੇਖਾ ਸਰਹੱਦੀ ਵਿਵਾਦ ਦੋਵਾਂ ਮੁਲਕਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਜੰਮੂ-ਕਸ਼ਮੀਰ ਦੇ ਲੱਦਾਖ ਜ਼ਿਲ੍ਹੇ ਦੇ ਉੱਤਰ-ਪੂਰਬੀ ਖੇਤਰ ਅਕਸਾਈ ਚਿੰਨ ਅਤੇ ਭਾਰਤ ਦੇ ਪੂਰਬ ਵਿੱਚ ਨੇਫਾ (ਅਰੁਣਾਚਲ ਪ੍ਰਦੇਸ਼) ਉੱਤੇ ਦੋਵੇਂ ਮੁਲਕ ਆਪੋ-ਆਪਣਾ ਹੱਕ ਜਤਾਉਂਦੇ ਹਨ।
ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਭਾਰਤ-ਚੀਨ ਦਰਮਿਆਨ ਪਹਿਲਾ ਸਮਝੌਤਾ 1993 ਵਿੱਚ ਸਹੀਬੰਦ ਹੋਇਆ। ਇਹ ਵਿਵਾਦ ਉੱਠਣ ਤੋਂ ਪੂਰੇ 30 ਸਾਲ ਮਗਰੋਂ ਫਰਵਰੀ 1994 ਵਿੱਚ ਨਵੀਂ ਦਿੱਲੀ ਵਿਖੇ ਦੁਵੱਲੀ ਗੱਲਬਾਤ ਸ਼ੁਰੂ ਹੋਈ। ਇਸ ਦਾ ਮਕਸਦ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਦਾ ਇੱਕ-ਦੂਜੇ ਪ੍ਰਤੀ ਵਿਸ਼ਵਾਸ ਬਹਾਲ ਕਰਨਾ ਸੀ। ਇਸ ਨਾਲ ਗੁਆਂਢੀ ਮੁਲਕ ਨਾਲ ਸਾਡੇ ਸਬੰਧ ਬਿਹਤਰ ਹੋਏ। ਨਵੰਬਰ 1995 ਵਿੱਚ ਵਾਂਗਡੋਂਗ ਖੇਤਰ ’ਚ ਇੱਕ-ਦੂਜੇ ਨੇੜਲੀਆਂ ਚੌਕੀਆਂ ਢਾਹ ਕੇ ਸਰਹੱਦੀ ਖੇਤਰ ਵਿੱਚ ਅਮਨ ਦਾ ਸੁਨੇਹਾ ਦਿੱਤਾ ਗਿਆ। ਨਵੰਬਰ 1996 ਵਿੱਚ ਚੀਨੀ ਰਾਸ਼ਟਰਪਤੀ ਜਿਆਂਗ ਜ਼ੇਮਿਨ ਦੇ ਭਾਰਤ ਦੌਰੇ ਮੌਕੇ ਫ਼ੌਜਾਂ ਵਿੱਚ ਵਿਸ਼ਵਾਸ ਬਹਾਲੀ ਸਮਝੌਤੇ ਉÎੱਤੇ ਹਸਤਾਖਰ ਕੀਤੇ ਗਏ। ਦੋਵਾਂ ਮੁਲਕਾਂ ਦੇ ਚੰਗੇਰੇ ਭਵਿੱਖ ਲਈ ਇਹ ਲਾਜ਼ਮੀ ਵੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ 2003 ਵਿੱਚ ਚੀਨ ਦਾ ਦੌਰਾ ਕੀਤਾ। ਉਦੋਂ ਦੋਵਾਂ ਗੁਆਂਢੀਆਂ ਵਿੱਚ ਵਪਾਰ ਨੂੰ ਹੋਰ ਉਤਸ਼ਾਹਤ ਕਰਨ ਹਿੱਤ ਕੀਤੇ ਗਏ ਸਮਝੌਤੇ ਤਹਿਤ ਨਾਥੂਲਾ ਦੱਰੇ ਨੂੰ ਵੀ ਵਪਾਰ ਲਈ ਖੋਲ੍ਹ ਦਿੱਤਾ ਗਿਆ।
ਸਰਹੱਦੀ ਵਿਵਾਦ ਦੇ ਸਿਆਸੀ ਹੱਲ ਸਬੰਧੀ ਅਪਰੈਲ 2005 ਵਿੱਚ ਹੋਇਆ ਸਮਝੌਤਾ ਇੱਕ ਮੀਲ ਪੱਥਰ ਸੀ। ਇਸ ਸਮਝੌਤੇ ਵਿੱਚ ਮਸਲੇ ਦੇ ਹੱਲ ਲਈ ਮਿੱਤਰਤਾਪੂਰਵਕ ਮਾਹੌਲ ਵਿੱਚ ਦੋਵਾਂ ਦੇਸ਼ਾਂ ਨੂੰ ਮਨਜ਼ੂਰ ਤਰਕਸੰਗਤ ਗੱਲਬਾਤ ਕਰਨ ਲਈ ਤਿਆਰ ਹੋਣ ਦੀ ਪ੍ਰਤੀਬੱਧਤਾ ਵਿਖਾਈ ਗਈ।
ਇਸ ਦੇ ਬਾਵਜੂਦ ਭਾਰਤ ਅਤੇ ਚੀਨ 545 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ ਸਬੰਧੀ ਮਤਭੇਦ ਖ਼ਤਮ ਕਰਨ ਵਿੱਚ ਜ਼ਿਆਦਾ ਕਾਮਯਾਬ ਨਹੀਂ ਹੋਏ। ਇਸ ਬਾਰੇ ਜੂਨ 2003 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪੇਇਚਿੰਗ ਦੌਰੇ ਮੌਕੇ ਹੋਈ ਗੱਲਬਾਤ ਨੂੰ ਅੱਗੇ ਤੋਰਨ ਲਈ ਵਿਸ਼ੇਸ਼ ਪ੍ਰਤੀਨਿਧ ਥਾਪੇ ਗਏ। ਵਿਸ਼ੇਸ਼ ਪ੍ਰਤੀਨਿਧਾਂ ਦੀਆਂ ਮੀਟਿੰਗਾਂ ਦੇ 15 ਦੌਰਾਂ ਤੋਂ ਮਗਰੋਂ ਵੀ ਹਾਲਾਤ ਬਹੁਤੇ ਨਹੀਂ ਬਦਲ ਸਕੇ। ਫਿਰ ਵੀ ਇਨ੍ਹਾਂ ਮੀਟਿੰਗਾਂ ਤੋਂ ਜਾਪਦਾ ਹੈ ਕਿ ਦੋਵੇਂ ਮੁਲਕ ਮਸਲੇ ਦੇ ਹੱਲ ਲਈ ਗੰਭੀਰ ਹਨ।
ਭਾਰਤ ਹਮੇਸ਼ਾਂ ਤੋਂ ਹੀ 1962 ਵਿੱਚ ਜੰਗ ਦੌਰਾਨ ਚੀਨ ਵੱਲੋਂ ਕਬਜ਼ੇ ਵਿੱਚ ਲਿਆ ਅਕਸਾਈ ਚਿੰਨ ਅਤੇ ਜੰਮੂ-ਕਸ਼ਮੀਰ ਵਿਚਲੀ ਸ਼ਕਸਗਾਮ ਘਾਟੀ ਸਮੇਤ ਆਪਣਾ 40 ਹਜ਼ਾਰ ਵਰਗ ਕਿਲੋਮੀਟਰ ਖਿੱਤਾ ਵਾਪਸ ਮੰਗਦਾ ਰਿਹਾ ਹੈ। 1963 ਦੇ ਚੀਨ-ਪਾਕਿਸਤਾਨ ਸਰਹੱਦ ਸਮਝੌਤੇ ਤਹਿਤ ਪਾਕਿਸਤਾਨ ਵੱਲੋਂ ਸ਼ਕਸਗਾਮ ਘਾਟੀ ਚੀਨ ਨੂੰ ਸੌਂਪ ਦਿੱਤੀ ਗਈ ਸੀ। ਭਾਰਤੀ ਸੰਸਦ ਵਿੱਚ ਮਤਾ ਵੀ ਪਾਸ ਕੀਤਾ ਗਿਆ ਸੀ ਕਿ ਚੀਨ ਇਹ ਘਾਟੀ ਭਾਰਤ ਨੂੰ ਮੋੜ ਦੇਵੇ।
ਦੋਵਾਂ ਦੇਸ਼ਾਂ ਦਾ ਇੱਕ-ਦੂਜੇ ਪ੍ਰਤੀ ਵਿਸ਼ਵਾਸ ਫਿਰ ਹੀ ਬਹਾਲ ਹੋ ਸਕਦਾ ਹੈ ਜੇ ਭਾਰਤ ਅਤੇ ਚੀਨ ਸਾਰੇ ਸਮਝੌਤੇ ਦਿਲੋ-ਜਾਨ ਨਾਲ ਲਾਗੂ ਕਰਨ। ਜਾਪਦਾ ਹੈ ਕਿ ਚੀਨ ਹਾਲਾਤ ਨੂੰ ਜਿਉਂ ਦੇ ਤਿਉਂ ਰੱਖ ਕੇ ਖ਼ੁਸ਼ ਹੈ ਕਿਉਂਕਿ ਯੁੱਧ-ਨੀਤੀ ਪੱਖੋਂ ਲਾਹੇਵੰਦ ਜੰਮੂ-ਕਸ਼ਮੀਰ ਦਾ ਵੱਡਾ ਹਿੱਸਾ ਇਸ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਦੱਖਣੀ ਏਸ਼ੀਆ ਵਿੱਚ ਇਸ ਦੇ ਪੈਰ ਜੰਮੇ ਹੋਏ ਹਨ। ਚੀਨੀ ਆਗੂ ਸਮਝਦੇ ਹਨ ਕਿ ਅਮਰੀਕਾ ਅਤੇ ਜਪਾਨ ਦੀ ਸਹਾਇਤਾ ਨਾਲ ਜਾਂ ਇਕੱਲਿਆਂ ਹੀ ਭਾਰਤ ਚੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਸ਼ਾਇਦ ਇਸੇ ਲਈ ਉਹ ਸਰਹੱਦੀ ਵਿਵਾਦ ਨੂੰ ਭੜਕਾਈ ਰੱਖਦੇ ਹਨ।
1950ਵਿਆਂ ਵਿੱਚ ਚੀਨ ਵੱਲੋਂ ਭਾਰਤ ਉÎੱਤੇ ਹਮਲੇ ਦਾ  ਕਾਰਨ ਕਿਤੇ ਨਾ ਕਿਤੇ ਭਾਰਤ-ਰੂਸ ਨੇੜਤਾ ਅਤੇ ਰੂਸ-ਚੀਨ ਦੂਰੀਆਂ ਸਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ। ਭਾਰਤ ਅਤੇ ਚੀਨ ਸਬੰਧਾਂ ਦੇ ਸਿਰਫ਼ ਮਾੜੇ ਪੱਖਾਂ ਨੂੰ ਹੀ ਦੇਖਣਾ ਸਹੀ ਨਹੀਂ ਹੈ ਕਿਉਂਕਿ ਦੋਵਾਂ ਨੇ ਵਿਸ਼ਵਾਸ ਬਹਾਲੀ ਲਈ ਸਾਂਝੇ ਤੌਰ ’ਤੇ ਅਜਿਹੇ ਕਦਮ ਵੀ ਚੁੱਕੇ ਜੋ ਸਮੇਂ ਨਾਲ ਹੋਰ ਵੀ ਦ੍ਰਿੜ੍ਹ ਹੋਏ ਹਨ। ਇਨ੍ਹਾਂ ਸਦਕਾ ਭਾਵੇਂ ਦੋਵਾਂ ਮੁਲਕਾਂ ਦਾ ਇੱਕ-ਦੂਜੇ ਉÎੱਤੇ ਭਰੋਸਾ ਨਹੀਂ ਬਣਿਆ ਪਰ ਵਿਵਾਦ ਟਾਲਿਆ ਜ਼ਰੂਰ ਗਿਆ ਹੈ। ਦੋਵਾਂ ਨੇ 1993 ਵਿੱਚ ਹੋਏ ਸਮਝੌਤੇ ’ਤੇ ਕਾਇਮ ਰਹਿੰਦਿਆਂ ਖਿੱਤੇ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ ਹੈ। ਅਸਲ ਗੱਲ ਇਹ ਹੈ ਕਿ ਸਰਹੱਦੀ ਵਿਵਾਦ ਨਾ ਸੁਲਝਣ ਕਾਰਨ ਭਾਰਤ ਅਤੇ ਚੀਨ ਇੱਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਪਰ ਇਸ ਮਸਲੇ ਦਾ ਪੱਕਾ ਹੱਲ ਨਾ ਹੋਣ ਕਾਰਨ ਇਹ ਛੇਤੀ ਸੁਲਝਣ ਵਾਲਾ ਨਹੀਂ।
ਪਿਛਲੇ ਦਹਾਕੇ ਵਿੱਚ ਦੋਵਾਂ ਗੁਆਂਢੀ ਦੇਸ਼ਾਂ ਨੇ ਵਿਵਾਦ ਖ਼ਤਮ ਕਰਨ ਲਈ ਤਿੰਨ ਵੱਡੇ ਕਦਮ ਚੁੱਕੇ ਹਨ। ਪਹਿਲਾ ਕਦਮ ਭਾਰਤ ਦਾ ਤਿੱਬਤ ਨੂੰ ਖ਼ੁਦਮੁਖਤਾਰ ਖੇਤਰ ਅਤੇ ਚੀਨ ਦਾ ਸਿੱਕਮ ਨੂੰ ਭਾਰਤ ਦਾ ਸੂਬਾ ਮੰਨਣਾ ਸੀ। ਦੂਜਾ ਕਦਮ ਸਰਹੱਦੀ ਮਸਲੇ ਦੇ ਹੱਲ ਲਈ ਸਿਆਸੀ ਮਾਪਦੰਡ ਅਤੇ ਸਿਧਾਂਤ ਅਪਣਾਉਣਾ ਅਤੇ ਤੀਜਾ ਕਦਮ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕਰਨਾ ਸੀ। ਸ਼ਾਲਾ! ਇਨ੍ਹਾਂ ਕਦਮਾਂ ਸਦਕਾ ਹਿੰਦੀ-ਚੀਨੀ ਮੁੜ ਸਚਮੁੱਚ ਭਾਈ-ਭਾਈ ਬਣ ਜਾਣ।
-ਅਨੁਵਾਦ:ਰਵਨੀਤ ਕੌਰ
ਅਕਤੂਬਰ 1950: ਚੀਨੀ ਫ਼ੌਜਾਂ ਚੀਨ-ਤਿੱਬਤ ਸਰਹੱਦ ਉਲੰਘ ਕੇ ਲਹਾਸਾ ਵੱਲ ਵਧੀਆਂ।
ਅਪਰੈਲ 1954: ਭਾਰਤ ਅਤੇ ਚੀਨ ਦਰਮਿਆਨ ਵਪਾਰਕ ਸਮਝੌਤਾ।
ਮਈ 1954: ਸ਼ਾਂਤੀਪੂਰਨ ਸਹਿਹੋਂਦ ਲਈ ਦੋਵਾਂ ਮੁਲਕਾਂ ਨੇ ਪੰਚਸ਼ੀਲ ਸਿਧਾਂਤਾਂ ਅਪਣਾਏ।
ਜੂਨ 1954: ਚੀਨੀ ਪ੍ਰਧਾਨ ਮੰਤਰੀ ਜਓ ਅਨਲਇ ਦੀ ਪਹਿਲੀ ਭਾਰਤ ਫੇਰੀ।
ਮਾਰਚ 1955: ਚੀਨ ਦੇ ਨਕਸ਼ੇ ਵਿੱਚ ਭਾਰਤ ਦਾ ਉੱਤਰੀ ਹਿੱਸਾ ਚੀਨ ਨਾਲ ਸਬੰਧਿਤ ਦਿਖਾਉਣ ਖ਼ਿਲਾਫ਼ ਭਾਰਤ ਵੱਲੋਂ ਰੋਸ।
ਨਵੰਬਰ 1956: ਦੋਵਾਂ ਮੁਲਕਾਂ ਦਰਮਿਆਨ ਸਦਭਾਵਨਾ ਵਧਾਉਣ ਲਈ ਅਨਲਾਇ ਦਾ ਦੂਜਾ ਭਾਰਤ ਦੌਰਾ।
ਸਤੰਬਰ 1958: ਨਕਸ਼ੇ ਵਿੱਚ ਉੱਤਰੀ ਆਸਾਮ ਦੇ ਵੱਡਾ ਹਿੱਸੇ ਨੇਫਾ (ਅਰੁਣਾਚਲ ਪ੍ਰਦੇਸ਼) ਨੂੰ ਚੀਨ ਦਾ ਹਿੱਸਾ ਦਿਖਾਉਣ ਦਾ ਭਾਰਤ ਵੱਲੋਂ ਵਿਰੋਧ।
ਜਨਵਰੀ 1959: ਚੀਨੀ ਪ੍ਰਧਾਨ ਮੰਤਰੀ ਵੱਲੋਂ ਲੱਦਾਖ, ਨੇਫ਼ਾ ਦਾ 40,000 ਵਰਗ ਫੁੱਟ ਭਾਰਤੀ ਖੇਤਰ ਚੀਨ ਦਾ ਹਿੱਸਾ ਹੋਣ ਦਾ ਦਾਅਵਾ।
ਅਪਰੈਲ 1959: ਦਲਾਈਲਾਮਾ ਦਾ ਲਹਾਸਾ ਛੱਡ ਕੇ ਭਾਰਤ ਆਉਣਾ।
ਅਗਸਤ 1959: ਚੀਨੀ ਫ਼ੌਜ ਵੱਲੋਂ ਪੂਰਬੀ ਲੱਦਾਖ ਵਿੱਚ ਗੋਲੀਬਾਰੀ, ਇੱਕ ਭਾਰਤੀ ਜਵਾਨ ਹਲਾਕ ਅਤੇ ਲੋਂਗਜੂ ਫ਼ੌਜੀ ਚੌਕੀ ਤਬਾਹ।
ਸਤੰਬਰ 1959: ਮੈਕਮੋਹਨ ਰੇਖਾ ਚੀਨ ਵੱਲੋਂ ਨਾਮਨਜ਼ੂਰ ਅਤੇ ਚੀਨ ਵੱਲੋਂ ਸਿੱਕਮ ਅਤੇ ਭੂਟਾਨ ਦੇ 50,000 ਵਰਗ ਮੀਲ ਖੇਤਰ ਉਤੇ ਆਪਣਾ ਹੱਕ ਜਤਾਉਣਾ।
ਅਕਤੂਬਰ 1959: ਅਕਸਾਈ ਚਿੰਨ ਵਿੱਚ ਚੀਨੀ ਫ਼ੌਜ ਵੱਲੋਂ ਭਾਰਤੀ ਦਸਤਿਆਂ ’ਤੇ ਗੋਲੀਬਾਰੀ, ਨੌਂ ਭਾਰਤੀ ਜਵਾਨ ਹਲਾਕ ਅਤੇ ਦਸ ਬੰਦੀ ਬਣਾਏ।
ਅਪਰੈਲ 1960: ਸਰਹੱਦੀ ਵਿਵਾਦ ਸੁਲਝਾਉਣ ਹਿੱਤ ਦੋਵਾਂ ਪ੍ਰਧਾਨ ਮੰਤਰੀਆਂ ਦਰਮਿਆਨ ਹੋਈ ਮੀਟਿੰਗ ਬੇਸਿੱਟਾ।
ਜੂਨ 1960: ਚੀਨੀ ਫ਼ੌਜ ਵੱਲੋਂ ਭਾਰਤੀ ਸਰਹੱਦ ਦੀ ਉਲੰਘਣਾ।
ਫਰਵਰੀ 1961: ਪੱਛਮੀ ਖੇਤਰ ਦੇ 12,000 ਵਰਗ ਮੀਲ ਖੇਤਰ ਉÎੱਤੇ ਚੀਨ ਵੱਲੋਂ ਕਬਜਾ।
ਅਕਤੂਬਰ 1961: ਭਾਰਤੀ ਖੇਤਰ ਵਿੱਚ ਚੀਨ ਦੇ ਫ਼ੌਜੀ ਟਿਕਾਣੇ ਬਣਨੇ ਸ਼ੁਰੂ।
ਦਸੰਬਰ 1961: ਚੀਨ ਨੂੰ ਰੋਕਣ ਲਈ ਭਾਰਤ ਵੱਲੋਂ ‘ਫਾਰਵਰਡ ਪਾਲਿਸੀ’ ਅਪਨਾਉਣਾ।
ਅਪਰੈਲ 1962: ਭਾਰਤ ਵੱਲੋਂ ਸਰਹੱਦੀ ਚੌਕੀਆਂ ’ਤੇ ਤਾਇਨਾਤ ਬਲ ਹਟਾਉਣ ਸਬੰਧੀ ਚੀਨ ਦੀ ਮੰਗ।
ਸਤੰਬਰ 1962: ਪੂਰਬ ਵਿੱਚ ਥਾਗਲਾ ਖੇਤਰ ਵਿੱਚ ਚੀਨੀ ਫ਼ੌਜ ਵੱਲੋਂ ਮੈਕਮੋਹਨ ਰੇਖਾ ਪਾਰ, ਭਾਰਤੀ ਚੌਕੀ ’ਤੇ ਗੋਲੀਬਾਰੀ ਅਤੇ ਜ਼ੋਰਦਾਰ ਹਮਲਾ।
ਅਕਤੂਬਰ 1962: ਚੀਨ ਵੱਲੋਂ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਸਰਹੱਦ ਉÎੱਤੇ ਕਈ ਥਾਵਾਂ ਤੋਂ ਭਾਰਤ ’ਤੇ ਹਮਲਾ।
ਨਵੰਬਰ 1962: ਪੂਰਬੀ ਸਰਹੱਦ ਉÎੱਤੇ ਚੀਨ ਵੱਲੋਂ ਜ਼ੋਰਦਾਰ ਹਮਲਾ।
18 ਨਵੰਬਰ 1962: ਨੇਫ਼ਾ ਵਿੱਚ ਬੋਮਦੀ ਲਾ ਉÎੱਤੇ ਚੀਨ ਵੱਲੋਂ ਕਬਜਾ।
21 ਨਵੰਬਰ 1962: ਚੀਨ ਵੱਲੋਂ ਗੋਲੀਬੰਦੀ ਅਤੇ ਫ਼ੌਜਾਂ ਹਟਾਉਣ ਦਾ ਐਲਾਨ।

ਅਸ਼ੋਕ ਟੁਟੇਜਾ

post by: Gursham Singh Cheema


Post Comment


ਗੁਰਸ਼ਾਮ ਸਿੰਘ ਚੀਮਾਂ