ਮੋਟਾਪੇ ਦਾ ਮਤਲਬ ਸਿਰਫ਼ ਬੇਢੰਗਾ ਅਤੇ ਥੁਲਥੁਲ ਸਰੀਰ ਹੀ ਨਹੀਂ ਹੈ, ਬਲਕਿ ਆਪਣੇ-ਆਪ ਨੂੰ ਲੋਕਾਂ ਦੇ ਹਾਸੇ ਦਾ ਕੇਂਦਰ ਬਣਾਉਣਾ ਵੀ ਹੈ। ਬਹੁਤ ਜ਼ਿਆਦਾ ਭਾਵੁਕ ਲੋਕ ਅਕਸਰ ਲੋਕਾਂ ਦੀਆਂ ਟਿੱਪਣੀਆਂ ਨੂੰ ਮੰਨ 'ਤੇ ਲਗਾ ਲੈਂਦੇ ਹਨ ਅਤੇ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹੀ ਹੀਣ ਭਾਵਨਾ ਕਈ ਮਾਨਸਿਕ ਰੋਗਾਂ ਨੂੰ ਵੀ ਜਨਮ ਦਿੰਦੀ ਹੈ। ਡਾਕਟਰਾਂ ਦੇ ਅਨੁਸਾਰ ਮੋਟਾ ਸਰੀਰ ਅਨੇਕ ਬਿਮਾਰੀਆਂ ਦਾ ਪਿਟਾਰਾ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ, ਬਲੱਡ ਕਲੈਸਟਰੋਲ ਜ਼ਿਆਦਾ ਹੋਣਾ ਅਤੇ ਦਿਲ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਦੇ ਲਈ ਮੋਟਾਪਾ ਇਕ ਖੁੱਲ੍ਹਾ ਸੱਦਾ ਪੱਤਰ ਹੈ। ਦੂਸਰੇ ਪਾਸੇ ਮੋਟਾ ਵਿਅਕਤੀ ਅਕਸਰ ਜਲਦੀ ਹੀ ਥੱਕ ਜਾਂਦਾ ਹੈ ਕਿਉਂਕਿ ਥੋੜ੍ਹਾ ਜਿਹਾ ਕੰਮ ਕਰਨ ਨਾਲ ਵੀ ਉਸ ਦਾ ਸਾਹ ਫੁਲਣ ਲੱਗ ਜਾਂਦਾ ਹੈ। ਕੁਝ ਲੋਕਾਂ ਨੂੰ ਸਾਹ ਪ੍ਰਣਾਲੀ ਰਾਹੀਂ ਹਰਨੀਆਂ ਵਰਗੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਹਨ।
ਅੱਜਕਲ੍ਹ ਜ਼ਿਆਦਾਤਰ ਲੋਕ ਮੋਟਾਪਾ ਦੂਰ ਕਰਨ ਦੇ ਲਈ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਬਿਨਾਂ ਇਹ ਜਾਣੇ ਕਿ ਡਾਈਟਿੰਗ ਉਨ੍ਹਾਂ ਦੇ ਲਈ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ। ਜਲਦੀ ਹੀ ਪਤਲੇ ਹੋਣ ਦੀ ਕੋਸ਼ਿਸ਼ ਵਿੱਚ ਅਕਸਰ ਲੋਕ ਕਿਸੇ ਵੀ ਚੀਜ਼ ਦਾ ਤਿਆਗ ਕਰਨ ਨੂੰ ਤਿਆਰ ਹੋ ਜਾਂਦੇ ਹਨ ਜੋ ਉਨ੍ਹਾਂ ਦੇ ਲਈ ਜਾਨਲੇਵਾ ਵੀ ਹੋ ਸਕਦਾ ਹੈ। ਵੈਸੇ ਵੀ ਵੱਖ-ਵੱਖ ਖੋਜਕਰਤਾ ਦੱਸਦੇ ਹਨ ਕਿ ਡਾਈਟਿੰਗ ਕਰਦੇ ਹੋਏ ਜਦੋਂ ਅਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦਾ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਡਾਈਟਿੰਗ ਕਰਨ ਦਾ ਇਕ ਮੁੱਖ ਨਤੀਜਾ ਖੂਨ ਦਾ ਦਬਾਅ ਘੱਟ ਹੋਣਾ ਹੁੰਦਾ ਹੈ। ਇਥੇ ਹੀ ਬੱਸ ਨਹੀਂ, ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਭੁੱਖੇ ਰਹਿਣ ਦੇ ਬਾਅਦ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਉਹ ਸਾਡੀ ਆਮ ਖੁਰਾਕ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਬਿਨਾਂ ਸੋਚੇ ਸਮਝੇ ਕੀਤੀ ਗਈ ਡਾਈਟਿੰਗ ਸਿਹਤ ਦੇ ਲਈ ਹਾਨੀਕਾਰਕ ਹੀ ਹੁੰਦੀ ਹੈ।
ਰੋਜ਼ਾਨਾ ਕਸਰਤ ਮੋਟਾਪਾ ਦੂਰ ਕਰਨ ਦਾ ਸਭ ਤੋਂ ਚੰਗਾ ਉਪਾਅ ਹੈ। ਕਸਰਤ ਨਾ ਸਿਰਫ਼ ਤੁਹਾਡਾ ਭਾਰ ਘੱਟ ਕਰਦੀ ਹੈ, ਬਲਕਿ ਤੁਹਾਡੀ ਸਿਹਤ 'ਤੇ ਵੀ ਚੰਗਾ ਪ੍ਰਭਾਵ ਪਾਉਂਦੀ ਹੈ। ਸਹਿਜਤਾ ਨਾਲ ਡਾਈਟਿੰਗ ਦੇ ਨਾਲ ਕਸਰਤ ਕਰਕੇ ਅਸੀਂ ਆਸਾਨੀ ਨਾਲ ਆਪਣੇ ਸਰੀਰ ਦਾ ਭਾਰ ਘਟਾ ਸਕਦੇ ਹਾਂ।
ਪੈਦਲ ਚੱਲਣਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਸੌਖੀ ਕਸਰਤ ਹੈ, ਜਿਸ ਨੂੰ ਕਰਨ ਦੇ ਲਈ ਤੁਹਾਨੂੰ ਵੱਖਰਾ ਸਮਾਂ ਕੱਢਣ ਦੀ ਵੀ ਲੋੜ ਨਹੀਂ ਹੁੰਦੀ। ਇਸ ਕਸਰਤ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਵਿਚ ਆਸਾਨੀ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਪਾਰਕ ਵਿਚ ਜਾਂ ਰਸਤੇ ਵਿਚ ਕਿਤੇ ਵੀ ਇਹ ਕਸਰਤ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡਾ ਘਰ ਬੱਸ ਸਟੈਂਡ ਦੇ ਨੇੜੇ ਹੈ ਤਾਂ ਤੇਜ ਕਦਮਾਂ ਨਾਲ ਬੱਸ ਸਟੈਂਡ ਤੱਕ ਦਾ ਰਸਤਾ ਤੈਅ ਕਰਨਾ ਵੀ ਭਾਰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਨਾਲ ਹੀ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨਾ ਵੀ ਭਾਰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਬਾਜ਼ਾਰ ਜਾਣ ਦੇ ਲਈ ਕਾਰ ਜਾਂ ਸਕੂਟਰ ਰਾਹੀਂ ਜਾਣ ਦੀ ਬਜਾਏ ਪੈਦਲ ਜਾਣਾ ਹੀ ਠੀਕ ਰਹਿੰਦਾ ਹੈ। ਹਰ ਰੋਜ਼ ਜੇਕਰ ਸਿਰਫ਼ ਇਕ ਘੰਟਾ ਪੈਦਲ ਚੱਲਣ ਦਾ ਨਿਯਮ ਬਣਾ ਲਓ ਤਾਂ ਜਲਦੀ ਹੀ ਹੈਰਾਨੀਜਨਕ ਨਤੀਜੇ ਸਾਹਮਣੇ ਆਉਣ ਲਗਦੇ ਹਨ।
ਐਕਸਰਸਾਈਜ਼ ਦੇ ਨਾਲ-ਨਾਲ ਕੁਝ ਹੋਰ ਗੱਲਾਂ ਦਾ ਧਿਆਨ ਰੱਖਣਾ ਵੀ ਤੁਹਾਡੀ ਮਦਦ ਕਰ ਸਕਦਾ ਹੈ। ਜਿਵੇਂ ਦਿਨ ਵਿਚ ਤਿੰਨ ਵਾਰੀ ਭੋਜਨ ਕਰਨ ਦੀ ਬਜਾਏ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਥੋੜ੍ਹਾ-ਥੋੜ੍ਹਾ ਖਾਣ ਦੀ ਆਦਤ ਬਣਾਓ। ਅਰਥਾਤ ਦੋ-ਤਿੰਨ ਘੰਟੇ ਦੇ ਫਰਕ ਨਾਲ ਥੋੜ੍ਹਾ-ਥੋੜ੍ਹਾ ਭੋਜਨ ਕਰੋ। ਸਰੀਰ ਵਿਚ ਜ਼ਹਿਰੀਲੇ ਤੱਤਾਂ ਦਾ ਜਮਾਓ ਵੀ ਭਾਰ ਵਧਾਉਂਦਾ ਹੈ, ਇਸ ਲਈ ਇਨ੍ਹਾਂ ਤੱਤਾਂ ਨੂੰ ਦੂਰ ਕਰਨ ਲਈ ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਜ਼ਰੂਰ ਪੀਓ। ਆਪਣੇ ਭੋਜਨ ਵਿਚ ਤੇਲ, ਖੰਡ ਅਤੇ ਅਲਕੋਹਲ ਵਾਲੇ ਪਦਾਰਥਾਂ ਦੀ ਮਾਤਰਾ ਘਟਾਓ।
ਜ਼ਰੀਨਾ ਲੇਹਿਲ
-1157-ਏ, ਸੰਤ ਨਗਰ, ਲਾਡੋਵਾਲੀ ਰੋਡ, ਜਲੰਧਰ।